ਫ਼ੋਟੋ ਸਭਿਆਚਾਰ

ਅੱਜਕੱਲ੍ਹ ਇੱਕ ਨਵੇਂ ਕਿਸਮ ਦਾ ਸਭਿਆਚਾਰ ਸਾਡੇ ਸਮਾਜ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ ਜਿਸ ਦਾ ਨਾਮ ਹੈ, ਫ਼ੋਟੋ ਸਭਿਆਚਾਰ। ਇਸ ਸਭਿਆਚਾਰ ਦਾ ਵਿਲੱਖਣ ਪੱਖ ਇਹ ਹੈ ਕਿ ਇਸ ਨੂੰ ਜਾਣਨ-ਸਮਝਣ ਲਈ ਕੋਈ ਖ਼ਾਸ ਮਿਹਨਤ ਜਾਂ ਵਿਸ਼ੇਸ਼ ਗਿਆਨ ਦੀ ਲੋੜ ਨਹੀਂ ਪੈਂਦੀ, ਜਿਸ ਵੀ ਬੱਚੇ, ਨੌਜਵਾਨ ਜਾਂ ਬਜ਼ੁਰਗ ਕੌਲ ਆਪਣਾ ਸਮਾਰਟ ਫ਼ੋਨ ਹੈ, ਉਹ ਇਸ ਸਭਿਆਚਾਰ ਦਾ ਅਲੰਬਰਦਾਰ ਬਣ ਸਕਦਾ ਹੈ। ਇਸ ਸਭਿਆਚਾਰ ਦੀ ਪਕੜ ਵਿੱਚ ਮੌਜੂਦਾ ਸਮੇਂ ਹਰ ਉਮਰ ਅਤੇ ਹਰ ਵਰਗ ਦਾ ਇਨਸਾਨ ਆ ਗਿਆ ਹੈ।ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਤੁਹਾਡਾ ਵਾਹ-ਵਾਸਤਾਂ, ਇਸ ਸਭਿਆਚਾਰ ਦੇ ਵਾਰਸਾਂ ਨਾਲ ਜ਼ਰੂਰ ਪਿਆ ਹੋਵੇਗਾ ਕਿਉਂਕਿ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜੀਵਨ ਦੇ ਰੋਜ਼ਾਨਾ ਕੰਮਕਾਰਾਂ, ਖ਼ੁਸ਼ੀ-ਗਮੀ ਜਾਂ ਕਿਸੇ ਵੀ ਸਫ਼ਰ ਦੌਰਾਨ ਇਸ ਸਭਿਆਚਾਰ ਦੀ ਧੜੱਲੇ ਨਾਲ ਵਰਤੋਂ ਹੁੰਦੀ ਵੇਖੀ ਜਾ ਸਕਦੀ ਹੈ। ਇਸ ਦੀ ਵਰਤੋ ਕਰਨ ਵਾਲੇ ਬਹੁਤਾਤ ਵਿੱਚ ਆਪਣੀ ਫੋਕੀ ਵਾਹੋ-ਵਾਹੀ ਖੱਟਣ ਦੇ ਮੁਰੀਦ ਹੁੰਦੇ ਹਨ ਜਾਂ ਕਹਿ ਲਓ ਕਿ ਹੋਰਨਾਂ ਦੇ ਦੇਖੋ-ਦੇਖੀ ਸਭ ਇਸ ਦੀ ਵਰਤੋਂ ਵਿੱਚ ਮਸਰੂਫ਼ ਨਜ਼ਰ ਆਉਂਦੇ ਹਨ।
ਆਮ ਲੋਕਾਂ ਤੋਂ ਲੈ ਕੇ ਸਟਾਰ ਲੋਕਾਂ ਇਸ ਦੀ ਵਰਤੋਂ ਕਰਕੇ ਆਪਣਾ ਸਮਾਜ ਵਿੱਚ ਖ਼ਾਸ ਨਾਮ ਬਣਾਉਣਾ ਚਾਹੁੰਦੇ ਹਨ। ਕੋਈ ਵੀ ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਸਮਾਗਮ ਹੋਵੇ ਇਸ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ। ਮਿਸਾਲ ਵਜੋਂ ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਚਲਾਏ ਜਾਂਦੇ ਹਨ ਜਿਸ ਵਿੱਚੋਂ ਬਹੁਤੇ ਇਸ ਫ਼ੋਟੋ ਸਭਿਆਚਾਰ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਅੱਜ ਦੇ ਸਮੇਂ ਲੋੜ ਹੈ ਕਿ ਇਸ ਬਣਾਉਟੀ ਸਭਿਆਚਾਰ ਨੂੰ ਛੱਡ ਕੇ ਅਸਲ ਜ਼ਿੰਦਗੀ ਵਿੱਚ ਕੁੱਝ ਕਰ ਵਿਖਾਉਣ ਦੀ ਜਿਸ ਨਾਲ ਸਾਡੇ ਸਮਾਜ ਨੂੰ ਇੱਕ ਨਰੋਈ ਸੇਧ ਮਿਲ ਸਕੇ। ਸੋਸ਼ਲ ਮੀਡੀਆ ਉੱਪਰ ਆਪਣੇ ਦੁਆਰਾ ਕੀਤੇ ਨਿੱਕੇ-ਨਿੱਕੇ ਕਾਰਜਾਂ ਦੀਆ ਧੜੱਲੇ ਨਾਲ ਪਾਈਆ ਜਾ ਰਹੀਆਂ ਤਸਵੀਰਾਂ ਬੱਸ ਲਾਇਕ ਜਾਂ ਡਿਸਲਾਈਕ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ। ਅਸਲੀਅਤ ਵਿੱਚ ਇਨਸਾਨ ਦੁਆਰਾ ਸਮਾਜ ਭਲਾਈ ਲਈ ਕੀਤੇ ਕੰਮ ਕਿਸੇ ਅਖੌਤੀ ਫ਼ੋਟੋ ਸਭਿਆਚਾਰ ਦੇ ਮੁਹਤਾਜ ਨਹੀ ਹੁੰਦੇ। ਜਿਹੜੇ ਕੰਮ ਕਰਦੇ ਹਨ, ਉਨ੍ਹਾਂ ਦਾ ਕੰਮ ਆਮ ਅਵਾਮ ਦੇ ਦਿਲਾਂ ਤੱਕ ਆਪਣੇ ਆਪ ਪਹੁੰਚ ਰੱਖਦਾ ਹੈ।
ਇਸ ਫ਼ੋਟੋ ਸੱਭਿਆਚਾਰ ਦਾ ਇਹ ਅੰਨ੍ਹਾ ਜਨੂਨ ਇਸ ਕਦਰ ਆਮ ਲੋਕਾਂ ਉੱਤੇ ਹਾਵੀ ਹੁੰਦਾ ਜਾ ਰਿਹਾ ਹੈ ਕਿ ਉਹ ਆਪਣੇ ਅੰਦਰ ਦੇ ਇਖ਼ਲਾਕੀ ਗੁਣ ਹੀ ਗਵਾਈ ਜਾ ਰਹੇ ਹਨ, ਉਦਾਹਰਨ ਵਜੋਂ ਜੇਕਰ ਕੋਈ ਰਾਹਗੀਰ ਆਪਣੇ ਸੜਕੀ ਸਫ਼ਰ ਦੌਰਾਨ ਜੇ ਕਿਸੇ ਦੁਖਦ ਦੁਰਘਟਨਾ ਦਾ ਸ਼ਿਕਾਰ ਹੋਣ ਕਾਰਨ ਸੜਕ ਉੱਪਰ ਹੀ ਦਰਦ ਨਾਲ ਤੜਫ਼ਦਾ ਪਿਆ ਹੋਵੇ ਤਾਂ ਉਸ ਦੀ ਸਹਾਇਤਾ ਕਰਨਾ ਜੋ ਸਾਡਾ ਸਾਰਿਆ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ, ਉਸ ਨੈਤਿਕ ਫ਼ਰਜ਼ ਨੂੰ ਛੱਡ ਕੇ ਕਈ ਸੱਜਣ ਤਾਂ ਉਸ ਦੀਆਂ ਤਸਵੀਰਾ ਜਾਂ ਵੀਡੀਉ ਬਣਾ ਕੇ ਸੋਸ਼ਲ ਮੀਡੀਆ ‘ਤੇ ਫਾਰਵਰਡ ਕਰਨ ਵਿੱਚ ਵਿਅਸਤ ਨਜ਼ਰ ਆਉਂਦੇ ਹਨ। ਅਜਿਹਾ ਵਰਤਾਰਾ ਸਾਡੇ ਸਮਾਜ ਦੀ ਨੈਤਿਕ ਕਦਰਾਂ-ਕੀਮਤਾਂ ਪੱਖੋ ਹੋਈ ਹਾਰ ਦਾ ਪ੍ਰਤੱਖ ਸਬੂਤ ਹੈ।
ਇਹ ਵੀ ਸੱਚ ਹੈ ਕਿ ਅੱਜਕੱਲ੍ਹ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕਿਸੇ ਮੁਹਿੰਮ ਜਾਂ ਕਾਰਜ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਜਾਂ ਕਹਿ ਲਵੋ ਕਿ ਇੱਕ ਲੋਕ ਲਹਿਰ ਬਣਾਉਣ ਲਈ ਇਸ ਮੀਡੀਆ ਸਾਧਨ ਦਾ ਸਕਾਰਾਤਮਿਕ ਉਪਯੋਗ ਕੀਤਾ ਜਾ ਸਕਦਾ ਹੈ ਪਰੰਤੂ ਫੋਕੀ ਸ਼ੁਹਰਤ ਜਾਂ ਵਿਖਾਵੇ ਬਾਜ਼ੀ ਲਈ ਇਸ ਦਾ ਹਰ ਸਮੇਂ ਕੀਤਾ ਜਾ ਰਿਹਾ ਉਪਯੋਗ ਸਾਡੇ ਸਮਾਜ ਦੇ ਬੋਧਿਕ ਪੱਖ ਤੋਂ ਹੀਣੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਤੁਸੀਂ ਆਪਣਾ ਕੰਮ ਨਿਰੰਤਰ ਚਾਲੇ ਕਰਦੇ ਰਹੋ ਅਤੇ ਇਹ ਤੁਹਾਡਾ ਵਿਅਕਤੀਤਵ ਅਤੇ ਕੰਮ ਹੀ ਲੋਕਾਂ ਨਾਲ ਇੱਕ ਕੜੀ ਦੇ ਰੂਪ ਵਿੱਚ ਆਪ ਮੁਹਾਰੇ ਜੁੜਦਾ ਜਾਏਗਾ। ਇਸ ਲਈ ਸਾਨੂੰ ਸਾਰਿਆ ਨੂੰ ਫ਼ੋਟੋ ਸੱਭਿਆਚਾਰ ਵਿੱਚੋ ਬਾਹਰ ਨਿਕਲ ਕੇ ਅਸਲੀਅਤ ਵਿੱਚ ਆਪਣੀ ਇਖ਼ਲਾਕੀ ਤਸਵੀਰ ਸਮਾਜ ਸਾਹਮਣੇ ਪੇਸ਼ ਕਰਨੀ ਪਵੇਗੀ ਤਾਂ ਹੀ ਅਸੀਂ ਸਮਾਜ ਨੂੰ ਇੱਕ ਆਦਰਸ਼ ਸੇਧ ਦੇਣ ਵਿੱਚ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ……. ਆਮੀਨ !!

ਜਗਜੀਤ ਸਿੰਘ ਗਣੇਸ਼ਪੁਰ
+91 94655-76022