ਪਰਥ ਬੁਸ਼ਫਾਇਰ -ਅੱਗ ਨਾਲ 81 ਘਰਾਂ ਦੀ ਤਬਾਹੀ

ਅਧਿਕਾਰੀ ਦਿਨ ਰਾਤ ਲੱਗੇ ਅੱਗ ਬੁਝਾਉਣ ਦੀ ਕਾਰਵਾਈ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਭਰੇ ਮਨ ਨਾਲ ਸੂਚਨਾ ਸਾਂਝੀ ਕਰਦਿਆਂ ਦੱਸਿਆ ਹੈ ਕਿ ਪਰਥ ਹਿਲਜ਼ ਵਿੱਚ ਲੱਗੀ ਜੰਗਲੀ ਅੱਗ ਕਾਰਨ ਹੁਣ ਤੱਕ 81 ਘਰ ਸੜ੍ਹ ਕੇ ਸੁਆਹ ਹੋ ਚੁਕੇ ਹਨ ਅਤੇ ਦਰਜਨਾਂ ਹੀ ਅੱਗ ਬੁਝਾਊ ਕਰਮਚਾਰੀ ਅਤੇ ਸੰਪੂਰਣ ਪ੍ਰਸ਼ਾਸਨ ਇਸ ਬੇਕਾਬੂ ਹੋਈ ਆਫਤਾ ਉਪਰ ਕਾਬੂ ਪਾਉਣ ਵਿੱਚ ਦਿਨ ਰਾਤ ਲੱਗਾ ਹੋਇਆ ਹੈ। ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗ ਦੇ ਸੁਪਰਿਨਟੈਂਡੈਂਟ ਪੀਟਰ ਸਟਨ ਨੇ ਕਿਹਾ ਕਿ ਬੀਤੀ ਰਾਤ ਕਿਸੇ ਘਰ ਦੇ ਅੱਗ ਵਿੱਚ ਸੜ੍ਹਨ ਦੀ ਕੋਈ ਖ਼ਬਰ ਨਹੀਂ ਹੈ ਪਰੰਤੂ ਅੱਗ ਬੁਝਾਊ ਕਰਮਚਾਰੀਆਂ ਵਾਸਤੇ ਤੇਜ਼ ਗਰਮ ਹਵਾ ਹੋਰ ਵੀ ਆਫ਼ਤ ਬਣੀ ਹੋਈ ਹੈ ਅਤੇ ਅੱਗ ਬੁਝਾਉਣ ਦੇ ਕੰਮ ਵਿੱਚ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ। ਜਿਹੜੇ ਲੋਕ ਆਪਣਾ ਘਰ ਅਤੇ ਸਾਮਾਨ ਅੱਗ ਵਿੱਚ ਗਵਾ ਚੁਕੇ ਹਨ, ਪ੍ਰਸ਼ਾਸਨ ਹਾਲ ਦੀ ਘੜੀ ਉਨ੍ਹਾਂ ਨੂੰ ਹੌਂਸਲਾ ਹੀ ਦੇ ਪਾ ਰਿਹਾ ਹੈ। ਪ੍ਰੀਮੀਅਰ ਨੇ ਲੋਕਾਂ ਨੂੰ ਇਸ ਵੇਲੇ ਸਿਰਫ ਅਤੇ ਸਿਰਫ ਆਪਣੀ ਜਾਨ ਬਚਾਉਣ ਦੀ ਹੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਹੋਰ ਹੋਣ ਵਾਲੇ ਨੁਕਸਾਨ ਤੋਂ ਛੇਤੀ ਤੋਂ ਛੇਤੀ ਬਚਿਆ ਜਾ ਸਕੇ ਅਤੇ ਇਸ ਵਾਸਤੇ ਪੂਰਾ ਪ੍ਰਸ਼ਾਸਨ ਅਤੇ ਅੱਗ ਬੁਝਾਊ ਕਰਮਚਾਰੀ ਦਿਨ ਰਾਤ ਲੱਗੇ ਹੋਏ ਹਨ। ਸ਼ੈਡੀ ਹਿਲਜ਼ ਵਿਊ, ਪੂਰਬੀ ਬੁਲਜ਼ਬਰੂਕ ਅਤੇ ਉਤਰੀ ਗਿਡਜੇਗੈਨਪ ਵਿਖੇ ਆਪਾਤਕਾਲੀਨ ਸੂਚਨਾਵਾਂ ਜਾਰੀ ਹਨ ਪਰੰਤੂ ਇਸ ਖੇਤਰ ਦੇ ਆਲ਼ੇ-ਦਆਲ਼ੇ ਹੁਣ ਇੰਨੀ ਕੁ ਅੱਗ ਫੈਲ ਚੁਕੀ ਹੈ ਕਿ ਹੁਣ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਘਰਾਂ ਦੇ ਅੰਦਰ ਹੀ ਅੱਗ ਤੋਂ ਸੁਰੱਖਿਅਤ ਥਾਵਾਂ ਉਪਰ ਜਾ ਕੇ ਆਪਣੇ ਆਪ ਨੂੰ ਅੱਗ ਤੋਂ ਬਚਾਉਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਜਾਣਕਾਰੀ ਮੁਤਾਬਿਕ ਹੁਣ ਹਫ਼ਤੇ ਦੇ ਆਖੀਰ ਵਿੱਚ ਬਾਰਿਸ਼ ਦੇ ਆਸਾਰ ਹਨ ਅਤੇ ਇਸ ਨਾਲ ਇਸ ਬੁਸ਼ਫਾਇਰ ਉਪਰ ਕਾਬੂ ਪੈਣ ਦੀ ਪੂਰਨ ਆਸ ਕੀਤੀ ਜਾ ਸਕਦੀ ਹੈ।

Install Punjabi Akhbar App

Install
×