ਪਰਥ ਵਿਚਲੇ ਰਿਹਾਇਸ਼ੀਆਂ ਨੂੰ ਕੋਵਿਡ-19 ਦੀਆਂ ਪਾਬੰਧੀਆਂ ਵਿੱਚ ਵਾਧੇ ਲਈ ਤਿਆਰ ਰਹਿਣ ਦੀ ਤਾਕੀਦ -ਅੱਜ ਰਾਤ ਨੂੰ ਖੁਲ੍ਹਣਾ ਲਾਕਡਾਊਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆਈ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਅਪੀਲ ਅਤੇ ਤਾਕੀਦ ਕਰਦਿਆਂ ਕਿਹਾ ਹੈ ਬੇਸ਼ੱਕ ਅੱਜ ਰਾਤ ਨੂੰ ਲਾਕਡਾਊਨ ਖੁਲ੍ਹਣ ਦੀਆਂ ਕਵਾਇਦਾਂ ਜਾਰੀ ਹਨ ਪਰੰਤੂ ਪਰਥ ਦੇ ਲੋਕਾਂ ਨੂੰ ਅਗਲੀਆਂ ਹਦਾਇਤਾਂ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਜਿਸ ਵਿੱਚ ਕਿ ਕੋਵਿਡ-19 ਕਾਰਨ ਲੱਗੀਆਂ ਪਾਬੰਧੀਆਂ ਨੂੰ ਵਧਾਇਆ ਜਾ ਸਕਦਾ ਹੈ ਅਤੇ ਇਹ ਪਾਬੰਧੀਆਂ ਪਰਥ ਅਤੇ ਨਾਲ ਲਗਦੇ ਪੀਲ ਰਿਜਨ ਵਿੱਚ ਜਾਰੀ ਹੋ ਸਕਦੀਆਂ ਹਨ -ਜਿਨ੍ਹਾਂ ਉਪਰ ਕਿ ਸਿਹਤ ਅਧਿਕਾਰੀ ਪੂਰਾ ਕੰਮ ਕਰ ਰਹੇ ਹਨ।
ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਬੀਤੇ ਸ਼ਨਿਚਰਵਾਰ ਅਤੇ ਐਤਵਾਰ ਤੱਕ ਜਿਹੜੇ 12,000 ਤੋਂ ਵੱਧ ਕਰੋਨਾ ਟੈਸਟ ਕੀਤੇ ਗਏ ਹਨ, ਉਹ ਅਤੇ ਸਿਹਤ ਅਧਿਕਾਰੀ ਉਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੀ ਕੋਈ ਨਤੀਜੇ ਉਪਰ ਪਹੁੰਚਣਗੇ ਅਤੇ ਅੱਜ ਸ਼ਾਮ ਤੱਕ ਨਵੇਂ ਐਲਾਨ ਕੀਤੇ ਜਾ ਸਕਦੇ ਹਨ।
ਬੀਤੇ ਕੱਲ੍ਹ, ਐਤਵਾਰ ਨੂੰ ਰਾਜ ਅੰਦਰ ਹੋਟਲ ਕੁਆਰਨਟੀਨ ਵਿੱਚ ਕਰੋਨਾ ਦੇ 2 ਮਾਮਲਿਆਂ ਦਾ ਇਜ਼ਾਫਾ ਹੋਇਆ ਹੈ ਅਤੇ ਇਹ ਲੋਕ ਬਾਹਰੀ ਦੇਸ਼ਾਂ ਤੋਂ ਪਰਤੇ ਹਨ ਪਰੰਤੂ ਸਥਾਨਕ ਟ੍ਰਾਂਸਮਿਸ਼ਨ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ।
ਬੀਤੇ ਸ਼ਨਿਚਰਵਾਰ ਨੂੰ ਇੱਕ 40 ਸਾਲਾਂ ਦੇ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਹੋਣ ਦੀ ਰਿਪੋਰਟ ਆਈ ਸੀ ਅਤੇ ਉਕਤ ਵਿਅਕਤੀ ਨੇ ਇੱਕ ਰੈਸਟੌਰੈਂਟ ਵਿੱਚ ਦੋ ਅਜਿਹੇ ਵਿਅਕਤੀਆਂ ਨਾਲ ਖਾਣਾ ਖਾਧਾ ਸੀ ਜੋ ਕਿ ਕਰੋਨਾ ਪਾਜ਼ਿਟਿਵ ਸਨ ਅਤੇ ਇੱਥੋਂ ਹੀ ਉਸਨੂੰ ਵੀ ਇਨਫੈਕਸ਼ਨ ਹੋ ਗਿਆ ਪਰੰਤੂ ਪੜਤਾਲ ਵਿੱਚ ਇਹ ਵੀ ਪਾਇਆ ਗਿਆ ਕਿ ਉਸਦੇ ਘਰ ਦੇ ਕਿਸੇ ਹੋਰ ਮੈਂਬਰ ਨੂੰ ਇਨਫੈਕਸ਼ਨ ਨਹੀਂ ਹੋਇਆ।
ਇਸ ਦੌਰਾਨ ਸ੍ਰੀ ਮੈਕਗੋਵਨ ਅਤੇ ਫੈਡਰਲ ਸਰਕਾਰ ਵਿਚਾਲੇ ਜ਼ੁਬਾਨੀ ਤਕਰਾਰ ਜਾਰੀ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਕੈਨਬਰਾ ਦੇ ਏਅਰ ਬੇਸ ਅਤੇ ਕ੍ਰਿਸਮਿਸ ਆਈਲੈਂਡ ਵਿਚਲੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇ ਅਤੇ ਹੋਟਲ ਕੁਆਰਨਟੀਨ ਜਿਹੀਆਂ ਸਕੀਮਾਂ ਨੂੰ ਕਾਮਨਵੈਲਥ ਆਪਣੇ ਹੱਥਾਂ ਵਿੱਚ ਲਵੇ ਪਰੰਤੂ ਰੱਖਿਆ ਮੰਤਰੀ ਪੀਟਰ ਡਟਨ ਦਾ ਕਹਿਣਾ ਹੈ ਕਿ ਹਰ ਤਰਫ ਆਵਾਜਾਈ ਸ਼ੁਰੂ ਕਰਨੀ ਹਾਲੇ ਵਾਜਿਬ ਨਹੀਂ ਅਤੇ ਕੁਆਰਨਟੀਨ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਨੇ ਪਹਿਲਾਂ ਹੀ ਇਹ ਗੱਲ ਮੰਨ ਲਈ ਸੀ ਕਿ ਹੋਟਲ ਕੁਆਰਨਟੀਨ ਸਕੀਮਾਂ ਨੂੰ ਉਹ ਆਪਣੇ ਹੱਥਾਂ ਵਿੱਚ ਹੀ ਰੱਖਣਗੇ ਅਤੇ ਇਸ ਵਿੱਚ ਹੁਣ ਕੋਈ ਫੇਰ ਬਦਲ ਨਹੀਂ ਹੋ ਸਕਦੀ।

Install Punjabi Akhbar App

Install
×