ਪੀ ਐਚ ਸੀ ਜੰਡ ਸਾਹਿਬ ਦੇ ਘੇਰੇ ਚ ਪੈਂਦੇ 92 ਪਿੰਡਾਂ ਚੋਂ ਵੱਡੀ ਗਿਣਤੀ ਚ ਲੋਕ ਗਏ ਸਨ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ

ਪਿੰਡ ਪਿੰਡ ਜਾ ਕੇ ਮੈਡੀਕਲ ਟੀਮਾਂ ਕਰ ਰਹੀਆਂ ਹਨ ਇਕੱਠੀ ਜਾਣਕਾਰੀ

ਸਾਦਿਕ 24 ਮਾਰਚ — ਪਿੰਡ ਪਠਲਾਵਾ ਦੇ ਬਲਦੇਵ ਸਿੰਘ ਐਨ ਆਰ ਆਈ ਦੀ ਕਰੋਨਾਂ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਇਹ ਪਤਾ ਲੱਗਣ ਤੇ ਕਿ ਉਹ ਵਿਅਕਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਵੀ ਘੁੰਮਦਾ ਰਿਹਾ ਸੀ, ਇਹ ਜਾਣਕਾਰੀ ਮਿਲਣ ਤੋਂ ਬਾਅਦ ਸਮੁੱਚੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜੰਗੀ ਪੱਧਰ ਤੇ ਪਿੰਡ ਪਿੰਡ ਜਾਕੇ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਵਿਚ ਲੱਗੀਆਂ ਹੋਈਆਂ ਹਨ ਜੋ ਹੋਲੇ ਮਹੱਲੇ ਤੇ ਅਤੇ ਨਾਦੇੜ ( ਹਜ਼ੂਰ ਸਾਹਿਬ) ਗਏ ਸਨ ਅਤੇ ਇਸਦੇ ਨਾਲ ਨਾਲ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਰਜੀਵ ਭੰਡਾਰੀ ਐਸ ਐਮ ਓ ਪੀ ਐਚ ਸੀ ਜੰਡ ਸਾਹਿਬ ਅਤੇ ਮਾਸ ਮੀਡੀਆ ਅਫਸਰ ਡਾ: ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਜਿਹੜੇ ਲੋਕ ਇਸ ਘੇਰੇ ਵਿਚ ਆਉਂਦੇ ਹਨ, ਉਨ੍ਹਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਘਰਾਂ ਅੱਗੇ ਸਟਿੱਕਰ ਲਗਾਕੇ ਉਨ੍ਹਾਂ ਨੂੰ ਇਕਾਂਤ ਵਾਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਭ ਦੇ ਟੈਸਟ ਕਰਨ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਜੇਕਰ ਕੋਈ ਪਾਜੇਟਿਵ ਪਾਇਆ ਗਿਆ ਉਸ ਨੂੰ ਇਲਾਜ ਲਈ ਲੈਜਾਇਆ ਜਾਵੇਗਾ। ਡਾ: ਭੰਡਾਰੀ ਨੇ ਇਹ ਵੀ ਅਪੀਲ ਕੀਤੀ ਕਿ ਜਿੱਥੇ ਅਜੇ ਅੀਮਾਂ ਨਹੀਂ ਪਹੁੰਚੀਆਂ, ਅਜਿਹੇ ਵਿਅਕਤੀਆਂ ਨੂੰ ਪਿੰਡਾਂ ਦੇ ਸਰਪੰਚ ਘਰਾਂ ਵਿਚ ਹੀ ਰਹਿਣ ਦੀ ਅਪੀਲ ਕਰਨ , ਸਿਹਤ ਵਿਭਾਗ ਵਲੋਂ ਟੀਮਾਂ ਖੁਦ ਇਨ੍ਹਾਂ ਦੇ ਘਰ ਤੱਕ ਪਹੁੰਚਣਗੀਆਂ ਅਤੇ ਜਾਣਕਾਰੀ ਲੈਣਗੀਆਂ। ਇੱਥੇ ਵਰਨਣਯੋਗ ਹੈ ਕਿ ਪੀ ਐਚ ਸੀ ਜੰਡ ਸਾਹਿਬ ਦੇ ਘੇਰੇ ਵਿਚ 92 ਪਿੰਡ ਆਉਂਦੇ ਹਨ ਅਤੇ ਇਨ੍ਹਾਂ ਪਿੰਡਾਂ ਤੋਂ ਲੋਕ ਹਰ ਸਾਲ ਵੱਡੀ ਗਿਣਤੀ ਵਿਚ ਹੋਲੇ ਮਹੱਲੇ ਤੇ ਜਾਂਦੇ ਹਨ ਅਤੇ ਲੰਗਰ ਵਗੈਰਾ ਵੀ ਲਗਾਉਂਦੇ ਹਨ। ਜਿਨ੍ਹਾਂ ਵਿੱਚੋਂ ਅਰਾਂਈਆਂ ਵਾਲਾ ਕਲਾਂ, ਨਵਾਂ ਕਿਲ੍ਹਾ, ਚੰਦਬਾਜਾ, ਸਾਧਾਂਵਾਲਾ, ਘੋਨੀਵਾਲਾ ਪਿੰਡਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਪਿੰਡਾਂ ਵਿਚ 11 ਕੁ ਅਜਿਹੇ ਵਿਅਕਤੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਵਿੱਚੋਂ 4-5 ਨੂੰ ਆਮ ਖੰਘ ਜ਼ੁਕਾਮ ਦਾ ਫਲੂ ਪਾਇਆ ਗਿਆ ਹੈ। ਇਨ੍ਹਾਂ ਦੇ ਟੈਸਟ ਲੈ ਕੇ ਭੇਜੇ ਗਏ ਹਨ ਅਤੇ ਉਨ੍ਹਾਂ ਨੂੰ ਤਦ ਤੱਕ ਲਈ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ। ਅਸਲੀ ਤਸਵੀਰ ਤਾਂ ਸਾਰੇ ਪਿੰਡਾਂ ਦੀ ਸਕਰੀਨਿੰਗ ਹੋਣ ਤੇ ਹੀ ਸਾਹਮਣੇ ਆਵੇਗੀ ਕਿ ਇਨ੍ਹਾਂ ਲੋਕਾਂ ਦੀ ਗਿਣਤੀ ਕਿੰਨੀ ਹੈ।
ਕੈਪਸ਼ਨ 24 ਜੀ ਐਸ ਸੀ : ਪਿੰਡ ਮਚਾਕੀ ਖੁਰਦ ਵਿਚ ਘਰ ਘਰ ਜਾਕੇ ਸਕਰੀਨਿੰਗ ਕਰਦੀ ਹੋਈ ਮੈਡੀਕਲ ਟੀਮ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×