ਪਿੰਡ, ਪੰਜਾਬ ਦੀ ਚਿੱਠੀ (122)

ਮਿਤੀ : 18-12-2022

ਯਖ਼ ਠੰਡ ਵਿੱਚ ਵੀ, ਨਿੱਘੇ ਰਹਿੰਦੇ, ਪੰਜਾਬੀਓ! ਤੁਹਾਡੀ ਸ਼ਕਤੀ ਨੂੰ ਸਲਾਮ।

ਅਸੀਂ ਏਥੇ ਸਵਾਟਰਾਂ ਤੋਂ ਜੈਕਟਾਂ ਤੱਕ ਆ ਗਏ ਹਾਂ। ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਲੋਕੀਂ ਹੁਣ ਰੱਬ ਤੋਂ ਨਹੀਂ ਡਰਦੇ। ਕਬੀਰ ਜੀ ਅਨੁਸਾਰ ‘ਖਿਡੌਣਾ’ ਹੀ ਸਮਝਦੇ ਹਨ। ਕਹਾਣੀ ਇਹ ਬਣੀਂ ਕਿ ਤੀਜੀ ਵਾਰੀ ਸ਼ਰਾਬ ਛੱਡਣ ਦੀ ਅਰਦਾਸ ਕਰਾਉਣ ਗਏ ਗੇਜੇ ਨੂੰ ਭਾਈ ਸਾਹਿਬ ਜੀ ਨੇ ਜਵਾਬ ਦੇ ਦਿੱਤਾ ਹੈ। ‘ਬਾਬਾ ਅਕਾਲੀ’, ਸਿੰਘ ਸਾਹਿਬ ਨੂੰ ਵਾਜਬ ਦੱਸਦੈ, ”ਖੇਡ ਬਣਾ ਰੱਖੀ ਐ ਲੋਕਾਂ ਨੇ, ਸਹੁੰ ਪਾ ਕੇ, ਮਹੀਨੇ ਮਗਰੋਂ ਫੇਰ ਲੱਕ ਲੈਂਦੇ ਆ, ਇੱਕ ਆਰੀ ਹੋਇਆ, ਦੋ ਆਰੀ ਹੋਇਆ, ਖਿੱਲਾਂ ਲੈ ਕੇ ਆ ਚੜ੍ਹਦੇ ਐ ਤੀਏ ਦਿਨ, ਛੱਡਣੀ ਐ ਤਾਂ ਆਪੇ ਮੱਥਾ ਟੇਕ ਕੇ ਗੁਰੂ ਲੜ ਲੱਗੋ।” ”ਗੱਲ ਠੀਕ ਐ ਤੇਰੀ ਖਾਲਸਿਆ! ਜਦੋਂ ‘ਬਾਬੇ ਲੁੱਢੇ’ ਨੇ ਕਿੱਲਾ ਗੁਰਦੁਆਰੇ ਨੂੰ ਦਾਨ ਕੀਤਾ ਸੀ, ਉਦੋਂ ਕਈਆਂ ਨੇ ਮੁਸ਼ਤਰਕਾ ਖਾਤੇ ਆਲੀ ਨਿਆਂਈ ਦੇ ਛੇ-ਛੇ ਮਰਲੇ ਵੀ ਅਰਦਾਸ ਕਰਾਤੇ ਸੀ। ਥਾਂ ਵੀ ਗੜ੍ਹਿਆਂ ਆਲਾ ਸਾਂਝਾ ਅਤੇ ਬੇ-ਆਬਾਦ ਸੀ। ਕਿਸੇ ਨੇ ਉੱਤਾ ਨਾ ਵਾਚਿਆ, ਨਾ ਥਾਂ ਵਗਲੀ। ਕਈ ਸਾਲ ਲੰਘੇ ਤੋਂ, ਥਾਂ ਸੋਨਾ ਬਣ ਗਿਆ। ਅਰਦਾਸ ਕਰਾਉਣ ਵਾਲੇ ਵੀ ਤੁਰਗੇ। ਨਵੇਂ ਵਾਰਸਾਂ ਨੇ ਇੱਕ-ਇੱਕ ਕਰਕੇ ਸਾਰੀ ਥਾਂ ਵੇਚ-ਤੀ। ਹੁਣ ਉੱਥੇ ਆਬਾਦੀ ਹੋ ਗੀ। ਕੋਈ ਨੀ ਬੋਲਿਆ। ਕਿਸੇ ਨੂੰ ਪੁੰਨ-ਪਾਪ ਦੀ ਹੈਨੀ”, ਕਰਤਾਰੇ ਮਿਸਤਰੀ ਨੇ ਕੌੜੀ ਸਚਾਈ, ਦੁਖੀ ਹੋ ਕੇ ਦੱਸੀ। ਭਖੀ ਗੱਲ ਤੋਂ, ਮਾਸਟਰ ਗਿੱਲ ਨੇ ਹੌਲੀ-ਹੌਲੀ ਆਖਿਆ, ”ਆਪਾਂ, ਸਾਰਾ ਦਿਨ ਲੀਡਰਾਂ, ਅਫ਼ਸਰਾਂ ਅਤੇ ਹੋਰਾਂ ਨੂੰ ਨਿੰਦਦੇ ਰਹਿੰਨੇ ਆਂ, ਆਪਣੇ ਪੰਜਾਬ ‘ਚ ਹਜ਼ਾਰਾਂ ਕਿੱਲੇ, ਪੰਚਾਇਤ ਦੇ ਲੋਕੀਂ ਵਾਹੀ ਜਾਂਦੇ ਐ, ਆਪਣੇ ਪਿੰਡ ਈ ਵੇਖ ਲੋ ਕਿੰਨੀ ਸ਼ਾਮਲਾਟ ਨੱਪੀ ਹੈ, ਕੋਈ ਘੱਟ ਨੀਂ। ਇਹੀ ਆਮਦਨ ਪਿੰਡ ਨੂੰ ਮਿਲੇ ਤਾਂ ਕਿੰਨਾ ਸੁਧਾਰ ਹੋਵੇ?” ”ਹੋਇਐ ਈ ਪਿਆ ਸੁਧਾਰ ਮਾਸਟਰ ਜੀ, ਜਿੰਨਾਂ ਪਿੰਡਾਂ ‘ਚ, ਪੰਚਾਇਤੀ ਜ਼ਮੀਨ ਹੈ ਗੀ, ਓਥੇ ਕੀ ਲੱਲਰ ਲਾਤੇ। ਲੜ-ਭਿੜ ਕੇ ਬੋਲੀ ‘ਆਵਦਿਆਂ ਨੂੰ’ ਦੇ ਦਿੰਦੇ ਐ, ਓਹ ਵੀ ਸਸਤੀ ਤੇ ਉਧਾਰ। ਜੋ ਆਉਂਦੈ ਕੁਛ ਸਰਕਾਰ ਲੈ ਜਾਂਦੀ ਐ, ਬਾਕੀ ਸਾਰੇ ‘ਲੋਕ ਸੇਵਾਦਾਰ’, ਪੰਚਾਇਤ ਨੂੰ ਹੱਥ ਚਟਾ ਕੇ, ਬਚਿਆ ਚਟਮ ਕਰ ਜਾਂਦੇ ਐ। ਗਲੀਆਂ ਦਾ ਗੰਦ ਸਾਂਵੇਂ ਥਾਂ। ਆਪਣੀ ਤਾਂ ਮਗਜੈਲੀ ਐ, ਕਿੰਨੀ ਮਾਰ ਲੋ।” ਨ੍ਹੇਕੇ ਨੇ, ਗੱਲ ਸਿਰੇ ਲਾਤੀ।
ਹੋਰ, ਬੜੇ-ਬੜੇ ਆਦਮੀ, ਬੜੇ-ਬੜੇ ਹੱਥਾਂ ਨਾਲ, ਬੜੇ-ਬੜੇ ਫ਼ੋਨ ਫ਼ੜ ਕੇ, ਬੱਡੀਆਂ-ਬੱਡੀਆਂ ਬਾਤਾਂ, ਬਤਾ ਰਹੇ ਐ। ਮੂੰਗਰੇ, ਦੂਜੇ ਰਾਜਾਂ ‘ਚੋਂ ਆ ਕੇ ਵਿਕ ਰਹੇ ਐ। ਪਿੰਡਾਂ ਦੀਆਂ ਸੜ੍ਹਕਾਂ ਬਣੀਆਂ ਗਲੀਆਂ ਵਿੱਚ, ਮੋਟਰਸਾਈਕਲ ਸ਼ੂਕਦੇ ਹਨ। ਵੈਨਾਂ, ‘ਟੂਸ਼ਨਾਂ’, ਭੀੜ ਅਤੇ ਵਿਆਹਾਂ ਦਾ ਜੋਰ ਹੈ। ਲੱਗਦੈ, ਵੱਧਦੀ ਠੰਡ, ਕਈ ਕਮਜ਼ੋਰ ਬਜ਼ੁਰਗਾਂ ਨੂੰ, ਲੱਕੋਂ ਲਏਗੀ, ਰੱਬ ਖ਼ੈਰ-ਮਿਹਰ ਕਰੇ। ਅਜਮੇਰ, ਆਤਮਾ ਅਤੇ ਅੰਗਰੇਜ਼ ਕਾਇਮ ਹਨ। ਗੁਰਪ੍ਰੀਤ ਸੇਖੋਂ ਦਾ ‘ਫਿਸ਼ ਫਾਰਮ’ ਨਫ਼ੇ ਵਿੱਚ ਹੈ। ਹਰ ਦੁੱਖ-ਸੁੱਖ ਉੱਤੇ ‘ਛਾਬੜਾ ਭਾਈ’, ਪ੍ਰਬੰਧ ਦੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਸੰਜੇ ਮਾਨਵ ਦੀ ਟੀਮ ਦਰਖ਼ਤਾਂ ਨੂੰ ਸਰਦੀ ਤੋਂ ਬਚਾਅ ਰਹੀ ਹੈ। ਢੱਟੇ-ਝੋਟੇ ਓਵੇਂ ਹੀ ਲੈਫਟ-ਰਾਈਟ ਕਰ ਰਹੇ ਹਨ। ਘਰਾਂ ਦੇ ਫ਼ਿਕਰਾਂ ਨੂੰ, ਸਿਰ-ਮੂੰਹ ਬੰਨ੍ਹ ਕੇ ਪੰਜਾਬੀ ਲੁਕਾ ਰਹੇ ਹਨ ਅਤੇ ਪ੍ਰੋਗਰਾਮਾਂ ਉੱਤੇ ਵੀ ਜਾ ਰਹੇ ਹਨ। ਹਾਂ, ਸੱਚ, ‘ਗੁੱਡ ਮਾਰਨਿੰਗ’ ਭੇਜਦੇ ਰਹਿਣਾ, ਵਧੀਆ ਹੌਸਲਾ-ਖੁਸ਼ੀ ਮਿਲਦੇ ਹਨ।
ਚੰਗਾ, ਅਗਲੇ ਐਤਵਾਰ, ਮਿਲਾਂਗੇ ਤੇ ਬਾਕੀ ਗੱਲਾਂ ਕਰਾਂਗੇ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com