ਨਿਵੇਕਲੀ ਪਿਰਤ – ਪਿੰਡ ਬੀਹਲਾ ਦੇ ਸਕੂਲ ਦਿੱਖ ਤੇ ਢੱਡਾ ਫਤਹਿ ਸਿੰਘ ਦੇ ਸਕੂਲ ਦੀ ਕਾਰਜਸ਼ੈਲੀ ਦਾ ਵੱਡਾ ਸੁਨੇਹਾ

Praimry School Bihla School Dhade Fateh Singh Bhakhra Modal in School Bihla
ਬਲਵਿੰਦਰ ਸਿੰਘ ਭੁੱਲਰ
ਪਿਛਲੇ ਕਈ ਦਹਾਕਿਆਂ ਤੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਦੇਖਦਿਆਂ ਰਾਜ ਦੇ ਲੋਕਾਂ ਦਾ ਉਹਨਾਂ ਤੋਂ ਮੋਹ ਭੰਗ ਹੋਣ ਸਕਦਾ ਉਹਨਾਂ ਦਾ ਰੁਝਾਨ ਮਹਿੰਗੀ ਵਿੱਦਿਆ ਮੁਹੱਈਆ ਕਰਵਾਉਣ ਵਾਲੇ ਪਬਲਿਕ ਸਕੂਲਾਂ ਵੱਲ ਹੋ ਗਿਆ। ਇਸ ਰੁਝਾਨ ਨੂੰ ਠੱਲ ਪਾ ਕੇ ਲੋਕਾਂ ਦਾ ਧਿਆਨ ਮੁੜ ਸਰਕਾਰੀ ਸਕੂਲਾਂ ਵੱਲ ਮੋੜਣ ਲਈ ਪਿੰਡ ਬੀਹਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਆਪਣੀ ਨਿਵੇਕਲੀ ਦਿੱਖ ਸਦਕਾ ਅਤੇ ਪਿੰਡ ਢੱਡਾ ਫਤਹਿ ਸਿੰਘ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਪਣੀ ਨਿਵੇਕਲੀ ਕਾਰਜ਼ਵਿਧੀ ਸਦਕਾ ਵੱਡਾ ਸੁਨੇਹਾ ਦੇ ਰਹੇ ਹਨ, ਜਿਸਦਾ ਅਸਰ ਕਬੂਲਣਾ ਅੱਜ ਦੇ ਸਮੇਂ ਦੀ ਲੋੜ ਹੈ।
ਜਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਦੀ ਇਮਾਰਤ ਵਿੱਚ ਵੜ੍ਹਦਿਆਂ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ, ਕਿਉਂਕਿ ਇਹ ਬਿਲਡਿੰਗ ਲੋਕਾਂ ਦਾ ਧਿਆਨ ਖਿੱਚਣ ਵਾਲੇ ਪਬਲਿਕ ਸਕੂਲਾਂ ਦੀ ਬਿਲਡਿੰਗ ਤੋਂ ਕਿਸੇ ਪੱਖ ਤੋਂ ਘੱਟ ਨਹੀਂ ਹੈ। ਸਕੂਲ ਦੇ ਸਾਰੇ ਕਮਰੇ ਬਹੁਤ ਖੂਬਸੂਰਤ ਰੰਗਾਂ ਨਾਲ ਸਿੰਗਾਰੇ ਗਏ ਹਨ, ਵਿਦਿਆਰਥੀਆਂ ਲਈ ਬੈਂਚ ਲੱਗੇ ਹੋਏ ਹਨ, ਹਰ ਕਮਰੇ ਵਿੱਚ ਐੱਲ ਸੀ ਡੀ ਦਾ ਵੀ ਪ੍ਰਬੰਧ ਹੈ। ਸਕੂਲ ਦੇ ਇੱਕ ਕਮਰੇ ਵਿੱਚ ਲਾਇਬਰੇਰੀ ਸਥਾਪਤ ਕੀਤੀ ਹੋਈ ਹੈ ਅਤੇ ਇੱਕ ਕੰਪਿਊਟਰ ਲੈਬ ਵੀ ਕੰਮ ਕਰ ਰਹੀ ਹੈ। ਸਕੂਲ ਦੇ ਹੈੱਡਮਾਸਟਰ ਦਾ ਦਫ਼ਤਰ ਵੀ ਕਿਸੇ ਸੈਕੰਡਰੀ ਸਕੂਲ ਦੇ ਦਫ਼ਤਰ ਤੋਂ ਘੱਟ ਨਹੀਂ ਹੈ। ਰੰਗਾਂ ਤੇ ਮੇਜ਼ ਕੁਰਸੀਆਂ ਨਾਲ ਸਜਿਆ ਹੋਇਆ ਇੱਕ ਹਾਲ ਕਮਰਾ ਹੈ ਜਿੱਥੇ ਵਿਸੇਸ਼ ਸਮਾਗਮ ਕਰਕੇ ਬੱਚਿਆਂ ਦਾ ਮਨੋਰੰਜਨ ਕੀਤਾ ਜਾਂਦਾ ਹੈ।
ਵਿਹੜੇ ਵਿੱਚ ਇੱਕ ਵਿਸੇਸ਼ ਕਿਸਮ ਦਾ ਪਾਰਕ ਬਣਾਇਆ ਗਿਆ ਹੈ, ਜਿਸਦੀਆਂ ਕੰਧਾਂ ਤੇ ਬੱਚਿਆਂ ਦੀ ਜਾਣਕਾਰੀ ਲਈ ਨਾਮ ਤੋਲ ਦੇ ਪੈਮਾਨੇ, ਪਹਾੜੇ, ਮੁਹਾਰਨੀ, ਜਨਰਲ ਨਾਲਿਜ ਦੇ ਸਵਾਲ ਜਵਾਬ ਆਦਿ ਲਿਖੇ ਗਏ ਹਨ। ਇਸ ਪਾਰਕ ਵਿੱਚ ਖੇਡਦੇ ਹੋਏ ਬੱਚੇ ਹੀ ਚੰਗੀ ਸਿੱਖਿਆ ਹਾਸਲ ਕਰ ਲੈਂਦੇ ਹਨ, ਇੱਕ ਪਾਸੇ ਪ੍ਰੋਗਰਾਮਾਂ ਲਈ ਸਟੇਜ ਬਣਾਈ ਗਈ ਹੈ। ਬੱਚਿਆਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇੱਕ ਭਾਖੜਾ ਡੈਮ ਦਾ ਮਾਡਲ ਬਣਾਇਆ ਗਿਆ, ਜਿਸ ਵਿੱਚ ਪਾਣੀ ਛੱਡਣ ਨਾਲ ਟਰਬਾਈਨ ਘੁੰਮਦੀ ਹੈ, ਜਿਸਤੋਂ ਬੱਚਿਆਂ ਦੀ ਇਹ ਮਿੱਥ ਤੋੜ ਕੇ ਕਿ ”ਪਾਣੀ ਚੋ ਬਿਜਲੀ ਕੱਢ ਲਈ ਜਾਂਦੀ ਹੈ”, ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਪਾਣੀ ਤਾਂ ਸਿਰਫ਼ ਟਰਬਾਈਨ ਚਲਾਉਣ ਲਈ ਹੀ ਵਰਤਿਆ ਜਾਂਦਾ ਹੈ ਅਤੇ ਟਰਬਾਈਨ ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ। ਇੱਕ ਪਾਸੇ ਪੌਣ ਚੱਕੀ ਦਾ ਮਾਡਲ ਹੈ ਜੋ ਪੱਖੇ ਦੀ ਮੱਦਦ ਨਾਲ ਟਰਬਾਈਨ ਘੁੰਮਾਉਣ ਦੀ ਜਾਣਕਾਰੀ ਦਿੰਦਾ ਹੈ। ਸਕੂਲ ਦੇ ਇੱਕ ਕੋਨੇ ਵਿੱਚ ਟਰੈਫਿਕ ਦੇ ਰੂਲਜ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ। ਸਕੂਲ ਵਿੱਚ ਸਫ਼ਾਈ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਹੈ। ਸਕੂਲ ਦੇ ਬਾਹਰ ਨਹਿਰ ਦੇ ਨਾਲ ਵਾਲੀ ਸਰਕਾਰੀ ਜਮੀਨ ਤੇ ਬੱਚਿਆਂ ਦੇ ਖੇਡਣ ਲਈ ਵੱਖਰਾ ਪਾਰਕ ਤੇ ਗਰਾਉਂਡ ਬਣਾਇਆ ਗਿਆ ਹੈ।
ਸਕੂਲ ਦੀ ਇਮਾਰਤ ਤੇ ਖ਼ਰਚ ਕੀਤੇ ਲੱਖਾਂ ਰੁਪਏ ਲਈ ਪਿੰਡ ਦੇ ਵਿਦੇਸਾਂ ਵਿੱਚ ਗਏ ਵਿਅਕਤੀਆਂ ਅਤੇ ਪਿੰਡ ਵਸਦੇ ਬੁੱਧੀਜੀਵੀਆਂ ਤੇ ਜਾਗਰੂਕ ਲੋਕਾਂ ਨੇ ਖੁਲ੍ਹ ਕੇ ਮੱਦਦ ਕੀਤੀ ਹੈ। ਇਸ ਕੰਮ ਦੀ ਸੁਰੂਆਤ ਇਸ ਸਕੂਲ ਦੇ ਹੈੱਡਮਾਸਟਰ ਸ੍ਰੀ ਹਰਪ੍ਰੀਤ ਸਿੰਘ ਦੀਵਾਨਾ ਨੇ ਕੀਤੀ ਸੀ, ਉਹਨਾਂ ਹੁਣ ਤੱਕ ਆਪਣੇ ਕੋਲੋਂ ਨਿੱਜੀ ਤੌਰ ਤੇ ਵੀ ਪੰਜ ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਸਕੂਲ ਦੀ ਇਮਾਰਤ, ਸਫ਼ਾਈ ਅਤੇ ਬਣਾਏ ਗਏ ਅਨੁਸਾਸਨ ਦਾ ਹੀ ਸਿੱਟਾ ਹੈ ਕਿ ਇੱਥੋਂ ਦੇ ਵਿਦਿਆਰਥੀ ਪੜ੍ਹਾਈ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਜਾਂ ਹੋਰ ਮੁਕਾਬਲਿਆਂ ਵਿੱਚ ਪਹਿਲੀਆਂ ਪੁਜੀਸਨਾਂ ਹਾਸਲ ਕਰਦੇ ਹਨ। ਹੈੱਡਮਾਸਟਰ ਸ੍ਰੀ ਦੀਵਾਨਾ ਦਾ ਕਹਿਣਾ ਸੀ ਕਿ ਸਕੂਲ ਲਈ ਸਰਕਾਰ, ਸਿੱਖਿਆ ਵਿਭਾਗ ਅਤੇ ਪਿੰਡ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਇਸੇ ਤਰ੍ਹਾਂ ਮਾਰਗ ਦਰਸਕ ਬਣ ਰਿਹੈ ਜਿਲ੍ਹਾ ਹੁਸਿਆਰਪੁਰ ਦੇ ਪਿੰਡ ਢੱਡੇ ਫਤਹਿ ਸਿੰਘ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ। ਇਸ ਸਕੂਲ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਹੈ ਅਤੇ ਇੱਥੋਂ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਕਾਰਜ਼ਵਿਧੀ ਨਿਵੇਕਲੀ ਕਿਸਮ ਦੀ ਹੈ। ਵਿਦਿਆਰਥੀਆਂ ਨੇ ਬਕਾਇਦਾ ਵੋਟਾਂ ਪਾ ਕੇ ਸਕੂਲ ਦੀ ਸੰਸਦ ਚੁਣੀ ਹੈ, ਜਿਸਨੇ ਅੱਗੇ ਪ੍ਰਧਾਨ ਮੰਤਰੀ ਚੁਣ ਲਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਮੰਤਰੀ ਮੰਡਲ ਕਾਇਮ ਕੀਤਾ ਹੋਇਆ ਹੈ। ਜਿਸ ਵਿੱਚ ਵੱਖ ਵੱਖ ਮੰਤਰਾਲਿਆਂ ਦੇ ਮੰਤਰੀ ਬਣਾਏ ਗਏ ਹਨ, ਜੋ ਕੇਂਦਰ ਸਰਕਾਰ ਦੇ ਮੰਤਰੀਆਂ ਵਾਂਗ ਡਿਉਟੀ ਨਿਭਾਉਂਦੇ ਹਨ। ਸਫ਼ਾਈ ਮੰਤਰੀ ਸਕੂਲ ਦੀ ਸਫ਼ਾਈ ਦਾ ਪੂਰਾ ਪ੍ਰਬੰਧ ਕਰਦਾ ਹੈ, ਜਲ ਮੰਤਰਾਲਾ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਂਦਾ ਹੈ, ਸਿਹਤ ਮੰਤਰੀ ਬੱਚਿਆਂ ਦੀ ਤੰਦਰੁਸਤੀ ਲਈ ਯੋਗ ਪ੍ਰਬੰਧ ਕਰਦਾ ਹੈ। ਵਿੱਤ ਮੰਤਰਾਲਾ ਖਰਚ ਅਤੇ ਜੁਰਮਾਨੇ ਜਾਂ ਹੋਰ ਸਾਧਨਾ ਤੋਂ ਆਮਦਨ ਦਾ ਪੂਰਾ ਹਿਸਾਬ ਰਖਦਾ ਹੈ। ਸਕੂਲ ਦੀ ਸੰਸਦ ਕੇਂਦਰ ਸਰਕਾਰ ਦੀ ਤਰਜ਼ ਤੇ ਕੰਮ ਕਰਦੀ ਹੈ ਹਰ ਮਹੀਨੇ ਕੈਬਨਿਟ ਦੀ ਇੱਕ ਮੀਟਿੰਗ ਬੁਲਾਈ ਜਾਂਦੀ ਹੈ, ਜਿਸ ਵਿੱਚ ਕੀਤੇ ਕੰਮਾਂ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਰਹਿ ਗਈਆਂ ਘਾਟਾਂ ਕਮੀਆਂ ਆਦਿ ਦੂਰ ਕਰਨ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਜੇਕਰ ਕਿਸੇ ਮੰਤਰਾਲੇ ਵਿੱਚ ਕਮੀ ਰਹਿ ਜਾਵੇ ਤਾਂ ਪ੍ਰਧਾਨ ਮੰਤਰੀ ਦੂਰ ਕਰਨ ਦੀ ਕੋਸਿਸ ਕਰਦਾ ਹੈ ਅਤੇ ਕਈ ਵਾਰ ਸਕੂਲ ਦਾ ਪ੍ਰਿਸੀਪਲ ਰਾਸਟਰਪਤੀ ਵਜੋਂ ਸਖ਼ਤੀ ਵੀ ਦਿਖਾ ਦਿੰਦਾ ਹੈ।
ਸਕੂਲ ਦੇ ਪ੍ਰਿਸੀਪਲ ਸ੍ਰੀ ਸਲਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਜਸ਼ੈਲੀ ਸਕੂਲ ਦਾ ਮਿਆਰ ਉੱਚਾ ਚੁੱਕਣ ਲਈ, ਵਿਦਿਆਰਥੀਆਂ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਵਧਾਉਣ ਅਤੇ ਬੱਚਿਆਂ ਵਿੱਚ ਲੀਡਰਸਿਪ ਤੇ ਅਨੁਸਾਸਨ ਦੀ ਭਾਵਨਾ ਪੈਦਾ ਕਰਨ ਵਾਸਤੇ ਸੁਰੂ ਕੀਤੀ ਗਈ ਹੈ। ਇਸ ਸਬੰਧੀ ਸਿੱਖਿਆ ਵਿਭਾਗ ਅਤੇ ਪਿੰਡ ਵਾਸੀਆਂ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਗਲਤੀ ਕਰਨ ਤੇ ਕੇਵਲ ਬੱਚਿਆਂ ਹੀ ਨਹੀਂ ਸਟਾਫ਼ ਮੈਂਬਰਾਂ ਨੂੰ ਵੀ ਜੁਰਮਾਨਾ ਹੋ ਸਕਦਾ ਹੈ, ਸਗੋਂ ਅਧਿਆਪਕਾਂ ਜਾਂ ਪ੍ਰਿਸੀਪਲ ਨੂੰ ਬੱਚਿਆਂ ਨਾਲੋਂ ਵੱਧ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਮਿਸਾਲ ਦਿੰਦਿਆਂ ਉਹਨਾਂ ਦੱਸਿਆ ਕਿ ਜੇਕਰ ਕੋਈ ਬੱਚਾ ਪੱਖਾ ਚਲਦਾ ਛੱਡ ਦੇਵੇ ਤਾਂ ਦਸ ਰੁਪਏ ਜੁਰਮਾਨਾ ਹੂੰਦਾ ਹੈ, ਜੇਕਰ ਅਧਿਆਪਕ ਛੱਡ ਦੇਵੇ ਤਾਂ ਵੀਹ ਰੁਪਏ ਪਰ ਜੇ ਪ੍ਰਿਸੀਪਲ ਆਪਣੇ ਕਮਰੇ ਦਾ ਪੱਖਾ ਚਲਦਾ ਛੱਡ ਦੇਵੇ ਤਾਂ ਪੰਜਾਹ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ।
ਜੇਕਰ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੀ ਦਿੱਖ ਤੇ ਗਤੀਵਿਧੀਆਂ ਅਤੇ ਸਰਕਾਰੀ ਸੀਨੀਅਰ ਸੈਕੰਡੀ ਸਕੂਲ ਢੱਡਾ ਫਤਹਿ ਸਿੰਘ ਦੀ ਕਾਰਜ਼ਵਿਧੀ ਨੂੰ ਹੋਰ ਪਿੰਡਾਂ ਦੇ ਸਕੂਲ ਵੀ ਅਪਨਾ ਲੈਣ ਤਾਂ ਲੋਕ ਮਹਿੰਗੀ ਵਿੱਦਿਆ ਮੁਹੱਈਆਂ ਕਰਵਾਉਣ ਵਾਲੇ ਪਬਲਿਕ ਸਕੂਲਾਂ ਤੋਂ ਮੋੜਾ ਕੱਟ ਕੇ ਸਰਕਾਰੀ ਸਕੂਲਾਂ ਤੋਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦਾ ਭਵਿੱਖ ਚੰਗਾ ਬਣਾ ਸਕਦੇ ਹਨ। ਸਰਕਾਰ ਵੱਲੋਂ ਵੀ ਇਹਨਾਂ ਸਕੂਲਾਂ ਦਾ ਮਾਡਲ ਹੋਰ ਸਕੂਲਾਂ ਵਿੱਚ ਲਾਗੂ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
ਭੁੱਲਰ ਹਾਊਸ, ਗਲੀ ਨੰ: 13 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Install Punjabi Akhbar App

Install
×