ਪਰਥ ਹਸਪਤਾਲ ਅੰਦਰ 7 ਸਾਲ ਦੀ ਮਾਸੂਮ ਦੀ ਗਈ ਜਾਨ -ਡਾਕਟਰਾਂ ਉਪਰ ਅਣਗਹਿਲੀ ਅਤੇ ਰੰਗ-ਭੇਦ ਦਾ ਇਲਜ਼ਾਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਿੱਛਲੇ ਹਫ਼ਤੇ, ਸ਼ਨਿਚਰਵਾਰ ਨੂੰ ਹੀ, ਪਰਥ ਦੇ ਬੱਚਿਆਂ ਦੇ ਹਸਪਤਾਲ ਅੰਦਰ ਇੱਕ 7 ਸਾਲਾਂ ਦੀ ਮਾਸੂਮ ਬੱਚੀ -ਐਸਵਾਰਿਆ ਆਸਵਥ, ਇਸ ਫਾਨੀ ਸੰਸਾਰ ਤੋਂ ਸਦਾ ਲਈ ਚਲੀ ਗਈ ਪਰੰਤੂ ਮਾਪਿਆਂ ਦਾ ਇਲਜ਼ਾਮ ਹੈ ਕਿ ਉਹ ਡਾਕਟਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਗਈ ਜਿਨ੍ਹਾਂ ਨੇ ਰੰਗ-ਭੇਦ, ਨਸਲਵਾਦ ਕਾਰਨ ਉਸਨੂੰ ਸਹੀ ਸਮੇਂ ਉਪਰ ਚੈਕਅਪ ਨਹੀਂ ਕੀਤਾ ਅਤੇ 2 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹ ਮਾਸੂਮ ਦਮ ਤੋੜ ਗਈ। ਬੇਸ਼ੱਕ ਪ੍ਰਸ਼ਾਸਨ ਨੇ ਇਨ੍ਹਾਂ ਗੰਭੀਰ ਇਲਜ਼ਾਮਾਂ ਕਾਰਨ ਡਾਕਟਰਾਂ ਖ਼ਿਲਾਫ਼ ਪੜਤਾਲ ਦਾ ਘੇਰਾ ਬੰਨ੍ਹ ਦਿੱਤਾ ਹੈ ਪਰੰਤੂ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਨਾਲ ਕੀ ਵਿਛੜੀ ਜ਼ਿੰਦਗੀ ਨੂੰ ਮੁੜ ਤੋਂ ਮੋੜਿਆ ਜਾ ਸਕਦਾ ਹੈ ਅਤੇ ਜੇਕਰ ਆਸਟ੍ਰੇਲੀਆ ਵਰਗੇ ਮੁਲਕ ਅੰਦਰ, ਮੈਡੀਕਲ ਅਧਿਕਾਰੀਆਂ ਵਿੱਚ ਆਹ ਚਲਨ ਹੈ, ਤਾਂ ਫੇਰ ਤਾਂ ਬਸ ਰੱਬ ਹੀ ਰਾਖਾ ਹੈ…..।
ਪੱਛਮੀ ਆਸਟ੍ਰੇਲੀਆ ਬੱਚਿਆਂ ਦੀ ਸਿਹਤ ਸੇਵਾਵਾਂ ਸਬੰਧੀ ਵਿਭਾਗ (WA Child and Adolescent Health Services (CAHS)) ਦੇ ਮੁੱਖੀ ਡਾ. ਸਾਈਮਨ ਵੂਡ ਅਧੀਨ, ਹੁਣ ਸਾਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸਲ ਹਾਲਾਤ ਕੀ ਰਹੇ ਜਿਸ ਨਾਲ ਕਿ ਇੱਕ ਮਾਸੂਮ ਦੀ ਜਾਨ, ਸੰਸਾਰ ਪ੍ਰਸਿੱਧ ਹਸਪਤਾਲ ਅੰਦਰ ਵੀ ਬਚਾਈ ਨਾ ਜਾ ਸਕੀ।
ਬੱਚੀ ਦੇ ਮਾਪੇ -ਆਸਵਥ ਅਤੇ ਪ੍ਰਾਸੀਥਾ ਸਸੀਧਰਨ ਅਨੁਸਾਰ, ਉਹ ਵਾਰ ਵਾਰ ਡਾਕਟਰਾਂ ਅੱਗੇ ਗੁਹਾਰ ਲਗਾਉਂਦੇ ਰਹੇ ਕਿ ਬੱਚੀ ਦੀ ਹਾਲਤ ਵਿਗੜਦੀ ਜਾ ਰਹੀ ਹੈ ਪਰੰਤੂ ਕਿਸੇ ਨੇ ਵੀ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਾਲ ਦਿੱਤਾ ਅਤੇ ਜਦੋਂ ਡਾਕਟਰਾਂ ਨੇ ਉਸਦਾ ਚੈਕਅੱਪ ਸ਼ੁਰੂ ਕੀਤਾ ਤਾਂ 15 ਮਿਨਟਾਂ ਵਿੱਚ ਉਨ੍ਹਾਂ ਦੀ ਬੱਚੀ, ਸਾਰਿਆਂ ਨੂੰ ਅਲਵਿਦਾ ਆਖ ਗਈ।
ਪੜਤਾਲ ਲਈ 28 ਦਿਨ ਮੁਕੱਰਰ ਕੀਤੇ ਗਏ ਹਨ ਅਤੇ ਮੌਜੂਦਾ ਕਮੇਟੀ ਇਸ ਸਮੇਂ ਵਿੱਚ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।
ਪ੍ਰੀਮੀਅਰ ਮਾਰਕ ਮੈਕਗੋਵਨ ਅਤੇ ਸਿਹਤ ਮੰਤਰੀ ਰੋਜ਼ਰ ਕੂਕ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਨਾਲ ਹਮਦਰਦੀ ਰੱਖਦੇ ਹਨ ਪਰੰਤੂ, ਸਿਹਤ ਅਧਿਕਾਰੀਆਂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਪੜਤਾਲੀਆ ਕਮੇਟੀ ਸਭ ਤੱਥਾਂ ਨੂੰ ਸਾਹਮਣੇ ਲੈ ਕੇ ਆਵੇਗੀ ਅਤੇ ਸਾਨੂੰ ਉਸਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

Install Punjabi Akhbar App

Install
×