ਦਰੱਖਤਾਂ ਦੀ ਨਜਾਇਜ਼ ਕਟਾਈ ਕਾਰਣ ਵਾਤਾਵਰਣ ਪ੍ਰੇਮੀਆ ਚ ਰੋਸ

ਦਿਨ ਦਿਹਾੜੇ ਤੂਤ ਦਾ ਦਰੱਖਤ ਵੱਡਿਆ….. ਅਣਮਨੁੱਖੀ ਕਾਰੇ ਦੀ ਚੁਫੇਰਿਉ ਨਿੰਦਾ

( ਤਲਵੰਡੀ ਪੁਲ ਨੇੜੇ ਕੱਟੇ ਤੂਤ ਦਾ ਦ੍ਰਿਸ਼ )

(ਫਰੀਦਕੋਟ 6 ਫਰਵਰੀ) — ਅੱਜ ਸਵੇਰੇ ਸਥਾਨਿਕ ਤਲਵੰਡੀ ਪੁਲ ਦੇ ਨੇੜੇ ਨਾ-ਮਲੂਮ ਸਖਸ਼ ਨੇ ਤੂਤ ਦਾ ਦਰੱਖਤ ਨਿੱਜੀ ਲਾਭ ਖਾਤਰ ਵੱਡ ਸੁੱਟਿਆ । ਜਦ ਇਸ ਕੁਦਰਤ ਦੇ ਉਲਟ ਕੀਤੇ ਕਾਰੇ ਦਾ ਵਾਤਾਵਰਣ ਪ੍ਰੇਮੀਆ ਨੂੰ ਪਤਾ ਲੱਗਾ ਤਾਂ ਵਾਤਾਵਰਣ ਪ੍ਰੇਮੀਆ ਵਿੱਚ ਗੁੱਸੇ ਦੀ ਲਹਿਰ ਦੌੜ ਗਈ । ਜਿੱਥੇ ਲੋਕ ਵੱਧ ਤੋਂ ਵੱਧ ਦਰੱਖਤ ਲਗਾ ਕੇ ਧਰਤੀ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ ਉੱਥੇ ਕੁਝ ਅਜਿਹੇ ਲੋਕ ਵੀ ਹਨ ਜੋ ਕੁਦਰਤ ਦੀ ਮਾਰ ਤੋ ਨਹੀਂ ਡਰਦੇ ਅਤੇ ਅਜਿਹੇ ਅਣਮਨੁੱਖੀ ਕੰਮ ਕਰ ਰਹੇ ਹਨ ਜੋ ਮਾਫੀ ਯੋਗ ਨਹੀਂ ਹਨ । ਇਸ ਅਣਮਨੁੱਖੀ ਕਾਰੇ ਦੀ ਚੁਫੇਰਿਉ ਨਿੰਦਾ ਹੋ ਰਹੀ ਹੈ । ਇੱਕ ਪਾਸੇ ਸਰਕਾਰ ਪੁਲੀਤ ਹੋ ਰਹੇ ਵਾਤਾਵਰਣ ਦੀ ਸੁੱਧਤਾ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਦੁਹਾਈ ਪਾ ਰਹੀ ਹੈ ਦੂਜੇ ਪਾਸੇ ਕੁਛ ਲੋਕ ਆਪਣੇ ਨਿੱਜੀ ਲਾਭ ਖਾਤਰ ਹਰੇ ਭਰੇ ਦਰੱਖਤਾਂ ਦੀ ਬਲੀ ਲੈ ਰਹੇ । ਜਾਣਕਾਰੀ ਦਿੰਦਿਆ ਵਾਤਾਵਰਣ ਪ੍ਰੇਮੀ ਸੰਦੀਪ ਅਰੋੜਾ, ਭਰਪੂਰ ਸਿੰਘ ਤੇ ਪਰਦੀਪ ਸ਼ਰਮਾਂ ਤੇ ਕੇਵਲ ਕ੍ਰਿਸ਼ਨ ਕਟਾਰੀਆ ਨੇ ਦੱਸਿਆ ਕਿ ਪੰਜ ਸਾਲਾਂ ਉਮਰ ਦਾ ਤੂਤ ਦਾ ਦਰੱਖਤ ਜੋ ਸੀਰ ਸੁਸਾਇਟੀ ਨੇ ਪਾਣੀ ਦੇ ਦੇ ਪਾਲਿਆ ਸੀ ਜਦ ਉਹਨਾਂ ਵੱਡਿਆ ਦੇਖਿਆ ਤਾਂ ਉਹਨਾਂ ਦੇ ਮਨਾ ਨੂੰ ਠੇਸ ਲੱਗੀ । ਉਹਨਾਂ ਕਿਹਾ ਕਿ ਸਰਕਾਰੀ ਜਗ੍ਹਾ ਤੇ ਲੱਗੇ ਦਰੱਖਤਾਂ ਦੀ ਅੰਨੇ ਵਾਹ ਕਟਾਈ ਕਰਕੇ ਇਹ ਲੋਕ ਕੁਦਰਤ ਦੇ ਨਿਯਮ ਦੇ ਉਲਟ ਜਾਕੇ ਅਜਿਹੇ ਕੰਮ ਕਰ ਰਹੇ ਹਨ ਜੋ ਕਿਸੇ ਵੀ ਕੀਮਤ ਤੇ ਮਾਫ ਨਹੀਂ ਕੀਤੇ ਜਾ ਸਕਦੇ । ਉਹਨਾਂ ਕਿਹਾ ਕਿ ਅਜਿਹੇ ਲੋਕ ਆਉਣ ਵਾਲੀਆਂ ਪੀੜੀਆਂ ਦੇ ਪੈਰ ਕੁਹਾੜਾ ਮਾਰ ਰਹੇ ਹਨ । ਇਸ ਤੋਂ ਪਾਿਲਾਂ ਵੀ ਸਥਾਨਿਕ ਬੱਸ ਅੱਡੇ ਨੇੜੇ ਕਿਸੇ ਨੇ ਦਰੱਖਤ ਵੱਡ ਦਿੱਤੇ ਸਨ ਇਹ ਵੱਡੇ ਟੁੱਕੇ ਦਰੱਖਤ ਆਮ ਲੋਕਾਂ ਨੂੰ ਤਾਂ ਦਿਸ ਰਹੇ ਹਨ ਪਰ ਜੰਗਲਾਤ ਮਹਿਕਮਾ ਪਤਾ ਨਹੀਂ ਕਿਉ ਅੱਖਾਂ ਮੀਟੀ ਬੈਠਾ ਹੈ । ਨਿੱਤ ਦਿਨ ਹੋ ਰਹੀ ਦਰੱਖਤਾਂ ਦੀ ਨਜਾਇਜ ਕਟਾਈ ਨੂੰ ਲੈਕੇ ਵਾਤਾਵਰਣ ਪ੍ਰੇਮੀਆਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਪਹਿਲਾ ਹੀ ਵਿਕਾਸ ਦੇ ਨਾਂ ਤੇ ਲੱਖਾਂ ਦਰੱਖਤ ਸ਼ੜਕਾਂ ਦੇ ਕਿਨਾਰਿਓੁ ਅਤੇ ਸਰਕਾਰੀ ਇਮਾਰਤਾਂ ਵਿੱਚੋ ਪੁਟਾ ਚੁੱਕੀ ਹੈ ਜਿਸ ਕਾਰਨ ਵਾਤਾਵਰਣ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ ਦਰੱਖਤਾਂ ਦੀ ਅੰਨੇਵਾਹ ਕਟਾਈ ਕਾਰਣ ਪੰਜਾਬ ਵਿੱਚ ਵਾਤਾਵਰਣ ਲਈ ਗੰਭੀਰ ਖਤਰਾ ਪੈਦਾ ਹੋ ਰਿਹਾ । ਉਹਨਾਂ ਕਿਹਾ ਕਿ ਫਰੀਦਕੋਟ ਦੇ ਕੋਲੋ ਦੀ ਲੰਘਦੀਆਂ ਨਹਿਰਾਂ ਤੇ ਵੀ ਵੱਡੇ ਵੱਡੇ ਦਰੱਖਤ ਗਾਇਬ ਹਨ ਅਤੇ ਹੁਣ ਅੱਜ ਸਰਕਾਰੀ ਜਗ੍ਹਾ ਤੇ ਇਹ ਦਰੱਖਤ ਸ਼ਰੇਆਮ ਕੱਟੇ ਜਾ ਰਹੇ ਹਨ। ਉਹਨਾਂ ਸਰਕਾਰ, ਪ੍ਰਸਾਸ਼ਨ ਤੇ ਜੰਗਲਾਤ ਵਿਭਾਗ ਤੋਂ ਦਰੱਖਤਾਂ ਦੀ ਹੁੰਦੀ ਨਜਾਇਜ ਕਟਾਈ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੀ ਅਪੀਲ ਕੀਤੀ ।

Install Punjabi Akhbar App

Install
×