ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਦੱਖਣੀ ਆਸਟ੍ਰੇਲੀਆ ਲਈ ਬੇ-ਵਜਹ ਯਾਤਰਾਵਾਂ ਨਾ ਕਰਨ ਲਈ ਸਲਾਹਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਅੰਦਰ ਹਾਲ ਵਿੱਚ ਹੀ ਦਰਜ ਹੋਏ ਕੋਵਿਡ-19 ਦੇ ਨਵੇਂ ਮਾਮਲਿਆਂ ਕਾਰਨ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ ਕਿਸੇ ਖਾਸ ਮਕਸਦ ਤੋਂ ਬਿਨ੍ਹਾਂ ਦੱਖਣੀ ਆਸਟ੍ਰੇਲੀਆ ਵਿੱਚ ਨਾ ਜਾਉਣ ਅਤੇ ਜਿਹੜੇ ਜਾਣਗੇ ਵੀ ਉਹ ਵੀ ਅਹਿਤਿਆਦਨ ਕਰੋਨਾ ਖ਼ਿਲਾਫ਼ ਬਣਾਏ ਗਏ ਨਿਯਮਾਂ ਦਾ ਪਾਲਣ ਕਰਨ ਤਾਂ ਜੋ ਉਹ ਆਪ ਵੀ ਕਰੋਨਾ ਤੋਂ ਆਪਣਾ ਬਚਾਅ ਰੱਖਣ ਅਤੇ ਦੂਸਰਿਆਂ ਨੂੰ ਵੀ ਇਸ ਹੋਣ ਵਾਲੇ ਇਨਫੈਕਸ਼ਨ ਤੋਂ ਬਚਾਉਣ ਦੇ ਯਤਨ ਕਰਦੇ ਰਹਿਣ। ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਉਹ ਪੂਰਾ ਯਤਨ ਕਰ ਰਹੇ ਹਨ ਕਿ ਦੋਹਾਂ ਰਾਜਾਂ ਦੇ ਬਾਰਡਰ ਬੰਦ ਨਾ ਕੀਤੇ ਜਾਣ ਅਤੇ ਇਹ ਵੀ ਸੱਚ ਹੈ ਕਿ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਨਾਲ ਹੀ ਮੌਜੂਦਾ ਸਮੇਂ ਅੰਦਰ ਕਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਇਸ ਜਾਗਰੂਕਤਾ ਲਈ ਵਚਨਬੱਧ ਹੈ। ਇਸ ਲਈ ਹਰ ਇੱਕ ਵਿਅਕਤੀ -ਆਮ ਅਤੇ ਖਾਸ ਹਰ ਕੋਈ, ਨੂੰ ਹੀ ਚਾਹੀਦਾ ਹੈ ਕਿ ਸਰਕਾਰ ਦੇ ਮੌਢੇ ਨਾਲ ਮੌਢਾ ਜੋੜ ਕੇ ਇਸ ਲੜਾਈ ਵਿੱਚ ਇੱਕ ਦੂਜੇ ਦਾ ਸਾਥ ਦੇਵੇ। ਇਸ ਲਈ ਹਾਲ ਦੀ ਘੜੀ ਸਾਨੂੰ ਆਪਣੇ ਬੇ-ਵਜਹ ਜਾਂ ਅਣ-ਜ਼ਰੂਰੀ ਯਾਤਰਾਵਾਂ ਨੂੰ ਟਾਲ ਦੇਣ ਵਿੱਚ ਹੀ ਸਭ ਦੀ ਭਲਾਈ ਹੈ। ਜ਼ਿਕਰਯੋਗ ਹੈ ਕਿ ਐਡੀਲੇਡ ਅੰਦਰ ਮਿਲੇ ਕਲਸਟਰ ਵਿਚਲੇ ਕੋਵਿਡ-19 ਦੇ ਮਰੀਜ਼ਾਂ ਦੀ ਸੰਖਿਆ ਹੁਣ 20 ਤੱਕ ਪਹੁੰਚ ਗਈ ਹੈ ਅਤੇ ਬੀਤੇ ਦੋ ਦਿਨਾਂ ਵਿਚ ਰਾਜ ਅੰਦਰ 11,000 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ। ਫੈਡਰਲ ਸਰਕਾਰ ਦੇ ਸਿਹਤ ਮੰਤਰੀ ਗਰੈਗ ਹੰਟ ਨੇ ਦੱਖਣੀ ਆਸਟ੍ਰੇਲੀਆ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਪ੍ਰੀਮੀਅਰ ਸਟੀਵਨ ਮਾਰਸ਼ਲ ਅਤੇ ਸਮੁੱਚੀ ਟੀਮ ਵੱਲੋਂ, ਕਰੋਨਾ ਦੇ ਬਚਾਉ ਤਹਿਤ ਚੁੱਕੇ ਜਾ ਰਹੇ ਕਦਮ ਸਹੀ ਦਿਸ਼ਾ ਵੱਲ ਅਤੇ ਉਪਯੁਕਤ ਮਾਪਦੰਢਾਂ ਵਾਲੇ ਹਨ ਅਤੇ ਛੇਤੀ ਹੀ ਸਥਿਤੀਆਂ ਉਪਰ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 100 ਕਰਿੰਦੇ ਦੱਖਣੀ ਆਸਟ੍ਰੇਲੀਆ ਅੰਦਰ ਕਰੋਨਾ ਖ਼ਿਲਾਫ਼ ਲੜਾਈ ਵਾਸਤੇ ਤਾਇਨਾਤ ਹਨ ਅਤੇ ਲੋੜ ਪੈਣ ਤੇ ਹੋਰ ਵੀ ਭੇਜੇ ਜਾ ਸਕਦੇ ਹਨ।

Install Punjabi Akhbar App

Install
×