ਆਪਸੀ ਖਿੱਚੋਤਾਣ ਵਿੱਚ ਖੁੰਝੇ ਸਰਕਾਰ ਨੂੰ ਸੁਆਲ ਕਰਨ ਅਤੇ ਚੁਣੌਤੀ ਦੇਣ ਦੇ ਮੌਕੇ

ਸੁਆਲਾਂ ਅਤੇ ਚੁਣੌਤੀਆਂ ਦੇ ਉੱਠਦੇ ਰਹਿਣ ਨਾਲ ਘੋਲ਼ਾਂ, ਸੰਘਰਸ਼ਾਂ ਅਤੇ ਅੰਦੋਲਨਾਂ ਨਾਲ ਸਬੰਧਤ ਧਿਰਾਂ ਦੀਆਂ ਕਿਰਿਆਵਾਂ ਤੇ ਪ੍ਰਤੀ-ਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ ਜਿਹਨਾਂ ਨਾਲ ਪਿੜ ਵਿੱਚ ਤੀਬਰਤਾ ਬਣੀ ਰਹਿੰਦੀ ਹੈ । ਜਿਸ ਤਰ੍ਹਾਂ ਸਮੁੱਚੇ ਤੌਰ ਤੇ ਖੇਤੀ ਦੀ ਗੱਲ ਕਰਦਿਆਂ ਇਸਨੂੰ ਕੇਵਲ ਫਸਲਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ ਬਲਕਿ ਖੇਤੀ ਨਾਲ ਜੁੜੇ ਹਰ ਮਸਲੇ ਨੂੰ ਇਸ ਦਾ ਹਿੱਸਾ ਮੰਨਿਆ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਕਿਸਾਨ ਅੰਦੋਲਨ ਦੀ ਪੂਰਨ ਤੌਰ ਤੇ ਗੱਲ ਕਰਦਿਆਂ ਇਸਨੂੰ ਕੇਵਲ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੀਮਤ ਕਰਕੇ ਨਹੀਂ ਸੰਕੋਚਿਆ ਜਾ ਸਕਦਾ ਬਲਕਿ ਇਸ ਅੰਦੋਲਨ ਨਾਲ ਜੁੜੇ ਅਤੇ ਇਸ ਵਿੱਚੋਂ ਉਪਜੇ ਹਰ ਮੁੱਦੇ ਨੂੰ ਵਾਚਿਆ ਜਾਣਾ ਜਰੂਰੀ ਹੈ । ਇਹ ਠੀਕ ਹੈ ਕਿ ਅੰਦੋਲਨ ਖੇਤੀ ਸਬੰਧੀ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮਕਸਦ ਲੈ ਕੇ ਆਰੰਭ ਕੀਤਾ ਗਿਆ ਅਤੇ ਇਸ ਅੰਦੋਲਨ ਦਾ ਮੁੱਖ ਮਕਸਦ ਵੀ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣਾ ਹੀ ਹੋਣਾ ਚਾਹੀਦਾ ਹੈ । ਜਦੋਂ ਕਿਤੇ ਇਹਨਾਂ ਕਾਨੂੰਨਾਂ ਦੀ ਗੱਲ ਹੁੰਦੀ ਹੈ ਜਾਂ ਇਹਨਾਂ ਬਾਰੇ ਬਹਿਸ ਹੁੰਦੀ ਹੈ ਤਾਂ ਅਸੀਂ ਇਹਨਾਂ ਦੇ ਰਾਜਾਂ ਦੇ ਅਧਿਕਾਰ ਉਲੰਘ ਕੇ ਬਣਾਏ ਹੋਣ ਨੂੰ ਵੀ ਮੁੱਖ ਦਲੀਲ ਬਣਾਉਂਦੇ ਹਾਂ, ਇਸੇ ਤਰ੍ਹਾਂ ਕਿਸਾਨ ਅੰਦੇਲਨ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਇਸ ਦੀ ਸਰਕਾਰ ਤੱਕ ਪਹੁੰਚ, ਸਰਕਾਰ ਤੇ ਪੈ ਰਿਹਾ ਪ੍ਰਭਾਵ ਅਤੇ ਸਰਕਾਰ ਦੇ ਰਵੱਈਏ ਨੂੰ ਵੱਖ ਨਹੀਂ ਰੱਖਿਆ ਜਾ ਸਕਦਾ ।ਪਿਛਲੇ ਕਈ ਮਹੀਨਿਆਂ ਤੋਂ ਦਿੱਲ਼ੀ ਦੀਆਂ ਹੱਦਾਂ ਤੇ ਸਾਰੇ ਦੇਸ਼ ਦੇ ਕਿਸਾਨਾਂ ਵਲੋਂ ਬਹੁਤ ਸਾਰੇ ਹੋਰ ਵਰਗਾਂ ਦੀ ਹਮਾਇਤ ਨਾਲ ਚੱਲ ਰਹੇ ਅੰਦੋਲਨ ਦੇ ਘਟਨਾਕ੍ਰਮ ਦੌਰਾਨ ਸਰਕਾਰ ਨੂੰ ਠਿੱਬੀ ਲਾਉਣ ਦੇ ਬਹੁਤ ਮੌਕੇ ਮਿਲੇ ਪਰ ਕਿਸਾਨ ਅਗਵਾਈ ਦੀ ਆਪਸੀ ਖਿੱਚੋਤਾਣ ਕਾਰਨ ਖੁੰਝ ਗਏ ਜਦਕਿ ਸੰਘਰਸ਼ ਦੇ ਵਰਤਾਰੇ ਵਿੱਚੋਂ ਬਹੁਤ ਸਾਰੇ ਵਜ਼ਨਦਾਰ ਅਤੇ ਤਰਕਸੰਗਤ ਸੁਆਲ ਸਿਰਜੇ ਜਾ ਸਕਦੇ ਸਨ ਜਿਨ੍ਹਾਂ ਨਾਲ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ ਜਾ ਸਕਦੀ ਸੀ ਪਰ ਕਿਸਾਨ ਤਰਜਮਾਨੀ ਕਰਦੀਆਂ ਧਿਰਾਂ ਵਿੱਚ ਆਪਸੀ ਇੱਕਸੁਰਤਾ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਿਆ । ਇਸ ਸੰਘਰਸ਼ ਦੌਰਾਨ, ਸੰਘਰਸ਼ ਰਾਹੀਂ ਤੇ ਸੰਘਰਸ਼ ਦੁਆਰਾ ਪੈਦਾ ਹੋਏ ਹਾਲਾਤ ਤੇ ਮਸਲਿਆਂ ਦੇ ਕਾਰਨਾਂ ਤੇ ਸਿੱਟਿਆਂ ਨੂੰ ਵਿਚਾਰਦਿਆਂ ਜਾਂ ਸ੍ਵੈ-ਪੜਚੋਲ ਕਰਦਿਆਂ ਜਿੱਥੇ ਸੁਧਾਰ ਕਰਨੇ ਜਰੂਰੀ ਹਨ, ਉੱਥੇ ਕੁਤਾਹੀ, ਵਧੀਕੀ ਜਾਂ ਗਲ੍ਹਤ ਨੀਤੀ ਲਈ ਸਰਕਾਰ ਨਾਲ ਨਜਿੱਠਣਾ ਵੀ ਸੰਘਰਸ਼ ਦਾ ਹੀ ਹਿੱਸਾ ਹੁੰਦਾ ਹੈ । ਜੇਕਰ ਅਸੀਂ ਸਰਕਾਰ ਦੇ ਕੂਟਨੀਤਿਕ, ਦਮਨਕਾਰੀ, ਗੁੰਮਰਾਹਕੁੰਨ ਜਾਂ ਅਣ-ਅਧਿਕਾਰਕ ਕੰਮਾਂ ਨੂੰ ਨਹੀਂ ਉਭਾਰਦੇ ਅਤੇ ਸੁਆਲ ਖੜ੍ਹੇ ਨਹੀਂ ਕਰਦੇ ਤਾਂ ਸਰਕਾਰ ਦਾ ਭਾਰੂ ਪੈ ਜਾਣਾ ਕੁਦਰਤੀ ਹੈ । ਘੋਲ਼ ਦੀ ਸਫ਼ਲਤਾ ਲਈ ਮੁੱਖ ਟੀਚੇ ਦੇ ਨਾਲ-ਨਾਲ ਸਰਕਾਰ ਦੇ ਗਲ੍ਹਤ ਰਵੱਈਏ ਅਤੇ ਨਜਾਇਜ ਧੱਕੇਸ਼ਾਹੀ ਨੂੰ ਚੁਣੌਤੀ ਦੇ ਕੇ ਰੱਖਣਾ ਵੀ ਘੋਲ਼ ਦਾ ਹਿੱਸਾ ਹੀ ਹੁੰਦਾ ਹੈ ।

ਸਭ ਤੋਂ ਪਹਿਲਾਂ ਤਾਂ ਅਸੀਂ ਸਰਕਾਰ ਦੇ ਅਨੇਕਾਂ ਮੀਟਿੰਗਾਂ ਵਿੱਚ ਬਹਿਸ ਦੌਰਾਨ ਅਤੇ ਦਲੀਲ਼ਾਂ ਦੀ ਜੰਗ ਵਿੱਚ ਤਰਕ ਹੀਣ ਹੋ ਕੇ ਬੁਰੀ ਤਰ੍ਹਾਂ ਹਾਰ ਜਾਣ ਤੇ ਵੀ ਸਰਕਾਰ ਦੀ ਇਸ ਵੱਡੀ ਅਸਫ਼ਲਤਾ ਨੂੰ ਦੇਸ਼ ਵਿੱਚ ਅਤੇ ਵਿਸ਼ਵ ਪੱਧਰ ਤੇ ਓਨਾ ਨਹੀਂ ਉਭਾਰ ਸਕੇ ਜਿੰਨਾ ਉਭਾਰਨਾ ਚਾਹੀਦਾ ਸੀ । ਆਪਣੀਆਂ ਖੋਜੀ ਦਲੀਲਾਂ ਨਾਲ ਸਰਕਾਰ ਨੂੰ ਝੁਕਾਅ ਲੈਣ ਤੋਂ ਬਾਦ ਸ੍ਵੈ-ਸਿਫ਼ਤੀ, ਨਿੱਜ ਨੂੰ ਚਮਕਾਉਣ ਅਤੇ ਦਮਗਜ਼ਿਆਂ ਦਾ ਰਸਤਾ ਅਪਨਾਉਣ ਦੀ ਥਾਂ ਜੇਕਰ ਸਰਕਾਰ ਨੂੰ ਝੁਕਾਈ ਰੱਖਣ ਲਈ ਨਵੇਂ-ਨਵੇਂ ਪੈਂਤੜਿਆਂ ਨੂੰ ਅਪਨਾਉਣ ਤੇ ਜੋਰ ਦਿੱਤਾ ਹੁੰਦਾ ਤਾਂ ਅੱਜ ਅੰਦੋਲਨ, ਮੋਰਚਿਆਂ ਅਤੇ ਕਿਸਾਨ ਆਗੂਆਂ ਦਾ ਰੋਅਬ ਕੁੱਝ ਹੋਰ ਹੋਣਾ ਸੀ । ਦਿੱਲੀ ਦੀਆਂ ਹੱਦਾਂ ਉੱਪਰ ਮੋਰਚਿਆਂ ਤੇ ਡੱਟ ਜਾਣ ਦੇ ਜੋਸ਼ ਵਿੱਚ ਅਸੀਂ ਕੂਚ ਦੇ ਰਸਤੇ ਵਿੱਚ ਹਰਿਆਣਾ ਅਤੇ ਕੇਂਦਰ ਸਰਕਾਰ ਵਲੋਂ ਰਲ ਕੇ ਲੋਕ ਹਿਤਾਂ ਦੇ ਉਲਟ, ਸਰਕਾਰੀ ਸੰਪੱਤੀ ਨੂੰ ਨੁਕਸਾਨ ਕਰਕੇ ਅਤੇ ਗੈਰ-ਕਾਨੂੰਨੀ ਢੰਗ ਨਾਲ ਪਾਈਆਂ ਗਈਆਂ ਰੁਕਾਵਟਾਂ ਦੌਰਾਨ ਕੀਤੀ ਗਈ ਸਾਧਨਾਂ ਅਤੇ ਅਧਿਕਾਰਾਂ ਦੀ ਦੁਰਵਰਤੋਂ ਨੂੰ ਅੰਤਰ ਰਾਸ਼ਟਰੀ ਤੌਰਤੇ ਪੂਰੀ ਤਰ੍ਹਾਂ ਉਭਾਰਨ ਅਤੇ ਸਰਕਾਰ ਨੂੰ ਬਣਦੀ ਚੁਣੌਤੀ ਦੇਣ ਤੋਂ ਖੁੰਝ ਗਏ । ਫਿਰ 26 ਜਨਵਰੀ ਦੇ ਦਿੱਲੀ ਵਿੱਚ ਕੱਢੇ ਟਰੈਕਟਰ ਮਾਰਚ ਦੌਰਾਨ ਅਤੇ ਕਿਸਾਨਾਂ ਦੇ ਲਾਲ ਕਿਲ੍ਹੇ ਤੇ ਪਹੁੰਚ ਕੇ ਝੁਲਾਏ ਗਏ ਕੇਸਰੀ ਅਤੇ ਕਿਸਾਨੀ ਦੇ ਝੰਡੇ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਦਮ ਬਹੁਤ ਸਾਰੇ ਸੁਆਲ ਖੜ੍ਹੇ ਹੋਏ ਜੋ ਸਰਕਾਰ ਵਾਸਤੇ ਚੁਣੌਤੀ ਅਤੇ ਗਲ਼ੇ ਦੀ ਫਾਹੀ ਬਣਾਏ ਜਾ ਸਕਦੇ ਸੀ । ਟਰੈਕਟਰ ਮਾਰਚ ਵਾਸਤੇ ਸਰਕਾਰ ਵਲੋਂ ਤੈਅ ਕੀਤੇ ਰੂਟਾਂ ਉੱਪਰ ਖੜ੍ਹੀਆਂ ਕੀਤੀਆਂ ਨਜਾਇਜ਼ ਰੁਕਾਵਟਾਂ ਦਾ ਪ੍ਰੈਸ ਮਿਲਣੀਆਂ ਜਾਂ ਲਾਈਵ ਵੀਡੀਓਜ਼ ਵਿੱਚ ਜਿਕਰ ਤਾਂ ਬਹੁਤ ਹੁੰਦਾ ਰਿਹਾ ਪਰ ਇਸ ਬਾਰੇ ਸਰਕਾਰ ਤੋਂ ਜਵਾਬ ਮੰਗਣ ਲਈ ਕੀਤੀ ਕੋਈ ਵਿਧੀਵਤ ਕੋਸ਼ਿਸ਼ ਨਜ਼ਰ ਨਹੀਂ ਆਈ । ਬਹੁਤ ਸਾਰੇ ਕਿਸਾਨ ਆਗੂ ਅਤੇ ਆਮ ਕਿਸਾਨ ਅਨੇਕ ਵਾਰ ਇਹ ਜਿਕਰ ਕਰਦੇ ਸੁਣੇ ਗਏ ਕਿ ਦਿੱਲੀ ਦੀ ਪੁਲਿਸ ਜਾਣ ਬੁੱਝ ਕੇ ਉਹਨਾਂ ਨੂੰ ਦਿੱਲੀ ਦੇ ਅੰਦਰ ਵੱਲ ਮੋੜ ਰਹੀ ਸੀ ਪਰ ਕਿਸੇ ਨੇ ਵੀ ਬਣਦੇ ਢੰਗ ਨਾਲ ਇਹ ਸੁਆਲ ਪੁਲਿਸ ਅਧਿਕਾਰੀਆਂ ਜਾਂ ਸਰਕਾਰ ਅੱਗੇ ਨਹੀਂ ਰੱਖਿਆ ਕਿ ਇਸ ਵਰਤਾਰੇ ਲਈ ਆਦੇਸ਼ ਕਿਸ ਨੇ ਦਿੱਤੇ ਸਨ । ਦਿੱਲੀ ਵਿੱਚ ਰਸਤਾ ਭਟਕੇ ਆਮ ਕਿਸਾਨਾਂ ਅਤੇ ਨੌਜਵਾਨਾਂ ਨੂੰ ਲਾਲ ਕਿਲ੍ਹੇ ਵੱਲ ਜਾਂਦਿਆਂ ਕਿਸੇ ਨੇ ਨਹੀਂ ਰੋਕਿਆ ਜਦ ਕਿ ਅਸਲ ਰੂਟ ਦੁਆਲੇ ਭਾਰੀ ਫੋਰਸ ਤੈਨਾਤ ਸੀ, ਤੈਅ ਕੀਤੇ ਅਸਲ ਰੂਟ ਤੇ ਜਾਣ ਨਾਲੋਂ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਲਈ ਬਹੁਤ ਘੱਟ ਮੁਸ਼ੱਕਤ ਦੀ ਲੋੜ ਪਈ, ਇਸ ਵਰਤਾਰੇ ਵਿਚੋਂ ਆਉਂਦੀ ਸਾਜਿਸ਼ ਦੀ ਬੋਅ ਵੀ ਅਸੀਂ ਸਰਕਾਰ ਅਤੇ ਵਿਸ਼ਵ ਦੇ ਨੱਕ ਤੱਕ ਸੜਾਂਦ ਬਣਾ ਕੇ ਪਹੁੰਚਾਣ ਤੋਂ ਖੁੰਝ ਗਏ । ਟਰੈਕਟਰ ਮਾਰਚ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਦੀ ਪੋਸਟ-ਮਾਰਟਮ ਰਿਪੋਰਟ ਨੇ ਸਾਫ ਕਰ ਦਿੱਤਾ ਕਿ ਉਸ ਦੀ ਮੌਤ ਗੋਲ਼ੀ ਵੱਜਣ ਨਾਲ ਹੋਈ ਹੈ, ਇਹ ਦੁਖਦਾਈ, ਮੰਦਭਾਗੀ ਅਤੇ ਅਣ-ਮਨੁੱਖੀ ਘਟਨਾਂ ਵੀ ਸਰਕਾਰ ਵਾਸਤੇ ਵੱਡੀ ਵੰਗਾਰ ਬਣਾਈ ਜਾ ਸਕਦੀ ਸੀ ਪਰ ਗੱਲ ਸ਼ਰਧਾਂਜਲੀਆਂ, ਚਰਚਾਵਾਂ ਅਤੇ ਬਿਰਤਾਂਤਾਂ ਤੋਂ ਅੱਗੇ ਨਹੀਂ ਵਧ ਸਕੀ । ਕਿਸਾਨਾਂ ਦੇ ਲਾਲ ਕਿਲ੍ਹੇ ਵਿੱਚ ਜਾਣ ਨੂੰ ਸਰਕਾਰ ਹਿੰਸਾ ਅਤੇ ਦੇਸ਼ ਧਰੋਹੀ ਪਰਚਾਰਦੀ ਰਹੀ ਅਤੇ ਸਾਡੇ ਆਗੂ ਠੀਕ-ਗਲ੍ਹਤ ਦੇ ਭੰਬਲ਼ਭੂਸੇ ਪੈਦਾ ਕਰਨ ਵਿੱਚ ਰੁੱਝ ਗਏ ਅਤੇ ਇਸ ਦਰਮਿਆਨ ਕਿਸਾਨਾਂ ਉੱਪਰ ਹੋਏ ਤਸ਼ੱਦਦ ਅਤੇ ਦਮਨ ਦੇ ਫੱਟ ਇਨਸਾਫ਼ ਦੀ ਮੱਲ੍ਹਮ ਲੈਣ ਤੋਂ ਵਾਂਝੇ ਰਹਿ ਗਏ ਅਤੇ ਸਿਰਫ ਬੇਬਸੀ ਦੇ ਕਿੱਸੇ ਬਣਨ ਲਈ ਮਜ਼ਬੂਰ ਹੋ ਗਏ । ਸੜ੍ਹਕਾਂ ਤੇ ਪੈਦਲ ਜਾ ਰਹੇ ਕਿਸਾਨਾਂ, ਨੌਜਵਾਨਾਂ ਅਤੇ ਬਜੁਰਗਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਹਿਰਾਸਤ ਵਿੱਚ ਲਿਆ ਗਿਆ, ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਮਾਰ-ਕੁੱਟ ਕੀਤੀ ਗਈ ਅਤੇ 80 ਸਾਲ ਤੋਂ ਵੀ ਵਡੇਰੀ ਉਮਰ ਦੇ ਸਾਬਕਾ ਸੈਨਿਕ ਬਜ਼ੁਰਗਾਂ ਦੀ ਬੇਜ਼ਤੀ ਕੀਤੀ ਗਈ, ਇਸ ਸਭ ਬਾਰੇ ਵੀ ਕਿਸਾਨ ਆਗੂ ਸਰਕਾਰ ਅੱਗੇ ਕੋਈ ਸੁਆਲ ਜਾਂ ਚੁਣੌਤੀ ਖੜ੍ਹੀ ਨਹੀਂ ਕਰ ਸਕੇ । ਇਸ ਵਿਰੁੱਧ ਵਾਵੇਲਾ ਤਾਂ ਕੀ ਖੜ੍ਹਾ ਕਰਨਾ ਸੀ ਸਗੋਂ ਇਹਨਾਂ ਬੇਕਸੂਰਾਂ ਦੀ ਰਿਹਾਈ ਲਈ ਵੀ ਕਾਫੀ ਜੱਦੋ ਜਹਿਦ ਕਰਨੀ ਪਈ ਜਦਕਿ ਇਹਨਾਂ ਉੱਪਰ ਜਬਰਦਸਤੀ ਥੋਪੀਆਂ ਗਈਆਂ ਜੁਰਮ ਧਾਰਾਵਾਂ ਬਾਰੇ ਸਰਕਾਰ ਨੂੰ ਘੇਰਿਆ ਜਾਣਾ ਚਾਹੀਦਾ ਸੀ । ਕਿਸਾਨ ਅੰਦੋਲਨ ਨੂੰ ਸਮਰਪਿਤ ਪੱਤਰਕਾਰ ਮਨਦੀਪ ਪੂਨੀਆਂ ਤੇ ਤਸ਼ੱਦਦ ਦਾ ਮਾਮਲਾ ਅਤੇ ਉਸ ਦੁਆਰਾ ਦਲੇਰੀ ਨਾਲ ਤਿਆਰ ਕੀਤੀ ਰਿਪੋਰਟ ਵਿੱਚੋਂ ਸਰਕਾਰ ਵੱਲ ਉੱਠੀ ਉਂਗਲ ਨੂੰ ਮਜਬੂਤ ਬਣਾਉਣ ਲਈ ਵੀ ਕਿਸਾਨ ਆਗੂਆਂ ਦਾ ਕੋਈ ਯਤਨ ਨਜ਼ਰ ਨਹੀਂ ਆਇਆ । ਫਿਰ ਕੁੰਡਲੀ ਕਿਸਾਨ ਮੋਰਚੇ ਉੱਪਰ ਬੈਠੇ ਕਿਸਾਨਾਂ ਉੱਪਰ ਗੁੰਡਿਆਂ ਅਤੇ ਪੁਲਿਸ ਵਲੋਂ ਰਲ ਕੇ ਕੀਤੇ ਹਮਲੇ, ਹਮਲੇ ਵਿੱਚ ਸ਼ਾਮਿਲ ਫੋਟੋਆਂ ਦੇ ਆਧਾਰ ਤੇ ਪਛਾਣੇ ਗਏ ਲੋਕਾਂ ਦੇ ਸਥਾਨਕ ਨਾ ਹੋਣ ਦੇ ਸਬੂਤਾਂ ਅਤੇ ਹਮਲੇ ਵਿੱਚ ਅਗਵਾਈ ਕਰਨ ਵਾਲੇ ਚਿਹਰਿਆਂ ਦੇ ਸਰਕਾਰ ਦੀ ਰਾਜਨੀਤਿਕ ਪਾਰਟੀ ਤੇ ਉਸਦੇ ਸਹਾਇਕ ਵਿੰਗਾਂ ਨਾਲ ਜੁੜਦੇ ਤਾਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਉਛਾਲ਼ ਕੇ ਆਪਣਾ ਪੱਖ ਮਜਬੂਤ ਬਣਾਉਣ ਤੋਂ ਕਿਸਾਨ ਨੇਤਾ ਇੱਕ ਵਾਰ ਫਿਰ ਪਿੱਛੇ ਰਹਿ ਗਏ ਜਦ ਕਿ ਸਰਕਾਰ ਅਜਿਹੇ ਹੀ ਹੱਥ-ਕੰਡੇ ਅਪਣਾ ਕੇ ਕਿਸਾਨਾਂ ਅਤੇ ਮੋਰਚਿਆਂ ਤੇ ਸਿਕੰਜਾ ਕਸਦੀ ਰਹੀ । ਅਜਿਹੇ ਮੁੱਦਿਆਂ ਨੂੰ ਆਧਾਰ ਬਣਾ ਕੇ ਜੇਕਰ ਸਮੇਂ ਸਿਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੁੰਦਾ ਤਾਂ ਮੋਰਚਿਆਂ ਅਤੇ ਘਰਾਂ ਵਿੱਚ ਬੈਠੇ ਸੰਘਰਸ਼ ਨਾਲ ਜੁੜੇ ਬਹੁਤ ਸਾਰੇ ਲੋਕ ਸਰਕਾਰ ਦੇ ਤਸ਼ੱਦਦ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਸ਼ਾਇਦ ਨਾ ਹੁੰਦੇ ।

ਟਰੈਕਟਰ ਮਾਰਚ ਦੀ ਸਰਕਾਰ ਵਲੋਂ ਦਿੱਤੀ ਇਜਾਜ਼ਤ, ਪੁਲਿਸ ਰਾਹੀਂ ਚਲਾਕੀ ਨਾਲ ਤਜ਼ਵੀਜ਼ ਕੀਤੇ ਰੂਟ, ਤੈਅ ਹੋਏ ਰੂਟ ਤੋਂ ਕਿਸਾਨਾਂ ਨੂੰ ਭਟਕਾਉਣ ਅਤੇ ਇਸ ਸਭ ਕਾਸੇ ਪਿੱਛੇ ਛੁਪਾ ਕੇ ਸਰਕਾਰ ਵਲੋਂ ਖੇਡੀ ਗਈ ਚਾਲ ਤੇ ਸਾਜਿਸ਼ ਦਾ ਜੇਕਰ ਸਹੀ ਸਮੇਂ ਸਿਰ ਭਾਂਡਾ ਭੰਨ ਦਿੱਤਾ ਜਾਂਦਾ ਤਾਂ ਸਰਕਾਰ ਦੇ ਦਾਗੀ ਮਨਸੂਬੇ ਅਤੇ ਕਰੂਪ ਚਿਹਰਾ ਛੇਤੀ ਨੰਗਾ ਕੀਤਾ ਜਾ ਸਕਦਾ ਸੀ । ਇਸ ਨਾਲ ਸਰਕਾਰ ਨੂੰ ਹੋਰ ਬੇਰਹਿਮ ਹਰਬੇ ਵਰਤਣ ਦਾ ਹੌਸਲਾ ਨਹੀਂ ਸੀ ਵਧਣਾ । 26 ਜਨਵਰੀ ਦੀ ਸ਼ਾਮ ਜੇ ਕਿਤੇ ਕਿਸਾਨ ਮੋਰਚਿਆਂ ਦੀਆਂ ਸਟੇਜਾਂ ਤੋਂ ਲਾਲ ਕਿਲ੍ਹੇ ਦੀ ਘਟਨਾ ਨੂੰ ਖੁਦ ਹੀ ਨਿੰਦ ਕੇ ਇਸਨੂੰ ਅੰਦੋਲਨ ਦੇ ਮੱਥੇ ਤੇ ਕਲੰਕ ਦੇ ਤੌਰਤੇ ਮੰਨ ਲੈਣ ਵਿੱਚ ਕਾਹਲ਼ੀ ਨਾ ਕੀਤੀ ਗਈ ਹੁੰਦੀ ਬਲਕਿ ਇਸ ਘਟਨਾ, ਵਰਤਾਰੇ ਤੇ ਸਰਕਾਰ ਦੀ ਸਾਜਿਸ਼ੀ ਭੂਮਿਕਾ ਨੂੰ ਕੁੱਝ ਸਮਾਂ ਡੂੰਘਾਈ ਵਿੱਚ ਘੋਖ ਲਿਆ ਜਾਂਦਾ ਅਤੇ ਕੋਈ ਕੂਟਨੀਤਿਕ ਬਿਰਤਾਂਤ ਸਿਰਜ ਕੇ ਆਪਣਾ ਪੱਖ ਮਜ਼ਬੂਤ ਕਰ ਲਿਆ ਜਾਂਦਾ ਤਾਂ ਇਸੇ ਘਟਨਾ ਨੂੰ ਅੰਦੋਲਨ ਦੇ ਸਿਰ ਦਾ ਤਾਜ਼ ਬਣਾਇਆ ਜਾ ਸਕਦਾ ਸੀ ।

ਵਿਸ਼ਵ ਪ੍ਰਸਿੱਧ ਹਸਤੀਆਂ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਤੇ ਸਰਕਾਰਾਂ ਵਲੋਂ ਦੇਸ਼ ਦੇ ਕਿਸਾਨ ਅੰਦੋਲਨ ਨੂੰ ਮਿਲੇ ਹਮਾਇਤ ਅਤੇ ਹੱਲਾਸ਼ੇਰੀ ਦੇ ਝੋਕਿਆਂ ਤੋਂ ਪੁਰਾ ਤਾਅ ਲੈ ਕੇ ਸੰਘਰਸ਼ ਨੂੰ ਹੋਰ ਕਾੜ੍ਹ ਲੈਣ ਵਿੱਚ ਵੀ ਕਿਸਾਨ ਅਗਵਾਈ ਫ਼ਾਡੀ ਰਹਿ ਗਈ । ਦੁਨੀਆਂ ਭਰ ਤੋਂ ਮਿਲੇ ਭਰਵੇਂ ਹੁੰਗਾਰੇ ਨੂੰ ਸੰਭਾਲਣ ਅਤੇ ਲਗਾਤਾਰ ਬਣਾਈ ਰੱਖਣ ਲਈ ਯਤਨ ਤੇਜ ਕਰਕੇ ਕੇ ਅੰਦੋਲਨ ਦੀ ਤਾਕਤ ਨੂੰ ਹੋਰ ਵਧਾਇਆ ਜਾ ਸਕਦਾ ਸੀ । ਵਿਦੇਸ਼ੀ ਲੋਕਾਂ, ਅਹਿਮ ਹਸਤੀਆਂ, ਦੇਸ਼ਾਂ ਤੇ ਸਰਕਾਰਾਂ ਨਾਲ ਰਾਬਤਾ ਬਣਾ ਕੇ ਇਸ ਹਮਾਇਤ ਨੂੰ ਬਰਕਰਾਰ ਰੱਖਣਾ ਬਹੁਤ ਜਰੂਰੀ ਸੀ ਤਾਂ ਕਿ ਹੋਰ ਹਮਾਇਤ ਹਾਸਿਲ ਕੀਤੀ ਜਾ ਸਕਦੀ ਪਰ ਇਸ ਕਿਸਮ ਦੇ ਯਤਨਾਂ ਦੀ ਕਮੀ ਨੇ ਸਰਕਾਰ ਨੂੰ ਆਪਣੀ ਲਹਿਰ ਖੜ੍ਹੀ ਕਰਨ ਤੇ ਇਹਨਾਂ ਹਮਾਇਤੀ ਚਿਹਰਿਆਂ ਨੂੰ ਡਰਾ ਕੇ ਪਿੱਛੇ ਹਟਾਉਣ ਲਈ ਉਕਸਾਇਆ ਅਤੇ ਕੁੱਝ ਹੱਦ ਤੱਕ ਉਹ ਕਾਮਯਾਬ ਵੀ ਰਹੀ । ਇਸ ਨਾਲ ਵਿਦੇਸ਼ੀ ਹਮਾਇਤ ਨੂੰ ਢਾਹ ਲੱਗੀ । ਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੋਰਾਨ ਅਜਿਹੇ ਬਹੁਤ ਸਾਰੇ ਸੁਆਲ ਉੱਠੇ ਅਤੇ ਮੌਕੇ ਮਿਲੇ ਜਿਹਨਾਂ ਨੂੰ ਗੰਭੀਰਤਾ ਅਤੇ ਉਸੁਕਤਾ ਨਾਲ ਉਭਾਰਿਆ ਜਾਣਾ ਚਾਹੀਦਾ ਸੀ ਪਰ ਇਹ ਦਬ ਕੇ ਰਹਿ ਗਏ । ਇਸ ਕਰਕੇ ਕਿਸਾਨ ਅੰਦੋਲਨ ਦੀਆਂ ਤਰੁੱਟੀਆਂ ਸਾਹਮਣੇ ਲਿਆਉਣ, ਅਣਗੌਲ਼ੇ ਤੱਥ ਜਾਹਰ ਕਰਨ ਅਤੇ ਸੁਝਾਓ ਪੇਸ਼ ਕਰਨ ਵਾਲੀ ਅਲੋਚਨਾ ਨੂੰ ਹਮੇਸ਼ਾ ਕਿਸਾਨਾਂ ਜਾਂ ਕਿਸਾਨ ਆਗੂਆਂ ਪ੍ਰਤੀ ਹੇਠੀ ਵਾਲੀ, ਵਿਰੋਧੀ ਭਾਵਨਾ ਵਾਲੀ ਅਤੇ ਵੱਖਵਾਦੀ ਸੁਰਾਂ ਵਾਲੀ ਹੀ ਨਹੀਂ ਮੰਨਿਆ ਜਾਣਾ ਚਾਹੀਦਾ ਸਗੋਂ ਅਜਿਹੇ ਸਭ ਪਾਸੇ ਤੋਂ ਆਉਣ ਵਾਲੇ ਸੁਝਾਵਾਂ ਅਤੇ ਨਿਚੋੜਾਂ ਵੱਲ ਗੌਰ ਕਰਨਾ ਚਾਹੀਦਾ ਹੈ ਅਤੇ ਪੜਚੋਲ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੇ ਹਾਲਾਤ ਬਣਨ ਤੇ ਦੂਰ-ਅੰਦੇਸ਼ੀ ਤੋਂ ਕੰਮ ਲੈ ਕੇ ਸਹੀ ਨਿਰਣੇ ਲਏ ਜਾ ਸਕਣ । ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਕੁੱਝ ਅਜਿਹਾ ਵਾਪਰਿਆ ਜਿਸ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾਉਣਾ ਜਰੂਰੀ ਸੀ ਪਰ ਕਿਸਾਨ ਅਗਵਾਈ ਇਸ ਤੋਂ ਖੁੰਝ ਕੇ ਆਪਸੀ ਖਹਿਬਾਜੀ ਦਾ ਹੀ ਸ਼ਿਕਾਰ ਬਣੀ ਹੋਈ ਦਿਖਾਈ ਦਿੰਦੀ ਰਹੀ ਹੈ । ਅੰਦੋਲਨ ਦੇ ਮੁੱਖ ਮਕਸਦ ਤੇ ਕੇਂਦਰਤ ਰਹਿੰਦਿਆਂ ਹੋਇਆਂ, ਆਪਸੀ ਮੱਤਭੇਦਾਂ ਨੂੰ ਭੁਲਾ ਕੇ ਅਤੇ ਇੱਕ ਦੂਜੇ ਦੀ ਨਿੰਦਾ ਤੋਂ ਦੂਰ ਰਹਿ ਕੇ ਭਵਿੱਖ ਵਿੱਚ ਅੰਦੋਲਨ ਦੇ ਚੱਲ ਰਹੇ ਵਰਤਾਰੇ ਵਿੱਚੋਂ ਉਪਜੇ ਹਰ ਸੁਆਲ ਨੂੰ ਸਰਕਾਰ ਅੱਗੇ ਸ਼ਿੱਦਤ ਨਾਲ ਉਠਾਉਣਾ ਚਾਹੀਦਾ ਹੈ ਤਾਂ ਕਿ ਲੋਕ ਹਿਤਾਂ ਦੀ ਸਹੀ ਤੇ ਇਮਾਨਦਾਰ ਤਰਜਮਾਨੀ ਨੂੰ ਯਕੀਨੀ ਬਣਾ ਕੇ ਅੰਦੋਲਨ ਨੂੰ ਹੋਰ ਵੀ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ ਅਤੇ ਮੁੱਖ ਟੀਚਾ ਪ੍ਰਾਪਤ ਕੀਤਾ ਜਾ ਸਕੇ ।

(ਸੁਖਵੀਰ ਸਿੰਘ ਕੰਗ)

+91 85678-72291 

Install Punjabi Akhbar App

Install
×