ਪਿੰਡ, ਪੰਜਾਬ ਦੀ ਚਿੱਠੀ (112)

ਮਿਤੀ : 09-10-2022

ਹਾਂ ਬਈ ਦੋਸਤੋ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਕਪਾਹ ਦੇ ਫੁੱਟਾਂ ਵਾਂਗ ਖਿੜੇ ਹਾਂ, ਤੁਹਾਡੇ ਹਾਸੇ ਸਦਾ ਖਿੜੇ ਰਹਿਣ ਦੀ ਸ਼ੁਭ-ਕਾਮਨਾ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਤਾਇਆ ਮਹਿੰਦਰ ਬਾਰ ਅੱਗੇ ਬੈਠਾ ਇਕੱਲਾ ਹੀ ਉਂਗਲਾਂ ਦੇ ਪਟਾਕੇ ਭੰਨੀ ਜਾਂਦਾ ਸੀ ਕਿ ਗੇਜੀ ਨੇ ਸਾਈਕਲ ਆ ਰੋਕਿਆ। ਰਾਮ-ਰਮੀਂ ਤੋਂ ਬਾਦ ਤਾਏ ਨੇ ਪੁੱਛਿਆ, ”’ਪੱਪੂ ਪਾਲੇ’ ਕਈ ਦਿਨਾਂ ਦਾ ਦਿਸਿਆ ਨੀਂ, ਕਿਤੇ ਗਿਆ ਸੀ ਕਿ?” ”ਹਾਂ, ਤਾਇਆ, ਆਪਣੇ ਦੋਹਤੇ ਦਾ ਬਾਹਰਲੇ ਦੇਸ ਦਾ ਲੱਗ ਗਿਆ, ਕੀ ਆਹਦੇ, ਪੜ੍ਹਾਈ ਆਲਾ ਵੀਜਾ। ਪਾਠ ਕਰਾਇਆ ਸੀ, ਬਈ ਨਾਲੇ ਸਾਰੇ ਰਿਸ਼ਤੇਦਾਰ ਮਿਲ ਜਾਣਗੇ ਜਾਂਦੀ ਬਾਕੀ, ਉੱਥੇ ਗਏ ਸੀ।” ਗੇਜੀ ਨੇ ਭੂਮਿਕਾ ਬੰਨ੍ਹੀ। ”ਹੁਣ ਤਾਂ ਬੱਲਿਆ ਸਾਰੇ ਈ ਤੁਰੀ ਜਾਂਦੇ ਐ ਜਵਾਕ, ਇਹ ਕਿੱਥੇ ਗਿਆ?” ”ਇਹ ਤਾਂ ਤਾਇਆ ਆਹ, ਜਿੱਥੇ ਹੁਣ ਬਾਹਲੇ ਜਾ ਰਹੇ ‘ਲੈਂਡ’, ਆਪਣੇ ਆਲੇ ਅੰਗਰੇਜ਼ਾਂ ਦੇ ਵਲੈਤ।” ”ਸਾਡੀ ਵੀਰਪਾਲ ਦੀ ਨੂੰਹ ਵੀ ਉੱਥੇ ਈ ਗਈ ਐ।” ਹੌਲੀ-ਹੌਲੀ ਕੋਲ ਆ ਕੇ ਖੜੇ ਗੁਰਦੇਵ ਨੇ ਆਪਣੀ ਹੋਂਦ ਜਤਾਈ। ”ਹੋਰ ਦੱਸਾਂ ਤਾਇਆ, ਪਾਠ ਮਗਰੋਂ ਸਾਰਿਆਂ ਵਿਆਹ ਵਾਂਗੂੰ ਮੁੰਡੇ ਨੂੰ ਸਗਨ ਦਿੱਤਾ। ਅਟੈਚੀ, ਬੈਗ, ਕੰਬਲ, ਜਾਕਟ ਤੇ ਬਾਕੀ ਸਾਰਾ ਸਾਮਾਨ ਵੇਖਿਆ। ਫੇਰ ਗਿੱਧਾ ਪਿਆ। ਵਿਆਹ ਆਲਾ ਮਾਹੌਲ ਸੀ। ਬੋਲੀਆਂ ਪਈਆਂ, ‘ਅਕੇ, ਅਸੀਂ ਅਸਲੀ ਮਲੰਗਾਂ ਦੀਆਂ ਸਾਲੀਆਂ ਵੇ’ ਖੇਸ ਆਲੇ ਫੁੱਫੜਾਂ ‘ਚੋਂ ਸ਼ਰਾਰਤੀ ਨੇ ਜਵਾਬ ਦਿੱਤਾ, ‘ਸਾਡੀਆਂ ਨਿੱਕੀਆਂ-ਨਿੱਕੀਆਂ ਸਾਲੀਆਂ, ਵੱਡੇ ਪਰਸਾਂ ਵਾਲੀਆਂ।’ ਬੜਾ ਹਾਸੜ ਪਿਆ। ਅਸੀਂ ਤਾਂ ਆ ਗੇ, ਅੱਜ ਟਰਾਲੀ ਭਰ ਕੇ ਜਹਾਜ ‘ਤੇ ਚੜ੍ਹਾਉਣ ਗਏ ਐ ਦਿੱਲੀ ਸਾਰੇ।” ਗੇਜੀ ਨੇ ਪੂਰਾ ਢਿੱਡ ਖਾਲੀ ਕਰ ਦਿੱਤਾ। ”ਰਿਸ਼ਤੇਦਾਰੀਆਂ ‘ਚ ਨਿਗਾਹ ਮਾਰ ਲੋ, ਕੋਈ ਮੁੰਡਾ-ਕੁੜੀ ਨੀ ਬਚਿਆ, ਸਾਰੇ ਦਸਮੀਂ ਕਰਦੇ, ਪਾਸਪੋਰਟ ਆਈਲੈਟਸ, ਬਾਰਮੀਂ ਪਾਸ ਅਤੇ ਚੱਲ ਵੀਜਾ।” ਦੇਵ ਨੇ ਜੱਗ ਦੀ ਗੱਲ ਕੀਤੀ। ”ਏਥੇ ਤਾਂ ਪੱਪੂ-ਪਾਲੇ, ਆਪਾਂ ਈ ਟੀਂਡੇ ਕੱਢਾਂਗੇ, ਨਵੀਂ ਪਨੀਰੀ ਤਾਂ ਖੰਭ ਈ ਲਾਊਗੀ, ਸਾਡੀ ਪੋਤੀ ਜੋਤੀ ਤਾਂ ਪੰਜਮੀਂ ‘ਚ ਈ ਅੰਗਰੇਜ਼ੀ ਸਿੱਖ ਕੇ, ਤਿਆਰੀ ਕਰੀ ਜਾਂਦੀ ਐ, ਵੇਖ ਮਰਦਾਨਿਆਂ ਰੰਗ ਕਰਤਾਰ ਦੇ।” ਤਾਏ ਨੇ ਗੱਲ ਪੂਰੀ ਕੀਤੀ।
ਹੋਰ, ਪ੍ਰਵਾਸੀ ਆਉਣ ਕਰਕੇ ਰੌਣਕਾਂ ਵੱਧ ਗਈਆਂ ਹਨ। ਜ਼ਮੀਨਾਂ ਅਤੇ ਪਲਾਟਾਂ ਦੇ ਭਾਅ ਚੜ੍ਹ ਰਹੇ ਹਨ। ਖੇਤੀ ਆਮਦਨ ਘਟਣ ਦੇ ਬਾਵਜੂਦ ‘ਜ਼ਮੀਨੀ ਠੇਕੇ’ ਅਸਮਾਨੀ ਹਨ। ਪਰਾਲੀ ਦਾ ਧੂੰਆਂ ਤੇ ਠੰਡ ਆ ਰਹੀ ਹੇ। ਦੁਸਹਿਰਾ, ਦੀਵਾਲੀ ਜ਼ਿੰਦਾਬਾਦ ਹਨ। ਅਖ਼ਬਾਰ, ਕਿਤਾਬਾਂ ਦੀ ਥਾਂ, ਸੋਸ਼ਲ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਸਿਖਰਾਂ ਉੱਤੇ ਹੈ। ਮਹਾਂਮਾਰਗਾਂ ਉੱਪਰ ਲਿਸ਼ਕਦੇ ਹੋਟਲ, ਸ਼ਾਪਿੰਗ ਮਾਲ ਅਤੇ ਮੈਰੇਜ ਪੈਲਸ ਚਮਕ ਰਹੇ ਹਨ। ਖੇਤੀ ਦੀ ਥਾਂ, ਬਾਹਰ ਉੱਡਣ, ਪ੍ਰਾਈਵੇਟ ਕੰਮ, ਵਪਾਰ ਅਤੇ ਨੇਤਾਗਿਰੀ ਵੱਲ ਰੁਝਾਨ ਹੈ। ਟਹਿਣਾ ਅਨਪੜ੍ਹ ਵੀ ਪੁੱਛਦੈ, ”ਕੋਈ ਮੇਰਾ ਵੀ ਜੁਗਾੜ ਹੋ ਸਕਦੈ?” ਖੇਤਾਂ ਵਿੱਚ ਬੰਦਿਆਂ ਦੀ ਥਾਂ ਮਸ਼ੀਨਰੀ ਭਾਰੂ ਹੈ। ‘ਬਾਹੂ ਕੂਕਾ’ ਬਚੀ ਜ਼ਮੀਨ ਵੇਚ ਗਿਆ ਹੈ। ਬਹਾਦਰ, ਬਾਬੂ ਅਤੇ ਬਾਹਘਾ, ਚੜ੍ਹਦੀ ਕਲਾ ਵਿੱਚ ਹਨ। ਹਾਂ, ਸੱਚ ਬੱਬੀ ਬਾਈ ਕੇ ਵੀ ਮੋੜਾ ਪਾ ਰਹੇ ਹਨ। ਚੰਗਾ ਫਿਰ ਰਹੋ ਤਿਆਰ, ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
9464667061
sarvsukhhomoeoclinic@gmail.com