ਪਿੰਡ, ਪੰਜਾਬ ਦੀ ਚਿੱਠੀ (121)

ਮਿਤੀ : 11-12-2022

ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਸਾਡੇ ਉੱਤੇ ਸਤਿਗੁਰੂ ਦੀ ਕ੍ਰਿਪਾ ਹੈ। ਤੁਹਾਡੇ ਉੱਪਰ ਵੀ ‘ਰੱਬ ਜੀ’ ਹੱਥ ਰੱਖਣ, ਇਹੀ ਅਰਦਾਸ ਹੈ। ਅੱਗੇ ਸਮਾਚਾਰ ਇਹ ਹੈ ਕਿ ਮੋਟਰਸਾਈਕਲ ਉੱਤੇ ਸਪੀਕਰ ਫਿੱਟ ਕਰਕੇ, ਉੱਚੀ ਆਵਾਜ਼ ਵਿੱਚ, ਜਦੋਂ ਭਾਈ ”ਭਾਂਡੇ ਕਲੀ ਕਰਾਲੋ, ਪਰਾਂਤਾਂ ਦੇ ਪੌੜ ਲਵਾ ਲੋ, ਕਲੀ ਸਿਹਤ ਲਈ ਫ਼ਾਇਦੇਮੰਦ ਐ” ਤੀਜੇ ਗੇੜੇ ਆਇਆ ਤਾਂ, ਮੋੜ ਉੱਤੇ ਬੈਠੇ ਬਿੱਟੂ ਹੁਰਾਂ ਨੇ ਰੋਕ ਲਿਆ। ”ਅਸੀਂ ਤੇਰੀ ਰੋਜੀ ‘ਚ ਲੱਤ ਤਾਂ ਨੀਂ ਮਾਰਦੇ ਪਰ ਯਾਰ ਤੂੰ ਸਿਰ ਖਾਈ ਜਾਨੈਂ, ਹੁਣ ਪਿੱਤਲ ਦੇ ਭਾਂਡੇ ਹੈ ਕਿੱਥੇ, ਨਾ ਤੂੰਬੇ, ਨਾ ਜੱਗ, ਨਾ ਪਰਾਂਤਾਂ, ਨਾ ਕੜਛੀਆਂ, ਗੁਰਦੁਆਰੇ ਦੇਗੇ, ਤਾਂ ਭਾਂਵੇਂ ਕੋਈ ਬਚੇ ਹੋਣ, ਕਲੀ ਤਾਂ ਕਰ ਗਿਆ ਬਚਨਾ ਟੈਣੀ!” ਭਾਈ ਕੱਚੀ ਜੀ ਹਾਸੀ ਹੱਸਦਾ ਤੁਰ ਗਿਆ ਪਰ ਸਪੀਕਰ ਬੰਦ ਨਾ ਕੀਤਾ। ”ਤੈਨੂੰ ਤਾਇਆ ਬਚਨਾ ਯਾਦ ਐ ਓਇ।” ਸੇਵੇ ਨੇ ਪੁੱਛਿਆ। ”ਲੈ ਸਾਡੇ ਵਾੜੇ ‘ਚ ਰਹੇ ਐ ਓਹ ਦਸ ਸਾਲ, ਜਦੋਂ ਉਨ੍ਹਾਂ ਦਾ ਘਰ ਮੀਂਹਾਂ ਨੇ ਡੇਗ-ਤਾ ਸੀ। ਬੜਾ ਜੁਗਤੀ ਸੀ ਬਈ ਟੈਣੀ। ਸਵੇਰੇ ਈ, ਖਾ-ਪੀ ਕੇ, ਸਾਈਕਲ ਪਿੱਛੇ, ਪੱਖਾ-ਮਸ਼ੀਨ, ਕੋਲੇ, ਚਿਮਟਾ ਅਤੇ ਬਾਕੀ ਸਮਾਨ ਬੰਨ੍ਹ ਨਿਕਲ ਜਾਂਦਾ। ਫ਼ੌਜੀਆਂ ਦੀ ਛਾਉਣੀ, ਗੁਰਦੁਆਰੇ, ਮੰਦਰ, ਚੌਧਰੀਆਂ ਦੇ ਪਿੰਡ, ਵੀਹ-ਵੀਹ ਮੀਲ ਤੱਕ ਜਾਂਦਾ ਵਾਰੀ ਨਾਲ। ਮਿੱਠਤ ਨਾਲ, ਭਾਂਡੇ ਕਰਕੇ, ਕਲੀ ਜੀ ਘਸਾ ਕੇ, ਚਮਟੇ ਨਾਲ ਰੂੰ ਨੂੰ ਪੌਡਰ ਜੇ ਨਾਲ ਲਬੇੜ, ਭਾਂਡੇ ਅੰਦਰ ਫੇਰ ਕੇ, ਚਮਕਾ ਦਿੰਦਾ, ਫੇਰ ਪਾਣੀ ‘ਚ ਭਾਂਡਾ ਪਾਉਂਦਾ ਤਾਂ ‘ਛਨਣ’ ਹੋ ਜਾਂਦੀ। ਰੋ-ਰਾ ਕੇ ਪੈਸੇ ਵੀ ਪੂਰੇ ਲੈਂਦਾ। ਰੋਟੀ ਵੀ ਖਾਂਦਾ। ਦੁੱਧ ਲੈ ਕੇ, ਕੋਲਿਆਂ ਉੱਤੇ ਕਰਾਰੀ ਚਾਹ ਆਪ ਬਣਾ ਕੇ ਪੀਂਦਾ। ਵੇਹਲਾ ਹੋ ਕੇ ਬੀੜੀ ਪੀਂਦਾ। ਆਥਣੇ ਪਊਆ ਲੈ ਕੇ ਆਉਂਦਾ, ਪਾਈਆ ਵੇਸਣ ਦਾ ਆਟਾ। ਟੁੱਟੇ ਮੇਜ਼ ਥੱਲੇ ਇੱਟਾਂ ਲਾ ਕੇ ਪੀਂਦਾ, ਵੇਸਣ ਦੀ ਰੋਟੀ ਖਾਂਦਾ। ਅਗਲੇ ਦਿਨ ਲਈ ਕਲੀ ਅਤੇ ਹੋਰ ਖ਼ਰਚਾ ਰੱਖ ਕੇ, ਬਾਕੀ ਤਾਈ ਨੂੰ ਦੇ ਦਿੰਦਾ। ਟੈਮ ਨਾਲ ਪੈ ਕੇ, ਘੁਰਾੜੇ ਮਾਰਣ ਲੱਗ ਜਾਂਦਾ। ਪਹਿਲਾਂ ਧੌਂਕਣੀ ਜੀ ਨਾਲ ਅੱਗ ਨੂੰ ਹਵਾ ਦਿੰਦਾ ਸੀ ਫੇਰ ਪੱਖਾ-ਮਸ਼ੀਨ ਲੈ ਲੀ। ਰੋਜ਼ਾਨਾ ਉਹਦਾ ਇਹੀ ਰੁਟੀਨ। ਬਾਕੀ ਘਰ ਨਾਲ ਬਾਹਲਾ ਲਾਗਾ-ਦੇਗਾ ਨੀਂ ਸੀ ਰੱਖਦਾ। ਉਹਦੇ ਨਾਲ ਈ ਤੁਰਗੇ, ਪਿੱਤਲ ਦੇ ਭਾਂਡੇ, ਪਰਾਂਤਾਂ ਦੇ ਪੌੜ ਅਤੇ ਲੋਕਾਂ ਦੀ ਸਿਹਤ।” ਕਾਲੀਏ ਨੇ ਤਾਏ ਬਚਨੇ ਟੈਣੀ ਦਾ ਪੂਰਾ ਰੇਖਾ-ਚਿੱਤਰ ਖਿੱਚ ਕੇ ਰੱਖ ਦਾ। ”ਸਮੇਂ-ਸਮੇਂ ਕੀ ਬਾਤ ਹੈ ਭਾਈ”, ਭੂਰੇ ਨੇ ਉਠਦਿਆਂ ਆਖਿਆ ਅਤੇ ਪਿੱਛਾ ਝਾੜਦਾ, ਘਰੋਂ ਸੱਦਣ ਆਏ ਪੋਤੇ ਗੁਰਵੰਸ਼ ਨਾਲ ਤੁਰ ਗਿਆ।
ਹੋਰ, ਅੱਜ-ਕੱਲ ਦੇ ਮੁੱਖ ਵਿਸ਼ੇ, ਪ੍ਰਵਾਸ ਅਤੇ ਰਾਜਨੀਤੀ ਹੀ ਹਨ। ਲੱਖੇਵਾਲੀਆਂ ਦਾ ਦਬੰਗ ਪ੍ਰਿੰਸੀਪਲ, ਗੁਰਸ਼ੇਰ ਸਿੰਘ ਸੇਵਾ-ਮੁਕਤ ਹੋ ਗਿਆ ਹੈ। ਤਾਰੇ ਨੇ ਬੱਕਰੀਆਂ ਵੇਚ ਦਿੱਤੀਆਂ ਹਨ। ਕੋਠੀ ਆਲਿਆਂ ਦਾ, ‘ਪਾਡਾ ਪਾਲਾ’ ਮਹਿੰਗਾ ਕਤੂਰਾ ਲਿਆਇਆ ਹੈ। ਬੰਤਾ, ਬਾਲੂ ਤੇ ਬਨਵਾਰੀ ਕਾਇਮ ਹਨ। ਲੰਗਰ ਵਿੱਚ, ਕਸਟਰਡ ਵਾਲੀ ਖੀਰ ਨੂੰ, ਲੇਹੜਾਂ ਦੇ ਰਹੇ ਹਾਂ। ਧੁੰਦ-ਧੁੱਪ ਦੀ ਲੁਕਣਮੀਚੀ ਜਾਰੀ ਹੈ। ਫੁੱਟਦੀ ਕਣਕ ਤੇ ਹੀ ਸਪਰੇਆਂ ਚਾਲੂ ਹਨ। ਟੀ ਟੀ ਕੇ, ਟੱਲੀ ਦੀ, ਟੋਟਣ ਚਮਕਦੀ ਹੈ। ਡਾਕ ਰਾਹੀਂ ਕਨੇਡਾ, ‘ਪੰਜੀਰੀ ਘੱਲਣ’ ਦੇ ਯਤਨ ਹਨ। ਨਿੱਕੇ ਨਿਆਣਿਆਂ ਦੇ ਵੱਡੇ ਸਕੂਲਾਂ ਦੀਆਂ, ਔਖੀਆਂ ਜਮਾਤਾਂ ਦੇ ਪੇਪਰ ਹਨ। ਕਬੀਲਦਾਰੀ ਦੇ ਘਾਚੇ-ਮਾਚੇ, ਘੁਕਾਈ ਫਿਰਦੇ ਹਨ। ਅਧਰੰਗ ਦੇ ਡਰੋਂ, ਭੂਆ-ਭੋਲੀ ਦੀ ਡੱਬੀ ਵਿੱਚ, ਭੋਰਾ ‘ਫੀਮ ਜਮ੍ਹਾਂ ਹੈ। ਬਿਜਲੀ ਦੇ ‘ਜ਼ੀਰੋ ਬਿੱਲ’ ਵੇਖ ਖੁਸ਼ ਹੋ ਰਹੇ ਨੇ ਹਮਾਤੜ। ਪੰਜਾਬ ‘ਜ਼ੀਰੋ ਹੋਣ ਦੀ’ ਭੋਰਾ ਫ਼ਿਕਰ ਨਹੀਂ। ‘ਕੁੰਡੀ’ ਆਪੇ ਲੱਗ ਗਈ ਹੈ। ਡਾਕਟਰ ਦੇ ਕਹਿਣ ‘ਤੇ ਸੈਰ ਦਾ ਜੋਰ ਹੈ। ਧੀਂਗੜੇ, ਕਾਲੜੇ ਅਤੇ ਬਹਿਲ ਸਾਰੇ ਜ਼ਿੰਦਾਬਾਦ ਹਨ। ਸੱਚ, ਆਪਣੇ ਪਿੰਡ ‘ਭੱਠੇ ਆਲਿਆਂ’ ਨੇ ਇੱਕ ਹੋਰ ਹੱਟੀ ਪਾ ਲਈ ਹੈ। ਵੀਰੇ ਦੀ ਡੇਅਰੀ ਖ਼ੂਬ ਚੱਲਦੀ ਹੈ।
ਚੰਗਾ, ਫਿਰ ਮਿਲਾਂਗੇ ਅਗਲੇ ਸੰਡੇ, ਵੰਡ ਮੰਡੇ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com