ਪਿੰਡ, ਪੰਜਾਬ ਦੀ ਚਿੱਠੀ (105)

ਮਿਤੀ : 21-08-2022

‘ਪਿੰਡ, ਪੰਜਾਬ ਦੀ ਚਿੱਠੀ’, ਦੇ ਲਗਾਤਾਰ ਦੋ ਸਾਲ ਸੰਪੂਰਨ ਹੋਣ ਦੀ ਵਧਾਈ ਹੋਵੇ।
ਕਾਕਿਓ ਤੇ ਬੀਬੀਓ, ਵੱਡਿਓ ਤੇ ਛੋਟਿਓ -ਸਭ ਨੂੰ ਮਿੱਠੀ ਯਾਦ। ਅਸੀਂ, ਹਮੇਸ਼ਾ ਵਾਂਗ, ਚੜ੍ਹਦੀ ਕਲਾ ਵਿੱਚ ਹਾਂ। ਰੱਬ ਕਰੇ! ਵੈਨਕੋਵਰ ਤੋਂ ਮੈਲਬੌਰਨ ਤੱਕ ਸਾਰੇ ਸੁੱਖੀ ਵੱਸਣ। ਲਉ ਹੁਣ ਤਬਦੀਲੀ ਦੀ ਘਟਨਾ ਸੁਣ ਲੋ। ਦੁਪਹਿਰੇ ਜੇ ਢੋਲ ਖੜਕਦਾ, ਸਾਈਕਲ, ਪਿੱਪਲ ਥੱਲੇ ਆ ਖੜਾ ਤਾਂ ਨਲਕੇ ਵੱਲ ਜਾਂਦੇ ਨੂੰ ਵੇਖ, ਤਾਏ ਘੁੱਕਰ ਨੇ ਮੰਜੇ ਉੱਤੇ ਪਿਆਂ ਈ ਸੱਦ ਲਗਾਈ, ”ਆਹ ਓਇ ਮਾਮੇ, ਮੈਹਣਿਆਂ ਤੇ ਸਦਾ ਸੁਖੀ ਰਹਿਣਿਆਂ।” ਪਾਣੀ ਪੀ, ਹੱਥ ਮੂੰਹ ਧੋ, ਸਿਰ ਤੋਂ ਮੂਕਾ ਲਾਹ, ਮੂੰਹ ਪੂੰਝਦਾ ਮੈਹਣਾਂ, ਮੰਜੇ ਉੱਤੇ ਪੈਂਦ ਪਰਨੇ ਆ ਬੈਠਾ। ”ਹੁਣ ਸੁਣਾ ਬਾਬਾ”, ”ਠੀਕ ਆ ਮਹਣਿਆਂ ਤੂੰ ਫਿਰ ਜੱਟ ਤੋਂ ਵਪਾਰੀ ਬਨਣ ਦਾ ਕਿੱਸਾ ਸੁਣਾ!” ”ਕਹਾਣੀ ਤਾਂ ਲੰਮੀ ਆਂ, ਪਰ ਥੋੜੇ ‘ਚ ਨਬੇੜ ਦਿੰਨਾਂ। ਪਿਛਲੇ ਸਾਲ ਕਣਕ ਤੈਨੂੰ ਪਤੈ ਬਈ ਗਰਮੀ ਕਰਕੇ ਘੱਟ ਨਿਕਲੀ, ਕਿੰਨੂਆਂ ਦਾ ਫਲ ਝੜ ਗਿਆ। ਦੋ ਸਾਲ ਤੋਂ ਨਰਮਾ ਡੁੱਬ ਜਾਂਦੈ। ਰਾਤ ਨੂੰ ਜਦੋਂ ਤਕੜਾ ਮੀਂਹ ਆਇਆ, ਨੀਂਦ ਨਾ ਆਵੇ, ਤੜਕੇ ਈ ਗਿਆ ਖੇਤ, ਤਲਾਬ ਬਣਿਆ ਪਿਆ। ਕਿਸਮਤ ਵੀ ਡੁੱਬ-ਗੀ। ਉਰਾਂ ਤੋਂ ਈ ਮੁੜ ਆਇਆ। ਘਰੇ ਖੇਸ ਲੈ ਕੇ ਪੈ ਗਿਆ। ਸੋਚਿਆ ‘ਮਨਾਂ ਪਹਿਲਾਂ ਈ ਕਰਜਾਊ ਸੀ। ਅੱਗੇ ਕੋਈ ਆਸ ਨੀ। ਮੁੰਡਾ ਪਲੱਸ ਵਨ ਨੀ ਲੰਘਿਆ। ਕੁੜੀ ਨੂੰ ਰੋਜ਼ ਗੇੜਾ ਆਉਂਦਾ। ਕੁੱਝ ਕਰ।’ ਮਾੜੇ ਖਿਆਲ ਵੀ ਆਉਣ। ਅੱਖ ਲੱਗ ਗੀ। ਤੜਕੇ ਜਦੋਂ ਬਾਬਾ ਬੋਲਿਆ, ਮੱਥਾ ਟੇਕ, ਸਾਈਕਲ ਤਿਆਰ ਕਰਕੇ, ਢੋਲੀ ਲੈ ਕੇ ਸਿੱਧਾ ਸ਼ਹਿਰ ਗਿਆ। ਉਹ ਤੇ ਅੱਜ ਦਾ ਦਿਨ, ਕਦੇ ਨਾਗਾ ਨੀਂ ਪਾਇਆ। ਹੁਣ ਕਵਿੰਟਲ ਰੋਜ਼ ਪਾਉਣਾ। ਇਮਾਨਦਾਰੀ ਨਾਲ ਦਿਹਾੜੀ ਬਣ ਜਾਂਦੀ ਐ।” ”ਤੈਨੂੰ ਟੋਕਿਆ ਨੀਂ ਕਿਸੇ?” ਘੁੱਕਰ ਨੇ ਡੂੰਘਾ ਸੁਆਲ ਕੀਤਾ। ”ਵਾਧੂਆਂ ਨੇ। ਮੇਰਾ ਸਾਂਢੂ ਆਇਆ, ਕਹਿੰਦਾ, ”ਭੂੰਡੀ ਲੈ ਦਿੰਨਾਂ, ਪਸ਼ੂਆਂ ਦੇ ਹੱਡ ਵੀ ਵੇਚ ਆਇਆ ਕਰ!” ਮੈਂ ਕਿਹਾ, ”ਜੱਟਪੁਣਾ ਰੱਖ ਤੂੰ ਆਵਦੇ ਕੋਲ, ਯਾਰ ਤਾਂ ਮਿਹਨਤ ਕਰਕੇ ਖਾਂਦੈ, ਮੰਗਣ ਨਾਲੋਂ ਤਾਂ ਚੰਗੈ। ਜਾਂ ਤਾਂ ਖਰਚਾ ਦੇ ਦਿਆ ਕਰ। ਟਿੱਬ ਗਿਆ। ਮੁੜ ਨੀਂ ਆਇਆ। ਚੰਗਾ ਬਾਬਾ, ਚੱਲਦੈਂ, ਰੋਟੀ ਖਾਨੈਂ ਜਾ ਕੇ, ਫੇਰ ਆਰਾਮ ਕਰੂੰਗਾ”, ਇੰਨ੍ਹਾਂ ਆਖ ਮਹਿਣਾ ਵਪਾਰੀ, ਚੜ੍ਹਦੀ ਕਲਾ ‘ਚ ਪੈਡਲ ਮਾਰਦਾ ਔਹ ਗਿਆ-ਔਹ ਗਿਆ, ਹੋ ਗਿਆ।
ਹੋਰ, ਹਰ ਪਾਸੇ ਹਰੀ ਭਾ ਮਾਰਦੀ ਹੈ, ਡੇਂਗੂ ਲਾਰਵਾ ਵੀ। ਮੁਹੱਲਾ ਕਲੀਨਿਕਾਂ, ਧਰਨੇ, ਮੀਟਿੰਗਾਂ ਅਤੇ ਐਲਾਨ ਜਾਰੀ ਹਨ। ਵਿੱਚੇ ਗੇਜੀ ਬਾਈ ਅਤੇ ਜਿੰਦਰ ਸਿੰਘ ਵਰਗੇ ਤੁਰੇ ਜਾਂਦੇ ਹਨ। ਪੁਰਾਣਿਆਂ ਵਿੱਚੋਂ, ਬਾਬਾ ਮੁਕੰਦ ਸਿੰਹੁ, ਗਿੱਲ ਸਾਹਬ ਅਤੇ ਬੇਬੇ ਤੇਜੋ ਹੌਸਲੇ ਵਿੱਚ ਹਨ। ਚੌਰਸ ਕੋਠੀਆਂ ਦੇ ਡੋਰ ਲੈਂਟਰ ਅਤੇ ਸੜਕਾਂ ਵੀ ਬਣ ਰਹੀਆਂ ਹਨ। ਚਿੱਬੜ, ਕੱਦੂ, ਕਰੇਲੇ, ਭਿੰਡੀ, ਪੇਠਾ, ਚਾਉਲੇ ਅਤੇ ਪਹਾੜੀ ਕਰੇਲੇ ਵੀ ਵਿਕ ਰਹੇ ਹਨ। ਅੱਧਾ ਪਿੰਡ ਅੰਦਰਖਾਤੇ, ਬਾਹਰ ਜਾਣ ਲਈ ਜੁਗਾੜ ਲਾਈ ਜਾਂਦੈ। ਹਰਮੰਦਰ ਸਿੰਘ, ਹਰਤੇਜ ਅਤੇ ਹਰਕਰਨ ਸਿੰਘ ਦੀਆਂ ਮੀਟਿੰਗਾਂ ਜਾਰੀ ਹਨ। ਤੀਆਂ, ਰੱਖੜੀ, ਭੂਆ-ਫੁੱਫੜ ਅਤੇ ਮਾਮੇ ਓ.ਕੇ. ਰਿਪੋਟ ਹਨ। ਸੱਚ, ਢਿੱਲੋਂ ਭਾਈ ਕਾ ਮੀਂਹ ਵਾਲਾ ਪਾਈਪ ਫੇਰ ਬੰਦ ਹੋ ਗਿਆ ਹੈ। ਛੱਪੜ ਫੁੱਲ ਹਨ ਅਤੇ ਸੱਥਾਂ ਖਾਲੀ।

ਬਾਕੀ, ਅਗਲੇ ਮੋੜ ‘ਤੇ, ਤਿਆਰੀ ਰੱਖਿਓ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com