ਪਿੰਡ, ਪੰਜਾਬ ਦੀ ਚਿੱਠੀ (118)

ਮਿਤੀ : 20-11-2022

ਹਰ ਖੇਤਰ ਵਿੱਚ ਰਿਕਾਰਡ ਕਾਇਮ ਕਰਦੇ, ਪੰਜਾਬੀਓ, ਸਤ ਸ਼੍ਰੀ ਅਕਾਲ ਹੋਵੇ ਜੀ।
ਇੱਥੇ ਅਸੀਂ ਰਾਜ਼ੀ-ਖੁਸ਼ੀ ਹਾਂ, ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ, ਕਈ ਦਿਨਾਂ ਦੀ ਘੈਂਸ-ਘੈਂਸ ਮਗਰੋਂ, ਮਹਿੰਗੇ ਦੋਧੀ ਅਤੇ ਨੇਕੀ ਵੈਲੀ ਕਾ ਰਾਜ਼ੀਨਾਂਵਾਂ ਹੋ ਗਿਆ ਹੈ। ਮਲਵਲਾ ਤਾਂ ਕੋਈ ਖਾਸ ਨਹੀਂ ਸੀ ਪਰ ਅੱਜ-ਕੱਲ ਦੀ ਭੈੜੀ ਰਾਜਨੀਤੀ ਕਰਕੇ, ਉਂਗਲਾਂ ਲਾਉਣ ਵਾਲੇ ਖ਼ਰਾਬ ਕਰ ਦਿੰਦੇ ਹਨ। ਦੋਧੀ ਨੂੰ ਰੱਜ ਕੇ ਖਾਂਦੇ ਨੂੰ ਵੇਖ, ਉਸ ਦਾ ਗੁਆਂਢੀ ਰਾਜਾ ਈ ਨਾ ਮਾਣ। ਉੱਘ ਦੀਆਂ ਪਤਾਲ ਮਾਰੀ ਜਾਵੇ। ਅਟਾ-ਸਟਾ ਲਾ, ਮੈਂ ਹਿਸਾਬ ਲਾਇਐ, ਬਈ ਪੰਜ-ਸੱਤ ਹਜ਼ਾਰ ਖੱਡਾਂ ‘ਚ ਵੜ ਗਿਐ। ਦਸ ਕੁ ਜਣੇ, ਸੱਤ ਦਿਨ ਊਰੀ ਵਾਂਗੂੰ, ਘੁੱਕਦੇ ਰਹੇ। ਸਮਾਂ ਕਿੰਨਾਂ ਨੁਕਸਾਨਿਆ ਗਿਆ, ਪੁੱਛੋ ਈ ਨਾ? ਚੌਕ-ਚੁਰਾਹੇ ‘ਚ ਲੋਕੀਂ, ਬੱਸ ਇਸੇ ਗੱਲ ਨੂੰ ਹੀ ਪੀਹ-ਪੀਹ ਮੈਦਾ ਬਣਾਉਂਦੇ ਰਹੇ। ਵਿੱਚੋਂ ਨਿਕਲੀ ‘ਮਾਫੀ’। ਮਹਿੰਗਾ ਤਾਂ ਕਦੇ ਸਿਰੇ ਨਹੀਂ ਹੋਇਆ, ਹੁਣ ਵੀ ਆਈ-ਗਈ ਕਰਦਾ ਸੀ। ਸਰਪੰਚ ਨੇ ਵੀ ਕਿਹਾ, ”ਤੇਰੇ ਨੇਕੀ ਨੇ ਸੋਟੀ ਮਾਰੀ ਐ, ਓਹ ਵੀ ਭੁਲੇਖੇ ‘ਚ, ‘ਨ੍ਹੇਰਾ ਸੀ, ਤੇਰੇ ਘਰੇ ਆ ਕੇ ਮਾਫ਼ੀ ਮੰਗਾਂ ਦਿੰਨਾ।” ਪਰ ਦੋਧੀ ਯੂਨੀਅਨ ਦੇ ਪ੍ਰਧਾਨ ਦੇ ਕਹੇ, ਮਹਿੰਗੇ ਨੇ ਬੱਲੂਆਣੇ ਅਰਜੀ ਦੇ ਤੀ ”ਬਈ ਤੂੰ ਤਾਂ ਰੋਜ ‘ਨ੍ਹੇਰੇ ਆਉਣੈ, ਕੀ ਪਤੈ? ਤੇਰੇ ਰੱਜ ਕੇ ਰੋਟੀ ਖਾਣ ‘ਤੇ ਲੋਕੀਂ ਸੜਦੇ ਐ। ਅੱਜ ਈ ਰੋਕ।” ਨੇਕੀ ਵੈਲੀ ਦੇ ਮਗਰ ਖੜ੍ਹਾ ਰਾਜਾ ਗੁਆਂਢੀ ਤੁਖਣਾ ਦਿੰਦਾ ਰਿਹਾ, ”ਮੈਂ ਨਵੀਂ ਬਣੀ ਆਮ ਸਰਕਾਰ ਦਾ ‘ਖ਼ਾਸ ਬੰਦੈ’। ਚੌਕੀ ‘ਚ ਆਪਣੀ ਚਲਦੀ ਐ। ਜਾਣੂੰ ਐ ਮੇਰੇ। ਘਬਰਾ ਨਾ। ਅਗਾਂਹ ਵਧੂ ਤਾਂ ਆਪਾਂ ਬਰਾਬਰ ਦਾ ਪਰਚਾ ਪਾ ਦਿਆਂਗੇ।” ਮੁੱਕਦੀ ਗੱਲ, ਪੁਲਸ ਤਾਂ ਰਾਜੇ ਲੀਡਰ ਦੇ ਨੀਲੇ ਨੋਟਾਂ ਦੇ ਝਾਂਸੇ ਨਾ ਆਈ। ਫ਼ੋਨ ਘੁਕਦੇ ਰਹੇ। ਮਹਿੰਗੇ ਦੋਧੀ, ਦਾ ਲਹੂ ਸੁੱਕਣ ਨਾਲ, ਭਾਰ ਵੀ ਘੱਟ ਗਿਆ। ਥਾਣੇਦਾਰ ਨੇ ਪ੍ਰਧਾਨ ਨੂੰ ਸੱਦ, ਸਮਝਾ, ਦੋਹਾਂ ਧਿਰਾਂ ਦਾ ਲਿਖਤੀ ਮੁਆਫ਼ੀਨਾਮਾ-ਕਮ-ਰਾਜ਼ੀਨਾਮਾ ਕਰਾ-ਤਾ। ਹੁਣ ਦੋਵੇਂ ਈ ਜਿੱਤ ਦਾ ਦਾਅਵਾ ਕਰ ਰਹੇ ਹਨ। ਬਾਤ ਦਾ ਬਤੰਗੜ ਬਣ ਗਿਆ। ਘੂਰ-ਮਸੂਰੀ ਹੋ, ਪਿੰਡ ਦੇ ਦੋਵੇਂ ਧੜੇ, ਸਰਪੰਚੀ ਵੋਟਾਂ ਪੱਕੀਆਂ ਕਰ ਗਏ। ਖ਼ਬਰ ਇਹ ਵੀ ਹੈ ਕਿ ਰੋਕਣ ਦੇ ਬਾਵਜੂਦ ਵੀ, ਚੋਰੀਓਂ ‘ਵਿਚਾਰਾ ਮਹਿੰਗਾ’ ਪੁਲਸ ਨੂੰ ਪੰਜ ਸੌ ਦਾ ਨੋਟ, ਮੱਲੋ-ਮੱਲੀ ਦੇ ਆਇਆ ਹੈ।
ਹੋਰ, ਬੀਰੇ ਕੇ ਮੁੰਡੇ ਨੇ ‘ਲੱਖ ਖੁਸ਼ੀਆਂ ਲਈ’ ਅਖੰਡ ਪਾਠ ਕਰਾਇਆ ਹੈ। ਅਮਨ ਦੀ ਮਾਂ, ਪਹਿਲਾਂ, ਕੰਮ ਨਾ ਬਣਨ ਕਰਕੇ ਗਾਂ ਨੂੰ ਕੇਲੇ ਚਾਰਦੀ ਸੀ, ਹੁਣ ਕੁੜੀ ਦਾ ਵੀਜ਼ਾ ਆਉਣ ਨਾਲ ਵਿਯੋਗ ਵਿੱਚ ਅਫ਼ਸੋਸੀ ਪਈ ਹੈ। ਸੁੱਧੂਆਂ ਦਾ ਕਾਕੂ ਕਹਿੰਦਾ, ”ਬਾਈ ਚਿੱਠੀ ‘ਚ ਕਦੇ ਮੇਰੇ ਬਾਰੇ ਵੀ ਇੱਕ ਲਾਈਨ ਪਾ ਦਿਆ ਕਰ।” ਜਗਰੂਪ ਬਾਈ ਦੀ ‘ਆਵਦਾ ਵਾਜਾ’ ਲੈਣ ਦੀ ਖਾਹਸ਼, ਅਜੇ ਵੀ ਕਾਇਮ ਹੈ। ਸੋਨੂੰ ਕੇ, ਪਟਨਾ ਸਾਹਿਬ ਜਾ ਕੇ ਸੇਵਾ ਕਰਨ ਦੀਆਂ ਫ਼ੋਟੋਆਂ ਭੇਜ ਰਹੇ ਹਨ। ਗੋਲੋ, ਗੁੱਡੀ ਅਤੇ ਗੁਰਵਿੰਦਰ ਭੈਣਾਂ, ਹਰੀ- ਕੈਮ ਹਨ। ਕਣਕ ਦੇ ਰੇਟ, ਭੱਜੇ ਜਾ ਰਹੇ ਹਨ, ਬਾਹਰ ਜਾਣ ਵਾਲਿਆਂ ਵਾਂਗੂੰ। ਹਰ ਥਾਂ ਪ੍ਰਵਾਸ ਦੇ ਹੀ ਤਬਸਰੇ ਹਨ। ਖੇਤੀ, ਉੱਚ ਪੜ੍ਹਾਈ ਅਤੇ ਸਰਕਾਰੀ ਨੌਕਰੀਆਂ ਪਿੱਛੇ ਰਹਿ ਗਈਆਂ ਹਨ।
ਚੰਗਾ, ਫੇਰ, ਜਾਬ ਦੇ ਨਾਲ ਰੱਖਿਓ ਸਾਡਾ ਵੀ ਖਿਆਲ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com