ਪਿੰਡ, ਪੰਜਾਬ ਦੀ ਚਿੱਠੀ (114)

ਮਿਤੀ: 23-10-2022

ਲਓ ਬਈ, ਆ ਗਿਆ ‘ਕੱਤਕ ਕਰਮ ਕਮਾਵਣੇ’ ਵਾਲਾ ਮਹੀਨਾ। ਸੰਗਰਾਂਦ ਦੇ ਭੋਗ ਮਗਰੋਂ, ਦੇਸੀ ਘਿਓ ਵਾਲੇ ਹੱਥ, ਦਾਹੜੇ ਨੂੰ ਰਗੜ ਕੇ, ਜੰਗੀਰ ਬਾਹਰ ਖੜੇ, ਲੋਕਾਂ ਕੋਲ ਆ ਖੜਾ। ”ਮੈਂ ਅੱਜ ਯਾਰ ਸੋਚੀ ਗਿਆ ਬਈ, ਆਪਣੇ ਉੱਤੇ ਸੱਚੇ ਪਾਤਸ਼ਾਹ ਦੀ ਕਿੰਨੀ ਮੇਹਰ ਹੈ, ਹਜਾਰ ਘਰਾਂ ਵਾਲਾ ਵੱਡਾ ਪਿੰਡ ਐ, ਗੁਰਦੁਆਰਾ ਸਾਹਿਬ ਅਜੇ ਵੀ ਇੱਕੋ ਐ, ਨਹੀਂ ਤਾਂ ਨਿੱਕੇ-ਨਿੱਕੇ ਪਿੰਡਾਂ ‘ਚ ਜਾਤੀ-ਪਾਤੀ ਅਤੇ ਪੱਤੀਆਂ ਦੇ ਚਾਰ-ਚਾਰ ਗੁਰਦੁਆਰੇ ਐ”, ”ਕੀ ਤੱਤ ਕੱਢਿਆ ਫੇਰ ਤੂੰ?” ਵੈਹਵਤੀ ਫੂਲੇ ਨੇ ਪ੍ਰਸ਼ਨ ਕੀਤਾ। ”ਮੇਰੇ ਅਨੁਸਾਰ, ਆਪਣੇ ਪਿੰਡ ਤੇਰ-ਮੇਰ ਹੈਨੀ, ਸਾਰੇ ਗਰੀਬ-ਅਮੀਰ, ਜਾਤਾਂ ਵਾਲੇ ਗੁਰੂ-ਘਰ ਆ ਕੇ ਬਰਾਬਰ ਐ, ‘ਕਾਲੀ ਬਿਸ਼ਨ ਸਿੰਹੁ ਤੋਂ ਲੈ ਕੇ ਸਾਰੇ ਢਬਾਂ ਵਾਲੇ ਅੰਮ੍ਰਿਤਧਾਰੀ ਐ, ਕਿਸੇ ਨੂੰ ਕੋਈ ਕੌਂਸਦਾ ਨੀਂ। ਬਾਬੇ ਨਾਨਕ ਦੀ ਏਕਤਾ ਆਲੀ ਮਾਇਆ ਵਾਪਰਦੀ ਐ।” ਜੰਗੀਰ ਨੇ ਖੁਸ਼ੀ ਨਾਲ ਖੁਲਾਸਾ ਕੀਤਾ। ”ਹਾਂ ਯਾਰ, ਕਈ ਥਾਂਵਾਂ ‘ਤੇ ਮੈਂ ਵੇਖਿਆ, ਲੋਕੀਂ ਅਜੇ ਵੀ ਨੀਂਵਾ-ਉੱਚਾ ਸਮਝਦੇ ਵਿਤਕਰਾ ਕਰਦੇ ਐ, ਅਗਲੇ ਟਿੰਡ-ਫੌੜੀ ਚੱਕ ਅੱਡ ਬਣਾ ਲੈਂਦੇ ਆ।” ਮਹਿੰਦਰ ਨੇ ਖੰਗੂਰਾ ਮਾਰ ਕੇ ਤੱਤ ਦੀ ਗੱਲ ਦੱਸੀ। ”ਪਹਿਲਾਂ ਵੇਖੋ, ਭਾਈ ਸਾਹਿਬ ਜੋਗਿੰਦਰ ਸਿੰਘ ਰਹੇ ਲੰਮਾ ਸਮਾਂ, ਫੇਰ ਭਾਈ ਜੀ ਕਟਾਰ ਸਿੰਘ, ਦਾਦੂ ਆਲੇ ਮੁਖਤਿਆਰ ਸਿੰਘ, ਹੁਣ ਕਰਮਜੀਤ ਸਾਰੀ ਸੇਵਾ ਸੰਭਾਲਦੈ। ਸਾਰਿਆਂ ਨੇ, ਸਾਰੇ ਪਿੰਡ ਦੇ, ਸਿੰਘਾਂ ਨੂੰ ਪਾਠੀ ਬਣਾਇਆ। ‘ਖਾਲਸਾ ਸੱਜ ਕੇ ਸਾਰੇ ਗੁਰੂ ਆਲੇ ਬਣ, ਗੁਰਦੁਆਰੇ ਸੇਵਾ ਕਰਦੇ ਐ। ਏਕਤਾ ਕਰਕੇ ਈ, ਚੰਗੇ ਗ੍ਰੰਥੀ ਸਿੰਘ ਐ ਅਤੇ ਕਮੇਟੀ ਵਧੀਆ ਤਨਖਾਹ ਦਿੰਦੀ ਐ। ਚਾਰ ਗੁਰਦੁਆਰਿਆਂ ਵਾਲੇ ਪਿੰਡ, ਗ੍ਰੰਥੀ ਸਿੰਘ ਵੀ ਚਾਰ ਦਿਨ ਰਹਿ, ਚਾਰ ਬਿਸਤਰੇ ਸੰਭਾਲ, ਚੱਲਦਾ ਬਣਦੈ।” ਗੁਰਮੁਖ ਸਿੰਘ ਨੇ ਤਜਰਬਾ ਦੱਸਦਿਆਂ, ਪਿੰਡ, ਲੋਕਾਂ ਅਤੇ ਭਾਈਚਾਰੇ ਦੀ ਵਡਿਆਈ ਕੀਤੀ। ”ਆਪਣੇ ਪਿੰਡ ਦੀਆਂ ਗੱਲਾਂ ਤਾਂ ਹੋਰ ਕਈ ਪਿੰਡਾਂ ਦੇ ਲੋਕ ਵੀ ਕਰਦੇ ਐ। ਸਾਡੇ ਰਿਸ਼ਤੇਦਾਰ ਵੀ ਦੱਸਦੇ ਐ। ਚੰਗੀ ਗੱਲ ਐ, ਭਾਈ, ਵਾਹਿਗੁਰੂ ਆਏਂ ਈ ਸਿਰ ‘ਤੇ ਹੱਥ ਰੱਖਣ, ਭਾਈ.ਈ..ਈ…ਈ….” ਲੰਮੀ ਹੇਕ ਲਾ ਕੇ ਤੁਰਦੇ-ਤੁਰਦੇ ਨਿਰਮਲ ਨੇ ‘ਆਮੀਨ’ ਵਾਂਗੂੰ ਕਾਮਨਾ ਕੀਤੀ।
ਹੋਰ, ਦੀਵਾਲੀ ਦੀਆਂ ਤਿਆਰੀਆਂ ਹਨ। ਸਫ਼ਾਈਆਂ ਹੋ ਰਹੀਆਂ। ਭਿੰਡਰ ਨੇ ਪੱਖਾ ਝਾੜਦੇ ਨੇ ਅੱਖ ਵਿੱਚ ਕੁਸ ਪਵਾ ਲਿਆ ਹੈ। ਕੈਲੂ ਘੁਮਿਆਰ ਘੋੜੇ ਵਾਲੇ ਰੇੜੇ ‘ਤੇ ਚੂਕੜੇ, ਘੜੇ ਅਤੇ ਹੋਰ ਸਾਮਾਨ ਵੇਚ ਰਿਹਾ ਹੈ। ਕਬਾੜੀਆਂ ਦਾ ਕਾਰੋਬਾਰ ਚਮਕਿਆ ਹੈ। ਪ੍ਰਧਾਨ ਦਾ ਅੱਲਵਾ ਪੋਤਾ ਹਫ਼ਤਾ ਪਹਿਲਾਂ ਹੀ, ਕੰਨਾਂ ਦੇ ਕੀੜੇ ਕੱਢ ਰਿਹਾ। ਪਟਾਖੇ, ਪਰਾਲੀ ਅਤੇ ਪ੍ਰਦੂਸ਼ਣ ਹਾਜਰ ਹਨ। ਸਰਦੀ ਡਾਲਰ ਵਾਂਗੂੰ ਵੱਧ ਰਹੀ ਹੈ। ਮਿਠਿਆਈਆਂ, ਗਿਫ਼ਟ ਪੈਕ ਅਤੇ ਸੇਲ ਦਾ ਬਜ਼ਾਰ ਗਰਮ ਹੈ। ਵਿਆਹਾਂ ਦੀ ਸ਼ਾਪਿੰਗ ਨਰਮੇ ਵਾਗ ਖਿੜੀ ਹੈ। ਝੋਨਾ-ਸੋਨਾ ਜ਼ਿੰਦਾਬਾਦ ਹੈ। ਮੰਦਰ, ਹਰਕੀਰਤ, ਬੂਟਾ ਸਿੰਘ ਅਤੇ ਭੋਲਾ ਬਾਹਰੋਂ ਆ ਗਏ ਹਨ। ਮੰਦੀ ਦਾ ਮੰਦਾ, ਮਗਰਾ ਕਰ ਰਿਹਾ ਹੈ। ਮਹਿੰਗਾਈ ਦਾ ਗਫੂਆ ਕਾਇਮ ਹੈ।
ਸੱਚ, ਝੱਗੇ ਨਾਲ ਹੱਥ ਪੂੰਝਣ ਦਾ ਰਿਵਾਜ, ਅਜੇ ਵੀ ਹੈ। ਮੇਥੇ, ਮੂਲੀਆਂ ਤੇ ‘ਮਰੂਦ ਵਾਧੂ ਹਨ। ਕੁਦਾਲ ‘ਤੇ ਬਰਾੜ ਭਾਈ ਘਰੇ ਨਿੱਕ-ਸੁੱਕ ਲਾਈ ਬੈਠੇ ਹਨ। ਮੈਸੀ, ਓਵੇਂ ਹੀ ਗੱਲ-ਗੱਲ ਤੇ ਗਾਲ ਕੱਢਦਾ ਹੈ। ਕੱਲ੍ਹ ਦੇ ਚੈਨੇ ਹਲਵਾਈ ਕੇ ਪਕੌੜੇ ਅਤੇ ਜਲੇਬੀਆਂ ਕੱਢ ਰਹੇ ਹਨ। ਸੁੱਖਾ, ਸਾਬ੍ਹੀ ਤੇ ਸੁਖਚੈਨ ਕਾਇਮ ਹਨ।
ਚੰਗਾ, ਦੀਵੇ ਵਾਂਗੂੰ ਚਮਕੋ ਯਾਰ, ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com