ਮਿਤੀ : 04-09-2022
ਪਿੰਡ ਨਾਲ ਮੋਹ ਰੱਖਦੇ ਸਾਰੇ ਪਿਆਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਇੱਥੇ ਠੀਕ-ਠਾਕ ਹਾਂ। ਰੱਬ ਤੁਹਾਡੀਆਂ ਵੀ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰੇ। ਅੱਗੇ ਸਮਾਚਾਰ ਇਹ ਹੈ ਕਿ ਸੱਥ ‘ਚ ਬੈਠਿਆਂ ਤਾਏ ਬਲਕਾਰੇ ਨੇ, ਪਾੜ੍ਹੇ ਕਰਮਜੀਤ ਦੇ ਨੇੜੇ ਖਿਸਕਦਿਆਂ, ਉਸਦੇ ਕੰਨ ‘ਚ ਹੌਲੀ ਦੇਣੇ ਪੁੱਛਿਆ, ”ਸ਼ੇਰਾ ਇਸ ਫ਼ੋਨ ‘ਚ ‘ਗੁੱਗਲ ਪਾ’ ਕੀ ਹੁੰਦੀ ਹੈ? ਸਾਡੇ ਪੁਲਸ ਆਲੇ ਦੇ ਨਿਆਣੇ ਸਾਰਾ ਦਿਨ ‘ਗੁੱਗਲ ਪਾ-ਗੁੱਗਲ ਪਾ’ ਕਰੀ ਜਾਂਦੇ ਐ।” ‘ਕਾਰੇ ਦੀ ਹੌਲੀ-ਹੌਲੀ ਕੀਤੀ ਫਿਸ-ਫਿਸ ਵੀ ਅੱਧ-ਪਚੱਧੀ ਕਈਆਂ ਨੂੰ ਸੁਣ ਗਈ। ਕਰਮਜੀਤ ਨੇ ਔਖੇ ਜਿਹੇ ਹੋ ਕੇ ਫ਼ੋਨ ਨੂੰ ਮਸਾਂ ਹੀ ਸਾਹ ਦਿਵਾ ਕੇ ਆਖਿਆ। ”ਇਹ ਇੱਕ ਐਪ ਮਤਲਬ ਤਰੀਕਾ ਹੁੰਦਾ, ਫ਼ੋਨ ਵਿੱਚ ਪੈਸੇ ਲੈਣ-ਦੇਣ ਕਰਨ ਦਾ।” ਇੰਨ੍ਹਾਂ ਆਖ ਕਰਮਾ ਫੇਰ ਧੌਣ ਨੀਵੀਂ ਕਰਕੇ ਫ਼ੋਨ ਉੱਤੇ ਟਿੱਪ-ਟਿੱਪ ਕਰਨ ਲੱਗ ਪਿਆ।” ਮਖਾਂ ਇਹ ਪੈਸੇ ਫ਼ੋਨ ‘ਚ ਆਉਂਦੇ ਕਿੱਥੋਂ ਆਂ?” ਤਾਏ ਦਾ ਸਵਾਲ ਅਜੇ ਉੱਥੇ ਈ ਖੜ੍ਹਾ ਸੀ। ਕਰਮੇ ਨੇ ਕੰਵਲ ਨੂੰ ਇਸ਼ਾਰਾ ਕਰਕੇ ਕਿਹਾ, ‘ਤੂੰ ਸਮਝਾ’ ਤੇ ਆਪ ਫਿਰ ਰੁੱਝ ਗਿਆ। ਕੰਵਲਜੀਤ ਸਿੰਘ, ਬਲਕਾਰੇ ਤਾਏ ਕੋਲ ਬੈਠ ਆਰਾਮ ਨਾਲ ਸਮਝਾਉਣ ਲੱਗਾ, ”ਇਹ ਜੀ, ਸਮਝ ਲੋ ਬਈ ਬੈਂਕ ਖਾਤੇ ਨੂੰ ਘਰੋਂ ਚਲਾਉਣ ਦੀ ਗੱਲ ਐ।” ”ਆਏਂ ਫਿਰ ਜੇ ਕੋਈ ਹੋਰ ਆਵਦੇ ਫ਼ੋਨ ਉੱਤੇ ਥੋਡੇ ਪੈਸੇ ਕਢਾ ਲੇ ਤਾਂ?” ਸਾਰੀ ਉਮਰ ਕਰਕੇ ਖਾਣ ਵਾਲੇ ਤਾਏ ਦਾ, ਮਾਇਆ ਜਵਾਕਾਂ ਹੱਥ ਆਈ ਸੁਣ ਕੇ ਫ਼ਿਕਰ ਵੱਧ ਗਿਆ। ”ਨਹੀਂ ਜੀ, ਆਏਂ ਨੀ ਨਿਕਲਦੇ, ਇਹਦੇ ਤੇ ਜਿੰਦਰਾ ਲੱਗਾ ਹੁੰਦੈ। ਅੱਜ-ਕੱਲ ਕਰੈਡਟ ਕਾਰਡ ਵੀ ਚੱਲ ਪਏ ਐ, ਹੋਰ ਵੀ ਕਈ ਤਰੀਕੇ ਆ ਰਹੇ ਐ।” ”ਅੱਛਾ-ਹੱਛਾ, ਊਂ ਆਏਂ ਤੇਰਾ ਮਤਲਬ ਐ ਡਰ ਆਲੀ ਕੋਈ ਗੱਲ ਨੀਂ, ਚੱਲ ਚੰਗਾ, ਤੂੰ ਸਮਝਾ-ਤਾ।” ਇੰਨ੍ਹਾਂ ਆਖ, ਉਹ ਗੋਡਿਆਂ ‘ਚ ਸਿਰ ਦੇ, ਦੋਹਾਂ ਬਾਂਹਾਂ ਨੂੰ ਲਮਕਾ, ਸੋਚਣ ਲੱਗ ਪਿਆ, ‘ਮੇਰੀ ਸਮਝ ‘ਚ ਤਾਂ ਕੁਛ ਨੀਂ ਪੈਂਦਾ, ਜਵਾਕ, ਬੇ-ਵਾਹਰੇ ਹੋ ਰਹੇ ਐ, ਪਿਓ ਸ਼ਹਿਰ ਜਾਂਦੈ। ਮੁੰਡਾ ਅੱਧੀ-ਅੱਧੀ ਰਾਤ ਤੱਕ, ਅੱਡ ਕਮਰੇ ਵਿੱਚ ਪੜ੍ਹਾਈ ਦੇ ਬਹਾਨੇ ਫ਼ੋਨ ਚਲਾਈ ਜਾਂਦੈ, ਬੋਲੀ ਜਾਂਦੈ- ਪਤਾ ਨੀ, ਕੀ-ਕੀ? ਰੱਬ ਖੈਰ ਕਰੇ! ਆਪਾਂ ਤਾਂ ਹੁਣ ਅਨਪੜ੍ਹ ਹੋ ਗੇ ਮਨਾਂ, ਨਵੀਆਂ ਗੁੱਡੀਆਂ ਨਵੇਂ ਪਟੋਲੇ’।
ਹੋਰ, ਲੀਡਰਾਂ ਦੇ ਕਾਟੋ-ਕਲੇਸ਼ ਉਵੇਂ ਹੀ ਹਨ। ਰਾਜੂ ਦੋਧੀ ਅਤੇ ਕਾਲੀ ਹੱਟੀ ਆਲਾ ਉਵੇਂ ਈ ਰੁੱਝੇ ਐ। ਬੀਬੀ ਮਨਸੋ, ਭੈਣ ਮੀਤੋ ਤੇ ਗੂਗਰ ਕੀ ਮਾਣੋ ਕੰਮ-ਕਾਰ ਕਰਕੇ ਉਵੇਂ ਹੀ ਦੁੱਖ-ਸੁੱਖ ਕਰਦੀਆਂ ਹਨ। ਗੁਰਦੁਆਰਾ, ਸਕੂਲ, ਸੱਥ ਅਤੇ ਸਰਪੰਚ ਕੋਲ ਆਵਾਜਾਈ ਜਾਰੀ ਹੈ। ਨੌਕਰੀਆਂ, ਕੰਮਾਂ-ਕਾਰਾਂ ਅਤੇ ਮਾਮੇ ਆਲੇ ਜਹਾਜ ਲਈ, ਸਾਰੇ ਲਟੋ-ਪੀਂਘ ਹਨ। ਭਾਲੇ ਕਿਆਂ ਨੇ, ਗਲੀ ਆਲੀ ਡਿੱਗੀ ਕੰਧ, ਫੇਰ ਕੱਢ ਲਈ ਹੈ।
ਅੱਗੇ ਸਭ ਚੰਗਾ, ਐਤਵਾਰ ਹਰ-ਹਰ ਗੰਗਾ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com