ਮਿਤੀ : 11-09-2022
ਲੈ ਬਈ ਭੰਗੜੋ, ਅਸੀਂ ਇੱਥੇ ਗੁਰੂ ਦੇ ਭਾਣੇ ਵਿੱਚ ਹਾਂ। ਤੁਹਾਡੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਆਪਣੀ ਕਰਮਜੀਤ ‘ਟੀਚਰ ਡੇ’ ਨੂੰ ਬਾਰਾਂ ਸਾਲਾਂ ਦੇ ਲੰਮੇ ਸਫ਼ਰ ਮਗਰੋਂ, ਹੈਪੀ ਹੋ ਗਈ ਹੈ। ਔਖੇ ਸਫ਼ਰ ‘ਚ ਪੇਕਿਆਂ, ਸਹੁਰਿਆਂ ਅਤੇ ਯੂਨੀਅਨ ਵਾਲਿਆਂ ਨੇ ਪੂਰਾ ਸਾਥ ਦਿੱਤਾ। ਪੈਂਤੀ ਸੌ ਮਹੀਨੇ ਤੋਂ ਚੱਲ ਕੇ ਉਹ ਦਸ ਹਜਾਰ ਉੱਤੇ ਪੁੱਜੀ ਸੀ। ਮਲੂਕਾ, ਰੋਪੜ, ਮੁਹਾਲੀ, ਪਟਿਆਲੇ ਅਤੇ ਸੰਗਰੂਰ ਦੇ ਧਰਨੇ, ਡਾਂਗਾਂ ਅਤੇ ਗੁੱਤ ਪਟਾਈ ਉਸ ਨੂੰ ਯਾਦ ਰਹਿਣਗੇ। ਭੋਖੜੇ ਅਤੇ ਚੰਡੀਗੜ੍ਹ ਦੀਆਂ ਟੈਂਕੀਆਂ ਦੀ ਉਚਾਈ ਦਾ ਉਸ ਨੂੰ ਪਤਾ ਹੈ। ਦੋ ਨਿਆਣੇ ਅਤੇ ਟੱਬਰ ਨੂੰ ਸੰਭਾਲਦੀ ਉਹ ਈ.ਟੀ.ਟੀ., ਬੀ.ਐਡ., ਐਮ.ਏ., ਐਨ.ਟੀ.ਟੀ., ਨੈਟ, ਟੈਟ ਅਤੇ ਕਈ ਹੋਰ ਟੈਸਟ ਪਾਸ ਕਰ ਗਈ। ਸ਼ੁਕਰ ਕਰੋ ਉਹ ਪਿੰਡ ਵਿੱਚ ਹੀ ਲੱਗੀ ਹੈ। ਅਜੇ ਤਿੰਨ ਸਾਲ ਹੋਰ, ਉਸਨੇ ਤੀਹ ਹਜਾਰ ਵਾਲੇ ਰਿੜਕਣੇ ਹਨ। ਘਰ ਵਾਲਾ ਗੁਰਸ਼ਰਨ ਸਿੰਘ ਤਾਂ ਅਜੇ ਰਾਹ ‘ਚ ਹੀ ਹੈ, ਰੱਬ ਭਲੀ ਕਰੂ ਉਹਦੀ ਵੀ। ਕੁੜੀ, ਮਾਂ ਨੂੰ ਜੂਝਦੀ ਵੇਖ-ਵੇਖ ਹੀ ਆਈਲੈਟਸ ਦੀ ਪੂਰੀ ਤਿਆਰੀ ਕਰਨ ਲੱਗ ਪਈ ਹੈ। ਘਰਦਿਆਂ ਨੇ ਖੁਸ਼ੀ ਵਿੱਚ ਬੂੰਦੀ ਵੰਡੀ ਤਾਂ ਤੇਜੇ ਨੂੰ ਸ਼ਰਨੀ ਨੇ ਪੁੱਛਿਆ, ”ਤੇਜੇ ਤੇਰੀ ਕੀ ਕਾਰਗੁਜ਼ਾਰੀ ਹੈ?” ਤੇਜਾ ਗੀਤ ਵਾਂਗੂੰ ਬੋਲਿਆ, ”ਵੱਡਾ ਬਰੈਂਪਟਨ ਪਹੁੰਚ ਗਿਐ, ਛੋਟੇ ਦੀ ਤਿਆਰੀ ਐ।” ਗੁਰਸ਼ਰਨ ਕਹਿੰਦਾ, ”ਬਾਈ ਜੀ! ਅਸੀਂ ਵੀ ਕੁੜੀ ਨੂੰ ਆਖਿਆ, ਏਥੇ ਤਾਂ ਹੁਣ ਸਰਿਆ ਪਿਐ, ਤੈਨੂੰ ਔਖੇ-ਸੌਖੇ ਘੱਲ ਦੇਨੇਂ ਆਂ, ਭਰਾ ਨੂੰ ਲਿਜਾਣਾ ਤੇਰੇ ਜੁੰਮੇ ਐ!” ਕੋਲੋਂ ਘਾਲ੍ਹਾ ਬਾਬਾ, ਬੂੰਦੀ ਦਾ ਫੱਕਾ ਮਾਰ, ਵੇਹਲਾ ਹੋ ਕੇ ਬੋਲਿਆ, ”ਏਥੇ, ਤਾਂ ਹੁਣ ਓਹੀ ਰਹੂ, ਜਿਹੜਾ ਆਪਣੀ ਮ੍ਹੈਂਸ ਰੱਖ ਕੇ, ਰੂੜੀ ਪਾ ਕੇ ਖੇਤੀ ਕਰੂ। ਪੈਲੀ ‘ਚ ਈ ਕੋਠਾ ਛੱਤ ਕੇ, ਜੂਨ ਗੁਜ਼ਾਰਾ ਕਰੂ। ਬਾਕੀ, ਮੋਟਰਸਾਈਕਲ, ਚੌਰਸ ਕੋਠੀਆਂ, ਮੋਟਰਾਂ, ਜ਼ਹਿਰਾਂ ਅਤੇ ਲੀਡਰਾਂ ਦਾ ਖਹਿੜਾ ਛੱਡੂ। ਨਹੀਂ ਤਾਂ ਪਾਣੀ ਵਾਂਗੂੰ ਪਾਤਾਲ ਵਿੱਚ ਜਾਊ।”
ਹੋਰ, ਦੋ ਸਾਲ ਪਹਿਲਾਂ ਡੁੱਬੇ ਨਰਮੇ ਦਾ ਮੁਆਵਜਾ ਆ ਗਿਐ। ਬਚਿਆ ਝੋਨਾ ਵੀ ਹੌਂਸਲਾ ਬਣ੍ਹਾਉਂਦੈ। ਮਿੱਲ ਚੱਲੀ ਤਾਂ ਗੰਨਾਂ ਵੀ ਕਰੂ ਕੁਸ। ਸਰਪੰਚੀ ਲਈ ਕਈਆਂ ਦੇ ਲੂਹਰੀਆਂ ਉੱਠਣ ਲੱਗੀਆਂ ਹਨ। ਭੁਪਿੰਦਰ ਸਿੰਘ ਨੇ ਬੈਂਕ ਤੋਂ ਸੇਵਾਮੁਕਤੀ ਕਰਕੇ ਪਾਠ ਅਤੇ ਲੰਗਰ ਕਰਾ ਦਿੱਤਾ ਹੈ। ਪੁਰਾਣੇ ਰਿਸ਼ਤੇਦਾਰ ਕੁੱਬੇ ਜੇ ਹੋਏ ਸਿਆਣ ‘ਚ ਹੀ ਨਾ ਆਉਣ। ਵਲੈਤ ਦਾ ਬੂਹਾ ਮੋਕਲਾ ਜਾਣ ਏਜੰਟ ਅਤੇ ਜਨਤਾ ਓਧਰ ਨੂੰ ਉੱਲਰ ਗਈ ਹੈ। ਸੱਚ! ਭਾਗੇ ਕੇ ਵਾੜੇ ‘ਚ ਕਾਲੀ ਕੁੱਤੀ ਨੇ ਛੇ ਕਤੂਰੇ ਦਿੱਤੇ ਹਨ। ਔਨ-ਲਾਈਨ ਵੇਚਾਂਗੇ। ਚੰਗਾ, ਆਪਣਾ ਬਚਾਅ ਰੱਖੋ! ਤਾਂਹੀਓਂ ਕੁਛ ਬਣਨਾ, ਮਗਰਲਿਆਂ ਦੀਆਂ ਇੱਛਾਂਵਾਂ ਬਹੁਤ ਹਨ।
ਅੱਲਾਹ ਖ਼ੈਰ! ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com