ਪੈਮੁਲਵੇਅ -ਐਬੋਰਿਜਨਲ ਮਹਾਂਨਾਇਕ, ਜਿਸਨੇ ਬ੍ਰਿਟਿਸ਼ ਫੌਜਾਂ ਨੂੰ ਹਮੇਸ਼ਾ ਭੜਥੂ ਪਾਈ ਰੱਖਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 1788 ਵਿੱਚ 26 ਜਨਵਰੀ ਵਾਲੇ ਦਿਨ ਜਦੋਂ ਬ੍ਰਿਟਿਸ਼ ਫੌਜਾਂ ਨੇ ਆਸਟ੍ਰੇਲੀਆ ਮਹਾਂਦੀਪ ਦੇ ਤਟਾਂ ਉਪਰ ਕਬਜ਼ਾ ਕਰਨ ਲਈ ਆਪਣੇ ਸਮੁੰਦਰੀ ਬੇੜੇ ਦੇ ਲੰਗਰ ਖੋਲ੍ਹੇ ਤਾਂ ਇਹ ਨਹੀਂ ਕਿ ਉਨ੍ਹਾਂ ਦਾ ਵਿਰੋਧ ਹੀ ਨਹੀਂ ਹੋਇਆ। ਇੱਥੇ ਦੇ ਮੂਲ ਨਿਵਾਸੀਆਂ ਨੇ ਬ੍ਰਿਟਿਸ਼ ਬੇੜੇ ਨੂੰ ਪੂਰੀ ਤਰ੍ਹਾਂ ਲਲਕਾਰਿਆ ਅਤੇ ਇਨ੍ਹਾਂ ਲਲਕਾਰਨ ਵਾਲਿਆਂ ਵਿੱਚੋਂ ਇੱਕ ਐਬੋਰਰਿਜਨਲ ‘ਪੈਮੁਲਵੇਅ’ ਦੀ ਗਾਥਾ ਵੀ ਸੁਣਾਈ ਜਾਂਦੀ ਹੈ ਜੋ ਕਿ 1788 ਤੋਂ 1802 ਤੱਕ ਲਗਾਤਾਰ ਅੰਗ੍ਰੇਜ਼ਾਂ ਨਾਲ ਇਸ ਦੇ ਖ਼ਿਲਾਫ਼ ਲੋਹਾ ਲੈਂਦਾ ਰਿਹਾ ਅਤੇ ਅੰਗ੍ਰੇਜ਼ਾਂ ਵੱਲੋਂ ਉਸਨੂੰ ਇਨਾਮੀ ਭਗੌੜਾ ਘੋਸ਼ਿਤ ਕੀਤਾ ਗਿਆ ਅਤੇ ਫੇਰ 1802 ਵਿੱਚ ਫੜ੍ਹ ਕੇ ਮਾਰ ਦਿੱਤਾ ਗਿਆ। ਉਸਦਾ ਸਿਰ ਉਸਦੇ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ। ਉਸਦੇ ਸਿਰ ਨੂੰ ਇੱਕ ਮਿਊਜ਼ੀਅਮ ਵਿੱਚ ਲਗਾ ਦਿੱਤਾ ਗਿਆ ਅਤੇ ਸਰੀਰ ਇੰਗਲੈਂਡ ਭੇਜ ਦਿੱਤਾ ਗਿਆ ਜਿੱਥੇ ਕਿ ਮੁੜ ਕੇ ਉਸ ਬਾਰੇ ਵਿੱਚ ਕੁੱਝ ਵੀ ਪਤਾ ਨਹੀਂ ਲੱਗਦਾ ਕਿ ਆਖਿਰ ਉਸਦੇ ਮ੍ਰਿਤਕ ਸਰੀਰ ਨਾਲ ਕੀ ਕੀਤਾ ਗਿਆ। ਪੈਮੁਲਵੇਅ, ਸਿਡਨੀ ਦਾ ਰਹਿਣ ਵਾਲਾ ਸੀ ਅਤੇ ਜਿੰਨੀ ਦੇਰ ਵੀ ਜਿਉਂਦਾ ਰਿਹਾ, ਉਸਨੇ ਅੰਗ੍ਰੇਜ਼ਾਂ ਦੀ ਨੱਕ ਵਿੱਚ ਦਮ ਕਰੀ ਰੱਖਿਆ। ਉਸਦੀ ਕਹਾਣੀ ਨੂੰ ਸਾਬਿਤ ਕਰਨ ਅਤੇ ਦਰਸਾਉਣ ਵਿੱਚ ਅੰਕਲ ਵਿਕ ਸਿਮਜ਼, ਰਿਚਰਡ ਗਰੀਨ ਅਤੇ ਕੋਲਿਨ ਇਸਾਕ -ਤਿੰਨ ਜਣੇ ਸ਼ਾਮਿਲ ਹਨ ਅਤੇ ਲਲਕਾਰ ਕੇ ਸੁਨੇਹਾ ਦਿੰਦੇ ਹਨ ਕਿ ਉਸਦੀ ਕਹਾਣੀ ਨੂੰ ਧੁੰਦਲਾ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੀ ਖੋਜ ਅਨੁਸਾਰ, ਪੈਮੁਲਵੇਅ ਇੱਕ ਬਹੁਤ ਹੀ ਵਧੀਆ ਨਾਵਿਕ ਅਤੇ ਬਹੁਤ ਹੀ ਤਕੜੇ ਸਰੀਰ ਵਾਲਾ ਮਨੁੱਖ ਹੋਇਆ ਹੈ। ਉਸਦੀ ਸਰੀਰਕ ਤਾਕਤ ਬਾਰੇ ਉਹ ਦੱਸਦੇ ਹਨ ਕਿ ਉਹ ਤਿੰਨ ਕੰਗਾਰੂਆਂ ਨੂੰ ਆਪਣੀ ਇੱਕ ਬਾਂਹ ਉਪਰ ਚੁੱਕ ਲੈਂਦਾ ਸੀ। ਉਹ ਅੰਗ੍ਰੇਜ਼ਾਂ ਨਾਲ ਲੜਾਈ ਦੇ ਕੁੱਝ ਦਾਅ ਪੇਚ ਵੀ ਜਾਣਦਾ ਸੀ ਤਾਂ ਹੀ ਤਾਂ 14 ਸਾਲ ਤੱਕ ਉਸਨੇ ਪੂਰੀ ਲੜਾਈ ਕੀਤੀ ਅਤੇ ਅੰਤ ਨੂੰ ਸ਼ਹੀਦੀ ਪਾ ਗਿਆ। ਪੈਮੁਲਵੇਅ ਵੱਲੋਂ ਕੀਤੀਆਂ ਗਈਆਂ ਲੜਾਈਆਂ ਵਿਚੋਂ ਸਭ ਤੋਂ ਮਹੱਤਵਪੂਰਨ ਲੜਾਈ ਸਿਡਨੀ ਦੇ ਪੱਛਮ ਵਿੱਚ, ਪੈਰਾਮਾਟਾ ਦੀ ਮੰਨੀ ਜਾਂਦੀ ਹੈ ਜਿਸ ਵਿੱਚ ਕਿ ਉਸਨੇ 100 ਦੇ ਕਰੀਬ ਇੰਡੀਜੀਨਸ ਲੜਾਕੂ ਅੰਗ੍ਰੇਜ਼ਾਂ ਦੇ ਖ਼ਿਲਾਫ਼ ਮੋਰਚੇ ਤੇ ਖੜ੍ਹੇ ਕਰ ਦਿੱਤੇ ਸਨ ਅਤੇ ਸਾਰਿਆਂ ਨੇ ਹੀ ਜੰਮ ਕੇ ਅੰਗ੍ਰੇਜ਼ਾਂ ਨਾਲ ਲੜਾਈ ਕੀਤੀ। ਉਹ ਕਈ ਵਾਰੀ ਜ਼ਖ਼ਮੀ ਹੋਇਆ ਅਤੇ ਫੜਿਆ ਵੀ ਗਿਆ ਪਰੰਤੂ ਉਹ ਇੰਨਾ ਕੁ ਸਮਝਦਾਰ ਅਤੇ ਸ਼ਾਤਿਰ ਸੀ ਕਿ ਅੰਗ੍ਰੇਜ਼ਾਂ ਦੀ ਪਕੜ ਵਿੱਚੋਂ ਹਮੇਸ਼ਾ ਹੀ ਦੌੜ ਜਾਂਦਾ ਸੀ ਅਤੇ ਜੰਗਲਾਂ ਅੰਦਰ ਜਾ ਕੇ ਮੁੜ ਤੋਂ ਲਾਮਬੰਦੀ ਦੀ ਤਿਆਰੀ ਸ਼ੁਰੂ ਕਰ ਦਿੰਦਾ ਸੀ। ਅੱਜ, ਲਾ ਪੈਰੁਸ ਦੇ ਇਲਾਕੇ ਅੰਦਰ ਬਸ ਉਸਦੇ ਨਾਮ ਵਾਲੀ ਇੱਕ ਪਲੇਕ ਹੀ ਦਿਖਾਈ ਦਿੰਦੀ ਹੈ ਜੋ ਕਿ ਉਸਦੇ ਹੋਣ ਦਾ ਇਕਲੌਤਾ ਪ੍ਰਮਾਣ ਹੈ।

ਵੈਸੇ ਉਸ ਮਹਾਂਨਾਇਕ ਦੀ ਜੀਵਨ ਗਾਥਾ ਉਪਰ ਇੱਕ ਫਿਲਮ ਵੀ ਲਿੱਖ ਲਈ ਗਈ ਹੈ ਅਤੇ ਇਸੇ ਸਾਲ ਇਸ ਫਿਲਮ ਦਾ ਨਿਰਮਾਣ ਵੀ ਸ਼ੁਰੂ ਕੀਤਾ ਜਾਵੇਗਾ।

Install Punjabi Akhbar App

Install
×