
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਵੱਲੋਂ ਆਸਟ੍ਰੇਲੀਆਈ ਫੈਡਰਲ ਸਰਕਾਰ ਦੇ ਉਸ ਫੈਸਲੇ ਜਿਸ ਵਿੱਚ ਕਿ ਇੱਕ ਨਾਬਾਲਿਗ ਨੂੰ ਡੀਪੋਰਟ ਕਰਕੇ ਨਿਊਜ਼ੀਲੈਂਡ ਵਾਪਿਸ ਭੇਜਿਆ ਗਿਆ ਹੈ, ਦੀ ਭਰਪੂਰ ਸ਼ਬਦਾਂ ਨਾਲ ਪੈਰਵੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸਰਕਾਰ ਦਾ ਉਕਤ ਫੈਸਲਾ ਹਰ ਪੱਖੋਂ ਠੀਕ ਹੈ ਅਤੇ ਇਸ ਵਿੱਚ ਕੋਈ ਵੀ ਖਾਮੀ ਨਹੀਂ ਹੈ।
ਪੀਟਰ ਡਟਨ ਦਾ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਨਿਊਜ਼ੀਲੈਂਡ ਦੇ ਰਾਜਨੀਤਿਕਾਂ ਨੇ ਉਥੋਂ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਮੇਤ ਇਸ ਗੱਲ ਦੀ ਨਿੰਦਾ ਕੀਤੀ ਸੀ ਕਿ ਇੱਕ 15 ਸਾਲਾਂ ਦੇ ਬੱਚੇ ਨੂੰ ਆਸਟ੍ਰੇਲੀਆਈ ਸਰਕਾਰ ਨੇ ਡੀਪੋਰਟ ਕਰਕੇ ਦੇਸ਼ ਵਿੱਚੋਂ ਕੱਢ ਦਿੱਤਾ ਹੈ ਅਤੇ ਵਾਪਿਸ ਨਿਊਜ਼ੀਲੈਂਡ ਭੇਜ ਦਿੱਤਾ ਹੈ ਅਤੇ ਇਸ ਵਾਕਿਆ ਬਾਬਤ ਨਿਊਜ਼ੀਲੈਂਡ ਦੇ ਹਰ ਰਾਜਨੀਤਿਕ ਵੱਲੋਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਹੋਰ ਮੰਤਰੀਆਂ ਜਿਨ੍ਹਾਂ ਵਿੱਚ ਕਿ ਪੀਟਰ ਡਟਨ ਵੀ ਸ਼ਾਮਿਲ ਹਨ, ਬਾਰੇ ਨਿੰਦਾ ਦੇ ਪ੍ਰਸਤਾਵ ਰੱਖੇ ਗਏ ਸਨ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਅਸੂਲ ਹੈ ਅਤੇ ਆਪਣੇ ਦੇਸ਼ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਦੇਸ਼ ਦੇ ਹਿਤ ਲਈ ਜੋ ਵੀ ਵਾਜਿਬ ਹੋਵੇਗਾ ਉਹ ਕਰਨਗੇ -ਭਾਵੇਂ ਸੰਸਾਰ ਵਿੱਚ ਹਰ ਕੋਈ ਉਨ੍ਹਾਂ ਦੀ ਨਿੰਦਾ ਕਰਦਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਕਾਨੂੰਨ ਹੈ ਕਿ ਜੇਕਰ ਕੋਈ ਬਾਹਰੀ ਦੇਸ਼ ਦਾ ਬਾਸ਼ਿੰਦਾ ਸਾਡੇ ਦੇਸ਼ ਅੰਦਰ ਆ ਕੇ ਜੁਰਮ ਕਰਦਾ ਹੈ ਅਤੇ 12 ਮਹੀਨੇ ਦੀ ਸਜ਼ਾ ਭੁਗਤਦਾ ਹੈ ਤਾਂ ਫੇਰ ਉਸਨੂੰ ਡੀਪੋਰਟ ਕਰਕੇ ਵਾਪਿਸ ਉਸ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਇਹ ਹਰ ਇੱਕ ਅਜਿਹੇ ਕਾਰਕੁਨ ਨਾਲ ਹੁੰਦਾ ਹੈ ਜੋ ਕਿ ਜੁਰਮ ਦੀ ਦੁਨੀਆਂ ਵਿੱਚ ਪੈਰ ਧਰ ਚੁਕਿਆ ਹੁੰਦਾ ਹੈ ਅਤੇ ਅਜਿਹੇ ਜੁਰਮ ਕਰਨ ਵਾਲਿਆਂ ਲਈ ਆਸਟ੍ਰੇਲੀਆ ਅੰਦਰ ਕੋਈ ਵੀ ਥਾਂ ਨਹੀਂ ਹੈ ਅਤੇ ਇਸ ਵਾਸਤੇ ਉਮਰ ਦੀ ਵੀ ਕੋਈ ਬੰਦਿਸ਼ ਜਾਂ ਛੋਟ ਨਹੀਂ ਹੈ ਅਤੇ ਜੁਰਮ ਕਰਨ ਵਾਲਾ ਭਾਵੇਂ 15 ਸਾਲਾਂ ਦਾ ਹੋਵੇ ਅਤੇ ਜਾਂ ਫੇਰ 40ਆਂ ਦਾ ਅਤੇ 50ਵਿਆਂ ਜਾਂ 60ਵਿਆਂ ਦਾ…. ਹਰ ਕਿਸੇ ਉਪਰ ਇਹੋ ਨਿਯਮ ਲਾਗੂ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਉਕਤ 15 ਸਾਲਾਂ ਦੇ ਬੱਚੇ ਨੂੰ ਵੀ ਅਜਿਹੇ ਹੀ ਜੁਰਮ ਦੀ ਸਜਾ ਭੁਗਤਣ ਪਿੱਛੋਂ ਇਸੇ ਮਹੀਨੇ ਦੇ ਸ਼ੁਰੂ ਵਿੱਚ ਡੀਪੋਰਟ ਕਰਕੇ ਨਿਊਜ਼ੀਲੈਂਡ ਭੇਜਿਆ ਗਿਆ ਸੀ ਪਰੰਤੂ ਉਥੇ ਦੇ ਪ੍ਰਧਾਨ ਮੰਤਰੀ ਸਮੇਤ ਕਾਨੂੰਨੀ ਮਾਹਿਰਾਂ, ਬੱਚਿਆਂ ਦੇ ਕਮਿਸ਼ਨਰ, ਜੱਜ ਅਤੇ ਹੋਰ ਬਹੁਤ ਸਾਰੇ ਰਾਜਨੀਤਿਕਾਂ ਨੇ ਇਸ ਗੱਲ ਲਈ ਆਸਟ੍ਰੇਲੀਆ ਸਰਕਾਰ ਦੀ ਨਿੰਦਾ ਕੀਤੀ ਸੀ ਅਤੇ ਆਪਣੇ ਫੈਸਲੇ ਨੂੰ ਮੁੜ ਤੋਂ ਵਾਚਣ ਲਈ ਅਪੀਲ ਵੀ ਕੀਤੀ ਸੀ।