ਪਿੰਡ, ਪੰਜਾਬ ਦੀ ਚਿੱਠੀ (119)

ਮਿਤੀ : 27-11-2022

ਸਾਰੇ, ਗੁਰੂ ਪਿਆਰਿਆਂ ਨੂੰ, ਗੁਰ-ਫ਼ਤਹਿ ਪ੍ਰਵਾਨ ਹੋਵੇ ਜੀ। ਅਸੀਂ ਇੱਥੇ ਸਭ ਰਾਜੀ-ਖੁਸ਼ੀ ਹਾਂ, ਆਪ ਜੀ ਦੀ ਰਾਜ਼ੀ-ਖੁਸ਼ੀ, ਸੱਚੇ ਰੱਬ ਤੋਂ ਹਮੇਸ਼ਾ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ, ਬਹੁਤੇ ਪੰਜਾਬੀ ਵੀ ਅੰਧ-ਵਿਸ਼ਵਾਸ਼ਾਂ ਨੇ ਨਿਘਲ ਲਏ ਹਨ। ਚਾਚਾ ਜੋਗਿੰਦਰ ਸਿੰਹੁ ਆਂਹਦਾ, ”ਮੈਨੂੰ ਤਾਂ ਘਰਦਿਆਂ ਦੀ ਪੁਣਾਈ-ਸਵਾਈ ਨੇ ਮਾਰ ਲਿਐ। ਸਦਾ, ਗੁਰੂ ਆਸਰਾ ਲੈ, ਸਮੇਂ ਸਿਰ ਜਾ, ਡੱਚ ਦੇਣੇਂ ਕੰਮ ਕਰ ਲਈਦੇ ਹਨ। ਜਦੋਂ ਸਾਰਿਆਂ ਜਾਣਾਂ ਹੁੰਦੈ, ‘ਠਹਿਰ ਜੋ ਅਜੇ’ ਕਰ-ਕਰਾ ਕੇ ਹਮੇਸ਼ਾ ਕੰਮ ਲਟਕ ਜਾਂਦੇ ਐ। ਮੈਂ ਤਾਂ ਅੱਕਿਆ ਪਿਆਂ।” ”ਤਾਂਹੀਂਓਂ ਮਸਕੀਨ ਜੀ ਠੀਕ ਕਹਿੰਦੇ ਸਨ ‘ਭਾਈ ਗੁਰੂ ਅਨੁਸਾਰ ਸਾਰੇ ਥਿਤ-ਵਾਰ ਬਰਾਬਰ ਹਨ, ਸੰਸਾ ਨਹੀਂ ਕਰਨਾ ਪਰ ਸਾਡੇ ਕੰਮ ਕੀ ਹੋਣ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਮਾੜੇ ਗਿਣਦੇ ਐ, ਐਤਵਾਰ ਛੁੱਟੀ ਹੁੰਦੀ ਐ, ਬਾਕੀ ਬਚਗੇ ਤਿੰਨ ਦਿਨ ਝੁੱਗੇ ‘ਚੋਂ, ਤਰੱਕੀ ਅਸੀਂ ਕੀ ਕਰਨੀ ਐਂ।” ਅਮਰੀਕ ਸਿੰਹੁ ਨੇ ਕੋਲੋਂ, ਝੱਗੇ ਥੱਲੇ, ਹੱਥ ਪਾ, ਢਿੱਡ ਖੁਰਕਦੇ ਨੇ ਗੱਲ ਵਧਾਈ। ”ਓ ਯਾਰ! ਏਥੇ ਈ ਨੀਂ, ਆਪਣੇ ਆਲੇ, ਓਥੇ ਵੀ ਬਾਹਲੇ ਪੜ੍ਹੇ-ਅਨਪੜ੍ਹ ਏਹੀ ਰੰਗ-ਵਖਾਉਂਦੇ ਐ। ਅਗਾਂਹ-ਵਧੂ ਦੇਸਾਂ ‘ਚ ਜਾ ਕੇ ਵੀ, ਗੁਰਦੁਆਰਿਆਂ ‘ਚ ਭਾਈ ਸਾਹਿਬ ਹੁਰਾਂ ਤੋਂ ਕਈ-ਕੁਸ ਕਰਾਉਂਦੇ ਐ। ਉਥੋਂ ਦੇ ਅਖ਼ਬਾਰ, ਬਾਬਿਆਂ ਦੇ, ‘ਵਸੀਕਾਰ, ਝਾੜਾ-ਤਵੀਤ, ਬਿਮਾਰੀਆਂ, ਓਪਰੀ ਸ਼ੈਅ, ਸਫ਼ਲਤਾ ਨਾ ਮਿਲਣੀ ਆਦਿ ਦੇ ਸ਼ਰਤੀਆ ਇਲਾਜ ਦੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਆ। ਕੀ ਕਰੀਏ ਯਾਰ, ਹੈਰਾਨੀ ਹੁੰਦੀ ਆ।’ ਕੈਨੇਡਾ ਤੋਂ ਆਏ ਸਾਲ ਗੇੜਾ ਲਾਉਂਦੇ ਦੱਲੂਆਲੇ, ਆਲੇ ਜਗਰਾਜ ਨੇ ਸੱਚੀ ਵਾਰਤਾ ਦੱਸੀ। ”ਦਸਾਂ ਗੁਰੂਆਂ ਨੇ ਜਿੰਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਸਾਰਾ ਉਪਦੇਸ ਕੀਤਾ, ਹੁਣ ਉਨ੍ਹਾਂ ਗੁਰੂਆਂ ਦੇ ਨਾਂ ਤੇ ਈ, ਅਸੀਂ ਫੇਰ ਓਹੀ ਕਰੀ ਜਾਨੇਂ ਐਂ, ਪਤਾ ਨੀ, ਦੁਨੀਆਂ ਕਦੋਂ ਸੁਧਰੇਗੀ। ਔਹ ਵੇਖ ਲੌ ਮਲੰਗ ਸ਼ਾਹ ਦੇ ਥਾਨ ਤੇ ਮੇਲਾ ਲੱਗਿਐ। ‘ਅਖੇ ਓਥੇ ਸ਼ਰਾਬ ਚੜ੍ਹਦੀ ਐ।’ ਮੁਫ਼ਤ ਦੀ ਪੀਣ ਲਈ ਟਰਾਲੀ, ਵਿੱਢਾਂ ਤੱਕ ਭਰਕੇ ਗਈ ਐ। ਆਥਣੇ ਲਿਟਦੇ ਫਿਰਨਗੇ।” ਬਾਬਾ ਕਿਸ਼ਨ ਸਿੰਹੁ ‘ਕਾਲੀ’ ਗੁਰੂ-ਘਰ ਤੋਂ ਆਇਆ, ਆਪਣਾ ਹਿੱਸਾ ਪਾ, ਤੁਰਦਾ ਬਣਿਆ।
ਹੋਰ, ਨਹਿਰ-ਬੰਦੀ ਨੇੜੇ ਹੈ। ਕਿੰਨੂ ਐਤਕੀਂ ਖ਼ਤਮ ਹਨ। ਮੂਲੀਆਂ-ਮਟਰ ਵਾਧੂ ਹਨ। ਬਰਮਿੰਘਮ, ਮੈਲਬੌਰਨ, ਬਰੈਂਮਪਟਨ, ਕੈਲੇਫੋਰਨੀਆ ਅਤੇ ਫ਼ੀਨਿਕਸ ਦੇ ਨਾਂ ਆਮ ਵਰਤੇ ਜਾਂਦੇ ਹਨ। ਮਾਪੇ, ਮੁੰਡਿਆਂ ਨੂੰ ਪੰਜਾਬੋਂ ਕੱਢਣ ਲਈ, ਲੋੜ ਤੋਂ ਜ਼ਿਆਦਾ ਕਾਹਲੇ ਹਨ। ਬੱਸਾਂ ਦੀ ਭੀੜ ਓਵੇਂ ਹੀ ਹੈ। ਆਂਢ-ਗੁਆਂਢ, ‘ਕੁੱਤਿਆਂ’ ਬਾਰੇ ਅਤੇ ‘ਨਾਲੀ ਦੇ ਪਾਣੀ ਦੇ ਝਗੜੇ’ ਕਾਇਮ ਹਨ। ਗਿੱਲ ਬਾਈ ਦਾ, ਗਿੱਲਾ-ਗੋਡਾ ਅਜੇ ਵੀ ਤੰਗ ਕਰਦੈ। ਕਣਕ-ਬੀਜਾਈ ਨਾਲ ਖੇਤ ਦੂਰ ਤੱਕ ਝਾਤੀ-ਝਾਤੀ ਕਰਦੇ ਹਨ। ਓਹੀ ਪਿਆਰਾ ਭਾਈ ਅਤੇ ਓਵੇਂ ਬੀਰਬਲ ਰਾਮ। ‘ਸਭ ਠੀਕ ਹੈ, ਤੂੰ ਦੱਸ-ਤੂੰ ਦੱਸ’ ਹੋ ਰਹੀ ਹੈ। ਤੇਜ ਰਫ਼ਤਾਰੀ, ਘਰ-ਘਰ ਬਿਮਾਰੀ ਅਤੇ ਹੁਕਮ ਸਰਕਾਰੀ ਵਧੇ ਹਨ। ਨਵੇਂ ਫੈਸ਼ਨ, ਨਵੇਂ ਵਿਚਾਰ ਅਤੇ ਨਵੇਂ ਚੱਜ-ਵਿਹਾਰ ਆ ਰਹੇ ਹਨ। ਤੁਸੀਂ ਆਓਗੇ, ਵੇਖੋਗੇ ਤਾਂ ਹੈਰਾਨ ਨਾ ਹੋਇਓ। ਤਬਦੀਲੀ ਕੁਦਰਤੀ ਅਤੇ ਜ਼ਰੂਰੀ ਹੈ। ਹਾਂ ਸੱਚ, ਆਉਣ ਤੋਂ ਪਹਿਲਾਂ ਇੱਕ ਫ਼ੋਨ ਜ਼ਰੂਰ ਕਰ ਦੇਣਾ ਯਾਰ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com