ਪਿੰਡ, ਪੰਜਾਬ ਦੀ ਚਿੱਠੀ (115)

ਮਿਤੀ : 30-10-2022

ਹਰ ਮੈਦਾਨ ਫ਼ਤਿਹ ਕਰਨ ਵਾਲੇ, ਪੰਜਾਬੀਓ, ਸਤ ਸ਼੍ਰੀ ਅਕਾਲ।
ਅਸੀਂ ਇੱਥੇ ਦੀਵਾਲੀ ਦੇ ਦੇਸੀ ਘਿਓ ਵਾਲੇ, ਦੀਵੇ ਵਾਂਗੂੰ ਜਗ ਰਹੇ ਹਾਂ। ਪਰਮਾਤਮਾ ਤੁਹਾਡੇ ਉੱਤੇ ਵੀ ਰੌਣਕਾਂ ਕਾਇਮ ਰੱਖੇ! ਅੱਗੇ ਸਮਾਚਾਰ ਇਹ ਹੈ ਕਿ ਆਪਣਾ ਕੰਵਲਜੀਤ ਸਵੇਰੇ ਈ, ਜਸਵੰਤ ਬਰਾੜ ਦੇ ਘਰ ਨੂੰ ਹੋ ਤੁਰਿਆ। ਜਾ ਕੇ ਮਿਲਿਆ, ਵੈਰਾਗ ਜੇ ਨਾਲ ਕਹਿੰਦਾ, ”ਤੂੰ ਯਾਰ ਦੋ ਦਿਨਾਂ ਤੋਂ ਮਿਲਿਆ ਈ ਨੀ, ਨਾ ਤੇਰਾ ਫ਼ੋਨ ਲੱਗੇ, ਮੈਨੂੰ ਚਿੰਤਾ ਹੋ ਗੀ, ਕੀ ਪਤਾ ਬੰਦੇ ਦਾ, ਤਾਂਹੀਂਓਂ ਸਾਂਝਰੇ ਈ ਲਗਿਆ ਆਇਆ, ਤੈਨੂੰ ਠੀਕ ਵੇਖ, ਚੈਨ ਮਿਲਿਆ। ਕਿੱਥੇ ਛਪਣ ਹੋ ਗਿਆ ਤੀ?” ”ਭੈਣ ਕੇ ਆਏ ਤੀ ‘ਮਰੀਕਾ ਤੋਂ, ਉਨ੍ਹਾਂ ਨਾਲ ਬਗ ਗਿਆ ਸੀ, ਐਧਰ ਲੁਦੇਹਾਣੇ ਵੱਲ, ਗੁਰਦੁਆਰੇ ਇਤਿਹਾਸੀ, ਮਹਾਂਪੁਰਸ਼ਾਂ ਕੋਲ, ਦਰਸ਼ਨ ਕਰਨ।” ਥੱਕੇ ਹੋਏ ਬਰਾੜ ਨੇ ਨੰਗੇ ਸਿਰ ਉੱਤੇ ਹੱਥ ਫੇਰਦੇ ਦੱਸਿਆ। ”ਹਲਾ, ਉਨ੍ਹਾਂ ਨੂੰ ਕੀ ਕੰਮ ਪੈ ਗਿਐ, ਸੰਤਾਂ ਤਾਂਈ?” ਕੰਵਲਜੀਤ ਨੇ ਪੁੱਛਿਆ। ”ਕਿਹੜਾ ਕੰਮ, ਮੈਂ ਤਾਂ ‘ਚਰਜ ਹੀ ਰਹਿ ਗਿਆ, ਕਿ ਪੰਜਾਬ ਵਿੱਚ ਅਜੇਹੇ ਵੀ ਥਾਂ ਹੈਗੇ, ਨਿਰਾ ਸੁਰਗ, ਸਫ਼ਾਈ, ਸ਼ਾਂਤੀ, ਹਰਿਆਲੀ। ਅਸੀਂ ਢੇਰ ਕਾਰਾਂ ‘ਚ ਕਾਰ ਲਾ, ਵੱਡੀ ਸੜਕ ਰਾਹੀਂ ਗਏ। ਸਾਹਮਣੇ ਗੁਰੂ ਘਰ, ਮੱਥਾ ਟੇਕਿਆ ਪਹਿਲਾਂ। ਖ਼ੁਸ਼ਬੋਆਂ, ਗੱਦੇ, ਮਿੱਠਾ-ਮਿੱਠਾ ਕੀਰਤਨ। ਮੂਰਤਾਂ ਬਣੇ ਕਈ, ਦੁੱਧ-ਧੋਤੇ ਬਾਣੇ ਪਾਈ, ਸਿਮਰਨ ਕਰੀ ਜਾਣ। ਫੇਰ ਬਾਬਿਆਂ ਦੀ ਕੁਟੀਆ ਗਏ। ਅੰਦਰ ਭੀੜ। ਕਈ ਮੰਤਰੀ-ਸੰਤਰੀ ਵੀ ਬੈਠੇ, ਮਰੀਜ਼ਾਂ ਵਾਂਗੂੰ ਉਡੀਕਣ। ਪ੍ਰਾਹੁਣੇ ਮਗਰ ਅਸੀਂ ਵੀ ਸਰੜ-ਸਰੜ ਅੰਦਰ ਤੁਰੇ ਗਏ। ਡਿਊਟੀ ਵਾਲੇ ਨੂੰ ਦੱਸਿਆ। ਇੰਨੇ ਨੂੰ ਦੋ ਕੁ ਹੋਰ, ਅਮਰੀਕਾ ਵਾਲੇ, ਜਾਣੂੰ ਉੱਠ ਕੇ ਮਿਲੇ। ਦਰਸ਼ਨਾਂ ਲਈ, ਤਰਲੇ ਕਰਨ ਬਟਾਊ ਦੇ। ਖ਼ੈਰ! ਜੁੱਤੀ ਲਾਹ, ਪੈਰ ਪੂੰਝ ਵੜੇ। ‘ਬਾਬਾ ਜੀ’ ਆਸਣ ਉੱਤੇ ਅੱਧੇ ਲੇਟੇ। ਨਮਸਕਾਰ ਕਰ, ਸਾਨੂੰ ਸੁੱਖ-ਸਾਂਦ ਪੁੱਛ, ਸੋਫ਼ੇ ਤੇ ਬਿਠਾਇਆ। ਬਟਾਊ ਨੂੰ ਕੁਰਸੀ ਦੇ ਕੇ ਨੇੜੇ ਬਿਰਾਜਮਾਨ ਕੀਤਾ। ਕਿੰਨਾਂ ਚਿਰ ਹੌਲੀ-ਹੌਲੀ ਖੁਸਰ-ਫੁਸਰ ਕਰਦੇ ਰਹੇ, ਦੋਨੋਂ। ਫੇਰ ਸੇਵਾਦਾਰ, ਬਾਹਰੋਂ ਬਟਾਊ ਦੇ ਲਿਹਾਜੀਆਂ ਨੂੰ ਲੈ ਆਇਆ। ਉਹ ਦਰਸ਼ਨ ਕਰ, ਖੜ੍ਹੇ-ਖੜ੍ਹੇ ਗੱਲਬਾਤ ਕਰ ਚਲੇ ਗਏ। ਅਸੀਂ ਵਾਪਸ ਅਸ਼ੀਰਵਾਦ ਲੈ ਮੁੜੇ ਤਾਂ ਸੇਵਾਦਾਰ ਨਾਲ ਚੱਲ ਪਿਆ। ਲਾਇਬਰੇਰੀ, ਅਜਾਇਬਘਰ, ਗੋ-ਸ਼ਾਲਾ, ਤਪ-ਅਸਥਾਨ, ਕੁਦਰਤੀ ਖੇਤੀ, ਸੇਵਕ-ਨਿਵਾਸ, ਪਾਰਕ, ਬਾਗ, ਫੁਲਵਾੜੀ, ਔਸ਼ਧਾਲਯ ਅਤੇ ਵਿਦਿਆਲਯ ਦਿਖਾਇਆ। ਬੱਚੇ, ਜਹਾਜ਼ ਅਤੇ ਬੱਸ ਦੇ ਮਾਡਲ ਉੱਤੇ ਚੜ੍ਹੇ। ਲੰਗਰ ਛਕਿਆ। ਹਰ ਥਾਂ ਸਾਫ਼-ਸੁਥਰੇ ਸੇਵਾਦਾਰ, ਹੱਥ ਬੰਨੀਂ ਖੜੇ ਸਨ। ਇੰਨੇ ਸੋਹਣੇ ਫੁੱਲ-ਬੂਟੇ, ਵੇਲਾਂ, ਹਰੇ-ਕਚੂਰ ਸੋਹਣੇ ਦਰਖ਼ਤ। ਖ਼ੁਸ਼ਬੋਆਂ ਆਉਣ। ਪੰਛੀ-ਜਨੌਰ ਬੋਲਣ, ਉਡਾਰੀਆਂ ਭਰਨ-ਖੇਡਣ। ਰੱਬ ਕਰੇ, ਸਾਰਾ ਪੰਜਾਬ ਹੀ ਐਸੀਆਂ ਸ਼ਾਨਦਾਰ ਸੜਕਾਂ ਅਤੇ ਪ੍ਰਦੂਸ਼ਣ-ਰਹਿਤ ਹੋਵੇ। ਮਨ ਬੜਾ ਖੁਸ਼ ਹੋਇਆ। ਵਾਪਸੀ ਉੱਤੇ ਸਾਨੂੰ ਜਾਣਕਾਰੀ ਮਿਲੀ ਕਿ ਬਾਬਾ ਜੀ ਦੇ ਵਿਦੇਸ਼ਾਂ ਵਿੱਚ ਵੀ ਤਿੰਨ ਡੇਰੇ ਹਨ, ਦਿੱਲੀ ਵੀ ਹੈ। ਹੁਣ, ਆਪਣੇ ਰਿਸ਼ਤੇਦਾਰ ਨਾਲ, ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦੀ ਸਲਾਹ ਹੋਈ ਹੈ।” ਇੱਕੇ ਸਾਹੇ ਗਲੋਟੇ ਵਾਂਗੂੰ ਬਰਾੜ ਉਧੜੀ ਗਿਆ। ”ਆਪਾਂ ਵੀ, ਕੋਈ ਬਾਬਾ ਈ ਬਣ ਜੀਏ ਫੇਰ, ਮੌਜ ਕਰਾਂਗੇ”, ਕੰਵਲਜੀਤ ਨੇ ਸੁਝਾਅ ਦਿੱਤਾ। ਏਹ ਵੀ ਬਹੁਤ ਔਖੈ, ਊਂ ਕਹਿੰਦੇ ਬਈ ਡੇਰੇ ਵਧੀ ਵੀ ਬਹੁਤ ਜਾਂਦੇ ਐ, ਪਤਾ ਨਹੀਂ ਕਿਉਂ? ਕਿਵੇਂ ਵੀ ਐ ਯਾਰ, ਮੇਰੇ ਤੇ ਤਾਂ ਬੜਾ ਈ ਅਸਰ ਹੋਇਐ।” ਬਰਾੜ ਅਜੇ ਵੀ ਡੇਰੇ ‘ਚ ਈ ਘੁੰਮੀ ਜਾਂਦਾ ਸੀ।
ਚੰਗਾ, ਤੁਸੀਂ ਦੇਣੇ ਵਿਚਾਰ, ਬਾਕੀ ਅਗਲੇ ਐਤਵਾਰ……

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
e-Mail ID : sarvsukhhomoeoclinic@gmail.com