ਪਿੰਡ, ਪੰਜਾਬ ਦੀ ਚਿੱਠੀ (102)

ਮਿਤੀ : 31-07-2022

ਨਿੱਤ ਮੁਹਿੰਮਾਂ ਵਾਲੇ ਸ਼ੇਰੋ, ਜਿੰਦਾਬਾਦ। ਸਤਿਗੁਰੂ ਸਾਰੇ ਸੰਸਾਰ ਉੱਤੇ ਸ਼ਾਂਤੀ ਵਰਤਾਉਣ। ਅੱਗੇ ਸਮਾਚਾਰ ਇਹ ਹੈ ਕਿ ਸ਼ੇਰ ਬਾਈ, ਹੁਣ ਅਜੀਤ ਅਖ਼ਬਾਰ ਵਲ੍ਹੇਟ ਕੇ ਥੜ੍ਹੇ ਤੇ ਹੀ ਲੈ ਆਉਂਦਾ ਹੈ, ਖਾਸ ਖ਼ਬਰ ਉੱਤੇ, ਤਬਸਰਾ ਹੋ ਜਾਂਦਾ ਹੈ, ਬਾਕੀ ਲੋੜ ਅਨੁਸਾਰ ਸਫ਼ੇ ਵੰਡ ਕੇ, ਟੈਮ ਪਾਸ ਕਰ ਲੈਂਦੇ ਹਨ। ਨੇਹਰੂ ਬਾਬਾ, ਪੁੱਛ ਕੇ ਸਾਰ ਲੈਂਦਾ ਹੈ। ਅੱਜ ਤਾਜ਼ਾ ਸਮਾਚਾਰ ਆਉਂਦਿਆਂ ਹੀ ਜਗਤਾਰ ਚੁਟਕੀ ਨੇ ਪੁੱਛਿਆ, ”ਹਾਂ, ਬਈ ਕੀ ਆਂਹਦਾ ਅਖ਼ਬਾਰ?” ”ਸਰਕਾਰ ਪਰਾਲੀ ਸਾੜਨ ਤੋਂ ਰੋਕਣ ਲਈ ਦੇਊਗੀ ਨਕਦ ਸਹਾਇਤਾ, ਬੇਰੋਜ਼ਗਾਰ ਟੀਚਰਾਂ ਨਾਲ ਖਿੱਚ-ਧੂਹ, ਦੋ ਮੁੰਡੇ ਨਹਿਰ ਵਿੱਚ ਡੁੱਬੇ, ਮੀਂਹ ਆਊਗਾ ਤੇ ਸੁੰਡੀ ਵੀ।” ”ਯਾਰ, ਇਹ ਮੁੰਡੇ ਕੀ ਟਿੰਡੇ ਲੈਣ ਜਾਂਦੇ ਐ ਨਹਿਰ ‘ਤੇ, ਮੇਰੀ ਸਮਝ ਨੀਂ ਆਉਂਦਾ?” ਛਿੰਦਾ ਗਾਲੜੀ ਨੇ ਪੁੱਛਿਆ। ”ਲੈ ਸੁਣ ਲਓ, ਅਸੀਂ ਵੀ ਕੇਰਾਂ ਪੰਗਾ ਲਿਆ ਸੀ, ਮਸਾਂ ਬਚੇ।” ਸ਼ੇਰੂ ਦੱਸਣ ਲਈ ਕਾਹਲਾ ਸੀ। ”ਹਾਂ ਦੱਸ” ਸਾਰੇ ਝਾਕੇ। ”ਨਿਮਾਣੀ ਵਾਲੇ ਦਿਨ ਆਪਣੀ ਨਹਿਰ ਉੱਤੇ, ਛਾਉਣੀ ਵਾਲੇ ਫ਼ੌਜੀ ਮਿੱਠੇ ਪਾਣੀ ਦੀ ਛਬੀਲ ਲਾਉਂਦੇ ਹੁੰਦੇ ਸਨ। ਅਸੀਂ ਕਈ ਜਣੇ ਧੱਕੇ ਖਾਂਦੇ ਦੋ ਮੀਲ ਤੁਰ ਕੇ ਗਏ। ਪਹਿਲਾਂ ਰੱਜ-ਰੱਜ, ਠੰਡਾ-ਮਿੱਠਾ ਪਾਣੀ ਪੀਤਾ। ਸਾਹ ਲਿਆ। ਫੇਰ ਪੁਲ ਕੋਲੇ ਮੁੰਡੇ ਨਹਾ ਰਹੇ ਸਨ। ਇਧਰੋਂ ਵੜ ਉੱਧਰ ਦੂਰ ਤੱਕ ਜਾਣ। ਅਸੀਂ ਵੀ ਵੜ ਗਏ। ਇਕੱਲਾ ਸਰਵਣ ਬਾਹਰ ਰਹਿ ਗਿਆ, ਡਰਦਾ। ਫੂਲਾ ਆਹਦਾ, ਆ ਜਾ ਯਾਰ ਮੈਂ ਨਵਾਂਵਾਂ। ਉਹਨੂੰ ਉੱਪਰ ਬਿਠਾ ਕੇ ਲੈ ਗਿਆ। ਵੱਡੀ ਡੂੰਘੀ, ਕੱਚੀ ਨਹਿਰ। ਅਚਾਨਕ ਸਰਵਣ ਤਾਂ ਥੱਲੇ ਗਿਆ। ਮਗਰੇ ਫੂਲੇ ਨੇ ਡੁਬਕੀ ਮਾਰੀ। ਜਾਨ ਪਿਆਰੀ, ਸਰਵਣ ਤਾਂ ਫੂਲੇ ਨੂੰ ਚੁੰਬੜ ਗਿਆ। ਮਗਰੋਂ ਫੂਲਾ ਦੱਸੇ, ਬਈ ਮੈਂ ਸਮਝਿਆ ‘ਮਨਾ ਤੂੰ ਵੀ ਗਿਆ’। ਜੋਰ ਮਾਰ ਕੇ ਛੁਟਿਆ ਫੂਲਾ, ਫੇਰ ਲੱਤ ਫੜ, ਘੜੀਸ ਕੇ, ਸਰਵਣ ਨੂੰ ਬਾਹਰ ਲਿਆ, ਮੂਧਾ ਪਾਇਆ। ਪਾਣੀ ਕੱਢਿਆ। ਮਸਾਂ ਕਿਤੇ ਜਾ ਕੇ ਸਾਹ ਆਇਆ। ਸਾਰੇ ਘਬਰਾ ਗਏ। ‘ਆਹ ਕੀ ਜਾਹ-ਜਾਂਦੀ ਹੋ ਗਈ ਸੀ’। ਕੰਨਾਂ ਨੂੰ ਹੱਥ ਲੱਗ ਗੇ। ਇਹ ਬਾਈ, ਆਂਏਂ ਮੁੰਡੇ ਮਾਪਿਆਂ ਨੂੰ ਦੱਸੇ ਬਿਨ੍ਹਾਂ, ਵ੍ਹੀਰ ਕੇ ਜਾਂਦੇ ਹਨ ਅਤੇ ਨੁਕਸਾਨ ਹੋ ਜਾਂਦੈ।”
ਹੋਰ, ਸਹਿਜਵੀਰ ਕੇ ਨਿੰਮ ਥੱਲੇ, ਢੇਰ ਨਿੰਮ ਉੱਗੇ ਹਨ। ਸਾਉਣੀ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਸਾਲਾਂ ਤੋਂ ਲੱਗੇ ਮੁਲਾਜ਼ਮਾਂ ਦਾ ਕੱਚ-ਪੱਕ ਉਵੇਂ ਹੀ ਹੈ। ਬੁੱਧ ਰਾਮ ਕੇ ਤੀਰਥ ਯਾਤਰਾ ‘ਤੇ ਗਏ ਹਨ। ਜੱਸੀ, ਰੋਜ਼ ਆਥਣੇ, ਸਕੂਲ ‘ਚ ਝੁੰਮਰ ਦੀ ਤਿਆਰੀ ਕਰਵਾਉਂਦਾ। ਬੰਟੀ ਬੈਟਰੀਆਂ ਆਲਾ, ਪਾਲਾ ਪੈਂਚਰਾਂ ਆਲਾ ਅਤੇ ਟਹਿਲਾ ਟੈਂਟ ਹਾਊਸ ਵਾਲਾ, ਹਰੀ -ਕੈਮ ਹਨ। ਹਾਰ ਕੇ ਕਈ ਲੀਡਰ, ਨਵੀਆਂ ਜੁਗਤਾਂ ਸੋਚ ਰਹੇ ਹਨ। ਸੱਚ, ਨਵੇਂ ਲੱਗੇ ਟੀਚਰਾਂ ਕਰਕੇ ਹੁਣ ਰਿਸ਼ਤਿਆਂ ਦੀ ਭਾਲ ਤੇਜ਼ ਹੋ ਗਈ ਹੈ।
ਸਰਦੀਆਂ ਵਿੱਚ, ਵਤਨ-ਫੇਰੇ ਲਈ, ਤਿਆਰੀਆਂ ਸ਼ੁਰੂ ਕਰ ਦੇਵੋ। ਮਿਲਾਂਗੇ ਤਾਂ ਬਣਾਂਵਾਂਗੇ, ਨਵੇਂ ਪ੍ਰੋਗਰਾਮ। ਖੇਤਾਂ ਦੀ ਸੈਰ।
ਚੰਗਾ, ਬਾਕੀ ਅਗਲੇ ਐਤਵਾਰ, ਸਭ ਦੀ ਖ਼ੈਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×