ਪਿੰਡ, ਪੰਜਾਬ ਦੀ ਚਿੱਠੀ (111)

ਮਿਤੀ : 02-10-2022

ਦੁਨੀਆਂ ਭਰ ਦੇ ਪੰਜਾਬੀਓ, ਸਤ ਸ਼੍ਰੀ ਅਕਾਲ। ਪੱਕੀ ਫ਼ਸਲ ਵੇਖ, ਇੱਥੇ ਰਾਜ਼ੀ-ਖੁਸ਼ੀ ਹੋ ਰਹੀ ਹੈ। ‘ਪਰਮਾਤਮਾ ਤੁਹਾਡੀਆਂ ਕਮਾਈ ਦੀਆਂ ਫ਼ਸਲਾਂ ਵੀ ਸਿਰੇ ਚਾੜ੍ਹੇ’, ਇਹੀ ਅਰਦਾਸ ਹੈ। ਖ਼ਬਰ ਇਹ ਹੈ ਕਿ ਆਪਣੇ ਪਿੰਡ ਕੈਂਚੀਆਂ ਉੱਤੇ ਦੁਪਹਿਰੇ, ਸਕਿੰਟਾਂ ‘ਚ ‘ਕੱਠ ਹੋ ਗਿਆ। ਆਉਂਦੇ-ਜਾਂਦਿਆਂ ਦੀਆਂ ਲਾਈਨਾਂ ਲੱਗ ਗਈਆਂ। ਹੋਰ ਵੀ, ਜੋ ਵੇਖੇ ਨੱਠਿਆ ਜਾਵੇ ਓਧਰ ਨੂੰ। ਇੱਕੋ ਪ੍ਰਸ਼ਨ, ”ਕੀ ਹੋਇਐ?” ਗਏ ਤਾਂ, ਚੌਕ ਵਿੱਚ ਜੇ.ਸੀ.ਬੀ. ਖੜ੍ਹੀ ਸੀ, ਸੱਜਾ ਡਿੱਪਰ ਚੱਲੀ ਜਾਂਦਾ ਸੀ। ਇੱਕ ਪਾਸੇ ਮੱਖੀਆਂ ਵਾਂਗੂੰ ਲੋਕਾਂ ਦਾ ਝੁਰਮਟ ਸੀ। ਕੋਈ 108 ਨੰਬਰ ਉੱਤੇ ਐਂਬੂਲੈਂਸ ਨੂੰ ਫ਼ੋਨ ਕਰ ਰਿਹਾ ਸੀ, ਕੋਈ ਹੋਰ ਕਿਸੇ ਨੂੰ। ”ਹਾਂ, ਦੋ ਮੁੰਡੇ ਲਧਾਈ ਕੇ ਦੇ ਹਨ, ਮੋਟਰਸਾਈਕਲ ਉੱਤੇ। ਜੇ.ਸੀ.ਬੀ. ਦੇ ਕਰਾਹੇ ‘ਤੇ ਵੱਜੇ, ਕੈਂਚੀਆਂ ਤੇ, ਹਾਂ-ਹਾਂ, ਇੱਕ ਦਾ ਤਾਂ ਨੱਕ, ਬਲੇਡ ਉੱਤੇ ਵੱਜ ਕੇ, ਲਮਕ ਰਿਹਾ, ਊਂ ਹੋਸ਼ ‘ਚ ਆ, ਹਾਂ, ਕਾਲਾ ਮੋਟਰਸਾਈਕਲ PB-03-2567 ਦੂਜਾ ਬੁੜਕ ਗਿਐ, ਫੁੱਲ ਦੀ ਨੀਂ ਲੱਗੀ, ਗ਼ਲਤੀ ਤਾਂ ਪਤਾ ਨੀਂ ਕੀਹਦੀ ਐ, ਪਰ ਜੇ.ਸੀ.ਬੀ. ਵਾਲਾ ਕਹਿੰਦਾ, ‘ਮੋਟਰਸਾਈਕਲ ‘ਨ੍ਹੇਰੀ ਵਾਂਗੂੰ ਆ ਕੇ ਪਿੱਛੋਂ ਵੱਜਿਆ, ਅਸੀਂ ਤਾਂ ਡਿੱਪਰ ਦੇ ਕੇ ਹੌਲੀ-ਹੌਲੀ ਮੋੜ ਰਹੇ ਸੀ।’ ਹਾਂ, ਆ ਜੋ ਛੇਤੀ, ਏਥੇ ਈ ਆਂ ਸਾਰੇ!” ਸਾਰੇ ਉੱਚੀ-ਉੱਚੀ ਸਲਾਹਾਂ ਦੇ ਰਹੇ ਸਨ, ”ਨੱਕ ਉੱਤੇ ਪੋਲੀ ਪੱਟੀ ਬੰਨੋ, ਬਰਫ਼ ਰੱਖੋ, ਜੁੜ ਜੂ-ਗਾ”, ”ਸਿਰ ਥੱਲੇ ਕਰੋ, ਖ਼ੂਨ ਅੰਦਰ ਨਾ ਜਾ ਵੜੇ।” ”ਪਾਣੀ ਥੋੜਾ ਪਿਆਓ” ਬਾਹਲੇ ਲੋਕਾਂ ਦੇ ਓਹੀ ਪ੍ਰਸ਼ਨ ਸਨ। ਮੋਟਰਸਾਈਕਲ, ਕਾਰਾਂ ਖੜਦੇ, ਵੇਖਦੇ, ਪੁੱਛਦੇ, ਫਿਰ ਓਵੇਂ ਗੱਲਾਂ ਕਰਦੇ ਮੁੜ ਜਾਂਦੇ। ਚੱਕ ਕੇ ਲਿਜਾਣ ਨੂੰ ਕੋਈ ਨਾ ਕਰਦਾ। ਫੇਰ ਇੱਕ ਪੀਟਰ ਰੇੜ੍ਹਾ ਆਇਆ, ਸਵਾਰੀਆਂ ਦਾ ਭਰਿਆ। ਬੁੜੀਆਂ-ਬੰਦੇ ਉਤਰਦੇ ਗਏ, ਜਖ਼ਮੀ ਨੂੰ ਚੁੱਕਿਆ ਅਤੇ ”ਐਂਬੂਲੈਂਸ ਨੂੰ ਫ਼ੋਨ ਕੀਤਾ” ਦੀ ਅਵਾਜ ਅਣਸੁਣੀ ਕਰਕੇ, ਫਟਾਫਟ, ਵੱਗਦੇ ਖੂਨ ਨਾਲ ਖ਼ਰਾਬ ਹੁੰਦੇ ਕੱਪੜਿਆਂ ਤੋਂ ਬੇ-ਪ੍ਰਵਾਹ, ਪੀਟਰ ‘ਤੇ ਰੱਖ ਮੰਡੀ ਨੂੰ ਲੈ ਗਏ। ਇੱਕ ਬੁੜੀ ਦੀ ਸੁਣੌਤੀ ਸਾਰੇ ਤੈਰ ਰਹੀ ਸੀ, ”ਇਹ ਵੀ ਤਾਂ ਕਿਸੇ ਦਾ ਪੁੱਤ ਹੈਗਾ…..” ਹੌਲੀ-ਹੌਲੀ ਮਸਾਂ ਹੀ, ਭੀੜ, ਕਚੀਰਾ ਕਰਦੀ-ਕਰਦੀ, ਟਿਕਾਣਿਆਂ ਨੂੰ ਮੁੜੀ।
ਹੋਰ, ਹੁਣ ਕਈਆਂ ਦੇ ਬਿਜਲੀ-ਬਿੱਲ ‘ਜੀਰੋ’ ਆ ਰਹੇ ਹਨ। ਕੁੰਡੀਆਂ ਲਾਉਣ ਵਾਲਿਆਂ ਨੂੰ ਸਮਝ ਨਹੀਂ ਆ ਰਹੀ। ਪੈਲੇਸ ਬੁਕਿੰਗ, ਵਿਦੇਸ਼ ਜਾਣ, ਮਹਿੰਗਾਈ ਅਤੇ ਲੜਾਈ ਦੇ ਚਰਚੇ ਹਨ। ਦੀਪ ਹਰ ਥਾਂ ਖ਼ਰਚੇ ਦੇ ਪਰਚੇ ਖੋਲ੍ਹ ਬੈਠਦਾ। ਕਿਸਾਨੀ ਝੰਡੇ, ਕਿਤੇ-ਕਿਤੇ ਲੋਕਾਂ ਲਈ ਰਾਹਤ ਵੀ ਬਣ ਰਹੇ ਹਨ ਅਤੇ ਮੁਸ਼ਕਲ ਵੀ। ਸੁਖ, ਸੁਰਜਨ ਅਤੇ ਸੁਰਜੀਤ ਐਡੀਲੇਡ ਪੁੱਜ ਗਏ ਹਨ। ਸੁਭਾਸ਼ ਜੀ ਪਾਲਮਪੁਰ-ਪਪਰੋਲੇ। ਸੱਚ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਕੂਲਾਂ ਵਿੱਚ ਮਨਾਇਆ ਗਿਆ। ਨਵਰਾਤਰੇ ਸ਼ੁਰੂ ਹੋਣ ਨਾਲ ਹੀ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਨਾਲ ਹੀ ਬਜਾਰ ਵਿੱਚ ਰੌਣਕ ਵੀ ਵੱਧ ਗਈ ਹੈ। ਛਾਪੇ ਦੌਰਾਨ ਨਕਲੀ ਅਤੇ ਕੈਮੀਕਲ ਮਿਲੀਆਂ ਮਠਿਆਈਆਂ ਪ੍ਰਾਪਤ ਹੋਣ ਦੀ ਵੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ, ਆਪਣਾ ਬਚਾਅ ਰੱਖਿਓ। ਫੋਨ-ਫਰਾਡ ਹੋ ਰਹੇ ਹਨ। ਚੰਗਾ, ਜੈ-ਜੈਕਾਰ, ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com