ਕੀ ਵਿਗਾੜੇਗਾ ਆਸਟ੍ਰੇਲੀਆ ਅਤੇ ਸੋਲੋਮਨ ਦਾ ਆਪਸੀ ਰਿਸ਼ਤਾ…?
ਰੱਖਿਆ ਮੰਤਰੀ -ਪੀਟਰ ਡਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੀਨ ਨੇ ਆਸਟ੍ਰੇਲੀਆ ਦੇ ਗੁਆਂਢੀ -ਸੋਲੋਮਨ ਟਾਪੂਆਂ ਨਾਲ ਜੋ ਰੱਖਿਆ ਸਮਝੌਤਾ ਕੀਤਾ ਹੈ ਉਹ ਸਾਫ ਦਰਸਾਉਂਦਾ ਹੈ ਕਿ ਚੀਨ ਆਸਟ੍ਰੇਲੀਆ ਦੇ ਗੁਆਂਢ ਵਿੱਚ ਨਵੀਆਂ ਮੁਸੀਬਤਾਂ ਖੜ੍ਹੀਆਂ ਕਰਨਾ ਚਾਹੁੰਦਾ ਹੈ ਅਤੇ ਇਸ ਨਾਲ ਜਿੱਥੇ ਇੰਡੋ-ਪੈਸਿਫਿਕ ਖੇਤਰ ਵਿੱਚਲੀ ਸ਼ਾਂਤੀ ਭੰਗ ਹੋਵੇਗੀ ਉਥੇ ਹੀ ਆਸਟ੍ਰੇਲੀਆ ਅਤੇ ਸੋਲੋਮਨ ਟਾਪੂਆਂ ਨਾਲ ਜੋ ਸਦੀਆਂ ਪੁਰਾਣੇ ਸਾਂਝ ਦੇ ਰਿਸ਼ਤੇ ਹਨ, ਉਨ੍ਹਾਂ ਨੂੰ ਵੀ ਠੇਸ ਲੱਗੇਗੀ ਅਤੇ ਦੋਹਾਂ ਵਿਚਾਲੇ ਖਟਾਸ ਪੈਦਾ ਹੋਵੇਗੀ ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਲਈ ਵੀ ਨਵਾਂ ਖ਼ਤਰਾ ਪੈਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਸੋਲੋਮਨ ਟਾਪੂਆਂ ਦੇ ਪ੍ਰਧਾਨ ਮੰਤਰੀ ਮਾਨਾਸੇਹ ਸੋਗਾਵਾਰੇ ਦੁਆਰਾ ਬੀਤੇ ਕੱਲ੍ਹ ਇਸ ਸਮਝੌਤੇ ਨੂੰ ਜੱਗ ਜਾਹਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਨਾਲ ਦੱਖਣੀ ਪੈਸੀਫਿਕ ਖੇਤਰ ਵਿੱਚ ਚੀਨ ਆਪਣੇ ਸੁਰੱਖਿਆ ਦਸਤਿਆਂ ਦਾ ਤਾਇਨਾਤੀ ਵੀ ਕਰੇਗਾ ਅਤੇ ਸੋਲੋਮਨ ਟਾਪੂਆਂ ਨਾਲ ਚੀਨ ਦੇ -ਪੁਲਿਸ, ਸੁਰੱਖਿਆ ਦਸਤੇ, ਅਤੇ ਇਨ੍ਹਾਂ ਦੀ ਸਾਂਝੀ ਸਿਖਲਾਈ ਆਦਿ ਦੇ ਭਵਿੱਖ ਦੇ ਪ੍ਰੋਗਰਾਮ ਵੀ ਹਨ।
ਆਸਟ੍ਰੇਲੀਆਈ ਸੁਰੱਖਿਆ ਦਸਤਿਆਂ ਦੇ ਸਾਂਝੇ ਆਪ੍ਰੇਸ਼ਨਾਂ ਦੇ ਮੁੱਖੀ ਲੈਫਟੀਨੈਂਟ ਜਨਰਲ ਗ੍ਰੈਗ ਬਿਲਟਨ ਨੇ ਇਸ ਬਾਬਤ ਕਿਹਾ ਕਿ ਇਸ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਨਾਲ ਨਾਲ ਅਮਰੀਕਾ ਤੱਕ ਵੀ ਪ੍ਰਭਾਵ ਪਵੇਗਾ ਅਤੇ ਹਾਲ ਦੀ ਘੜੀ ਚੱਲ ਰਹੀ ਸਮੁੱਚੀ ਸੁਰੱਖਿਆ ਨੂੰ ਹੀ ਬਦਲਣਾ ਪਵੇਗਾ।