ਅਪੰਗਤਾ ਝੇਲ ਰਹੇ ਲੋਕ ਜ਼ਿਆਦਾ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਦੋਂ ਦੀ ਇੱਕ ਰਿਪੋਰਟ ਸਾਹਮਣੇ ਲਿਆਂਦੀ ਗਈ ਹੈ ਜਿਸ ਵਿੱਚ ਜ਼ਾਹਿਰ ਕੀਤਾ ਗਿਆ ਹੈ ਕਿ ਸਰੀਰਕ ਪੱਖੋਂ ਅਪੰਗਤਾ ਝੇਲ ਰਹੇ ਲੋਕ, ਦੂਸਰੇ ਆਮ ਲੋਕਾਂ ਨਾਲੋਂ ਦੁੱਗਣੀ ਮਾਤਰਾ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਦੇ ਹਨ, ਤਾਂ ਵਕੀਲਾਂ ਅਤੇ ਕਾਨੂੰਨ ਦੇ ਮਾਹਿਰਾਂ ਦਾ ਇੱਕ ਹਿੱਸਾ ਕਾਨੂੰਨ ਅਤੇ ਸਮਾਜ ਦੀਆਂ ਕਦਰਾਂ ਕੀਮਤਾਂ ਵਿੱਚ ਫੌਰਨ ਬਦਲਾਅ ਦੇ ਹੱਕ ਵਿੱਚ ਖੜ੍ਹਾ ਦਿਖਾਈ ਦੇਣ ਲੱਗ ਪਿਆ ਹੈ।
ਡਿਸਅਬਿਲਟੀ ਰਾਇਲ ਕਮਿਸ਼ਨ ਨੇ ਬੀਤੀ ਰਾਤ ਇਸ ਰਿਪੋਰਟ ਨੂੰ ਪੇਸ਼ ਕੀਤਾ ਅਤੇ ਪਿਛਲੇ ਸਾਲ ਦੇ ਆਂਕੜਿਆਂ ਰਾਹੀਂ ਦਰਸਾਇਆ ਕਿ ਅਜਿਹੇ ਲੋਕ ਜੋ ਕਿ ਸਰੀਰਕ ਪੱਖੋਂ ਕਿਸੇ ਗੱਲੋਂ ਊਣੇ ਹਨ, ਨਾਲ ਹੋਏ ਸਰੀਰਕ ਸ਼ੋਸ਼ਣ ਦੀ ਗਿਣਤੀ ਆਮ ਲੋਕਾਂ ਨਾਲੋਂ ਦੁੱਗਣੀ ਹੋਈ ਹੈ ਅਤੇ ਇਸਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅਜਿਹੇ ਜਵਾਨ ਪੀੜਿਤਾਂ ਦੀ ਮਾਤਰਾ 25% ਤੱਕ ਹੈ ਜਦੋਂ ਕਿ ਵੱਡੀ ਉਮਰ ਦੇ ਪੀੜਿਤ ਲੋਕਾਂ ਸੰਖਿਆ ਦਾ ਆਂਕੜਾ 11% ਹੈ।
ਨਿਊ ਸਾਊਥ ਵੇਲਜ਼ ਦੀ ਅਜਿਹੀ ਹੀ ਕਾਂਸਲ (Physical Disability Council of NSW) ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਰੇਨਾ ਓਵੇਨਜ਼ ਦਾ ਮੰਨਣਾ ਹੈ ਕਿ ਜਦੋਂ ਕਦੇ ਵੀ ਅਜਿਹੀਆਂ ਮਹਿਲਾਵਾਂ ਉਪਰ ਸਰੀਰਕ ਸ਼ੋਸ਼ਣ ਦਾ ਹਮਲਾ ਹੁੰਦਾ ਹੈ ਤਾਂ ਅਸਲ ਵਿੱਚ ਆਮ ਤੌਰ ਤੇ ਉਹ ਮਦਦ ਲਈ ਗੁਹਾਰ ਵੀ ਨਹੀਂ ਲਗਾ ਸਕਦੇ। ਅਤੇ ਜੇਕਰ ਅਜਿਹੇ ਹਮਲੇ ਆਪਣੇ ਹੀ ਸਾਕ ਸਬੰਧਆਂ ਵੱਲੋਂ ਹੋਣ ਤਾਂ ਫੇਰ ਤਾਂ ਸਾਲਾਂ ਬਧੀ ਵੀ ਇਨ੍ਹਾਂ ਨੂੰ ਦਬਾ ਕੇ ਰੱਖ ਲਿਆ ਜਾਂਦੇ ਹੈ ਅਤੇ ਇਨ੍ਹਾਂ ਸ਼ੋਸ਼ਣਾਂ ਦੀ ਬਾਹਰ ਹਵਾ ਵੀ ਨਹੀਂ ਨਿਕਲਣ ਦਿੱਤੀ ਜਾਂਦੀ।
ਇੱਕ ਹੋਰ ਅਹਿਮ ਜਾਣਕਾਰੀ ਵਿੱਚ ਇਹ ਦਰਸਾਇਆ ਗਿਆ ਹੈ ਕਿ ਦੇਸ਼ ਅੰਦਰ 2,375,997 ਸਰੀਰਕ ਅਪੰਗਤਾ ਝੇਲ ਰਹੇ ਨਾਗਰਿਕ ਹਨ ਅਤੇ ਉਨ੍ਹਾਂ ਵਿੱਚੋਂ 60% ਦਾ ਇਹ ਮੰਨਣਾ ਹੈ ਕਿ ਉਨ੍ਹਾਂ ਨਾਲ ਸਰੀਰਕ, ਮਾਨਸਿਕ, ਸਮਾਜਿਕ, ਨਾਲ ਦੇ ਸਾਥੀ ਵੱਲੋਂ ਮਾਰ-ਧਾੜ ਅਤੇ ਘਰੇਲੂ ਹਿੰਸਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਮਾਨਸਿਕ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਗਿਆ ਅਤੇ ਉਹ ਚੁੱਪਚਾਪ ਹਰ ਤਰ੍ਹਾਂ ਦੇ ਜ਼ੁਲਮ ਸਹਿੰਦੇ ਰਹੇ।
ਲਾ ਟਰੋਬ ਯੂਨੀਵਰਸਿਟੀ ਤੋਂ ਪਰੋਫੈਸਰ ਕ੍ਰਿਸਟਿਅਨ ਬਿਗਬੇ ਦਾ ਕਹਿਣਾ ਹੈ ਕਿ ਇਸ ਬਾਬਤ ਸਮਾਜ ਨੂੰ ਜਾਗ੍ਰਿਤ ਹੋਣ ਦੀ ਜ਼ਰੂਰਤ ਹੈ ਅਤੇ ਕਾਨੂੰਨ ਦਾ ਨਜ਼ਰੀਆ ਵੀ ਬਦਲਣ ਅਤੇ ਹੋਰ ਕਠੋਰ ਕਰਨ ਦੀ ਲੋੜ ਹੈ ਤਾਂ ਕਿ ਅਜਿਹੇ ਅਪਰਾਧਾਂ ਉਪਰ ਸਮਾਜਿਕ ਅਤੇ ਕਾਨੂੰਨਨ ਤੌਰ ਤੇ ਨੱਥ ਪਾਈ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਪੱਧਰ ਉਪਰ ਅਜਿਹੀ ਬੀਮਾ ਯੋਜਨਾ ਦੀ ਵੀ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਕਿ ਅਜਿਹੇ ਲੋਕਾਂ ਨੂੰ ਮਦਦ ਪ੍ਰਦਾਨ ਕੀਤੀ ਜਾ ਸਕੇ ਤਾਂ ਜੋ ਉਨ੍ਹਾਂ ਦਾ ਜੀਵਨ-ਯਾਪਨ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੋ ਸਕੇ।

Install Punjabi Akhbar App

Install
×