ਪਿੰਡ, ਪੰਜਾਬ ਦੀ ਚਿੱਠੀ (106)

ਮਿਤੀ : 28-08-2022

ਸਾਰੇ ਆਪਣਿਆਂ ਨੂੰ ਗੁਰ-ਫਤਿਹ ਪ੍ਰਵਾਨ ਹੋਵੇ। ਅਸੀਂ ਇੱਥੇ ‘ਮੌਲਦੇ ਝੋਨੇ’ ਵਾਂਗ ਹਾਂ। ਤੁਹਾਡੀ ਖ਼ੈਰ-ਸੁੱਖ ਪਰਮਾਤਮਾ ਪਾਸੋਂ ਸਦਾ ਚੰਗੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਹੇਠਾਂ-ਉੱਤੇ, ਪਿੰਡ ਵਿੱਚ ਕਈ ਮੌਤਾਂ ਹੋ ਗਈਆਂ ਹਨ। ਟਿੱਚਰੀ ਬਾਬੇ ਘੁੱਕਰ ਸਿੰਘ ਦੇ ਸੱਥਰ ਉੱਤੇ ਗੱਲਾਂ ਕਰਦੇ, ਪ੍ਰੀਤਮ ਸਿੰਹੁ ਨੇ ਕੋਠੀ ਆਲੇ ਜਸਵੰਤ ਸਿੰਹੁ ਨੂੰ ਔਖਾ ਸੁਆਲ ਸਰਸਰੀ ਪੁੱਛ ਲਿਆ, ”ਬਾਈ ਤੂੰ ਸਿਆਣੈਂ, ਬੰਦੇ ਨੂੰ ਗੁਜ਼ਾਰੇ ਲਈ ਕਿੰਨਾ ਕੁ ਧਨ ਚਾਹੀਦਾ ਹੁੰਦੈ?” ਖੰਘੂਰਾ ਮਾਰ ਕੋਠੀ ਆਲਾ ਬੋਲਿਆ, ”ਤੂੰ ਯਾਰ! ਆਹ ਘੁੱਕਰ ਬਾਈ ਕੰਨੀਂ, ਵੇਖ ਲੈ, ਬੱਸ ਉੱਤਰ ਮਿਲ ਜੂ। ਅਸੀਂ ਨਿੱਕੇ ਹੁੰਦਿਆਂ ਤੋਂ ਹੀ ‘ਕੱਠੇ ਰਹੇ ਆਂ। ਸਾਲ 1930 ਦੇ ਏੜ-ਗੇੜ ‘ਚ ਇਹਦਾ ਜਰਮ ਐਂ। ਸਾਡੇ ਤੋਂ ਵੱਡਾ ਸੀ। ਸਾਲ ਕੁ ਸਕੂਲ ਜਾ ਕੇ ਏਹਨੇ ਪੱਕਾ ਛੱਡਤਾ। ਪਹਿਲਾਂ ਪਸੂ ਚਾਰੇ, ਫੇਰ ਸਾਰੀ ਉਮਰ ਖੇਤੀ ਕੀਤੀ। ਜੋ ਮਿਲਿਆ, ਖਾ ਲਿਆ, ਪਾ ਲਿਆ। ਹਾਂ, ਸੰਗਰਾਂਦ-ਮੱਸਿਆ, ‘ਗੁੜ ਦੀ ਚੂਰੀ’ ਜਰੂਰ ਖਾਂਦਾ ਸੀ। ਚਾਰ ਓੜੇ ਪੈਲੀ ਵੀ ਵਧਾਈ। ਗੁਜਾਰੇ ਲੈਕ ਘਰ ਵੀ ਛੱਤਿਆ। ਜਵਾਕ ਪੜ੍ਹਾਏ, ਵਿਆਹੇ, ਨੌਕਰੀਆਂ ਲਾਏ, ਕੋਈ ਘਾਟਾ ਹੈ? ਰੰਗ ਲੱਗੇ ਐ, ਕਰਜ਼ੇ ਦਾ ਕਦੇ ਆਨਾ ਨੀਂ ਲਿਆ, ਹੁਣ ਤੂੰ ‘ਸਾਬ ਲਾ ਲੈ ਖਰਚੇ ਦਾ’!” ਕੋਲੋਂ ਗਿੱਲ ਮਾਸਟਰ ਨੇ ਗੱਲ ਗੌਲ੍ਹੀ। ”ਊਂ ਬਾਈ ਜੀ, ਜਾਂ ਘਰੇ ਨਿੰਮ ਥੱਲੇ ਹੁੰਦੇ ਸੀ ਜਾਂ ਢਾਣੀ ‘ਚ ਬੋਹੜ ਥੱਲੇ ਮੰਜਾ। ਸਵਾ ਛੀ ਫੁੱਟ ਲੰਮਾ, ਤੁਰ ਕੇ ਜਾਂਦਾ ਲੰਮੀਆਂ ਲੱਤਾਂ ਨਾਲ।” ”ਮਾਸਟਰ ਜੀ, ਬਾਪੂ ਨੇ ਸਾਰੀ ਉਮਰ ਕਦੇ ਪੱਖਾ, ਕੂਲਰ ਨੀ ਵਰਤਿਆ! ਲਾਵ ਨੇ ਆਖਣਾ ‘ਗਰਮੀ ਬਹੁਤ ਐ, ਏ.ਸੀ. ਕਾਹਦੇ ਵਾਸਤੇ ਲਾਏ ਐ। ਪਰ ਨਾਂਹ, ਓਵੇਂ ਕੱਟ ਲੀ” ਪਾਲ ਨੇ ਦੱਸਦੇ-ਦੱਸਦੇ ਅੱਖਾਂ ਭਰ ਲਈਆਂ। ”ਜਰਵਾਣਾ ਸੀ, ਰਾਤ ਨੂੰ ‘ਕੱਲਾ ਈ ਵੈਲ੍ਹਾਂ ਆਲੇ ਮੋਘੇ ਤੱਕ ਗੇੜਾ ਮਾਰ ਕੇ ਆਉਂਦਾ। ਮਾੜੇ-ਧੀੜੇ ਨੂੰ ਤਾਂ ਓਹ ਲਲਕਾਰਾ ਮਾਰ ਕੇ ਈ ਦਵੱਲ ਦਿੰਦਾ ਸੀ। ਦੋ-ਤਿੰਨਾਂ ਨੂੰ ਤਾਂ ਊਂਈਂ ਦਵਾਲ ਨੀਂ ਸੀ ਇਕੱਲਾ ਈ। ਕਈ ਵਾਰੀ ਢੱਟੇ-ਝੋਟੇ ਭਜਾਏ ਉਹਨੇ। ਹਰਪਾਲ ਮੈਂਬਰ ਨੇ ਹੋਰ ਗੱਲ ਵਧਾਈ। ”ਤਾਂਹੀਉਂ ਏਨੀ ਭੋਗ ਗਿਆ, ਪਿੰਡ ‘ਚ ਹੋਰ ਕੋਈ ਸੌ ਦੇ ਨੇੜੇ ਹੈਨੀ, ਚੰਗਾ ਭਾਈ ‘ਦੁਨੀਆਂ ਚਲੋ-ਚਲੀ ਦਾ ਮੇਲਾ’-‘ਵਾਰੀ ਆਪੋ-ਆਪਣੀ’।” ਸੱਤੂ ਬਾਬਾ ਆਪਣੀ ਦਲੀਲ ਦੇ ਕੇ ਹੌਲੀ-ਹੌਲੀ ਜੁੱਤੀ ਅੜਾਉਣ ਲੱਗਾ।
ਹੋਰ, ਖੇਤਾ ਸਿੰਘ, ਭਈਏ ਨੂੰ ਪੈਲੀ ਸੰਭਲਾ, ਕੈਨੇਡਾ ਪਹੁੰਚ ਗਿਆ ਹੈ। ਕਾਲੇ ਦੇ ਖੇਤ ਪਾਣੀ ਲਾਉਂਦੇ ਦੇ ਕਹੀ ਵੱਜ ਗਈ ਹੈ। ਗੁਗਨੇ ਨੇ ਬਾਰ ਦੇ ਕੁੰਡੇ ‘ਚ ਉਂਗਲ ਫਸਾ ਲਈ ਸੀ, ਮਸਾਂ ਕੱਢੀ, ਤੇਲ ਲਾ ਕੇ। ਭਾਦੋਂ, ਰੰਗ ਵਿਖਾ ਰਹੀ ਹੈ। ਚਿੱਟੇ ਮੱਛਰ ਕਰਕੇ, ਨਰਮੇ ਵੀ, ਗਾਂਈਆਂ ਵਾਂਗੂੰ ਨੁਕਸਾਨੇ ਗਏ ਹਨ। ਪੁਲਸ ਭਰਤੀ ਵਿੱਚ ਆਪਣਾ ਏਕਮਨੂਰ ਵੀ ਲੱਗ ਗਿਆ ਹੈ। ਸੱਚ, ਦੀਪੂ ਦੇ ਮੁੰਡਾ ਹੋਇਆ ਹੈ, ਵਧਾਈ ਦੇ ਕੁਮੈਂਟ ਅਤੇ ਲਾਇਕ ਬਹੁਤ ਆਏ ਹਨ, ਤੁਸੀਂ ਵੀ ਕਰਿਓ। ਹੌਲੀ-ਹੌਲੀ ਪਿੰਡਾਂ ਵਿੱਚ ਵੀ ਸ਼ੀਸ਼ੇ ਵਾਲੀਆਂ ਦੁਕਾਨਾਂ ਬਣ ਰਹੀਆਂ ਹਨ। ਫਾਸਟੈਗ ਵਾਂਗੂੰ ਸਭ ਕੁੱਝ ਫ਼ੋਨ ਉੱਤੇ ਹੀ ਹੋ ਰਿਹਾ ਹੈ। ਭਰਪੂਰ ਦਾ ਮੁੰਡਾ, ਮਹਿੰਗਾ ਕਤੂਰਾ ਲਿਆਇਆ ਹੈ। ਕੀਪੇ ਕਿਆਂ ਨੇ ਉੱਚੀ ਕੋਠੀ ਬਣਾਈ ਹੈ, ਜੱਸੀ ਕਾ ਘਰ ਨੀਵਾਂ ਹੋ ਗਿਆ ਹੈ। ਜਸਵੰਤ ਬਰਾੜ, ਜਗਨਾਮ ਅਤੇ ਜੈ ਰਾਮ ਜ਼ਿੰਦਾਬਾਦ ਹਨ।
ਚੰਗਾ, ਬਾਕੀ ਅਗਲੇ ਐਤਵਾਰ, ਸਿਖ਼ਰ ਦੁਪੈਹਰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’

+91 9464667061
sarvsukhhomoeoclinic@gmail.com