ਦੇਸ਼ ਅੰਦਰ ਪਟਰੋਲ ਦੀਆਂ ਕੀਮਤਾਂ ਵਿੱਚ ਕਮੀ

ਕ੍ਰਿਸਮਿਸ ਤੋਂ ਪਹਿਲਾਂ ਪਹਿਲਾਂ ਸਮੁੱਚੇ ਦੇਸ਼ ਅੰਦਰ ਹੀ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਦਿਖਾਈ ਦੇ ਰਹੀ ਹੈ।
ਐਨ.ਆਰ.ਐਮ.ਏ. (National Roads and Motorists’ Association Limited) ਦੇ ਬੁਲਾਰੇ ਦੇ ਦੱਸਣ ਅਨੁਸਾਰ ਦੇਸ਼ ਅੰਦਰ ਪਟਰੋਲ ਦੀਆਂ ਕੀਮਤਾਂ ਵਿੱਚ ਬੀਤੇ ਕੁੱਝ ਸਮੇਂ ਤੋਂ ਕਾਫੀ ਤੇਜ਼ੀ ਆ ਰਹੀ ਸੀ ਜੋ ਕਿ ਹੁਣ ਬੀਤੇ 24 ਘੰਟਿਆਂ ਤੋਂ ਗਿਰਨੀ ਸ਼ੁਰੂ ਹੋ ਚੁਕੀ ਹੈ। ਰੂਸ ਅਤੇ ਯੂਕਰੇਨ ਦੇ ਚੱਲ ਰਹੇ ਯੁੱਧ ਦੌਰਾਨ, ਦੇਖੀ ਜਾ ਰਹੀ ਇਹ ਗਿਰਾਵਟ ਆਂਸ਼ਿਕ ਤੌਰ ਤੇ ਹੀ ਹੈ ਪਰੰਤੂ ਫੇਰ ਵੀ ਗ੍ਰਾਹਕਾਂ ਨੂੰ ਰਾਹਤ ਦੇ ਰਹੀ ਹੈ।
ਅੰਤਰ-ਰਾਸ਼ਟਰੀ ਪੱਧਰ ਉਪਰ ਇਸ ਸਮੇਂ ਪਟਰੋਲ ਦੀ ਕੀਮਤ ਪ੍ਰਤੀ ਬੈਰਲ 86 ਅਮਰੀਕੀ ਡਾਲਰਾਂ ਦੀ ਹੈ ਜੋ ਕਿ ਕੁੱਝ ਸਮਾਂ ਪਹਿਲਾਂ 160 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਅਤੇ ਆਸਟ੍ਰੇਲੀਆ ਅੰਦਰ ਉਸ ਸਮੇਂ ਪਟਰੋਲ ਦੀ ਕੀਮਤ 2.20 ਡਾਲਰ ਪ੍ਰਤੀ ਲੀਟਰ ਸੀ।
ਅੰਤਰ-ਰਾਸ਼ਟਰੀ ਪੱਧਰ ਉਪਰ ਕੀਮਤਾਂ ਦੀ ਗਿਰਾਵਟ ਕਾਰਨ ਹੀ ਦੇਸ਼ ਅੰਦਰ ਪਟਰੋਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।
ਇਸ ਸਮੇਂ ਸਿਡਨੀ ਅੰਦਰ ਪਟਰੋਲ ਪ੍ਰਤੀ ਲਿਟਰ 1.69 ਡਾਲਰ ਅਤੇ ਐਡੀਲੇਡ ਵਿੱਚ ਇਸ ਦੀ ਕੀਮਤ 1.66 ਡਾਲਰ ਪ੍ਰਤੀ ਲੀਟਰ ਹੈ।
ਮੈਲਬੋਰਨ ਵਿੱਚ ਇਹੀ ਕੀਮਤ 1.71 ਡਾਲਰਾਂ ਦੀ ਹੈ ਜਦੋਂ ਕਿ ਬ੍ਰਿਸਬੇਨ ਅੰਦਰ ਪਟਰੋਲ 1.70 ਡਾਲਰ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ।
ਹੋਬਾਰਟ ਵਿੱਚ ਉਕਤ ਕੀਮਤ 1.89 ਡਾਲਰ, ਡਾਰਵਿਨ ਵਿੱਚ 1.83 ਡਾਲਰ ਅਤੇ ਕੈਨਬਰਾ ਵਿੱਚ ਇਹੀ ਕੀਮਤ 1.84 ਡਾਲਰਾਂ ਦੀ ਹੈ।