ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ

IMG_20180818_111729
ਟਾਂਡਾ, 20 ਅਗਸਤ : ਪਿੰਡ ਬਚਾਓ-ਪੰਜਾਬ ਬਚਾਓ ਰਾਜ ਪੱਧਰੀ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕਾਈ ਵਲੋਂ ਇਕ ਸੈਮੀਨਾਰ ਦਾ ਆਯੋਜਨ ਡੇ-ਕੇਅਰ ਸੈਂਟਰ ਟਾਂਡਾ ਉੜਮੁੜ ਵਿਖੇ ਕੀਤਾ ਗਿਆ। ਮਾ: ਸੰਤੋਖ ਸਿੰਘ ਉਪ-ਪ੍ਰਧਾਨ ਭਾਈ ਘਨੱਈਆ ਜੀ ਟਰੱਸਟ ਨੇ ਜੀ ਆਇਆਂ ਦੌਰਾਨ ਕਿਹਾ ਕਿ ਲੋਕ ਨੁਮਾਇੰਦਿਆਂ ਤੇ ਜਨ ਸਮੂਹਾਂ ਦੀ ਸਰਗਰਮ ਸ਼ਮੂਲੀਅਤ ਤੋਂ ਵਿਹੂਣੀਆਂ ਨੀਤੀਆਂ ਲੋਕ ਲੋੜਾਂ ਦੀ ਤਰਜਮਾਨੀ ਨਹੀਂ ਕਰਦੀਆਂ ਹਨ। ਉੱਘੇ ਸਿਆਸੀ ਆਗੂ ਤੇ ਸਮਾਜ-ਸੇਵੀ ਸ: ਬਲਵੰਤ ਸਿੰਘ ਖੇੜਾ ਨੇ ਪੰਜਾਬ ਦੇ ਸੰਵੇਦਨਹੀਣ ਰਾਜਨੀਤਕ ਤੇ ਪ੍ਰਸ਼ਾਸਨਿਕ ਢਾਂਚੇ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਮਸਲਿਆਂ ਦੀਆਂ ਜੜ੍ਹਾਂ ਨੂੰ ਛੱਡ ਕੇ ਜ਼ੁਮਲੇਬਾਜ਼ੀ ਨਾਲ ਵਰਗਲਾਇਆ ਜਾ ਰਿਹਾ ਹੈ। ਜਿਸ ਦੀ ਦਿਸ਼ਾ ਬਦਲਣ ਲਈ ਪੰਚਾਇਤਾਂ ਅਤੇ ਗਰਾਮ ਸਭਾਵਾਂ ਨੂੰ ਆਪਣੇ ਅਧਿਕਾਰਾਂ ਦੀ ਪਛਾਣ ਕਰਨੀ ਹੋਵੇਗੀ। ਨਾਮਵਰ ਸਮਾਜ ਸੁਧਾਰਕ ਅਤੇ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਪੰਜਾਬ ਇਕ ਮਾਤਮ ਦੇ ਮਾਹੌਲ ਵਿਚੋਂ ਲੰਘ ਰਿਹਾ ਹੈ। ਸਰਕਾਰਾਂ ਤੇ ਜ਼ਿੰਮੇਵਾਰ ਸੰਸਥਾਵਾਂ ਕੇਵਲ ਤੇ ਕੇਵਲ ਚਿੰਤਾਗ੍ਰਸਤ ਮਸਲਿਆਂ ਨੂੰ ਕੈਸ਼ ਕਰ ਰਹੀਆਂ ਹਨ। ਰਾਜਨੀਤਕ, ਧਾਰਮਿਕ, ਅਕਾਦਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਣ ਦੇ ਦਾਅਵੇਦਾਰਾਂ ਵਿਚੋਂ ਵਿਰ੍ਹਲੇ ਹਨ ਜੋ ਪੰਜਾਬ ਦੇ ਨਾਲ ਹਮਦਰਦੀ ਹੀ ਨਹੀਂ ਰੱਖਦੇ ਬਲਕਿ ਆਵਾਜ਼ ਵੀ ਬੁਲੰਦ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਪੰਚਾਇਤ ਕਾਨੂੰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਗ੍ਰਾਮ ਪੰਚਾਇਤਾਂ, ਗ੍ਰਾਮ ਸਭਾਵਾਂ ਤੇ ਮਹਿਲਾ ਗ੍ਰਾਮ ਸਭਾਵਾਂ ਆਪਣੀ ਤਾਕਤ ਨੂੰ ਪਛਾਣ ਕੇ ਪਿੰਡਾਂ ਦੀ ਮਜ਼ਬੂਤੀ ਲਈ ਆਪਣਾ ਫਰਜ਼ ਨਿਭਾਉਣ। ਪੰਚਾਇਤ ਚੋਣਾਂ ਧੜ੍ਹੇਬੰਦੀਆਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਅਤੇ ਕੁਦਰਤ ਪੱਖੀ ਵਿਕਾਸ ਦੇ ਆਧਾਰ’ਤੇ ਕੀਤੀਆਂ ਜਾਣ। ਜਿਸ ਨਾਲ ਸਮਾਜਿਕ ਪਾੜਾ ਵੀ ਘਟੇਗਾ ਅਤੇ ਆਰਥਿਕ ਵਿਕਾਸ ਵੀ ਹੋ ਸਕੇਗਾ। ਮਾ: ਓਮ ਸਿੰਘ ਸਟਿਆਣਾ ਕਿਸਾਨ ਆਗੂ ਨੇ ਕਿਹਾ ਕਿ ਅਗਿਆਨਤਾ ਤੇ ਅਨਪੜ੍ਹਤਾ ਕਾਰਨ ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਪੰਜਾਬ ਵਿਚ ਕੇਵਲ ਕਾਗਜ਼ਾਂ ਵਿਚ ਹੀ ਪਈ ਹੋਈ ਹੈ। ਪੰਚਾਇਤ ਰਾਜ ਕਾਨੂੰਨ ਲਾਗੂ ਨਹੀਂ ਹੋਇਆ।

IMG_20180818_111804

ਪੇਂਡੂ ਖੇਤਰ ਵਿਚ ਪੜ੍ਹਾਈ ਦੀ ਤੇ ਸਿਹਤ ਸੇਵਾਵਾਂ ਦੀ ਵਿਵਸਥਾ ਬਿਲਕੁਲ ਨਿੱਘਰ ਗਈ ਹੈ। ਮਾ: ਸ਼ਿੰਗਾਰਾ ਸਿੰਘ ਮੁਕੀਮਪੁਰ ਨੇ ਕਿਹਾ ਕਿ ਲੋਕਾਂ ਅੰਦਰ ਚੇਤਨਾ ਪੈਦਾ ਕਰ ਕੇ ਜਾਤੀਵਾਦ ਅਤੇ ਭਾਈ ਭਤੀਜਾਵਾਦ ਤੋਂ ਮੁਕਤ ਚੋਣਾਂ ਦਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ। ਇਸ ਨਾਲ ਲੋਕ ਔਰਤਾਂ ਅਤੇ ਦਲਿਤਾਂ ਵਿਚੋਂ ਵੀ ਆਪਣੇ ਹਕੀਕੀ ਆਗੂ ਪੈਦਾ ਕਰ ਸਕਣਗੇ। ਲੋਕ ਇਨਕਲਾਬ ਮੰਚ ਦੇ ਹਰਦੀਪ ਸਿੰਘ ਖੁੱਡਾ ਨੇ ਪਿੰਡਾਂ ਵਿਚ ਵਧ ਰਹੇ ਨਿਘਾਰ ਲਈ ਲੱਚਰ ਤੇ ਅਸ਼ਲੀਲ ਸੱਭਿਆਚਾਰ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਿਆਂ ਨੌਜਵਾਨੀ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੌਧਿਕ ਪੱਧਰ ਨੂੰ ਉੱਚਾ ਬਣਾਵੇ। ਸ: ਇੰਦਰ ਸਿੰਘ ਜ਼ਿਲ੍ਹਾ ਸੰਚਾਲਕ ਪਿੰਡ ਬਚਾਓ ਮੁਹਿੰਮ ਨੇ ਕਿਹਾ ਕਿ ਜੇਕਰ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਹਰਕਤ ਵਿਚ ਆ ਜਾਣ ਤਾਂ ਪੰਚਾਇਤਾਂ ਸੈਕਟਰੀਆਂ ਦੇ ਚੁੰਗਲ ਵਿਚੋਂ ਬਚ ਸਕਦੀਆਂ ਹਨ। ਜਿੱਥੇ ਬੇਲੋੜੇ ਇਤਰਾਜ਼ਾਂ ਤੇ ਭਰਿਸ਼ਟਾਚਾਰ ਦਾ ਡਰ ਮੁੱਕ ਜਾਵੇਗਾ ਉੱਥੇ ਪਿੰਡਾਂ ਦਾ ਵਿਕਾਸ ਵੀ ਹੋਵੇਗਾ। ਉਹਨਾਂ ਦੱਸਿਆ ਕਿ ਹਰ ਪਿੰਡ ਦਾ ਹਰ ਵੋਟਰ ਸੁਤੇ ਸਿਧ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ।ਗ੍ਰਾਮ ਸਭਾ ਦੀਆਂ ਸਾਲ ਵਿਚ ਘੱਟੋ ਘੱਟ ਦੋ ਬੈਠਕਾਂ ਜ਼ਰੂਰੀ ਹੁੰਦੀਆਂ ਹਨ ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਰਹਿਣ ਕਰ ਕੇ ਪਿੰਡਾਂ ਦਾ ਢਾਂਚਾ ਵਿਗੜਿਆ ਹੋਇਆ ਹੈ। ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਨੇ ਕਿਹਾ ਕਿ ਜਾਗ੍ਰਿਤੀ ਤੇ ਸੰਘਰਸ਼ ਤੋਂ ਬਿਨਾਂ ਕਿਸਾਨ ਪਰਿਵਾਰ ਨੂੰ 18 ਹਜ਼ਾਰ ਰੁਪਏ ਮਹੀਨਾ ਆਮਦਨ ਯਕੀਨੀ ਨਹੀਂ ਬਣਨੀ। ਖੇਤੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਜੁੜੇ ਬਜ਼ੁਰਗਾਂ ਨੂੰ ਉਜਰਤ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿਚ ਨਹੀਂ ਮਿਲਣਾ। ਕਿਸਾਨ-ਮਜ਼ਦੂਰਾਂ ਅਤੇ ਹੋਰ ਗਰੀਬਾਂ ਦੇ ਬੱਚਿਆਂ ਨੂੰ ਬਰਾਬਰ ਦੀ ਪੜ੍ਹਾਈ ਲਈ ਇਕ ਸਾਰ ਪ੍ਰਣਾਲੀ ਲਾਗੂ ਨਹੀਂ ਹੋਣੀ। ਜੇ ਜਾਗ ਪਏ ਤਾਂ ਪੰਜ ਏਕੜ ਵਾਲੇ ਕਿਸਾਨ ਨੂੰ ਆਪਣੇ ਖੇਤ ਵਿਚ ਕੰਮ ਕਰਨ ਦੀ ਉਜਰਤ ਅਤੇ ਮਜ਼ਦੂਰਾਂ ਨੂੰ ਸੌ ਦਿਨ ਦੀ ਮਗਨਨਰੇਗਾ ਦੀ ਸੁਵਿਧਾ ਅਮਲੀ ਰੂਪ ਵਿਚ ਲਾਗੂ ਹੋ ਜਾਵੇਗੀ। ਵਾਤਾਵਰਣ ਪ੍ਰੇਮੀ ਤੇ ਕੁਦਰਤੀ ਖੇਤੀ ਮਾਹਿਰ ਮਾ: ਮਦਨ ਲਾਲ ਬੁਲ੍ਹੋਵਾਲ ਨੇ ਜ਼ੋਰ ਦੇ ਕੇ ਕਿਹਾ ਸਿਆਸੀ ਪਾਰਟੀਆਂ ਦੀ ਪਾੜੋ ਤੇ ਰਾਜ ਕਰੋ ਨੀਤੀ ਨੇ ਸਾਡੇ ਪਿੰਡਾਂ ਨੂੰ ਵੱਡੀ ਸੱਟ ਮਾਰੀ ਹੈ।

IMG_20180818_111811

ਸਮੇਂ ਦੀ ਮੰਗ ਹੈ ਕਿ ਜੋੜੋ ਤੇ ਰਾਜ ਕਰੋ ਦੀ ਨੀਤੀ ਵਾਲੇ ਕਿਰਤੀ ਲੋਕਾਂ ਨੂੰ ਅਤੇ ਖਾਸ ਕਰ ਕੇ ਔਰਤਾਂ ਨੂੰ ਅੱਗੇ ਲੈ ਕੇ ਆਈਏ। ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਕਰੀਏ। ਸ੍ਰੀ ਸਤੀਸ਼ ਚੱਢਾ ਸਾਬਕਾ ਉਪ-ਪ੍ਰਧਾਨ ਮਿਊਂਸੀਪਲ ਕਮੇਟੀ ਤੇ ਪ੍ਰਧਾਨ ਆਰੀਆ ਸਮਾਜ ਨੇ ਕਿਹਾ ਕਿ ਜਿਸ ਸਮਾਜ ਵਿਚ ਧਾਰਮਿਕ ਸਮਾਗਮਾਂ ਦੌਰਾਨ ਵੀ ਸ਼ਰਾਬ ਅਤੇ ਨਸ਼ਿਆਂ ਦਾ ਸੇਵਨ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੋਵੇ, ਉਸ ਸਮਾਜ ਵਿਚ ਚੋਣਾਂ ਆਗੂ ਨਹੀਂ ਜਿੱਤਦੇ ਬਲਕਿ ਨਸ਼ੇ ਜਿੱਤ ਦਿਵਾਉਂਦੇ ਹਨ। ਇਸ ਦੁਰਦਸ਼ਾ ਨੂੰ ਸੁਧਾਰਨ ਲਈ ਗੁਰੂ ਨਾਨਕ ਸਾਹਿਬ ਦੀਆਂ ਤੇ ਸ਼ਹੀਦਾਂ ਦੀਆਂ ਸਿਖਿਆਵਾਂ ਨੂੰ ਅਮਲ ਵਿਚ ਲਿਆਉਣਾ ਹੋਵੇਗਾ।
ਮੰਚ ਸੰਚਾਲਨ ਸਤਵੰਤ ਸਿੰਘ ਦਸੂਹਾ ਸਕੱਤਰ ਭਾਈ ਘਨੱਈਆ ਜੀ ਟਰੱਸਟ ਨੇ ਕੀਤਾ। ਇਸ ਮੌਕੇ ਟਰੱਸਟੀ ਤੇ ਇਲਾਕੇ ਤੋਂ ਪਤਵੰਤੇ ਨਰਿੰਦਰ ਸਿੰਘ, ਅਰਜਨ ਸਿੰਘ, ਗੁਰਮਿੰਦਰ ਸਿੰਘ, ਮਾ: ਸੁਖਬੀਰ ਸਿੰਘ, ਆਗਿਆ ਰਾਮ, ਅਮਰਜੀਤ ਸਿੰਘ ਰੜ੍ਹਾ, ਪਰਮਾਨੰਦ ਦਿਵੇਦੀ, ਮਾ: ਗੁਰਚਰਨ ਸਿੰਘ ਅਤੇ ਰੀਨਾ ਰਾਣੀ ਅਧਿਆਪਕਾ ਸਿਲਾਈ ਕਢਾਈ ਸੈਂਟਰ ਵਿਦਿਆਰਥਣਾਂ ਸਹਿਤ ਹਾਜ਼ਰ ਸਨ।

Install Punjabi Akhbar App

Install
×