ਪਿੰਡ, ਪੰਜਾਬ ਦੀ ਚਿੱਠੀ (110) -ਆ ਗਿਆ ਸਿਆਲ…. ਰੋਟੀ ਖਾਈਏ ਸਾਗ ਨਾਲ……

ਮਿਤੀ : 25-09-2022

ਲਓ ਬਈ ਮਿੱਤਰੋ, ਰਾਜ਼ੀ ਖੁਸ਼ੀ ਤੋਂ ਬਾਅਦ, ਤਾਜ਼ਾ ਖ਼ਬਰ ਇਹ ਹੈ ਕਿ ਕਈ ਸਾਲਾਂ ਮਗਰੋਂ ਪਰਦੇਸੋਂ ਆਇਆ ਅਮਰਜੀਤ ਸਿੰਘ ਅਜੇ ਤਖ਼ਤਪੋਸ਼ ਉੱਤੇ ਆਂਢਾ ਜਾ ਹੋ ਕੇ ਹੀ ਬੈਠਾ ਸੀ ਕਿ ਗੁਰਦੁਆਰਾ ਸਾਹਿਬ ਤੋਂ ਬਾਬਾ ਬੋਲ ਪਿਆ। ਸਾਰਿਆਂ ਨੇ ਮਠਾਰ-ਮਠਾਰ ਕੇ ਦੋ ਵਾਰ ਬੋਲੇ ਭਾਈ ਸਾਹਿਬ ਦੀ ਸੂਚਨਾ ਨੂੰ ਸੁਣਿਆਂ। ਸਾਰੇ ਸੋਚਣ ਜੇ ਲੱਗੇ ਹੀ ਸਨ ਕਿ ਕਾਲੇ ਕਾ ਬਲੀ, ਪਤਾ ਨੀ ਕੀਹਨੂੰ, ਸੰਬੋਧਨ ਕਰਕੇ ਕਹਿੰਦਾ, ”ਸਮਝ ਨੀਂ ਆਂਉਂਦੀ ਜ਼ਮਾਨਾ ਕਿੱਧਰ ਤੁਰਿਆ ਜਾਂਦੈ ‘ਅਕੇ ਭਾਈ ਮੈਂ ਜ਼ਮੀਨ ਵੇਚਣੀ ਐ, ਸੰਪਰਕ ਕਰੋ’।” ”ਓਏ ਬਲੀ ਬਾਈ, ਕਦੇ ਸਮਾਂ ਇੱਕ ਰਿਹੈ ਦੱਸ? ਆਪਾਂ ਤਿੰਨ ਪੀੜ੍ਹੀਆਂ ਤੋਂ ਕੀਤੀ ਐ ਖੇਤੀ। ਆਥਣ-ਉੱਗਣ ਖੇਤ। ਧਰਤੀ ਮਾਂ ਸਮਾਨ। ਆਪਣਾ ਲਗਾਅ ਐ, ਜਿਹੜੇ ਵੀਹ ਸਾਲਾਂ ਤੋਂ ਚੰਡੀਗੜ੍ਹ ਰਹਿੰਦੇ ਐ, ਪੈਲੀ ਸੀਰੀ ਵਾਹੁੰਦੇ ਐ, ਉਨ੍ਹਾਂ ਨੂੰ ਮਿੱਟੀ ਨਾਲ ਕੋਈ ਦਰੇਗ ਨੀ।” ਸ਼ਿਆਰੀ ਮੈਂਬਰ ਨੇ ਜਵਾਬ ਦਿੱਤਾ। ਅਮਰਜੀਤ ਪਰਦੇਸੀ ਨੇ ਚੁੱਪ ਵੇਖ ਗੱਲ ਬੋਚੀ, ”ਹੈਰਾਨੀ ਦੀ ਗੱਲ ਐ ਜੀ, ਬੰਦਾ ਦਿੱਲੀ-ਦੱਖਣ ਕਿੰਨਾਂ ਗਾਹ ਲੇ, ਪਰ ਤਰਸਦਾ, ਆਪਣੀ ‘ਜੰਮਣ-ਭੋਇੰ’ ਦੀ ਮਿੱਟੀ ਨੂੰ ਪਰਸਣ ਲਈ। ‘ਫ਼ਰੀਦਾ ਖਾਕ ਨਾ ਨਿੰਦੀਐ’।” ”ਯਾਰੋ, ਅੱਗੇ ਕੋਈ ਫਸਿਆ ਘਰੂੰ ਜ਼ਮੀਨ ਵੇਚਦਾ, ਲੁਕ-ਛਿਪ ਕੇ। ਮਗਰੋਂ ਅੱਧਾ ਰਹਿ ਜਾਂਦਾ। ਹੁਣ ਦਮੜੇ ਦੇ ਕੇ ਭਾਈ ਸਾਹਿਬ ਤੋਂ ਆਪ ਬੁਲਵਾਉਂਦੇ ਐ, ਲੋਹੜਾ ਈ ਐ ਨਾਂ” ਬਲੀ ਦਾ ਵਿਗੋਚਾ ਅਜੇ ਵੀ ਉੱਥੇ ਈ ਖੜਾ ਸੀ। ”ਅਮਰ ਬਾਈ ਜੀ ਥੋਡੇ ‘ਮਰੀਕਾ ‘ਚ ਖੇਤੀਬਾੜੀ ਕਿਵੇਂ ਹੁੰਦੀ ਐ?” ਮੋਹਣੇ ਮਾਸਟਰ ਨੇ ਗੱਲ ਬਦਲਣ ਲਈ ਪੁੱਛਿਆ। ”ਓਥੇ ਦੁਨੀਆਂ ਹੋਰ ਐ ਜੀ। ਥੋੜੀ ਖੇਤੀ ਨੀਂ ਹੁੰਦੀ। ਬਾਹਲੇ ਜੌਬ ਕਰਦੇ ਐ। ਕੰਪਨੀਆਂ, ਸਟੋਰ ਐ, ਵਾਪਾਰ ਐ। ਜੋ ਕਰਦਾ ਵੱਡੇ ਪੱਧਰ ਉੱਤੇ ਕਰਦੈ, ਹਜ਼ਾਰਾਂ ਕਿੱਲੇ, ਹਜ਼ਾਰਾਂ ਗਾਂਵਾਂ, ਹਜ਼ਾਰਾਂ ਭੇਡਾਂ। ਵੱਡੀਆਂ-ਵੱਡੀਆਂ ਮਸ਼ੀਨਾਂ, ਦਿਓਆਂ ਅਰਗੀਆਂ। ਕਈ ਪੰਜਾਬੀ ਵੀ ਪਿਸਤਾ ਅਤੇ ਬਾਦਾਮ ਕਿੰਗ ਬਣੇ ਐਂ।” ਅਮਰੀਕੀ ਨੇ ਗੱਲ ਪੂਰੀ ਕੀਤੀ। ”ਤੇਰੀਆਂ ਖੇਡਾਂ ਦਾਤਿਆ!” ਆਖ ਕਾਲੇ ਕਾ ਬਲੀ ਔਖਾ ਜਿਹਾ ਹੋ ਉਠਿਆ ਅਤੇ ਔਖਾ-ਔਖਾ ਹੀ ਰੁੜਨ ਲੱਗਾ।
ਹੋਰ, ‘ਅੱਸੂ ਸੁਖੀ ਵਸੰਦੀਆਂ’ ਹੋ ਰਿਹਾ ਹੈ। ਸ਼ੂੰਗਰੀ ਤਾਂ ਬਠਿੰਡੇ ਤੋਂ ਗੁਰਪ੍ਰੀਤ ਮਹਿਮੇ ਆਲੇ ਦਾ ਆਰਗੈਨਿਕ ਸਾਗ ਵੀ ਖਾ ਆਇਆ ਹੈ। ਨਵੀਂ ਸੜਕ ਵਿੱਚ ਉਖਲੀਆਂ ਵੀ ਪੈ ਗਈਆਂ ਹਨ। ਅੰਗਰੇਜ਼, ਆਤੂ ਅਤੇ ਅਗੜ੍ਹੀ ਅਜੇ ਵੀ ਖੇਤ ਚਾਮ੍ਹ ਨਾਲ ਜਾਂਦੇ ਹਨ। ਵਿਆਹਾਂ ਦੇ ਢੋਲ ਵੱਜਣ ਦੀਆਂ ਤਿਆਰੀਆਂ ਹਨ। ਬਲਵੀਰ, ਸਰਬਜੀਤ ਅਤੇ ਪਰਮਜੀਤ ਰੰਧਾਵਾਂ ਮੇਲੇ ਵਿੱਚੋਂ ਲੱਭ ਗਏ ਹਨ। ਬਮਾਰੀਆਂ, ਠਮਾਰੀਆਂ ਮਗਰੋਂ ਬਚੇ ਗਾਵਾਂ, ਝੋਨਾ ਅਤੇ ਨਰਮਾਂ ਫੇਰ ਕਰੂੰਬਲਾ ਕੱਢ ਰਹੇ ਹਨ। ਦੋਸਤੀ ਦਾ ਛਾਂਗਿਆ ਰੁੱਖ, ਨਿੱਸਰ ਰਿਹਾ ਹੈ।
ਹਾਂ ਸੱਚ, ਰਾਜੇ, ਸਿੰਮੂ ਅਤੇ ਸੁਖਮਨ ਦਾ ਵੀਜ਼ਾ ਲੱਗ ਗਿਆ ਹੈ। ਬਾਕੀ ਲੰਮੀ ਲਾਈਨ ਉਡੀਕਵਾਨ ਹੈ। ਪਾਲੇ ਤੋਂ ਪਹਿਲਾਂ ਆਜੋ, ਤੇ ਮੱਕੀ ਦੀ ਰੋਟੀ ਖਾ ਜੋ।
ਚੰਗਾ ਫਿਰ ਜਾਰ, ਬਾਕੀ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com