ਮਿਤੀ : 04-12-2022
ਗੁਰਾਂ ਦੇ ਨਾਂ ਉੱਤੇ ਜਿਉਣ ਵਾਲੇ ਪੰਜਾਬੀਓ, ਜੈ ਹਿੰਦ। ਅਸੀਂ ਇੱਥੇ, ਸਵੇਰ ਦੀ ਧੁੱਪ ਵਰਗੇ ਹਾਂ। ਰੱਬ ਕਰੇ! ਤੁਸੀਂ ਵੀ ਨਿੱਘੇ ਰਹੋ। ਅੱਗੇ ਸਮਾਚਾਰ ਇਹ ਹੈ ਕਿ, ਪਿੰਡ ਦੀ ਲੰਮਾਂ ਸਮਾਂ ਰੌਣਕ ਰਹੇ, ਕਰਨੈਲ ਸਿੰਘ ਉਰਫ਼ ‘ਲੀਲਾ ਸੁੱਲਾ’, ਆਪਣੇ ਪਿੰਡ ਰਾਜਸਥਾਨ ਜਾ ਕੇ ਚੱਲ ਵਸਿਆ ਹੈ। ਇਕਬਾਲ ਸਿੰਘ ਪ੍ਰਧਾਨ ਨੇ, ਜਦੋਂ ਖ਼ਬਰ ਸੁਣਾਈ ਤਾਂ, ਇੱਕ ਵਾਰ ਸਾਰੇ ਜੁੜਿਆਂ ਵਿੱਚ, ਸੁੰਨ ਵਰਤ ਗਈ। ਹੌਲੀ-ਹੌਲੀ ਮੁਕੰਦ ਸਿੰਘ ਨੇ ਵਿਸਥਾਰ ਪੁੱਛਿਆ, ਤਾਂ ਪ੍ਰਧਾਨ ਨੇ ਦੁਖੀ ਲਹਿਜ਼ੇ ‘ਚ ਦੱਸਿਆ, ”ਕੱਲ੍ਹ, ਮੈਂ ਤੇ ਗੁਰਨਾਮ ਸਿੰਹੁ ਦਾ ਪੋਤਰਾ ‘ਛਿੰਦਾ’ ਸਸਕਾਰ ਕਰਾ ਕੇ ਆਏ ਹਾਂ। ਭੈਣ ਨੇ ਫ਼ੋਨ ਕਰਕੇ ਮੈਨੂੰ ਸਮਝਾ ਤਾ ਸੀ, ‘ਬਈ ਹਾਲਤ ਮੰਦੀ ਹੈ, ਆ ਜੋ’।” ”ਊਂ ਵੇਖ ਲੋ ਯਾਰੋ, ਬੰਦੇ ਦੇ ਕੀ-ਕੀ ਲੇਖ ਲਿਖੇ ਹੁੰਦੇ ਐ। ਨਿੱਕਾ ਹੁੰਦਾ ਈ ਲੀਲਾ, ਮਾਂ-ਪਿਓ ਵਾਹਰਾ, ਮਤਰੇਅ ਭਰਾਂਵਾਂ ਤੋਂ ਡਰਦਾ ਐਸਾ ਬਾਬਾ ਜੀ ਕੋਇਰ ਸਿੰਘ ਕੋਲ ਆਇਆ, ਮੁੜ ਆਪਣੇ ਪਿੰਡ ਦਾ ਹੀ ਹੋ ਗਿਆ। ਲੰਮਾ-ਭਾਰਾ, ਗੇਲੀ ਵਰਗਾ ਜਵਾਨ। ਤਿੰਨ ਬੰਦਿਆਂ ਜਿੰਨ੍ਹਾ, ਕੰਮ ਕਰਦਾ ‘ਕੱਲਾ। ਜਤੀ-ਸਤੀ ਰਿਹਾ। ਕਾਲਾ ਰੰਗ ਕਰਕੇ ਕਈ, ਨਾਂ-ਕੁਨਾਂ ਰੱਖ, ਛੇੜਦੇ ਪਰ ਉਸ ਕਦੇ ਮਜਾਲ ਐ ਗੁੱਸਾ ਕੀਤਾ ਹੋਵੇ। ਸਾਰਾ ਪਿੰਡ ਹੀ ਆਵਦਾ ਸਮਝਦਾ ‘ਪੂਰੇ ਹੰਮੇ ਨਾਲ’। ਜਰਵਾਣਾ, ਵੱਡੀ ਕਹੀ ਦਾ ਟੱਕ ਭਰ, ਟਰਾਲੀ ਪਾਰ ਟਪਾ ਦਿੰਦਾ।” ਉਸ ਦੇ ਹਾਣੀ ਰਹੇ ਸੱਦੇ ਨੇ ਅਜੇ ਕਹਾਣੀ ਦਾ ਹਿੱਸਾ ਪੂਰਾ ਹੀ ਕੀਤਾ ਤਾਂ ਘੋਗੜ ਕਾ ਤਾਰਾ ਕਹਿੰਦਾ, ”ਜਰਵਾਣਾ, ਆਖਿਆ ਬੜਾ ਆਖਿਆ, ਉਹ ਵੀਹ ਕਿੱਲਿਆਂ ਦੀ ਵਾਹੀ ਵੀ ਸੰਭਾਲ ਸਕਦਾ ਸੀ। ‘ਜਾਨ-ਲੁਕੋਅ’ ਨਹੀਂ ਸੀ। ਮੂੰਹ ਦਾ ਕੌੜਾ। ਲੋਕੀਂ ਮਿੰਨਤਾਂ ਨਾਲ ਲਿਜਾਂਦੇ। ਕੰਮ ਪੂਰਾ, ਖੁਰਾਕ ਪੂਰੀ। ਲਾਲਚ ਮਾਰੇ ਕਈ ਗੋਲੀਆਂ ਤੇ ਅਫ਼ੀਮ ਖੁਆ ਦਿੰਦੇ। ਕਈ ਵਾਰ ਭਰਾ ਆਏ ਪਰ ਓਹ ਇੱਕੋ ਨੰਨਾ, ਨਹੀਂ ਗਿਆ। ਅਖੀਰ ਪਿੰਡ ਦੀ ਮਿੱਟੀ ਮਿਲ ਹੀ ਗਈ।” ”ਮਗਰੋਂ ਤਾਂ ਬਲ ਹਾਰ ਗਿਆ ਉਹਦਾ। ਵੈਲ ਨੇ ਹਾਲਤ ਮੰਦੀ ਕਰਤੀ। ਜਗਨਾਮ ਸਿੰਹੁ ਨੇ ਸੁਨੇਹਾ ਘੱਲਿਆ, ਭਰਾ ਲੈ ਗਏ। ਰਾਜਸਥਾਨ ‘ਚ ਪੋਸਤ ਖੁੱਲ੍ਹਾ। ਭਰਾਵਾਂ ਨੇ, ਛੇ ਵਿਘਿਆਂ ਪਿੱਛੇ ਈ ਸਮਝ ਲੋ, ਬਹੁਤ ਸੇਵਾ ਕੀਤੀ। ਪਰ ਸਰੀਰ ਖਾਧਾ ਪਿਆ ਸੀ। ਦੋ ਕੁ ਸਾਲ ਈ ਟਪਾਏ। ਹੁਣ ਤਾਂ ਕਰੰਗ ਈ ਰਹਿ ਗਿਆ ਸੀ…..” ਇਸ ਪਿੱਛੋਂ ਜਗਨਾਮ ਦੇ ਦੱਸਦੇ ਦਾ ਮਨ ਭਰ ਗਿਆ। ਸਾਰੇ ਹੀ ਉਸ ਵੱਲ ਵੇਖ, ਭਰੀਆਂ ਅੱਖਾਂ ਨਾਲ ਘਰਾਂ ਨੂੰ ਤੁਰ ਗਏ।
ਹੋਰ, ਗੁੜ-ਪਿੰਨੀਆਂ, ਮਰੂੰਡਾ, ਮੂੰਗਫਲੀ ਤਿਆਰ ਹਨ। ਕਸ਼ਮੀਰੀ ਭਾਈ, ਦੁਖੀ ਜੇ ਦਿੱਸਦੇ, ”ਕਸ਼ਮੀਰੀ ਸ਼ਾਲ, ਦੁਪੱਟਾ, ਸੂਟ ਲੇ ਲੋ” ਗਲੀ-ਗਲੀ ਫਿਰਦੇ ਹਨ। ‘ਇਕੱਲੇ ਮਾਪੇ’ ਲੰਮੀਆਂ ਸਕੀਮਾਂ ਸੋਚ ਰਹੇ ਹਨ। ਠੰਡ-ਠਾਰੀ ‘ਚ ਸੰਗਤਪੁਰੇ ਆਲੇ ਡਾਕਟਰ ਦੀ ਦੁਕਾਨ ਵਾਹਵਾ ਮਘੀ ਐ। ਵਿਆਹਾਂ ਕਰਕੇ, ਬਾਜ਼ਾਰਾਂ ‘ਚ ਕੱਪੜੇ ਅਤੇ ‘ਟੂਚੀ-ਮੂਚੀ’ ਦੀਆਂ ਦੁਕਾਨਾਂ ਤੇ ਰੌਣਕ ਹੈ। ਪੰਜਾਬੀ, ਪੈਲਸਾਂ ‘ਚ ਕੌਫ਼ੀ, ਪਕੌੜਿਆਂ ਨੂੰ ਗੇੜੇ ਦੇ ਰਹੇ ਹਨ। ਬਾਹਰੋਂ ਆਏ ਰਿਸ਼ਤੇਦਾਰਾਂ ਦੀ ਆਵਾਜਾਈ ਅਤੇ ਖ਼ਾਤਰਦਾਰੀ ਹੋ ਰਹੀ ਹੈ। ਨਿੱਕੇ-ਨਿਆਣੇਂ ਵੀ, ਅੰਗਰੇਜ਼ੀ ਨੂੰ ਮੂੰਹ, ਮਾਰ ਰਹੇ ਹਨ ਅਤੇ ਮਾਪੇ ਖ਼ੁਸ਼ ਹਨ। ਝੰਡੇ-ਡੰਡੇ ਵੀ ਉੱਚੇ ਹੋ ਰਹੇ ਹਨ। ਸੇਬੀ, ਸਰਦੂਲ ਅਤੇ ਸੁਖਨੇ ਦੀ ਸੱਥ ਕਾਇਮ ਹੈ। ਬਹੁਤ ਕੁੱਝ, ਹੌਲੀ-ਹੌਲੀ ਬਦਲ ਰਿਹਾ ਹੈ। ਬਦਲੀਆਂ, ਨੌਕਰੀਆਂ, ਸੇਵਾਮੁਕਤੀਆਂ ਚੱਲ ਰਹੀਆਂ ਹਨ। ਸੱਚ, ‘ਮਿੱਢਾ ਸਾਹਿਬ’ ਹੁਣ, ਕੁੱਝ ਸਹਿਜ ਹੋ ਰਹੇ ਹਨ। ਫ਼ੋਨ, ਜ਼ਰੂਰੀ ਖ਼ਰਚੇ ਦਾ ਘਰ ਅਤੇ ਸਰਬ-ਪੱਖੀ ਹੋ ਗਿਆ ਹੈ। ਚੰਗਾ, ਵੱਸਦਾ ਰਹੇ ਸੰਸਾਰ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com