ਪਿੰਡ, ਪੰਜਾਬ ਦੀ ਚਿੱਠੀ (123)

ਮਿਤੀ : 25-12-2022

ਹਾਂ ਬਈ, ਧੁੰਦਲੇ ਜਿਹੇ ਹੋਏ, ਪੰਜਾਬੀਓ, ਗੁਰ-ਫ਼ਤਹਿ ਪ੍ਰਵਾਨ ਹੋਵੇ।
ਅਸੀਂ, ਸ਼ਹੀਦੀ ਹਫ਼ਤਾ ਯਾਦ ਕਰਕੇ, ਗੁਰ-ਇਤਿਹਾਸ ਨਾਲ ਜੁੜ ਰਹੇ ਹਾਂ। ਤੁਸੀਂ ਵੀ ਕਈ ਸਾਧਨਾਂ ਰਾਹੀਂ, ਇਸ ਨਾਲ ਜੁੜੇ ਹੋਵੋਗੇ। ਗੁਰੂ, ਚੜ੍ਹਦੀ-ਕਲਾ ਬਖ਼ਸ਼ੇ। ਇਹੀ ਅਰਦਾਸ ਹੈ। ਅੱਗੇ ਸਮਾਚਾਰ ਇਹ ਹੈ ਕਿ ਸ਼ਰਨਜੀਤ ਸਿੰਘ ਨੇ ਕਾਕੇ ਦੇ ਵੀਜ਼ੇ ਦੀ ਖੁਸ਼ੀ ‘ਚ ਰੱਬ-ਰੱਬ ਕਰਾਇਆ ਤਾਂ ਕਿ ਸਾਰੇ ਇੱਕ ਵਾਰੀ ਮਿਲ ਜਾਣ। ਭੋਗ ਮਗਰੋਂ ਘਰ ਮੁੜਦਾ ਕੁਸੂ ਬੰਬਰ (ਮੈਂਬਰ), ਸੁਰੈਣੇ ਕੋਲ ਪੈਰ ਮਲ ਗਿਆ। ਸੁਰੈਣਾ ਜਦੋਂ ਦਾ ਬੱਜੋਰੱਤਾ ਹੋਇਐ, ਗੇਟ ਖੋਲ, ਕੁਰਸੀ ‘ਤੇ ਬੈਠ ਜਾਂਦੈ। ਲੰਘਦਾ-ਟੱਪਦਾ, ਭਾਈ-ਭੈਣ, ਰਾਮ ਰਮੱਈਆ ਵੀ ਕਰ ਜਾਂਦੈ ਅਤੇ ਝੱਟ, ਧੂਣੀ ਦਾ ਨਿੱਘ ਲੈ ਕੇ, ਅਖ਼ਬਾਰੀ ਖ਼ਬਰਾਂ ਦਾ ਅਨੰਦ ਲੈਂਦਾ, ‘ਕੰਨ-ਰਸ’, ਦਾ ਕੋਟਾ ਵੀ ਪੂਰਾ ਕਰ ਲੈਂਦੈ। ”ਸਾਰੇ ਆਏ ਹੋਣੇ ਐਂ ਫਿਰ ਤਾਂ?” ਸੁਰੈਣੇ ਨੇ ਗੱਲ ਛੇੜੀ, ”ਹਾਂ! ਸਾਰੇ ਈ ਸੀ। ਚੁਫ਼ੇਰਗੜੀਆ ਵੀ ਫਿਰਦਾ ਸੀ ‘ਕੱਲਾ ਈ, ਫੂਜ (ਫ਼ਿਊਜ) ਹੋਏ ਲਾਟੂ ਮਾਂਗੂੰ (ਵਾਂਗੂੰ), ਨਾ ਬੇਲੀ ਨਾ ਤੇਲੀ।” ਕਿੱਸੂ ਨੇ ਸਾਰੀਆਂ ਪਾਰਟੀਆਂ ਬਦਲ ਕੇ, ਕਿਰਕਰੀ ਕਰਾ ਕੇ ਆਏ, ਲੀਡਰ ਬਾਰੇ, ਮਸਾਲਾ ਲਾ ਕੇ ਦੱਸਿਆ। ”ਊਂ, ਵੇਖ ਲੈ ਯਾਰ, ਐਡਾ ਪੱਤੇਬਾਜ ਐ, ਤਿੰਨ ਵਾਰ ਐਮ.ਐਲ.ਏ. ਬਣ ਗਿਆ, ਘਰ ਦੇ ਚਾਰ ਜੀਅ ਅਤੇ ਛੇ ਰਿਸ਼ਤੇਦਾਰ ਅਫ਼ਸਰ ਬਣਾ ਗਿਆ। ਸੱਤਾਂ ਤੋਂ ਪੈਸੇ ਖਾ ਗਿਆ। ਅੱਠ ਕੋਠੀਆਂ ਅਤੇ ਕਿੱਲੇ ਬਣਾ ਗਿਆ। ਟਰੱਕਾਂ ਦਾ ‘ਸ੍ਹਾਬ ਕੋਈ ਨੀਂ। ਬਦਨਾਮੀ ਅਤੇ ਬਦਮਾਸ਼ੀ ਅੱਡ ਕਰ ਗਿਆ, ਟਿਕਟ ਫੇਰ ਭਾਲਦੈ।” ਸੁਰੈਣੇ ਨੇ ਸੰਖੇਪ ‘ਚ ਸਾਰੀ ਜਨਮ-ਪੱਤਰੀ ਉੱਗਲਤੀ। ”ਪਤਾ ਨੀ ਕੀ ਥੁੱਕ-ਮਿੱਠੈ ਲੀਡਰੀ ‘ਚ, ਆਪਣਾ ਵੱਡਾ ਸਰਪੰਚ ਈ ਵੇਖ ਲੋ, ਐਸਾ ਭੁੱਸ ਪਿਐ, ਆਏ ਗੇੜੇ ਖੜਾ ਹੋ ਜੂ, ਰਹਿ ਜਾਂਦੈ ਤਾਂ ਠੁੱਸ ਜਿਹਾ ਹੋ ਜਾਂਦੈ, ਲੋਟ ਆ ਜੇ ਤਾਂ, ਐਸਾ ਵੱਢਦੈ, ਵਿਕਾਸ ਦੇ ਨਾਂ ਤੇ, ਹਨੇਰੀ ਲਿਆ ਕੇ ਕੋਠਾ ਭਰ ਲੈਂਦੈ।” ਟਰੇਅ ‘ਚ ਚਾਹ ਲਿਆਉਣ ਵਾਲੇ ਕਰਮਜੀਤ ਨੇ, ਪਿੰਡ ਪੱਧਰ ਦੇ ਤਜਰਬੇ ਨੂੰ ਫ਼ਰੋਲਿਆ। ”ਕੋਈ ਘੱਟ ਨੀਂ, ਥੱਲੇ ਤੋਂ ਉੱਤੇ ਤੱਕ, ਪੰਜ ਸਾਲ, ਨੱਕੋ-ਬੁੱਲੋਂ ਲਹਿ ਜਾਂਦੇ ਐ, ਢੇਕੇ ਭੰਨਦੇ ਰਹਿਣਗੇ, ਜਦੋਂ ਵੋਟਾਂ ਨੇੜੇ ਆਉਂਦੀਆਂ, ਮੌਕੇ ਵੇਖ ਪੱਗ ਬਦਲ, ਟਿੱਭ ਜਾਣਗੇ, ਬੱਸ ਲੱਡੂ ਖਾਂਦਿਆਂ ਦੀ ਫ਼ੋਟੋ ਛਪਦੀ ਐ, ‘ਅਕੇ, ਮਾਂ ਪਾਰਟੀ ਵਿੱਚ ਵਾਪਸੀ ਹੋਗੀ’। ਜਨਤਾ ਦੀ ਥੂਅ-ਥੂਅ ਦੀ ਅਣਦੇਖੀ ਕਰ, ਆ ਹੱਥ ਜੋੜਦੇ ਐ, ‘ਤੁਹਾਡਾ ਆਪਣਾ ਸੇਵਾਦਾਰ’, ਚੋਣ ਨਿਸ਼ਾਨ ‘ਚੱਲਿਆ ਕਾਰਤੂਸ’ ਹੀਂ-ਹੀਂ-ਹੀਂ।” ਕਿੱਸੂ ਨੇ ਗਰਮ ਗਿਲਾਸ ਨੂੰ ਹੱਥਾਂ ‘ਚ ਘੁਮਾਉਂਦਿਆਂ, ਚਾਹ ਦਾ ਸੁੜਾਕਾ ਮਾਰਦਿਆਂ, ਜਿਵੇਂ, ਸਾਰਾ ਗੁੱਸਾ, ਅੰਦਰ ਸੁੱਟ ਲਿਆ।
ਹੋਰ, ਕੰਮਾਂ ਕਹਿੰਦਾ, ‘ਕਰੋਨਾ ਕੀ ਕਿਆਮਤ, ਕਹਰ ਕਰੇਗੀ।’ ਮੁੱਖੂ ਕਾਰ ਚਲਾਉਣ ਚੱਲ ਪਿਆ ਹੈ। ਬੂਟਾ ਬਾਈ ਜੀ ਡਾਇਰੀ ਦੇ ਗਏ ਹਨ। ਨਵੇਂ ਸਾਲ ਦੀ ਚੌਦਾਂ-ਮੱਸਿਆ ਅਤੇ ਪੈਂਚਕਾਂ ਵਾਲੀ ਜੰਤਰੀ ਵੀ ਖ਼ਰੀਦ ਲਈ ਹੈ। ਭੋਲਾ ਓਵੇਂ ਹੀ ਖਿੱਲਬਿੱਲੀਆਂ ਕਰਦਾ ਰਹਿੰਦੈ। ਹਰਾ ਛੋਲੀਆ ਅਤੇ ‘ਸੁਰੰਗਾਂ ਵਿੱਚ ਉਗਾਈ ਸਬਜ਼ੀ’ ਵਿਕ ਰਹੀ ਹੈ। ਪਾਪੜੀ, ਮਰੂੰਡੇ, ਮੂੰਗਫਲੀਆਂ ਅਤੇ ਗੱਚਕ ਦਾ ਜੋਰ ਹੈ। ਜਵਾਕ ਤਾਂ ‘ਲੱਲ-ਪੱਲ’ ਈ ਪਸੰਦ ਕਰਦੇ ਐ। ਛੋਟੇ ਦਿਨ ਅਤੇ ਵੱਡੀਆਂ ਰਾਤਾਂ ਦੇ ਆਪਣੇ ਨਜਾਰੇ ਐ। ਧੁੰਦ, ਐਕਸੀਡੈਂਟ, ਖੋਹਾ-ਖਾਹੀ ਅਤੇ ਨਸ਼ੇ ਦੀਆਂ ਖ਼ਬਰਾਂ ਗਰਮ ਹੈ। ਛੁੱਟੀਆਂ ਵਿੱਚ ਟਿਕਣਗੇ ਕਈ ਤਾਂ। ਮੱਲ ਸਿੰਹੁ ਮੈਂਬਰ ਕੇ ਦਰਵਾਜੇ ਉੱਤੇ, ਸੌ ਸਾਲ ਪੁਰਾਣੇ, ‘ਸ਼ੇਰ ਤੇ ਸੱਪ’ ਦੀ ਮੂਰਤ ਅਜੇ ਵੀ ਕਾਇਮ ਹੈ। ਭੂਛ ਬਾਬੇ ਕੇ ਦਰਵਾਜੇ ਦੀ ਕੰਧ ਵਿੱਚ ਉਗਿਆ ਪਿੱਪਲ, ‘ਕਿਸਾਨ ਕਰਜ਼ੇ’ ਵਾਂਗੂੰ ਵੱਧ ਰਿਹਾ ਹੈ। ਠੰਡ, ਠੰਡੋਰੇ ਵਿੱਚ ਵੀ ਕੰਮ ਚੱਲੀ ਹੀ ਜਾਂਦੇ ਹਨ। ਤਕੜੇ ਰਿਹੋ, ਬੱਸ ਗਰਮੀ ਵੀ ਆਈ ਲੈ। ਸੱਚ, ਚੌਧਰੀ ਲਾਲ ਚੰਦ ਵੀ ਹਰੀ-ਕੈਮ ਹੈ ਅਤੇ ਮੁਕਨਾ ਬਾਬਾ ਵੀ। ਚੰਗਾ, ਮਨ ਰੱਖੋ ਠੰਡਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com