ਯੂ-ਟਿਊਬ ਚੈਨਲ ‘ਪੇਂਡੂ ਆਸਟ੍ਰੇਲੀਆ’ ਹੁਣ ਇੰਨਾ ਕੁ ਛਾ ਚੁਕਿਆ ਹੈ ਕਿ ਹੁਣ ਇਸ ਬਾਬਤ ਜ਼ਿਆਦਾ ਕੁੱਝ ਦੱਸਣਾ ਪੈਂਦਾ ਹੀ ਨਹੀਂ ਅਤੇ ਇਸ ਸਭ ਦਾ ਸਿਹਰਾ ਰਿਵਰਲੈਂਡ ਤੋਂ ਇਸਨੂੰ ਚਲਾ ਰਹੇ ਮਿੰਟੂ ਬਰਾੜ ਦੇ ਸਿਰ ਹੀ ਬੱਝਦਾ ਹੈ ਕਿਉਂਕਿ ਉਹ ਇਸ ਚੈਨਲ ਨੂੰ ਜਿੱਥੇ ਆਪਣਾ ਜਨੂੰਨ ਸਮਝਦਾ ਹੈ ਉਥੇ ਹੀ ਇਹ ਚੈਲਲ ਹੁਣ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਵਾਸਤੇ ਚਾਨਣ ਮੁਨਾਰਾ ਬਣ ਗਿਆ ਹੈ।
ਹਾਲ ਵਿੱਚ ਹੀ ਚੈਨਲ ਉਪਰ ਲੋਕਾਂ ਨੇ ਇੰਨਾ ਭਰੋਸਾ ਅਤੇ ਪਿਆਰ ਦਿਖਾਇਆ ਕਿ ਇਸਨੂੰ ਦੇਖਣ ਵਾਲਿਆਂ ਦੀ ਗਿਣਤੀ 16 ਮਿਲੀਅਨ ਤੋਂ ਵੀ ਜ਼ਿਆਦਾ ਉਪਰ ਪਹੁੰਚ ਗਈ ਅਤੇ ਇਸ ਦਾ ਕਾਰਣ ਸਿਰਫ ਇੰਨਾ ਹੀ ਹੈ ਕਿ ਇਸ ਚੈਨਲ ਉਪਰ ਦਿਖਾਈਆਂ ਜਾਣ ਵਾਲੀਆਂ ਵੀਡੀਓਜ਼ ਕੋਈ ਸਸਤੀ ਸ਼ੋਹਰਤ ਪਾਉਣ ਦਾ ਜ਼ਰੀਆ ਨਹੀਂ ਹੁੰਦੀਆਂ ਸਗੋਂ ਇਹ ਤਾਂ ਗਿਆਨ ਭਰਪੂਰ ਨਵੇਂ ਰਾਹ ਦਿਖਾਉਣ ਵਾਲੀਆਂ ਅਸਲ ਵੀਡੀਓ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਿ ਮਿੰਟੂ ਬਰਾੜ ਦੀ ਆਪਣੀ ਟੀਮ ਵੱਲੋਂ ਤਿਆਰ ਕੀਤਾ ਜਾਂਦਾ ਹੈ ਅਤੇ ਅਸਲ ਸਚਾਈਆਂ ਲੋਕਾਂ ਦੇ ਸਾਹਵੇਂ ਰੱਖੀਆਂ ਜਾਂਦੀਆਂ ਹਨ।
ਮਿੰਟੂ ਬਰਾੜ ਦੇ ਦੱਸਣ ਮੁਤਾਬਿਕ, ਬੀਤੇ 15 ਸਾਲਾਂ ਤੋਂ ਹੀ ਉਹ ਸਮਾਜ ਸੇਵਾ ਦੇ ਤੌਰ ਤੇ ਅਤੇ ਅਦਾਰੇ ਪੰਜਾਬੀ ਅਖ਼ਬਾਰ ਅਤੇ ਪੇਂਡੂ ਆਸਟ੍ਰੇਲੀਆ ਯੂਟਿਊਬ ਚੈਨਲ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਹਨ। ਪੇਂਡੂ ਆਸਟ੍ਰੇਲੀਆ ਯੂਟਿਊਬ ਚੈਨਲ ਦੀ ਮਦਦ ਨਾਲ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਇੱਕ ਬਹੁਤ ਹੀ ਵਧੀਆ ਅਤੇ ਸ਼ਾਂਤਮਈ, ਤਰੱਕੀਪਸੰਦ ਮੁਲਕ ਹੈ ਅਤੇ ਇੱਥੇ ਆ ਕੇ ਲੋਕ ਚੰਗੇ ਤਰੀਕਿਆਂ ਦੇ ਨਾਲ ਜਿੱਥੇ ਆਪਣੀ ਪੜ੍ਹਾਈ ਲਿਖਾਈ ਜਾਂ ਕੰਮ ਧੰਦੇ ਆਦਿ ਕਰ ਸਕਦੇ ਹਨ, ਉਥੇ ਹੀ ਇੱਥੇ ਦੀ ਪੱਕੀ ਨਾਗਰਿਕਤਾ ਪ੍ਰਾਪਤ ਕਰਕੇ ਇੱਥੋਂ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਸਹੂਲਤਾਂ ਵੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਸਾਲ 2007 ਵਿੱਚ ਉਹ ਆਸਟ੍ਰੇਲੀਆ ਆਏ ਸਨ ਤਾਂ ਉਨ੍ਹਾਂ ਨੇ ਸਾਫ਼ ਮਹਿਸੂਸ ਕੀਤਾ ਸੀ ਕਿ ਇੱਥੇ ਆਉਣ ਵਾਲੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਕਈ ਵਾਰੀ ਤਾਂ ਜਾਨਲੇਵਾ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਅਤੇ ਕਾਫੀ ਵਿਦਿਆਰਥੀ ਇਸ ਦੇ ਸ਼ਿਕਾਰ ਵੀ ਹੋ ਜਾਂਦੇ ਸਨ।
ਉਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਸਮਾਜ ਸੇਵਾ ਦੇ ਤੌਰ ਤੇ ਇਹ ਸੇਵਾ ਅਜਿਹੇ ਨਵੇਂ ਆਉਣ ਵਾਲੇ ਵਿਦਿਆਰਥੀਆਂ ਵਾਸਤੇ ਹੀ ਸ਼ੁਰੂ ਕੀਤੀ ਅਤੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ। ਇਸ ਨੰਬਰ ਉਪਰ ਅੱਜ ਵੀ ਫੋਨ ਕਾਲਾਂ ਆਉਂਦੀਆਂ ਹਨ ਅਤੇ ਮਿੰਟੁ ਬਰਾੜ ਅਤੇ ਉਨ੍ਹਾਂ ਦੀ ਟੀਮ ਫੋਨ ਕਾਲਾਂ ਨੂੰ ਅਟੈਂਡ ਕਰਕੇ ਸਹਾਇਤਾ ਮੁਹੱਈਆ ਕਰਵਾਉਂਦੀ ਹੈ।
ਮਿੰਟੂ ਬਰਾੜ ਇਹ ਵੀ ਖੁੱਲ੍ਹ ਕੇ ਦੱਸਦੇ ਹਨ ਕਿ ਉਕਤ ਕੰਮਾਂ ਆਦਿ ਵਾਸਤੇ ਉਨ੍ਹਾਂ ਕਦੀ ਵੀ ਸਰਕਾਰ ਜਾਂ ਕਿਸੇ ਸਰਕਾਰੀ ਅਦਾਰੇ ਤੋਂ ਮਾਲ਼ੀ ਮਦਦ ਨਹੀਂ ਲਈ ਅਤੇ ਜਿੰਨਾ ਵੀ ਹੋ ਸਕਿਆ ਆਪਣੀ ਜੇਬ੍ਹ ਤੋਂ ਹੀ ਡਾਲਰ ਖਰਚ ਕੇ ਇਨ੍ਹਾਂ ਅਦਾਰਿਆਂ ਨੂੰ ਚਲਾ ਰਹੇ ਹਨ।