ਪਾਉਲੋ ਫਰੇਰੇ ਦੀ ਪੁਸਤਕ ਦੱਬੇ-ਕੁਚਲਿਆਂ ਦਾ ਸਿੱਖਿਆ ਸਾਸ਼ਤਰ (ਪੇਡਾਗੌਜ਼ੀ ਆਫ ਓਪਰੈਸਡ)

ਅਨੁਵਾਦ: ਕੁਮਾਰ ਸੁਸ਼ੀਲ ਅਮਰਦੀਪ

Kumar Sushil 180424 pedagogy of the oppressed
ਮਨੁੱਖਾਂ ਦਾ ਮਨੁੱਖੀਕਰਨ ਕਿਵੇਂ ਕੀਤਾ ਜਾਵੇ ਇਹ ਮਨੁੱਖ ਦੀ ਸਦਾ ਹੀ ਕੇਂਦਰੀ ਸਮੱਸਿਆ ਰਹੀ ਹੈ। ਇਸ ਦੀ ਨਿਰਖ-ਪਰਖ ਤੋਂ ਪਤਾ ਚਲਦਾ ਹੈ ਕਿ ਇਹ ਸਮੱਸਿਆ ਇਹੋ ਜਿਹਾ ਰੂਪ ਧਾਰਨ ਕਰ ਚੁੱਕੀ ਹੈ ਜਿਸਦੇ ਸਰੋਕਾਰਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਨੁੱਖੀਕਰਨ ਦੇ ਸਰੋਕਾਰਾਂ ਨੂੰ ਵਾਚਣ ਨਾਲ਼ ਹੀ ਅਸੀਂ ਅਣ-ਮਨੁੱਖੀਕਰਨ ਨੂੰ ਜਾਨਣ ਲਗਦੇ ਹਾਂ-ਨਾ ਸਿਰਫ਼ ਤੱਤ ਰੂਪ ਵਿੱਚ ਸਗੋਂ ਇੱਕ ਇਤਿਹਾਸਕ ਸੱਚਾਈ ਦੇ ਰੂਪ ਵਜੋਂ ਵੀ। ਮਨੁੱਖ ਜਦੋਂ ਅਣ-ਮਨੁੱਖੀਕਰਨ ਦੇ ਪਸਾਰੇ ਨੂੰ ਵੇਖਦਾ ਹੈ ਤਾਂ ਅਪਣੇ-ਆਪ ਨੂੰ ਪੁੱਛ ਸਕਦਾ ਹੈ: ਕੀ ਉਸਦਾ ਮਨੁੱਖੀਕਰਨ ਸੰਭਵ ਹੈ? ਇਤਿਹਾਸ ਵਿੱਚ ਠੋਸ ਅਤੇ ਬਾਹਰਮੁਖੀ ਸੰਦਰਭਾਂ ਵਿੱਚ ਉਸ ਅਧੂਰੇ ਮਨੁੱਖ ਲਈ ਜੋ ਕਿ ਅਪਣੇ ਅਧੂਰੇਪਣ ਨੂੰ ਲੈ ਕਿ ਚੇਤਨ ਹੈ, ਉਸ ਲਈ ਮਨੁੱਖੀਕਰਨ ਅਤੇ ਅਣ-ਮਨੁੱਖੀਕਰਨ ਹੋਣ ਦੀਆਂ ਦੋਵੇਂ ਸੰਭਾਵਨਾਵਾਂ ਹਨ।
ਹਾਲਾਂਕਿ ਮਨੁੱਖੀਕਰਨ ਅਤੇ ਅਣ-ਮਨੁੱਖੀਕਰਨ ਇਹ ਦੋਵੇਂ ਬਦਲ ਸੱਚ ਹਨ, ਫੇਰ ਵੀ ਮਨੁੱਖ ਦਾ ਫਰਜ਼ ਮਨੁੱਖ ਬਣਨਾ ਹੀ ਹੈ। ਇਸ ਫਰਜ਼ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ, ਹਾਲਾਂਕਿ ਇਸਦਾ ਵਿਰੋਧ ਹੀ ਇਸਨੂੰ ਪੱਕੇ-ਪੈਰੀਂ ਕਰਦਾ ਹੈ। ਇਸ ਨੂੰ ਅਨਿਆਂ, ਲੁੱਟ, ਜ਼ੁਲਮ ਅਤੇ ਜ਼ਾਲਮਾਂ ਦੀ ਹਿੰਸਾ ਨਾਲ਼ ਰੋਕਿਆ ਜਾਂਦਾ ਹੈ, ਦੱਬੇ-ਕੁਚਲ਼ਿਆਂ ਦੀ ਅਜ਼ਾਦੀ ਅਤੇ ਨਿਆਂ ਦੇ ਲਈ ਤਾਂਘ ਅਤੇ ਅਪਣੀ ਗੁਆਚੀ ਹੋਈ ਮਨੁੱਖਤਾ ਨੂੰ ਮੁੜ ਹਾਸਲ ਕਰਨ ਲਈ ਕੀਤੇ ਜਾਣ ਵਾਲੇ ਸੰਘਰਸ਼ ਤੋਂ ਇਸਦੀ ਪੁਸ਼ਟੀ ਹੁੰਦੀ ਹੈ।
ਅਣ-ਮਨੁੱਖੀਕਰਨ ਮਨੁੱਖ ਨੂੰ ਸੰਪੂਰਨ ਮਨੁੱਖ ਬਣਨ ਦੇ ਰਾਹ ਤੋਂ ਭਟਕਾਉਂਦਾ ਹੈ। ਇਹ ਨਾ ਸਿਰਫ਼ ਉਹਨਾਂ ਲਈ ਜਿੰਨ੍ਹਾਂ ਦੀ ਮਨੁੱਖਤਾ ਨੂੰ ਕੁਚਲ਼ਿਆ ਗਿਆ, ਸਗੋਂ ਜਿੰਨ੍ਹਾਂ ਨੇ ਇਹ ਕਾਰਾ ਕੀਤਾ ਹੈ, ਨੂੰ ਵੀ ਚਿੰਨ੍ਹਤ ਕਰਦਾ ਹੈ। ਇਹ ਭਟਕਣਾ ਇਤਿਹਾਸ ਵਿੱਚ ਵਾਪਰਦੀ ਹੈ, ਪਰੰਤੂ ਇਹ ਕੋਈ ਇਤਿਹਾਸਕ ਵਰਤਾਰਾ ਨਹੀਂ ਹੈ। ਯਕੀਨਣ ਗ਼ੈਰ-ਮਨੁੱਖੀਕਰਨ ਨੂੰ ਇਤਿਹਾਸਕ ਵਰਤਾਰਾ ਮੰਨਣਾ ਸਨਕੀਪੁਣੇ ਵੱਲ ਅਤੇ ਗੰਭੀਰ ਨਿਰਾਸ਼ਤਾ ਦੇ ਵੱਲ ਲੈ ਜਾਵੇਗਾ। ਫਿਰ ਤਾਂ ਮਨੁੱਖੀਕਰਨ, ਕਿਰਤੀਆਂ ਦੀ ਮੁਕਤੀ, ਬੇਗਾਨਗੀ ਦੇ ਖਾਤਮੇ ਅਤੇ ਇਨਸਾਨ ਦੇ ਰੂਪ ਵਿੱਚ ਆਦਮੀ ਅਤੇ ਔਰਤਾਂ ਦੀ ਪ੍ਰਪੱਕਤਾ ਦੇ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ। ਇਹ ਸੰਘਰਸ਼ ਸੰਭਵ ਵੀ ਇਸ ਕਰਕੇ ਹੁੰਦਾ ਹੈ ਕਿ ਅਣ-ਮਨੁੱਖੀਕਰਨ ਇੱਕ ਠੋਸ ਇਤਿਹਾਸਕ ਤੱਥ ਹੋਣ ਦੇ ਬਾਵਜੂਦ ਵੀ ਕੋਈ ਕੁਦਰਤੀ ਵਰਤਾਰਾ ਨਹੀਂ ਹੈ, ਸਗੋਂ ਅਨਿਆਂ-ਪੂਰਨ ਢਾਂਚੇ ਦਾ ਹੀ ਨਤੀਜਾ ਹੈ। ਇਹ ਢਾਂਚਾ ਜ਼ਾਲਮਾਂ ਨੂੰ ਹਿੰਸਕ ਬਣਾਉਂਦਾ ਹੈ ਅਤੇ ਬਦਲੇ ਵਿੱਚ ਦੱਬੇ-ਕੁਚਲ਼ਿਆਂ ਦਾ ਅਣ-ਮਨੁੱਖੀਕਰਨ ਕਰ ਦਿੰਦਾ ਹੈ।
ਕਿਉਂਕਿ ਇਹ ਮਨੁੱਖ ਨੂੰ ਸੰਪੂਰਨ ਮਨੁੱਖ ਬਣਨ ਦੇ ਰਾਹ ਵਿੱਚ ਰੋੜੇ ਅਟਕਾੳਂਦਾ ਹੈ, ਇਸ ਲਈ ਇਹ ਹੀਣਾ-ਪਣ ਦੱਬੇ-ਕੁਚਲ਼ਿਆਂ ਨੂੰ ਦੇਰ-ਸਵੇਰ ਅਜਿਹੇ ਲੋਕਾਂ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਕਰਦਾ ਹੈ, ਜਿੰਨ੍ਹਾਂ ਨੇ ਉਹਨਾਂ ਨੂੰ ਅਜਿਹਾ ਬਣਾਇਆ ਹੈ। ਇਸ ਘੋਲ਼ ਦੇ ਸਹੀ ਪੜਾਅ ਤੇ ਪਹੁੰਚਣ ਲਈ ਇਹ ਲਾਜ਼ਮੀ ਹੈ ਕਿ ਦੱਬੇ-ਕੁਚਲ਼ੇ ਅਪਣੀ ਮਨੁੱਖਤਾ ਨੂੰ ਮੁੜ ਹਾਸਲ ਕਰਦੇ ਸਮੇਂ ਜ਼ਾਲਮਾਂ ਤੇ ਜ਼ੁਲਮ ਨਾ ਢਾਹੁੰਦੇ ਹੋਏ ਦੋਵਾਂ ਦੇ ਲਈ ਹੀ ਮਨੁੱਖਤਾ ਦੀ ਸਿਰਜਣਾ ਕਰਨ। ਇਸ ਲਈ ਦੱਬੇ-ਕੁਚਲ਼ਿਆਂ ਦਾ ਮਹਾਨ ਮਨੁੱਖਤਾਵਾਦੀ ਅਤੇ ਇਤਿਹਾਸਕ ਕਾਰਜ; ਖੁਦ ਦੀ ਮੁਕਤੀ ਦੇ ਨਾਲ-ਨਾਲ ਜ਼ਾਲਮਾਂ ਨੂੰ ਵੀ ਮੁਕਤ ਕਰਨਾ ਹੈ। ਆਪਣੀ ਹਕੂਮਤ ਦੇ ਸਿਰ ਤੇ ਜ਼ੁਲਮ, ਲੁੱਟ ਅਤੇ ਬਲਾਤਕਾਰ ਕਰਨ ਵਾਲੇ ਜ਼ਾਲਮ ਨਾ ਹੀ ਦੱਬੇ-ਕੁਚਲ਼ਿਆਂ ਅਤੇ ਨਾ ਹੀ ਅਪਣੇ-ਆਪ ਨੂੰ ਮੁਕਤ ਕਰਨ ਦੇ ਸਮਰੱਥ ਹੁੰਦੇ ਹਨ। ਦੱਬੇ-ਕੁਚਲ਼ਿਆਂ ਦੀ ਕਮਜ਼ੋਰੀ ਵਿੱਚੋ ਉਭਰਨ ਵਾਲੀ ਸੱਤਾ ਵਿੱਚ ਹੀ ਐਨੀ ਸਮਰੱਥਾ ਹੋਵੇਗੀ ਕਿ ਦੋਹਾਂ ਨੂੰ ਅਜ਼ਾਦ ਕਰ ਸਕੇ। ਦੱਬੇ-ਕੁਚਲ਼ਿਆਂ ਦੀ ਕਮਜ਼ੋਰੀ ਦਾ ਸਤਿਕਾਰ ਕਰਦੇ ਹੋਏ ਜ਼ਾਲਮਾਂ ਦੀ ਸੱਤਾ ਨੂੰ ‘ਨਰਮ ਕਰਨ’ ਦੀ ਕੋਈ ਵੀ ਕੋਸ਼ਿਸ਼ ਅਕਸਰ ਹੀ ਇੱਕ ਝੂਠੀ ਉਦਾਰਤਾ ਸਾਬਤ ਹੁੰਦੀ ਹੈ। ਯਕੀਨਨ, ਇਸ ਤਰ੍ਹਾਂ ਦੀ ਕੋਸ਼ਿਸ਼ ਇਸ ਤੋਂ ਅੱਗੇ ਨਹੀਂ ਜਾਂਦੀ। ਇਹ ‘ਉਦਾਰਤਾ’ ਜ਼ਾਲਮਾਂ ਦੀ ਮੌਕਾਪ੍ਰਸਤੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਇਸ ਨਾਲ ਜ਼ਾਲਮ ਅਨਿਆਂ ਨੂੰ ਸਦੀਵੀ ਬਣਾ ਦਿੰਦੇ ਹਨ। ਇਹੀ ਕਾਰਨ ਹੈ ਕਿ ਇਹ ਉਦਾਰਤਾ ਅਨਿਆਂ-ਪੂਰਨ ਸਮਾਜਕ ਢਾਂਚੇ ਨੂੰ ਪੱਕਾ ਕਰਦੀ ਹੈ ਅਤੇ ਇਸਦਾ ਪੋਸ਼ਣ ਮੌਤ, ਗ਼ਮ ਅਤੇ ਗ਼ਰੀਬੀ ਨਾਲ ਹੁੰਦਾ ਹੈ। ਉਦਾਰਤਾ ਦੇ ਹਾਮੀ ਲੋਕ ਉਸ ਝੂਠੀ ਉਦਾਰਤਾ ਦੇ ਵਸੀਲੇ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਹੁੰਦੇ ਵੇਖ ਪਰੇਸ਼ਾਨ ਹੋ ਜਾਂਦੇ ਹਨ।
ਸੱਚੀ ਉਦਾਰਤਾ ਉਸ ਲੜਾਈ ਵਿੱਚ ਹੁੰਦੀ ਹੈ, ਜੋ ਝੂਠੀ ਉਦਾਰਤਾ ਦਾ ਪੋਸ਼ਣ ਕਰਨ ਵਾਲੇ ਕਾਰਨਾਂ ਅਤੇ ਤੱਤਾਂ ਨੂੰ ਜੜ੍ਹੋਂ ਪੁੱਟਣ ਲਈ ਕੀਤੀ ਜਾਂਦੀ ਹੈ। ਝੂਠੀ ਦਾਨਸ਼ੀਲਤਾ ਦੱਬੇ-ਕੁਚਲ਼ੇ ਅਤੇ ਡਰੇ ਹੋਏ ‘ਜ਼ਿੰਦਗ਼ੀ ਤੋਂ ਖਾਰਜ ਹੋਏ’ ਲੋਕਾਂ ਨੂੰ ਅਪਣੇ ਕੰਬਦੇ ਹੋਏ ਹੱਥ ਫੈਲਾਉਣ ਲਈ ਮਜ਼ਬੂਰ ਕਰਦੀ ਹੈ। ਅਸਲੀ ਉਦਾਰਤਾ ਉਹਨਾਂ ਯਤਨਾਂ ਵਿੱਚ ਹੈ ਜੋ ਇਹਨਾਂ ਹੱਥਾਂ ਨੂੰ ੁ ਭਾਂਵੇ ਉਹ ਕੁਝ ਬੰਦਿਆਂ ਦੇ ਹੱਥ ਹੋਣ ਜਾਂ ਸਮੁੱਚੀ ਲੋਕਾਈ ਦੇ ਹੱਥ ਅੱਡਣ ਦੀ ਘੱਟ ਤੋਂ ਘੱਟ ਲੋੜ ਪਵੇ, ਤਾਂ ਕਿ ਉਹ ਜਿਆਦਾ ਤੋਂ ਜਿਆਦਾ ਮਨੁੱਖੀ ਹੱਥ ਬਣ ਸਕਣ ਜੋ ਕੰਮ ਕਰਨ ਅਤੇ ਦੁਨੀਆਂ ਵਿੱਚ ਬਦਲਾਅ ਲਿਆਉਣ ਦੇ ਸਮਰੱਥ ਹੋਣ। ਇਹ ਸਬਕ ਅਤੇ ਸਿੱਖਿਆ ਪੱਧਤੀ ਲਾਜ਼ਮੀ ਤੌਰ ਤੇ ਦੱਬੇ-ਕੁਚਲ਼ਿਆਂ ਅਤੇ ਉਹਨਾਂ ਦੇ ਸੱਚੇ ਭਾਈਵਾਲਾਂ ਵੱਲੋਂ ਆਉਣੀ ਚਾਹੀਦੀ ਹੈ। ਮਨੁੱਖਤਾ ਦੀ ਮੁੜ ਸੁਰਜੀਤੀ ਲਈ ਲੜਦੇ ਕੁਝ ਲੋਕ ਜਾਂ ਸਮੁੱਚੀ ਲੋਕਾਈ ਸੱਚੀ ਉਦਾਰਤਾ ਨੂੰ ਮੁੜ ਹਾਸਲ ਕਰਨ ਦਾ ਯਤਨ ਕਰ ਰਹੇ ਹੋਣਗੇ। ਜ਼ਾਲਮ ਸਮਾਜ ਦੀ ਭਿਆਨਕਤਾ ਨੂੰ ਸਮਝਣ ਲਈ ਠੀਕ ਧਿਰ ਕਿਹੜੀ ਹੋ ਸਕਦੀ ਹੈ? ਜ਼ੁਲਮ ਨੂੰ ਦੱਬੇ-ਕੁਚਲ਼ਿਆਂ ਤੋਂ ਵੱਧ ਹੋਰ ਕੌਣ ਸਹਿਣ ਕਰ ਸਕਦਾ ਹੈ? ਮੁਕਤੀ ਦੀ ਲੋੜ ਨੂੰ ਉਹਨਾਂ ਤੋਂ ਵੱਧ ਹੋਰ ਕੌਣ ਸਮਝ ਸਕਦਾ ਹੈ? ਦੱਬੇ-ਕੁਚਲ਼ੇ ਮੁਕਤੀ ਨੂੰ ਅਚਾਨਕ ਹਾਸਲ ਨਹੀਂ ਕਰਨਗੇ ਸਗੋਂ ਮੁਕਤੀ ਦੀ ਇੱਛਾ ਲਈ ਕੀਤੇ ਗਏ ਅਭਿਆਸ ਅਤੇ ਲੜਾਈ ਦੀ ਜਰੂਰਤ ਨੂੰ ਪਹਿਚਾਨਣ ਨਾਲ ਹਾਸਲ ਕਰਨਗੇ। ਇਸ ਲੜਾਈ ਦਾ ਉਦੇਸ ਦੱਬੇ-ਕੁਚਲ਼ੇ ਲੋਕਾਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ, ਇਹ ਲੜਾਈ ਮੁਹੱਬਤ ਭਰਪੂਰ ਅਤੇ ਨਫ਼ਰਤ ਦੇ ਵਿਰੋਧ ਵਿੱਚ ਹੋਵੇਗੀ। ਇਹ ਨਫ਼ਰਤ ਜ਼ਾਲਮਾਂ ਦੀ ਹਿੰਸਾ ਦਾ ਕੇਂਦਰ ਬਿੰਦੂ ਹੁੰਦੀ ਹੈ। ਇਹ ਲੜਾਈ ਝੂਠੀ ਉਦਾਰਤਾ ਦਾ ਪਹਿਰਾਵਾ ਪਾਈ ਨਫ਼ਰਤ ਦੇ ਵਿਰੁੱਧ ਹੋਵੇਗੀ।
ਪਰੰਤੂ ਸੰਘਰਸ਼ ਦੇ ਮੁਢਲੇ ਪੜਾਅ ਦੌਰਾਨ ਦੱਬੇ-ਕੁਚਲ਼ਿਆਂ ਵਿੱਚ ਹਮੇਸ਼ਾ ਹੀ ਮੁਕਤੀ ਹਾਸਲ ਕਰਨ ਨਾਲ਼ੋਂ ਖੁਦ ਜ਼ਾਲਮ ਜਾਂ ਸਹਿ-ਜ਼ਾਲਮ ਬਣਨ ਦੇ ਰੁਝਾਨ ਵਿਖਾਈ ਦਿੰਦੇ ਹਨ। ਠੋਸ ਅਤੇ ਮੌਜ਼ੂਦਾ ਹਲ਼ਾਤਾਂ ਤੋਂ ਪੈਦਾ ਹੋਇਆ ਦਵੰਦ ਉਹਨਾਂ ਦੀ ਸੋਚ ਦੀ ਸੰਰਚਨਾ ਨੂੰ ਇਸ ਤਰੀਕੇ ਨਾਲ਼ ਢਾਲਦਾ ਹੈ। ਉਹਨਾਂ ਦਾ ਆਦਰਸ਼ ਵੀ ਮਨੁੱਖ ਹੋਣਾ ਹੁੰਦਾ ਹੈ, ਪਰ ਉਹਨਾਂ ਲਈ ਮਨੁੱਖ ਹੋਣ ਦਾ ਅਰਥ ਜ਼ਾਲਮ ਦਾ ਪ੍ਰਤੀਰੂਪ ਹੋਣਾ ਹੁੰਦਾ ਹੈ। ਇਹੀ ਉਹਨਾਂ ਲਈ ਆਦਰਸ਼ ਮਨੁੱਖਤਾ ਹੈ। ਇਹ ਰੁਝਾਨ ਇਸ ਤੱਥ ਵਿੱਚੋਂ ਨਿਕਲਦੇ ਹਨ ਕਿ ਦੱਬੇ-ਕੁਚਲ਼ੇ ਆਪਣੀ ਹੋਂਦ ਦੇ ਖਾਸ ਪਲ਼ਾਂ ‘ਚੋਂ ਜ਼ਾਲਮ ਦਾ ਪਿਛਲੱਗੂ ਰਵੱਈਆ ਅਪਣਾ ਲੈਂਦੇ ਹਨ। ਇਹਨਾਂ ਹਲ਼ਾਤਾਂ ਕਰਕੇ ਉਹ ਨਾ ਤਾਂ ਜ਼ਾਲਮ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਉਸਨੂੰ ਵਿਚਾਰਨਯੋਗ ਵਰਤਾਰੇ ਵਜੋਂ ਵੇਖ ਪਾਉਂਦੇ ਹਨ ਨਾ ਹੀ ਉਹ ਜ਼ਾਲਮ ਨੂੰ ਆਪਣੇ ਤੋਂ ਵੱਖ ਕਰ ਪਾਉਂਦੇ ਹਨ। ਜਰੂਰੀ ਨਹੀਂ ਇਸਦਾ ਅਰਥ ਇਹ ਹੋਵੇ ਕਿ ਦੱਬੇ-ਕੁਚਲ਼ੇ ਅਪਣੀ ਹਾਸ਼ੀਆਗਤ ਸਥਿਤੀ ਤੋਂ ਜਾਣੂ ਹੋਣ। ਪਰ ਦੱਬੇ-ਕੁਚਲ਼ੇ ਜ਼ੁਲਮ ਦੀ ਯਥਾਰਥਕਤਾ ਵਿੱਚ ਗੜੁੱਚ ਹੋਣ ਕਰਕੇ ਆਪਣੇ ਬਾਰੇ ਸਹੀ ਸਮਝ ਨਹੀਂ ਬਣਾ ਪਾਉਂਦੇ। ਇਸ ਪੱਧਰ ‘ਤੇ ਉਹ ਖੁਦ ਨੂੰ ਜ਼ਾਲਮ ਦੀ ਵਿਰੋਧੀ ਧਿਰ ਦੇ ਰੂਪ ਵਿੱਚ ਵੇਖ ਤਾਂ ਸਕਦੇ ਹਨ, ਪਰ ਉਹਨਾਂ ਦੇ ਇਸ ਤਰ੍ਹਾਂ ਵੇਖਣ ਦਾ ਅਰਥ ਇੱਥੇ ਆਪਸੀ ਮਤਭੇਦਾਂ ਨੂੰ ਦੂਰ ਕਰਕੇ ਜ਼ਾਲਮਾਂ ਦੇ ਖਿਲਾਫ਼ ਸੰਘਰਸ਼ ਕਰਨਾ ਨਹੀਂ ਹੈ। ਇਸ ਤਰ੍ਹਾਂ ਉਹ ਵਿਰੋਧੀ ਧਿਰ ਤੋਂ ਮੁਕਤੀ ਨਹੀਂ ਚਾਹੁੰਦੇ ਸਗੋਂ ਉਸਦੀ ਦੀ ਤਰ੍ਹਾਂ ਬਣਨਾ ਲੋਚਦੇ ਹਨ।
ਇਹਨਾਂ ਹਲ਼ਾਤਾਂ ਵਿੱਚ ਦੱਬੇ-ਕੁਚਲ਼ੇ ਨਾ ਤਾਂ ਆਪਸੀ ਵਿਰੋਧਤਾਈਆਂ ਵਿੱਚ ਪੈਦਾ ਹੁੰਦੇ “ਨਵ-ਮਨੁੱਖ” ਨੂੰ ਵੇਖ ਪਾਉਂਦੇ ਹਨ ਨਾ ਹੀ ਇਸ ਤੱਥ ਨੂੰ ਸਮਝ ਪਾਉਂਦੇ ਹਨ ਕਿ ਜ਼ੁਲਮ ਹੀ ਮੁਕਤੀ ਦਾ ਰਾਹ-ਦਸੇਰਾ ਬਣੇਗਾ। ਉਹਨਾਂ ਦੇ ਲਈ ਨਵੇਂ ਆਦਮੀ ਜਾਂ ਔਰਤ ਦਾ ਅਰਥ ਹੁੰਦਾ ਹੈ ਜ਼ਾਲਮ ਹੋਣਾ। ਨਵੇਂ ਆਦਮੀ ਜਾਂ ਔਰਤ ਦੇ ਬਾਰੇ ਵਿੱਚ ਉਹਨਾਂ ਦਾ ਨਜ਼ਰੀਆ ਨਿੱਜਤਾਵਾਦੀ ਹੁੰਦਾ ਹੈ। ਜ਼ਾਲਮ ਵਰਗਾ ਹੋਣ ਦੀ ਤਾਂਘ ਹੋਣ ਕਰਕੇ ਉਹਨਾਂ ਅੰਦਰ ਚੇਤਨਤਾ ਨਹੀਂ ਹੁੰਦੀ ਕਿ ਉਹ ਜ਼ਾਲਮ ਜਮਾਤਾਂ ਤੋਂ ਵੱਖਰੀ ਜਮਾਤ ਦੇ ਲੋਕ ਹਨ। ਉਹ ਖੇਤੀ ਸੁਧਾਰ ਚਾਹੁੰਦੇ ਹਨ, ਪਰ ਇਸ ਲਈ ਨਹੀਂ ਕਿ ਉਹ ਮੁਕਤੀ ਹਾਸਲ ਕਰ ਸਕਣ ਸਗੋਂ ਇਸ ਲਈ ਕਿ ਉਹ ਜ਼ਮੀਨ ਹਾਸਲ ਕਰਕੇ ਜ਼ਿਮੀਂਦਾਰ ਬਣ ਸਕਣ ਜਾਂ ਦੂਜੇ ਸ਼ਬਦਾਂ ਵਿੱਚ ਉਹ ਦੂਸਰੇ ਮਜ਼ਦੂਰਾਂ ‘ਤੇ ਆਪਣਾ ਦਾਬਾ ਪਾ ਸਕਣ। ਕੋਈ ਵਿਰਲ਼ਾ ਹੀ ਖੇਤ ਮਜ਼ਦੂਰ ਹੋਵੇਗਾ ਜੋ ਇੱਕ ਵਾਰੀ ‘ਨਿਗਰਾਨ’ ਦੇ ਪਦ ‘ਤੇ ਤਰੱਕੀ ਪਾ ਜਾਣ ਤੋਂ ਬਾਅਦ ਆਪਣੇ ਪੁਰਾਣੇ ਮਿੱਤਰਾਂ ਲਈ ਜ਼ਿਮੀਂਦਾਰ ਤੋਂ ਵੱਧ ਜ਼ਾਲਮ ਨਾ ਬਣ ਜਾਂਦਾ ਹੋਵੇ। ਇਸ ਕਰਕੇ ਖੇਤ ਮਜ਼ਦੂਰ ਉੱਤੇ ਜ਼ੁਲਮ ਬਿਨ੍ਹਾਂ ਕਿਸੇ ਤਬਦੀਲੀ ਦੇ ਹੁੰਦਾ ਰਹਿੰਦਾ ਹੈ। ਉਦਾਹਰਣ ਵਜੋਂ ਦੂਜੇ ਖੇਤ ਮਜ਼ਦੂਰਾਂ ਤੋਂ ਕੰਮ ਕਰਵਾਉਣ ਵਾਲਾ ਨਿਗਰਾਨ ਜੇ ਅਪਣੀ ਨੌਕਰੀ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਉਸਨੂੰ ਮਾਲਕ ਦੇ ਵਾਂਗੂੰ, ਸਗੋਂ ਮਾਲਕ ਤੋਂ ਵੀ ਜਿਆਦਾ ਸਖ਼ਤ ਹੋਣਾ ਪਵੇਗਾ। ਉਪਰੋਕਤ ਲਿਖੀ ਗੱਲ ਦਾ ਸਾਰ ਇਹ ਹੈ ਕਿ ਸ਼ੁਰੂਆਤੀ ਦੌਰ ਵਿੱਚ ਦੱਬੇ-ਕੁਚਲ਼ਿਆਂ ਲਈ ਆਦਰਸ਼ ਮਨੁੱਖ ਜ਼ਾਲਮ ਹੀ ਹੁੰਦਾ ਹੈ।
ਇੱਥੋਂ ਤੱਕ ਕਿ ਇਨਕਲ਼ਾਬ, ਜੋ ਮੁਕਤੀ ਦੀ ਪ੍ਰਕਿਰਿਆ ਸ਼ੁਰੂ ਕਰਕੇ ਜ਼ੁਲਮ ਦੇ ਠੋਸ ਵਰਤਾਰੇ ਨੂੰ ਢਹਿ-ਢੇਰੀ ਕਰ ਦਿੰਦਾ ਹੈ, ਵੀ ਇਸ ਵਰਤਾਰੇ ਨਾਲ ਦੋ-ਚਾਰ ਹੁੰਦਾ ਹੈ। ਬਹੁਤੇ ਦੱਬੇ-ਕੁਚਲ਼ਿਆਂ ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਨਕਲ਼ਾਬ ਵਿੱਚ ਸ਼ਾਮਲ ਹੁੰਦੇ ਹਨ, ਉਹ ਪੁਰਾਣੀ ਵਿਵਸਥਾ ਦੀਆਂ ਮਿੱਥਾਂ ਦੇ ਪ੍ਰਭਾਵ ਹੇਠ ਇਨਕਲ਼ਾਬ ਨੂੰ ਆਪਣਾ ਨਿੱਜੀ ਇਨਕਲ਼ਾਬ ਬਣਾ ਲੈਂਦੇ ਹਨ। ਆਪਣੇ ਪੁਰਾਣੇ ਜ਼ਾਲਮ ਦਾ ਪ੍ਰਭਾਵ ਅਜੇ ਵੀ ਉਹਨਾਂ ਉੱਤੇ ਵੇਖਿਆ ਜਾ ਸਕਦਾ ਹੈ।
ਦੱਬੇ-ਕੁਚਲ਼ਿਆਂ ਨੂੰ ‘ਅਜ਼ਾਦੀ ਦਾ ਡਰ’ ਪਰੇਸ਼ਾਨ ਕਰਦਾ ਹੈ, ਇਹ ਡਰ ਉਹਨਾਂ ਨੂੰ ਜ਼ਾਲਮ ਜਾਂ ਜ਼ੁਲਮ ਸਹਿਣ ਵਾਲੇ ਦੀ ਭੂਮਿਕਾ ਵਿੱਚ ਲੈ ਜਾ ਸਕਦਾ ਹੈ, ਇਸ ਡਰ ਦੀ ਗੰਭੀਰ ਪੜਚੋਲ਼ ਹੋਣੀ ਚਾਹੀਦੀ ਹੈ। ਜ਼ਾਲਮ ਅਤੇ ਦੱਬੇ ਕੁਚਲ਼ੇ ਵਿੱਚ ਜੋ ਰਿਸ਼ਤਾ ਹੁੰਦਾ ਹੈ, ਉਸ ਦੇ ਮੂਲ ਤੱਤਾਂ ਚੋਂ ਇੱਕ ਤੱਤ ਹੈ-ਹੁਕਮ। ਹੁਕਮ, ਇੱਕ ਮਨੁੱਖ ਦੀ ਪਸੰਦ ਦੂਸਰੇ ਤੇ ਥੋਪਣਾ ਹੈ ਅਤੇ ਇਹ ਹੁਕਮ ਲੈਣ ਵਾਲੇ ਆਦਮੀ ਦੀ ਚੇਤਨਾ ਨੂੰ ਹੁਕਮ ਦੇਣ ਵਾਲੇ ਦੀ ਚੇਤਨਾ ਅਨੁਸਾਰ ਤਬਦੀਲ ਕਰ ਦਿੰਦਾ ਹੈ। ਇਸ ਤਰ੍ਹਾਂ ਦੱਬੇ-ਕੁਚਲ਼ਿਆਂ ਦਾ ਵਿਵਹਾਰ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਉਹਨਾਂ ਨੂੰ ਸਿਖਾਇਆ ਜਾਂਦਾ ਹੈ, ਜਾਂ ਫਿਰ ਕਹਿ ਲਵੋ ਕਿ ਦੱਬੇ-ਕੁਚਲ਼ੇ ਜ਼ਾਲਮਾਂ ਦੇ ਦਿਸ਼ਾ-ਨਿਰਦੇਸ਼ ਦੀ ਹੀ ਪਾਲਣਾ ਕਰਦੇ ਹਨ। ਦੱਬੇ-ਕੁਚਲ਼ੇ ਜ਼ਾਲਮ ਦੇ ਬਿੰਬ ਨੂੰ ਆਤਮਸਾਤ ਕਰਕੇ ਉਸਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲ਼ਣਾ ਕਰਦੇ ਹਨ, ਇਸ ਕਰਕੇ ਅਜ਼ਾਦੀ ਤੋਂ ਡਰਦੇ ਹਨ। ਅਜ਼ਾਦੀ ਹਾਸਲ ਕਰਨ ਲਈ ਦੱਬੇ-ਕੁਚਲ਼ਿਆਂ ਨੂੰ ਜ਼ਾਲਮਾਂ ਦੇ ਬਿੰਬ ਨੂੰ ਖਾਰਜ ਕਰਕੇ ਇਸ ਨੂੰ ਖੁਦ-ਮੁਖਤਿਆਰੀ ਅਤੇ ਜ਼ਿੰਮੇਵਾਰੀ ਨਾਲ ਤਬਦੀਲ ਕਰਨਾ ਪਵੇਗਾ। ਅਜ਼ਾਦੀ ਸੰਘਰਸ਼ ਕਰਕੇ ਹਾਸਲ ਕੀਤੀ ਜਾਂਦੀ ਹੈ, ਇਹ ਤੋਹਫ਼ੇ ਵਜੋਂ ਨਹੀਂ ਮਿਲਦੀ। ਇਸਨੂੰ ਹਾਸਲ ਕਰਨ ਦੀ ਕੋਸ਼ਿਸ਼ ਲਗਾਤਾਰ ਅਤੇ ਜ਼ਿੰਮੇਵਾਰੀ ਨਾਲ ਕਰਨੀ ਪੈਂਦੀ ਹੈ। ਅਜ਼ਾਦੀ ਕੋਈ ਅਜਿਹਾ ਆਦਰਸ਼ ਨਹੀਂ ਹੈ, ਜੋ ਮਨੁੱਖ ਦੇ ਵੱਸ ਵਿੱਚ ਨਾ ਹੋਵੇ। ਉਹ ਕੋਈ ਅਜਿਹਾ ਵਿਚਾਰ ਵੀ ਨਹੀਂ ਹੈ ਜਿਹੜਾ ਕਿ ਮਿੱਥ ਹੋਵੇ। ਸਗੋਂ ਅਜ਼ਾਦੀ ਤਾਂ ਮਨੁੱਖੀ ਸੰਪੂਰਨਤਾ ਦੀ ਲਾਜ਼ਮੀ ਲੋੜ ਹੈ।
ਜ਼ੁਲਮ ਦੇ ਹਲ਼ਾਤਾਂ ਤੇ ਜਿੱਤ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਮਨੁੱਖ ਇਸਦੇ ਕਾਰਨਾਂ ਨੂੰ ਆਲੋਚਨਾਤਮਕ ਢੰਗ ਨਾਲ ਸਮਝੇ ਤਾਂ ਕਿ ਬਦਲਾਅ ਦੇ ਅਮਲ ਤੋਂ ਉਹ ਇੱਕ ਅਜਿਹੀ ਸਥਿਤੀ ਦੀ ਨਵੀਂ ਸਿਰਜਣਾ ਕਰ ਸਕਣ, ਜਿਸ ਵਿੱਚ ਸੰਪੂਰਨ ਮਨੁੱਖਤਾ ਲਈ ਕੋਸ਼ਿਸ਼ ਕਰਨੀ ਸੰਭਵ ਹੋਵੇ, ਪਰ ਸੰਪੂਰਨ ਮਨੁੱਖ ਬਣਨ ਲਈ ਅਸਲੀ ਘੋਲ਼ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ ਜ਼ੁਲਮ ਨੇ ਮਨੁੱਖ ਦਾ ਅਣ-ਮਨੁੱਖੀਕਰਨ ਕਰ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਨਾਲ ਅਣ-ਮਨੁੱਖੀਕਰਨ ਕੀਤਾ ਜਾ ਰਿਹਾ ਹੈ, ਇਹੋ ਜਿਹੇ ਹਲਾਤ ਦੱਬੇ-ਕੁਚਲ਼ੇ ਅਤੇ ਜ਼ੁਲਮੀਂ ਦੋਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ, ਪਰ ਲਾਜ਼ਮੀ ਤੌਰ ਤੇ ਦੱਬੇ-ਕੁਚਲ਼ਿਆਂ ਨੂੰ ਹੀ ਸੰਪੂਰਨ ਮਨੁੱਖਤਾ ਦੀ ਅਜ਼ਾਦੀ ਹਾਸਲ ਕਰਨ ਲਈ ਘੋਲ਼ ਸ਼ੁਰੂ ਕਰਨਾ ਪਵੇਗਾ। ਜ਼ਾਲਮ ਜੋ ਦੂਜਿਆਂ ਦਾ ਅਣ-ਮਨੁੱਖੀਕਰਨ ਕਰਕੇ ਖ਼ੁਦ ਅਣ-ਮਨੁੱਖੀ ਹੋ ਜਾਂਦਾ ਹੈ, ਇਸ ਲਈ ਇਸ ਸੰਘਰਸ਼ ਨੂੰ ਯੋਗ ਅਗਵਾਈ ਦੇਣ ਵਿੱਚ ਆਯੋਗ ਹੈ।
ਹਾਲਾਂਕਿ ਦੱਬੇ-ਕੁਚਲ਼ੇ, ਜੋ ਧੌਂਸ ਨੂੰ ਪ੍ਰਵਾਨ ਕਰ ਲੈਂਦੇ ਹਨ ਜਿਸ ਵਿੱਚ ਉਹ ਡੁੱਬੇ ਹੋਏ ਹਨ, ਆਤਮ-ਸਮਰਪਣ ਕਰ ਚੁੱਕੇ ਹਨ, ਉਹ ਅਜ਼ਾਦੀ ਲਈ ਓਨਾਂ ਚਿਰ ਘੋਲ਼ ਨਹੀਂ ਛੇੜਦੇ ਜਿੰਨਾ ਚਿਰ ਉਹ ਲੋੜੀਂਦੇ ਜੋਖਮ ਚੁੱਕਣ ਵਿੱਚ ਆਯੋਗ ਹਨ। ਇਸ ਤੋਂ ਇਲਾਵਾ, ਅਜ਼ਾਦੀ ਦੇ ਲਈ ਕੀਤਾ ਜਾਣ ਵਾਲਾ ਉਹਨਾਂ ਦਾ ਸੰਘਰਸ਼ ਜ਼ਾਲਮ ਨੂੰ ਹੀ ਨਹੀਂ, ਸਗੋਂ ਉਹਨਾਂ ਦੇ ਅਪਣੇ ਦੱਬੇ-ਕੁਚਲ਼ੇ ਸਾਥੀਆਂ ਨੂੰ ਵੀ ਖ਼ਤਰਨਾਕ ਲਗਦਾ ਹੈ ਜਿਹੜੇ ਸੰਘਰਸ਼ ਸ਼ੁਰੂ ਹੋ ਜਾਣ ਤੇ ਜੁਲਮ ਦੇ ਵਧਣ ਤੋਂ ਡਰੇ ਰਹਿੰਦੇ ਹਨ। ਜਦੋਂ ਉਹ ਅਜ਼ਾਦ ਹੋਣ ਦੀ ਇੱਛਾ ਨੂੰ ਖੋਜ ਲੈਣਗੇ, ਜਦੋਂ ਉਹ ਸਮਝ ਲੈਣਗੇ ਕਿ ਇਸ ਇੱਛਾ ਨੂੰ ਯਥਾਰਥ ਵਿੱਚ ਉਦੋਂ ਹੀ ਬਦਲਿਆ ਜਾ ਸਕਦਾ ਹੈ ਜਦੋਂ ਇਹ ਇੱਛਾ ਉਹਨਾਂ ਦੇ ਬਾਕੀ ਸਾਥੀਆਂ ਦੇ ਵਿੱਚ ਵੀ ਪੈਦਾ ਹੋਵੇਗੀ। ਜਦੋਂ ਤੱਕ ਇਹ ਅਜ਼ਾਦੀ ਨੂੰ ਲੈ ਕੇ ਭੈਅਭੀਤ ਰਹਿੰਦੇ ਹਨ ਉਦੋਂ ਤੱਕ ਉਹ ਦੂਸਰਿਆਂ ਨੂੰ ਅਪੀਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਨਾ ਹੀ ਦੂਸਰਿਆਂ ਦੀ ਅਪੀਲ ਨੂੰ ਸੁਣਦੇ ਹਨ। ਉਹ ਸੱਚੇ ਸਾਥੀਆਂ ਦੀ ਸੰਗਤ ਨਾਲੋਂ ਨਿੱਜ ਵਿੱਚ ਰਹਿਣਾ ਪਸੰਦ ਕਰਦੇ ਹਨ। ਉਹ ਅਜ਼ਾਦੀ ਅਤੇ ਅਜ਼ਾਦੀ ਦੇ ਲਈ ਕੀਤੇ ਜਾਣ ਵਾਲੇ ਘੋਲ਼ ਚੋਂ ਪੈਦਾ ਹੋਈ ਸਿਰਜਣਾਤਮਕ ਸਾਝੀਂਵਾਲਤਾ ਵਿੱਚ ਰਹਿਣ ਦੀ ਬਜਾਏ ਓਹ ਗ਼ੁਲਾਮੀ ਭਰਭੂਰ ਸਥਾਪਤੀ ਦੀ ਸੁਰੱਖਿਆ ਵਿੱਚ ਰਹਿਣਾ ਪਸੰਦ ਕਰਦੇ ਹਨ।
ਦੱਬੇ-ਕੁਚਲ਼ੇ ਲੋਕ ਦਵੰਦ ਦੇ ਸ਼ਿਕਾਰ ਹੁੰਦੇ ਹਨ, ਇਹ ਦਵੰਦ ਉਹਨਾਂ ਦੀ ਅੰਦਰੂਨੀ ਤਹਿ ਤੱਕ ਘਰ ਕਰ ਜਾਂਦਾ ਹੈ। ਉਹ ਇਹ ਤਾਂ ਜਾਣਦੇ ਹਨ ਕਿ ਅਜ਼ਾਦੀ ਤੋਂ ਬਿਨਾਂ ਉਹਨਾਂ ਦੀ ਹੋਂਦ ਪ੍ਰਵਾਨਿਤ ਨਹੀਂ ਹੈ, ਪ੍ਰਵਾਨਿਤ ਹੋਂਦ ਦੀ ਤਾਂਘ ਰੱਖਣ ਦੇ ਬਾਵਜੂਦ ਉਹ ਇਸ ਤੋਂ ਡਰਦੇ ਹਨ। ਇਸ ਤਰ੍ਹਾਂ ਉਹ ‘ਅਪਣਾ-ਆਪ’ ਵੀ ਹੁੰਦੇ ਹਨ ਅਤੇ ਜ਼ਾਲਮ ਵੀ। ਉਹ ਜ਼ਾਲਮ ਦੀ ਚੇਤਨਾ ਨੂੰ ਆਤਮਸਾਤ ਕਰ ਲੈਂਦੇ ਹਨ। ਉਹਨਾਂ ਵਿੱਚ ਦਵੰਦ ਇਸ ਕਰਕੇ ਹੁੰਦਾ ਹੈ ਕਿ ਉਹ ਸੰਪੂਰਨ ਆਪਣਾ-ਆਪ ਹੋਣ ਜਾਂ ਵੰਡੇ ਹੋਏ ਹੋਣ, ਜ਼ਾਲਮ ਦੀ ਚੇਤਨਾ ਨੂੰ ਰੱਦ ਕਰ ਦੇਣ ਜਾਂ ਨਾ ਕਰਨ, ਮਨੁੱਖੀ ਸਾਂਝੀਵਾਲਤਾ ਜਾਂ ਬੇਗਾਨਗੀ, ਹੁਕਮ ਨੂੰ ਮੰਨਣ ਜਾਂ ਫਿਰ ਅਪਣੀ ਨਿੱਜੀ ਪਸੰਦ ਨੂੰ, ਮੂਕ ਦਰਸ਼ਕ ਬਣੇ ਰਹਿਣ ਜਾਂ ਕਾਰਜ਼ ਕਰਨ ਨੂੰ, ਆਪਣੇ-ਆਪ ਕਰਨ ਜਾਂ ਜ਼ਾਲਮਾਂ ਦੁਆਰਾ ਕੀਤੇ ਜਾਣ ਦਾ ਵਹਿਮ ਪਾਲ ਲੈਣ, ਬੋਲਣ ਜਾਂ ਚੁੱਪ ਰਹਿਣ, ਖੱਸੀ ਬਣੇ ਰਹਿਣ ਜਾਂ ਫਿਰ ਸਿਰਜਣਾ ਜਾਂ ਮੁੜ ਸਿਰਜਣਾ ਕਰ ਸਕਣ ਵਾਲੀ ਆਪਣੀ ਸ਼ਕਤੀ ਨਾਲ਼ ਸੰਸਾਰ ਨੂੰ ਤਬਦੀਲ ਕਰ ਦੇਣ, ਇਹੋ ਹੀ ਦੱਬੇ-ਕੁਚਲ਼ਿਆਂ ਦਾ ਤ੍ਰਾਸਦਿਕ ਸੰਕਟ ਹੈ, ਜਿਸਦਾ ਧਿਆਨ ਉਹਨਾਂ ਦੀ ਸਿੱਖਿਆ ਵਿੱਚ ਸਹੀ ਰੱਖਿਆ ਜਾਣਾ ਚਾਹੀਦਾ ਹੈ।
ਇਸ ਕਿਤਾਬ ਵਿੱਚ ਉਸ ਚੀਜ਼ ਦੇ ਕੁਝ ਪੱਖਾਂ ਨੂੰ ਪੇਸ਼ ਕੀਤਾ ਜਾਵੇਗਾ, ਜਿੰਨ੍ਹਾਂ ਨੂੰ ਲੇਖਕ ਨੇ ਦੱਬੇ-ਕੁਚਲ਼ਿਆਂ ਦੇ ਸਿੱਖਿਆ-ਸਾਸ਼ਤਰ ਦਾ ਨਾਮ ਦਿੱਤਾ ਹੈ। ਇਸ ਸਿੱਖਿਆ ਸਾਸ਼ਤਰ ਦੀ ਉਸਾਰੀ ਦੁਆਰਾ ਦੱਬੇ-ਕੁਚਲ਼ਿਆਂ (ਚਾਹੇ ਉਹ ਵਿਆਕਤੀ ਹੋਵੇ ਜਾਂ ਸਮੁੱਚੀ ਲੋਕਾਈ) ਦੇ ਨਾਲ ਅਤੇ ਉਹਨਾਂ ਦੀ ਮਨੁੱਖਤਾ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਵਿੱਚੋਂ ਕੀਤਾ ਜਾਣਾ ਲਾਜ਼ਮੀ ਹੈ, ਪਰ ਇਹ ਸਿਰਫ ਉਹਨਾਂ ਲਈ ਨਹੀਂ ਹੋਵੇਗਾ। ਇਹ ਸਿੱਖਿਆ ਸਾਸ਼ਤਰ ਜ਼ੁਲਮ ਅਤੇ ਉਸਦੇ ਕਾਰਨਾਂ ਨੂੰ ਦੱਬੇ-ਕੁਚਲ਼ਿਆਂ ਲਈ ਵਿਚਾਰਨਯੋਗ ਚੀਜ਼ ਬਣਾਉਂਦਾ ਹੈ, ਅਤੇ ਉਸ ਵਿਚਾਰ ਦੁਆਰਾ ਅਪਣੀ ਅਜ਼ਾਦੀ ਲਈ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਉਂਦਾ ਹੈ, ਅਤੇ ਅਜਿਹੇ ਸੰਘਰਸ਼ ਵਿੱਚ ਹੀ ਸਿੱਖਿਆ ਸਾਸ਼ਤਰ ਦਾ ਨਿਰਮਾਣ ਅਤੇ ਮੁੜ ਨਿਰਮਾਣ ਕੀਤਾ ਜਾਵੇਗਾ।
ਕੇਂਦਰੀ ਸਮੱਸਿਆ ਇਹ ਹੈ, ਵੰਡੇ ਹੋਏ, ਗ਼ੈਰ-ਪ੍ਰਵਾਨਿਤ ਦੱਬੇ-ਕੁਚਲ਼ੇ ਆਪਣੀ ਮੁਕਤੀ ਦੇ ਸਿੱਖਿਆ ਸਾਸ਼ਤਰ ਦੇ ਵਿਕਾਸ ਵਿੱਚ ਸ਼ਮੂਲੀਅਤ ਕਿਸ ਤਰ੍ਹਾਂ ਕਰਨ? ਉਹਨਾਂ ਦੀ ਮੁਕਤੀ ਦਾ ਸਿੱਖਿਆ ਸਾਸ਼ਤਰ ਉਹਨਾਂ ਨੂੰ ਜੁਲਮ ਤੋਂ ਮੁਕਤੀ ਦਿਵਾਉਣ ਵਾਲੀ ਦਾਈ ਹੈ, ਇਸ ਕੰਮ ਵਿੱਚ ਉਹ ਅਪਣਾ ਹਿੱਸਾ ਤਾਂ ਹੀ ਪਾ ਸਕਦੇ ਹਨ, ਜੇ ਉਹ ਆਪਣੇ-ਆਪ ਨੂੰ ਜ਼ਾਲਮਾਂ ਦੇ ਮੇਜ਼ਬਾਨ ਵਜੋਂ ਪੇਸ਼ ਕਰ ਸਕਣ। ਜਦੋਂ ਤੱਕ ਉਹ ਇਸ ਦਵੰਦ ਵਿੱਚ ਫਸੇ ਰਹਿਣਗੇ, ਜਿਸ ਵਿੱਚ ‘ਹੋਣਾ’ ਹੁੰਦਾ ਹੈ, ‘ਹੋਣ ਵਰਗਾ’, ਅਤੇ ‘ਹੋਣ ਵਰਗਾ’ ਹੁੰਦਾ ਹੈ ਜ਼ਾਲਮ ਹੋਣ ਵਰਗਾ, ਉਦੋਂ ਤੱਕ ਉਹਨਾਂ ਦਾ ਯੋਗਦਾਨ ਅਸੰਭਵ ਹੈ। ਦੱਬੇ-ਕੁਚਲ਼ੇ ਅਤੇ ਜ਼ਾਲਮ ਦੋਵੇਂ ਹੀ ਗ਼ੈਰ-ਮਨੁੱਖੀਕਰਨ ਦਾ ਪ੍ਰਗਟਾਵਾ ਹਨ, ਦੱਬੇ-ਕੁਚਲ਼ਿਆਂ ਦਾ ਸਿੱਖਿਆ ਸਾਸ਼ਤਰ ਇੱਕ ਆਲੋਚਨਾਤਮਕ ਸੂਝ ਲਈ ਸੰਦ ਦਾ ਕੰਮ ਕਰਦਾ ਹੈ।
ਇਉਂ ਮੁਕਤੀ ਬੱਚਾ ਜੰਮਣ ਦੇ ਸਮਾਨ ਹੈ ਅਤੇ ਪੀੜਾਦਾਇਕ ਹੈ। ਇਸ ਤੋਂ ਜੋ ਆਦਮੀ ਜਾਂ ਔਰਤ ਪੈਦਾ ਹੁੰਦੀ ਹੈ, ਇੱਕ ‘ਨਵ-ਮਨੁੱਖ’ ਹੁੰਦਾ ਹੈ, ਜਿਸਦਾ ਜਿਉਂਦੇ ਰਹਿਣਾ ਤਾਂ ਹੀ ਸੰਭਵ ਹੈ, ਜਦੋਂ ਜ਼ਾਲਮ ਅਤੇ ਦੱਬੇ-ਕੁਚਲਿਆਂ ਦੇ ਆਪਸੀ ਵਿਰੋਧਾਂ ਦੀ ਥਾਂ ਸਾਰੀ ਲੋਕਾਈ ਦਾ ਮਨੁੱਖੀਕਰਨ ਕਰ ਦਿੱਤਾ ਜਾਵੇ ਜਾਂ ਦੂਜੇ ਸ਼ਬਦਾਂ ‘ਚ ਕਹੀਏ ਤਾਂ, ਇਸ ਆਪਸੀ ਵਿਰੋਧਤਾਈ ਦਾ ਹੱਲ ਉਸੇ ਹੀ ਜੰਮਣ-ਪੀੜਾ ਵਿੱਚੋਂ ਜਨਮ ਲੈਂਦਾ ਹੈ, ਜੋ ਨਵੇਂ ਮਨੁੱਖ ਨੂੰ ਇਸ ਦੁਨੀਆਂ ਵਿੱਚ ਲੈ ਕੇ ਆਉਂਦੀ ਹੈ। ਇਹੋ ਜਿਹਾ ਨਵਾਂ ਮਨੁੱਖ ਜਿਹੜਾ ਨਾ ਤਾਂ ਜ਼ਾਲਮ ਹੈ ਅਤੇ ਨਾ ਹੀ ਦੱਬਿਆ-ਕੁਚਲ਼ਿਆ, ਸਗੋਂ ਉਹ ਅਜ਼ਾਦੀ ਹਾਸਿਲ ਕਰਨ ਦੀ ਮੁਹਿੰਮ ‘ਚ ਹੈ।
ਇਹ ਹੱਲ ਆਦਰਸ਼ਵਾਦੀ ਢੰਗ ਨਾਲ ਨਹੀਂ ਕੀਤਾ ਜਾ ਸਕਦਾ। ਦੱਬੇ-ਕੁਚਲ਼ਿਆਂ ਨੂੰ ਆਪਣੀ ਅਜ਼ਾਦੀ ਲਈ ਸੰਘਰਸ਼ ਸ਼ੁਰੂ ਕਰਨ ਵਿੱਚ ਯੋਗ ਹੋਣ ਦੇ ਲਈ ਜ਼ੁਲਮ ਦੀ ਯਥਾਰਥਕਤਾ ਨੂੰ ਸਮਝਣਾ ਪਵੇਗਾ। ਇਹ ਯਥਾਰਥਕਤਾ ਨੂੰ ਬੰਦ-ਦੁਨੀਆਂ, ਜਿਸਦੇ ਵਿੱਚੋਂ ਨਿਕਲਣਾ ਸੰਭਵ ਨਾ ਹੋਵੇ, ਵਜੋਂ ਨਹੀਂ ਵੇਖਣਾ ਚਾਹੀਦਾ ਸਗੋਂ ਉਸਨੂੰ ਅਜਿਹੇ ਹਲਾਤ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ, ਜਿਸਨੂੰ ਉਹ ਬਦਲ ਸਕਦੇ ਹਨ। ਇਹ ਸੂਝ ਲਾਜ਼ਮੀ ਹੈ ਪਰ ਇਹ ਆਪਣੇ-ਆਪ ਵਿੱਚ ਮੁਕਤੀ ਲਈ ਨਾ-ਕਾਫੀ ਹੈ। ਇਹ ਸੂਝ ਮੁਕਤੀ ਕਾਰਜ਼ ਲਈ ਪ੍ਰੇਰਣਾ-ਸਰੋਤ ਲਾਜ਼ਮੀ ਬਣਨੀ ਚਾਹੀਦੀ ਹੈ। ਦੱਬੇ-ਕੁਚਲ਼ਿਆਂ ਦਾ ਇਹ ਜਾਣ ਲੈਣਾ ਵੀ ਅਪਣੇ-ਆਪ ਵਿੱਚ ਮੁਕਤੀ ਨਹੀਂ ਕਿ ਉਹਨਾਂ ਦਾ ਜ਼ਾਲਮ ਨਾਲ ਦਵੰਦਾਤਮਕ ਰਿਸ਼ਤਾ ਹੈ ਅਤੇ ਉਹਨਾਂ ਤੋਂ ਬਿਨਾਂ ਜ਼ਾਲਮ ਦੀ ਵੀ ਕੋਈ ਹੋਂਦ ਨਹੀਂ ਹੈ। ਦੱਬੇ-ਕੁਚਲ਼ੇ ਲੋਕ ਜਿੰਨ੍ਹਾਂ ਵਿਰੋਧਤਾਈਆਂ ਵਿੱਚ ਫਸੇ ਹੋਏ ਹਨ, ਉਹਨਾਂ ਵਿੱਚੋਂ ਉਹ ਤਾਂ ਹੀ ਨਿੱਕਲ ਸਕਦੇ ਹਨ, ਜੇਕਰ ਉਹ ਮੁਕਤੀ ਲਈ ਸ਼ਰਤ, ਘੋਲ਼ ਦੀ ਸੂਝ ਰਖਦੇ ਹੋਣ।
ਇਹੋ ਗੱਲ ਇਕੱਲੇ-ਇਕਹਰੇ ਮਨੁੱਖ ਵਜੋਂ ਜ਼ਾਲਮ ਲਈ ਵੀ ਓਨੀ ਹੀ ਸੱਚ ਹੈ। ਇਹ ਜਾਣ ਲੈਣਾ ਕਿ ਉਹ ਜ਼ਾਲਮ ਹੈ, ਉਸਨੂੰ ਪਰੇਸ਼ਾਨ ਕਰ ਸਕਦਾ ਹੈ, ਪਰ ਇਹ ਲਾਜ਼ਮੀ ਨਹੀਂ ਕਿ ਇੰਨੇ ਨਾਲ ਉਹ ਦੱਬੇ-ਕੁਚਲ਼ਿਆਂ ਨਾਲ ਸਦਭਾਵਨਾ ਕਾਇਮ ਕਰਨ ਵੱਲ ਵਧ ਸਕੇ। ਜ਼ਾਲਮ ਆਪਣੇ ਅਪਰਾਧ-ਬੋਧ ਨੂੰ ਤਰਕ-ਸੰਗਤ ਬਣਾਉਣ ਲਈ ਦੱਬੇ-ਕੁਚਲ਼ਿਆਂ ਦੇ ਨਾਲ ਮਾਪਿਆਂ ਵਰਗਾ ਵਰਤਾਓ ਕਰਨ ਲੱਗਣ, ਪਰੰਤੂ ਅਜਿਹਾ ਕਰਦਿਆਂ ਵੀ ਉਹਨਾਂ ਨੂੰ ਆਪਣੇ-ਆਪ ‘ਤੇ ਨਿਰਭਰ ਰਹਿਣ ਦੇ ਹਲਾਤ ਵਿੱਚ ਬੰਨ੍ਹ ਕੇ ਰੱਖਣ, ਇਸ ਨਾਲ ਕੰਮ ਨਹੀਂ ਚੱਲਣਾ। ਸਦਭਾਵਨਾ ਕਾਇਮ ਕਰਨ ਦੀ ਲਾਜ਼ਮੀ ਸ਼ਰਤ ਹੈ ਕਿ ਜਿਸ ਨਾਲ ਸਦਭਾਵਨਾ ਕਰਨੀ ਹੈ ਉਸਦੇ ਹਲਾਤਾਂ ਵਿੱਚ ਉਤਰਿਆ ਜਾਵੇ, ਇਹ ਇੱਕ ਇਨਕਲ਼ਾਬੀ ਕਾਰਜ਼ ਹੈ। ਜੇਕਰ, ਜਿਵੇਂ ਕਿ ਹੀਗਲ ਕਹਿੰਦਾ ਹੈ, ਦੱਬੇ-ਕੁਚਲ਼ਿਆਂ ਦੀ ਖੂਬੀ ਇਹ ਹੈ ਕਿ ਉਹ ਮਾਲਕ ਦੀ ਚੇਤਨਾ ਦੇ ਅਧੀਨ ਰਹਿੰਦੇ ਹਨ, ਤਾਂ ਦੱਬੇ-ਕੁਚਲ਼ਿਆਂ ਨਾਲ ਅਸਲੀ ਸਦਭਾਵਨਾ ਦਾ ਅਰਥ ਇਹ ਹੈ ਕਿ ਉਹਨਾਂ ਨੂੰ ‘ਕਿਸੇ ਹੋਰ ਦੇ ਲਈ ਜਿਉਣ ਵਾਲਾ’ ਬਣਾਈ ਰੱਖਣ ਦੇ ਯਥਾਰਥ ਨੂੰ ਬਦਲਣ ਲਈ ਉਸਦੇ ਪੱਖ ‘ਚ ਖੜਾ ਹੋ ਕਿ ਲੜਿਆ ਜਾਵੇ। ਜ਼ਾਲਮ ਦੱਬੇ-ਕੁਚਲ਼ਿਆਂ ਨਾਲ ਫੇਰ ਹੀ ਸਦਭਾਵਨਾ ਕਾਇਮ ਕਰ ਸਕਦਾ ਹੈ ਜਦੋਂ ਉਹ ਦੱਬੇ-ਕੁਚਲ਼ਿਆਂ ਨੂੰ ਅਮੂਰਤ ਤਬਕਾ ਸਮਝਣਾ ਬੰਦ ਕਰ ਦੇਣ ਅਤੇ ਉਹਨਾਂ ਨੂੰ ਅਜਿਹੇ ਇਨਸਾਨਾਂ ਦੇ ਰੂਪ ਵਿੱਚ ਵੇਖਣ, ਜਿੰਨ੍ਹਾਂ ਨਾਲ ਅਨਿਆਂ ਹੋਇਆ ਹੈ, ਜਿੰਨ੍ਹਾਂ ਤੋਂ ਉਹਨਾਂ ਦੀ ਅਵਾਜ ਖੋਹ ਲਈ ਗਈ ਹੈ, ਉਹਨਾਂ ਦੀ ਕਿਰਤ ਦੇ ਸੌਦੇ ਵਿੱਚ ਧੋਖਾ ਹੋਇਆ ਹੈ ਭਾਵ ਜ਼ਾਲਮ ਦੱਬੇ-ਕੁਚਲ਼ਿਆਂ ਨਾਲ ਤਾਂ ਹੀ ਸਾਂਝੀਵਾਲਤਾ ਕਾਇਮ ਕਰ ਸਕਦਾ ਹੈ, ਜਦੋਂ ਉਹ ਊਚ-ਨੀਚ, ਭਾਵੁਕ ਅਤੇ ਨਿੱਜਤਾਵਾਦੀ ਵਿਵਹਾਰ ਨੂੰ ਛੱਡ ਦੇਣਗੇ ਅਤੇ ਮੁਹੱਬਤ ਲਈ ਖ਼ਤਰੇ ਉਠਾਉਣ ਲਈ ਤਿਆਰ ਹੋਣਗੇ। ਸੱਚੀ ਸਾਂਝੀਵਾਲਤਾ ਮੁਹੱਬਤ ਦੇ ਅਮਲ ਦੀ ਸੰਪੂਰਨਤਾ, ਭਰਭੂਰਤਾ ਅਤੇ ਉਸਦੀ ਹੋਂਦ ਵਿੱਚ ਹੀ ਮਿਲਦੀ ਹੈ। ਇਹ ਮੰਨ ਲੈਣਾ ਕਿ ਆਦਮੀ ਅਤੇ ਔਰਤਾਂ ਇਨਸਾਨ ਹਨ ਅਤੇ ਇਨਸਾਨ ਨੂੰ ਅਜ਼ਾਦ ਹੋਣਾ ਚਾਹੀਦਾ ਹੈ, ਪਰ ਇਸਨੂੰ ਯਥਾਰਥ ਵਿੱਚ ਤਬਦੀਲ ਕਰਨ ਲਈ ਠੋਸ ਰੂਪ ਵਿੱਚ ਕੁਝ ਨਾ ਕਰਨਾ ਇੱਕ ਮਜ਼ਾਕ ਹੋਵੇਗਾ।
ਕਿਉਂਕਿ ਜ਼ਾਲਮ ਅਤੇ ਦੱਬੇ-ਕੁਚਲ਼ੇ ਦੀ ਆਪਸੀ ਵਿਰੋਧਤਾਈ ਇੱਕ ਠੋਸ ਹਲਾਤ ਉੱਤੇ ਸਥਾਪਿਤ ਹੁੰਦੀ ਹੈ, ਇਸ ਲਈ ਇਸ ਵਿਰੋਧਤਾਈ ਦਾ ਹੱਲ ਵੀ ਸਪੱਸ਼ਟ ਅਤੇ ਠੋਸ ਹੋਵੇਗਾ। ਇਸ ਲਈ ਜ਼ੁਲਮ ਨੂੰ ਪੈਦਾ ਕਰਨ ਵਾਲੇ ਹਲਾਤਾਂ ਨੂੰ ਤਬਦੀਲ ਕਰਨ ਦੀ ਸਖ਼ਤ ਲੋੜ ਹੈ। ਇਹ ਜਰੂਰਤ ਉਹਨਾਂ ਮਨੁੱਖਾਂ ਲਈ ਵੀ ਹੈ ਜਿੰਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਜ਼ਾਲਮ ਹਨ ਅਤੇ ਉਹਨਾਂ ਲਈ ਵੀ ਜਰੂਰੀ ਹੈ ਜੋ ਦੱਬੇ-ਕੁਚਲ਼ੇ ਹਨ।
ਯਥਾਰਥ ਦੀ ਬਾਹਰਮੁਖੀ ਤਬਦੀਲੀ ਦੀ ਇਨਕਲ਼ਾਬੀ ਮੰਗ ਨੂੰ ਪੇਸ਼ ਕਰਨ ਅਤੇ ਉਸ ਅੰਤਰਮੁਖਤਾਵਾਦੀ ਖੜੋਤ ਜਿਸ ਕਰਕੇ ਦੱਬੇ-ਕੁਚਲ਼ੇ ਜ਼ੁਲਮ ਦੀ ਪਹਿਚਾਣ ਹੋਣ ਤੇ ਵੀ ਇਸ ਵਹਿਮ ‘ਚ ਪੈ ਸਕਦੇ ਹਨ ਕਿ ਸਹਿਣਸ਼ੀਲਤਾ ਨਾਲ ਇੰਤਜ਼ਾਰ ਕਰਦੇ ਰਹਿਣ ਨਾਲ ਜ਼ੁਲਮ ਆਪਣੇ-ਆਪ ਖਤਮ ਹੋ ਜਾਵੇਗਾ। ਵਿਰੋਧ ਕਰਨ ਦਾ ਅਰਥ ਵਿਵਸਥਾ ਤਬਦੀਲੀ ਲਈ ਅੰਤਰਮੁਖਤਾ ਦੀ ਭੂਮਿਕਾ ਨੂੰ ਨਕਾਰਨਾ ਨਹੀਂ ਇਸਦੇ ਉਲਟ ਸੱਚ ਤਾਂ ਇਹ ਹੈ ਕਿ ਅੰਤਰਮੁਖਤਾ ਤੋਂ ਬਿਨਾਂ ਬਾਹਰਮੁਖਤਾ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਦੋਵਾਂ ਦੀ ਹੋਂਦ ਇੱਕ ਦੂਜੇ ਕਰਕੇ ਹੈ। ਉਹਨਾਂ ਵਿੱਚ ਵੰਡ ਸੰਭਵ ਨਹੀਂ। ਬਾਹਰਮੁਖਤਾ ਨੂੰ ਅੰਤਰਮੁਖਤਾ ਤੋਂ ਵੱਖ ਕਰਨਾ, ਸੱਚ ਦੀ ਪੜਚੋਲ ਜਾਂ ਉਸ ਤੇ ਅਮਲ ਕਰਦੇ ਸਮੇਂ ਅੰਤਰਮੁਖਤਾ ਨੂੰ ਨਕਾਰ ਦੇਣਾ ਬਾਹਰਮੁਖਤਾਵਾਦ ਹੈ। ਦੂਜੇ ਪਾਸੇ ਪੜਚੋਲ ਜਾਂ ਅਮਲ ਵਿੱਚ ਬਾਹਰਮੁਖਤਾ ਨੂੰ ਨਕਾਰਨਾ ਅੰਤਰਮੁਖਤਾਵਾਦ ਵਿੱਚ ਬਦਲ ਕੇ ਅੰਤਰਮੁਖਤਾਵਾਦੀ ਸੋਚ ਵੱਲ ਲੈ ਜਾਂਦਾ ਹੈ, ਜਿਹੜਾ ਬਾਹਰਮੁਖੀ ਯਥਾਰਥ ਨੂੰ ਨਕਾਰ ਕੇ ਅਮਲ ਨੂੰ ਹੀ ਨਕਾਰਦਾ ਹੈ। ਇੱਥੇ ਨਾ ਅਸੀਂ ਬਾਹਰਮੁਖਤਾਵਾਦ ਦੀ ਗੱਲ ਕਰ ਰਹੇ ਹਾਂ, ਨਾ ਅੰਤਰਮੁਖਤਾਵਾਦ ਦੀ, ਅਤੇ ਨਾ ਹੀ ਮਨੋਵਿਗਿਆਨਵਾਦ ਦੀ, ਗੱਲ ਤਾਂ ਅੰਤਰਮੁਖਤਾਵਾਦ ਅਤੇ ਬਾਹਰਮੁਖਤਾ ਦੇ ਸਦੀਵੀ ਦਵੰਦਵਾਦੀ ਸਬੰਧ ਦੀ ਹੈ।
ਸੰਸਾਰ ਅਤੇ ਇਤਿਹਾਸ ਦੇ ਬਦਲਾਅ ਦੀ ਇਸ ਪ੍ਰਕ੍ਰਿਆ ਵਿੱਚ ਅੰਤਰਮੁਖਤਾਵਾਦ ਦੇ ਮਹੱਤਵ ਨੂੰ ਨਕਾਰਨਾ ਅਣਜਾਣਪੁਣਾ ਅਤੇ ਭੋਲਾਪਣ ਹੈ। ਇਨਸਾਨਾਂ ਤੋਂ ਬਿਨਾਂ ਦੁਨੀਆਂ ਦੀ ਹੋਂਦ ਵਰਗੀ ਅਸੰਭਵ ਗੱਲ ਨੂੰ ਮੰਨਣਾ ਹੈ। ਇਹ ਬਾਹਰਮੁਖਤਾਵਾਦੀ ਪਹੁੰਚ ਓਨੀ ਹੀ ਸਾਧਾਰਣ ਹੈ ਜਿੰਨੀ ਮਨੁੱਖਾਂ ਤੋਂ ਬਿਨਾਂ ਸੰਸਾਰ ਦੀ ਕਲਪਨਾ ਦਾ ਸਿਧਾਂਤ ਦੇਣ ਵਾਲਾ ਅੰਤਰਮੁਖਤਾਵਾਦ। ਸੰਸਾਰ ਅਤੇ ਮਨੁੱਖ ਇੱਕ ਦੂਜੇ ਤੋਂ ਵੱਖ ਨਹੀਂ ਹੁੰਦੇ, ਦੋਵੇਂ ਇੱਕ ਦੂਜੇ ਦੇ ਸੰਵਾਦ ਵਿੱਚ ਰਹਿੰਦੇ ਹਨ। ਇਹਨਾਂ ਨੂੰ ਨਾ ਤਾਂ ਮਾਰਕਸ ਨੇ ਵੱਖ ਕਰ ਕੇ ਵੇਖਿਆ ਹੈ ਅਤੇ ਨਾ ਹੀ ਕਿਸੇ ਹੋਰ ਆਲੋਚਨਾਤਮਕ ਅਤੇ ਯਥਾਰਥਵਾਦੀ ਚਿੰਤਕ ਨੇ। ਮਾਰਕਸ ਨੇ ਜਿਹੜੀ ਚੀਜ਼ ਦੀ ਆਲੋਚਨਾ ਕੀਤੀ ਸੀ, ਅਤੇ ਜਿਸਨੂੰ ਵਿਗਿਆਨਕ ਢੰਗ ਦੇ ਨਾਲ ਖ਼ਤਮ ਕੀਤਾ ਸੀ, ਉਹ ਨਿੱਜ ਨਹੀਂ, ਸਗੋਂ ਨਿੱਜਤਾਵਾਦ ਅਤੇ ਮਨੋਵਿਗਿਆਨਵਾਦ ਸੀ। ਜਿਸ ਤਰ੍ਹਾਂ ਬਾਹਰਮੁਖੀ ਸਮਾਜਕ ਯਥਾਰਥ ਦੀ ਹੋਂਦ ਕੋਈ ਤੁੱਕਾ ਨਹੀਂ, ਸਗੋਂ ਮਨੁੱਖਕ ਅਮਲ ਦੀ ਪੈਮਾਇਸ਼ ਹੈ ਇਸ ਤਰ੍ਹਾਂ ਉਸਦਾ ਬਦਲਾਅ ਵੀ ਤੁੱਕੇ ਨਾਲ ਨਹੀਂ ਹੁੰਦਾ। ਜੇਕਰ ਮਨੁੱਖ ਸਮਾਜਕ ਯਥਾਰਥ ਨੂੰ ਪੈਦਾ ਕਰਦੇ ਹਨ (ਜਿਹੜਾ ਮੋੜਵੇਂ ਰੂਪ ਵਿੱਚ ਖੁਦ ਮਨੁੱਖਤਾ ਨੂੰ ਹੀ ਢਾਲ ਦਿੰਦਾ ਹੈ) ਤਾਂ ਉਹ ਯਥਾਰਥ ਦਾ ਬਦਲਾਅ ਇੱਕ ਇਤਿਹਾਸਕ ਅਤੇ ਮਨੁੱਖਾਂ ਦੁਆਰਾ ਕੀਤਾ ਜਾਣ ਵਾਲਾ ਕਾਰਜ਼ ਹੈ।
ਜਿਹੜਾ ਸੱਚ ਜ਼ਾਲਮ ਬਣ ਜਾਂਦਾ ਹੈ ਉਹ ਜ਼ਾਲਮਾਂ ਅਤੇ ਦੱਬੇ-ਕੁਚਲ਼ਿਆਂ ਦੇ ਆਪਸੀ ਵਿਰੋਧ ਵਿੱਚ ਬਦਲ ਜਾਂਦਾ ਹੈ। ਦੱਬੇ-ਕੁਚਲ਼ਿਆਂ ਦਾ ਕੰਮ ਆਪਣੇ ਬਾਰੇ ਸੱਚੀ ਸਾਂਝੀਵਾਲਤਾ ਕਾਇਮ ਕਰਨ ਵਾਲੇ ਲੋਕਾਂ ਦੇ ਨਾਲ ਮਿਲ ਕੇ ਅਪਣੀ ਮੁਕਤੀ ਦੇ ਲਈ ਸੰਘਰਸ਼ ਕਰਨਾ ਹੈ, ਉਹਨ੍ਹਾਂ ਨੂੰ ਅਪਣੇ ਅੰਦਰ ਇਸ ਸੰਘਰਸ਼ ਦੇ ਅਮਲ ਦੇ ਨਾਲ ਜ਼ੁਲਮ ਦੇ ਬਾਰੇ ਆਲੋਚਨਾਤਮਕ ਸੂਝ ਲਾਜ਼ਮੀ ਪੈਦਾ ਕਰਨੀ ਚਾਹੀਦੀ ਹੈ। ਮੁਕਤੀ ਹਾਸਿਲ ਕਰਨ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਇਹ ਹੈ ਕਿ ਜ਼ੁਲਮ ਦਾ ਯਥਾਰਥ ਦੱਬੇ-ਕੁਚਲ਼ਿਆਂ ਨੂੰ ਵੀ ਅਪਣੇ ਅੰਦਰ ਸਮਾ ਲੈਂਦਾ ਹੈ ਅਤੇ ਇਸਦੇ ਦੁਆਰਾ ਉਹਨਾਂ ਦੀ ਚੇਤਨਾ ਨੂੰ ਖੁੰਢੀ ਕਰ ਦਿੰਦਾ ਹੈ। ਕਾਰਜਾਤਮਕ ਤੌਰ ‘ਤੇ ਜ਼ੁਲਮ ਪਾਲਤੂ ਬਣਾਉਂਦਾ ਹੈ। ਮਨੁੱਖ ਇਸਦੇ ਮੱਕੜ ਜਾਲ ਦਾ ਸ਼ਿਕਾਰ ਨਾ ਬਣ ਜਾਵੇ ਇਸਦੇ ਲਈ ਉਹਨਾਂ ਦਾ ਇਸ ਤੋਂ ਬਾਹਰ ਆਉਣਾ ਅਤੇ ਇਸ ਉਤੇ ਧਿਆਨ ਦੇਣਾ ਲਾਜ਼ਮੀ ਹੈ। ਅਜਿਹਾ ਸਿਰਫ਼ ਅਮਲ ਦੇ ਜ਼ਰੀਏ ਹੀ ਕੀਤਾ ਜਾ ਸਕਦਾ ਹੈ, ਜਿਸਦਾ ਅਰਥ ਹੈ ਸੰਸਾਰ ਵਿੱਚ ਤਬਦੀਲੀ ਦੇ ਲਈ ਵਿਚਾਰ ਅਤੇ ਅਮਲ ਕਰਨਾ।
ਜ਼ੁਲਮ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸਾਨੂੰ ਜ਼ੁਲਮ ਨੂੰ ਹੋਰ ਜਿਆਦਾ ਯਥਾਰਥਕ ਬਣਾਉਣਾ ਚਾਹੀਦਾ ਹੈ। ਇਸਦੇ ਲਈ ਜ਼ੁਲਮ ਦੀ ਸਮਝ ਵਿੱਚ ਉਸਦੀ ਬੁਰਾਈ ਨੂੰ ਜੋੜਨਾ ਜਰੂਰੀ ਹੈ, ਅਤੇ ਨਾਲ ਹੀ ਉਸਨੂੰ ਜਿਆਦਾ ਤੋਂ ਜਿਆਦਾ ਬਦਨਾਮ ਕਰਨਾ ਜਰੂਰੀ ਹੈ।
ਅਸਲੀ ਜ਼ੁਲਮ ਵਿੱਚ ਜ਼ੁਲਮ ਦੇ ਅਹਿਸਾਸ ਨੂੰ ਜੋੜ ਕੇ ਉਸਨੂੰ ਹੋਰ ਜਿਆਦਾ ਜ਼ਾਲਮ ਬਣਾ ਕੇ ਪੇਸ਼ ਕਰਨਾ ਅੰਤਰਮੁਖਤਾ ਅਤੇ ਬਾਹਰਮੁਖਤਾ ਦੇ ਦਵੰਦਾਤਮਕ ਸਬੰਧ ਨਾਲ ਮੇਲ ਖਾਂਦਾ ਹੈ। ਸਿਰਫ਼ ਦੋਹਾਂ ਦੀ ਆਪਸੀ ਨਿਰਭਰਤਾ ਨਾਲ ਅਸਲੀ ਅਮਲ ਸੰਭਵ ਹੈ, ਇਸਤੋਂ ਬਿਨਾਂ ਜ਼ਾਲਮ ਅਤੇ ਦੱਬੇ-ਕੁਚਲ਼ਿਆਂ ਦੀ ਵਿਰੋਧਤਾਈ ਦਾ ਹੱਲ ਅਸੰਭਵ ਹੈ। ਇਸ ਟੀਚੇ ਨੂੰ ਪਾਉਣ ਲਈ ਲਾਜ਼ਮੀ ਹੈ ਕਿ ਦੱਬੇ-ਕੁਚਲ਼ੇ ਲੋਕ ਸੱਚ ਦਾ ਸਾਹਮਣਾ ਆਲੋਚਨਾਤਮਕ ਢੰਗ ਨਾਲ ਕਰਨ ਅਤੇ ਇਸਦੇ ਨਾਲ ਸੱਚ ਨੂੰ ਪਦਾਰਥਵਾਦੀ ਬਣਾਉਂਦੇ ਹੋਏ ਇਸਤੇ ਅਮਲ ਕਰਨ। ਇਸ ਆਲੋਚਨਾਤਮਕ ਦਖ਼ਲ ਤੋਂ ਬਿਨਾਂ ਕੋਰਾ ਯਥਾਰਥਬੋਧ ਪਦਾਰਥਵਾਦੀ ਸੱਚ ਦੇ ਬਦਲਾਅ ਵੱਲ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਸੱਚ ਦਾ ਗਿਆਨ ਅਸਲੀ ਗਿਆਨ ਹੁੰਦਾ ਨਹੀਂ। ਉਹ ਇੱਕ ਅਜਿਹੇ ਆਦਮੀ ਦਾ ਸ਼ੁੱਧ ਅੰਤਰਮੁਖਤਾਵਾਦੀ ਗਿਆਨ ਹੁੰਦਾ ਹੈ ਜੋ ਕਿ ਬਾਹਰਮੁਖੀ ਯਥਾਰਥ ਨੂੰ ਛੱਡ ਦਿੰਦਾ ਹੈ ਅਤੇ ਉਸਦਾ ਕੋਈ ਝੂਠਾ ਬਦਲ ਘੜ ਲੈਦਾਂ ਹੈ।
ਇੱਕ ਹੋਰ ਤਰ੍ਹਾਂ ਦੀ ਝੂਠੀ ਸਮਝ ਪੈਦਾ ਹੁੰਦੀ ਹੈ, ਜਦੋਂ ਬਾਹਰਮੁਖੀ ਯਥਾਰਥ ਵਿੱਚ ਹੋਣ ਵਾਲੀ ਕਿਸੇ ਤਬਦੀਲੀ ਨਾਲ ਅਪਣੇ ਜਾਂ ਜਮਾਤੀ ਹਿੱਤਾਂ ਦੇ ਲਈ ਖ਼ਤਰਾ ਹੁੰਦਾ ਹੈ। ਪਹਿਲੇ ਹਲਾਤ ਵਿੱਚ ਯਥਾਰਥ ਵਿੱਚ ਕੋਈ ਆਲੋਚਨਾਤਮਕ ਦਖ਼ਲ ਨਹੀਂ ਹੁੰਦਾ, ਕਿਉਂਕਿ ਉਹ ਯਥਾਰਥ ਨਾ ਹੋ ਕੇ ਇੱਕ ਨਕਲੀ ਯਥਾਰਥ ਹੁੰਦਾ ਹੈ। ਦੂਜੇ ਹਲਾਤ ਵਿੱਚ ਕੋਈ ਆਲੋਚਨਾਤਮਕ ਦਖ਼ਲ ਨਹੀਂ ਹੁੰਦਾ ਕਿਉਂਕਿ ਅਜਿਹਾ ਦਖ਼ਲ ਸਮਝਣ ਵਾਲੇ ਦੇ ਜਮਾਤੀ ਹਿੱਤਾਂ ਦੇ ਖਿਲਾਫ਼ ਹੁੰਦਾ ਹੈ। ਦੂਜੇ ਮਸਲੇ ਵਿੱਚ ਸਮਝਣ ਵਾਲੇ ਦਾ ਸੁਭਾਅ (ਮਨੋਰੋਗੀ ਵਾਂਗੂ) ਵਿਵਹਾਰ ਕਰਨ ਦਾ ਹੁੰਦਾ ਹੈ। ਤੱਥ ਦੀ ਹੋਂਦ ਹੁੰਦੀ ਹੈ, ਪਰੰਤੂ ਤੱਥ ਅਤੇ ਉਸਦਾ ਨਤੀਜ਼ਾ, ਦੋਵੇਂ ਹੀ ਮਨੁੱਖ ਲਈ ਤਸੱਲੀਬਖਸ਼ ਹੋ ਸਕਦੇ ਹਨ। ਇਸ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਤੱਥਾਂ ਨੂੰ ਨਕਾਰਿਆ ਨਾ ਜਾਵੇ ਸਗੋਂ ਇਹਨਾਂ ਨੂੰ ਵੱਖਰੇ ਨਜ਼ਰੀਏ ਤੋਂ ਵੇਖਿਆ ਜਾਵੇ। ਇੱਕ ਬਚਾਓ ਪ੍ਰਬੰਧ ਦੇ ਰੂਪ ਵਿੱਚ ਅਪਣਾਈ ਜਾਣ ਵਾਲੀ ਇਹ ਤਰਕੀਬ ਆਖਰ ਅੰਤਰਮੁਖਤਾਵਾਦ ਦੇ ਬਰਾਬਰ ਹੀ ਹੋਵੇਗੀ। ਕਿਸੇ ਤੱਥ ਦੇ ਸੱਚ ਨੂੰ ਤਰਕੀਬ-ਯੁਕਤ ਬਣਾ ਦੇਣ ਨਾਲ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਤੱਥ ਨੂੰ ਨਕਾਰਿਆ ਤਾਂ ਨਹੀਂ ਜਾ ਸਕਦਾ, ਪਰੰਤੂ ਉਸਦਾ ਸੱਚ ਬਾਹਰਮੁਖੀ ਯਥਾਰਥ ਨੂੰ ਗਵਾ ਦਿੰਦਾ ਹੈ। ਸਮਝਣ ਵਾਲੇ ਦੇ ਜਮਾਤੀ ਹਿੱਤਾਂ ਨੂੰ ਪੂਰਦਾ ਤੱਥ ਠੋਸ ਬਣ ਕੇ ਮਿੱਥ ਦਾ ਰੂਪ ਧਾਰਨ ਕਰ ਲੈਂਦਾ ਹੈ।
ਰੋਕਾਂ ਅਤੇ ਮੁਸ਼ਕਿਲਾਂ ਦਾ ਇੱਕ ਕਾਰਨ ਇਹ ਵੀ ਹੈ, ਜੋ ਲੋਕਾਂ ਨੂੰ ਯਥਾਰਥ ਵਿੱਚ ਆਲੋਚਨਾਤਮਕ ਦਖ਼ਲ ਕਰਨ ਤੋਂ ਰੋਕਣ ਦੇ ਲਈ ਤਿਆਰ ਕੀਤਾ ਜਾਂਦਾ ਹੈ। ਜ਼ਾਲਮ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਦਖ਼ਲ ਉਸਦੇ ਪੱਖ ਵਿੱਚ ਨਹੀਂ ਹੋਵੇਗਾ। ਉਸਦੇ ਪੱਖ ਵਿੱਚ ਜੋ ‘ਹੁੰਦਾ ਹੈ’ ਉਹ ਇਹ ਹੈ ਕਿ ਲੋਕ ਸਿਰ ਨਾ ਚੁੱਕਣ ਅਤੇ ਜ਼ੁਲਮ ਦੇ ਯਥਾਰਥ ਨੂੰ ਖੱਸੀ ਬਣ ਕੇ ਸਹਿਣ ਕਰਨ। ‘ਲੇਨਾਈਨ’ (1965) ਵਿੱਚ ਲੋਕਾਚ ਨੇ ਇਨਕਲ਼ਾਬੀ ਪਾਰਟੀ ਦੇ ਲਈ ਚਿਤਾਵਨੀ ਦਿੱਤੀ, ਜਿਸਦਾ ਜ਼ਿਕਰ ਕਰਨਾ ਪ੍ਰਸੰਗਿਕ ਹੋਵੇਗਾ। ਯਥਾਰਥ ਦਾ ਅਰਥ ਦੱਸਿਆ ਜਾਏ ਅਤੇ ਨਾਲ ਹੀ ਉਹਨਾਂ ਦੇ ਤਜ਼ਰਬਿਆਂ ਦੇ ਸਥਿਰ ਵਿਕਾਸ ਨੂੰ ਸੁਚੇਤ ਰੂਪ ਵਿੱਚ ਸਰਗਰਮ ਬਣਾਇਆ ਜਾਵੇ।
ਇਸ ਲੋੜ ਤੇ ਜ਼ੋਰ ਦਿੰਦੇ ਹੋਏ ਲੋਕਾਚ ਸਪਸ਼ਟ ਰੂਪ ਵਿੱਚ ਆਲੋਚਨਾਤਮਕ ਦਖ਼ਲ ਦੀ ਗੰਭੀਰਤਾ ਅਤੇ ਸਮੱਸਿਆ ਦੀ ਗੱਲ ਕਰਦਾ ਹੈ। ‘ਆਮ ਲੋਕਾਂ ਨੂੰ ਅਪਣੇ ਅਮਲ ਦਾ ਅਰਥ ਸਮਝਾਉਣ’ ਦਾ ਮਤਲਬ ਹੈ, ਉਸ ਅਮਲ ਨੂੰ ਸਪੱਸ਼ਟ ਕਰਨਾ ਅਤੇ ਉਭਾਰਨਾ, ਜਿਸ ਨਾਲ ਲੋਕਾਂ ਦੀ ਸਮਝ ਵਿੱਚ ਦੋ ਗੱਲਾਂ ਆ ਜਾਣ ਇੱਕ ਤਾਂ ਇਹ ਕਿ ਉਸ ਅਮਲ ਦਾ ਉਹਨਾਂ ਵਸਤੂ ਤੱਥਾਂ ਨਾਲ ਕੀ ਸਬੰਧ ਜਿੰਨ੍ਹਾਂ ਨੇ ਉਸਨੂੰ ਉਭਾਰਿਆ ਅਤੇ ਦੂਜੀ ਇਹ ਕਿ ਉਦੇਸ਼ ਦੇ ਅਮਲ ਕੀ ਹਨ। ਲੋਕ ਇਸ ਵੰਗਾਰਮਈ ਯਥਾਰਥ ਨੂੰ, ਜਿਹੜਾ ਉਸਦੇ ਬਦਲਾਅ-ਕਾਰੀ ਅਮਲ ਦਾ ਉਦੇਸ਼ ਹੈ, ਜਿੰਨਾ ਹੀ ਉਤਸ਼ਾਹਿਤ ਕਰਨਗੇ, ਓਨਾ ਹੀ ਜਿਆਦਾ ਆਲੋਚਨਾਤਮਕ ਢੰਗਾਂ ਨਾਲ ਉਹ ਯਥਾਰਥ ਦੇ ਨੇੜੇ ਹੋਣਗੇ। ਇਸੇ ਤਰ੍ਹਾਂ ਆਮ ਲੋਕ ‘ਆਪਣੇ ਤਜ਼ਰਬਿਆਂ ਦੇ ਸਥਿਰ ਵਿਕਾਸ ਨੂੰ ਸੁਚੇਤ ਰੂਪ ਵਿੱਚ ਸਰਗਰਮ ਬਣਾਉਂਦੇ ਹਨ’। ਜਿਸ ਤਰ੍ਹਾਂ ਵਸਤੂਗਤ ਯਥਾਰਥ ਦੀ ਅਣਹੋਂਦ ਕਰਕੇ ਕੋਈ ਵੀ ਮਨੁੱਖੀ ਅਮਲ ਸੰਭਵ ਨਹੀਂ ੁਕਿਉਂਕਿ ਫੇਰ ਮਨੁੱਖ ਨੂੰ ਚੁਣੌਤੀ ਦੇਣ ਵਾਲਾ ਕੋਈ ਵੀ ਸੰਸਾਰ ਹੋਵੇਗਾ ਹੀ ਨਹੀਂ, ਜਿਹੜਾ ਉਸਦੇ ‘ਮੈਂ’ ਤੋਂ ਵੱਖ ਹੋਵੇ ਅਤੇ ਉਸਨੂੰ ਵੰਗਾਰੇ। ਠੀਕ ਉਸੇ ਤਰ੍ਹਾਂ ਮਨੁੱਖੀ ਅਮਲ ਤਦ ਤੱਕ ਸੰਭਵ ਨਹੀਂ, ਜਦੋਂ ਤੱਕ ਮਨੁੱਖਤਾ ਇੱਕ ਪ੍ਰੋਜੈਕਟ ਨਾਂ ਹੋਵੇ, ਭਾਵ ਜਦੋਂ ਤੱਕ ਅਪਣੇ ਯਥਾਰਥ ਦੀ ਤਬਦੀਲੀ ਕਰਨ ਦੇ ਲਈ ਉਸ ਯਥਾਰਥ ਨੂੰ ਵੇਖਣ ਅਤੇ ਸਮਝਣ ਵਿੱਚ ਯੋਗ ਨਾ ਹੋਵੇ ਅਤੇ ਅਪਣੇ ਬਾਹਰਮੁਖੀ ਨਿੱਜ ਤੋਂ ਦੂਰ ਨਾ ਜਾ ਸਕੇ।
ਦਵੰਦਾਤਮਕ ਪੜਚੋਲ ਵਿੱਚ ਸੰਸਾਰ ਅਤੇ ਅਮਲ ਪੂਰੀ ਡੂੰਘਾਈ ਨਾਲ ਇੱਕ ਦੂਜੇ ਤੇ ਨਿਰਭਰ ਹੁੰਦੇ ਹਨ ਪਰੰਤੂ ਅਮਲ ਦਾ ਮਨੁੱਖੀਕਰਨ ਤਾਂ ਹੀ ਸੰਭਵ ਹੈ, ਜਦੋਂ ਇਸਨੂੰ ਕਿੱਤੇ ਦੀ ਤਰ੍ਹਾਂ ਹੀ ਨਹੀਂ, ਸਗੋਂ ਸੋਚ-ਸਮਝ ਕੇ ਪੂਰੇ ਤਨ-ਮਨ ਨਾਲ ਕੀਤਾ ਜਾਵੇ। ਭਾਵ ਜਦੋਂ ਅਮਲ ਅਤੇ ਸੂਝ ਵੱਖ-ਵੱਖ ਨਾ ਹੋਣ। ਸੂਝ ਅਮਲ ਦੇ ਲਈ ਲਾਜ਼ਮੀ ਹੈ, ਇਸ ਗੱਲ ਵੱਲ ਲੁਕਾਚ ਨੇ ‘ਆਮ ਲੋਕਾਂ ਲਈ ਉਹਨਾਂ ਦੇ ਅਮਲ ਦੀ ਵਿਆਖਿਆ ਕਰਨ ਦੀ ਲੋੜ’ ਹੈ ਕਹਿ ਕੇ ਇਸ਼ਾਰਾ ਕੀਤਾ ਹੈ। ਠੀਕ ਇਸੇ ਤਰ੍ਹਾਂ ਲੁਕਾਚ ‘ਤਜ਼ਰਬਿਆਂ ਦੇ ਲਗਾਤਾਰ ਚੇਤਨ ਵਿਕਾਸ ਦੀ ਕਾਰਜਸ਼ੀਲਤਾ ਦੀ ਪ੍ਰੀਭਾਸ਼ਾ ਦਿੰਦੇ ਹੋਏ ਇਸੇ ਉਦੇਸ਼ ਦੀ ਗੱਲ ਕਰਦਾ ਹੈ’।
ਹਾਲਾਂਕਿ ਸਾਡੇ ਲਈ ਇਸ ਲੋੜ ਦਾ ਅਰਥ ਲੋਕਾਂ ਨੂੰ ਉਹਨਾਂ ਦੇ ਕਾਰਜ ਦਾ ਅਰਥ ਸਮਝਾਉਣਾ ਨਹੀਂ, ਸਗੋਂ ਉਹਨਾਂ ਦੇ ਕਾਰਜਾਂ ਬਾਰੇ ਇੱਕ ਸੰਵਾਦ ਸ਼ੁਰੂ ਕਰਨ ਤੋਂ ਹੈ। ਕੋਈ ਯਥਾਰਥ ਖੁਦ ਅਪਣੇ-ਆਪ ਨਹੀਂ ਬਦਲਦਾ, ਅਤੇ ਲੁਕਾਚ ਇਨਕਲ਼ਾਬੀ ਪਾਰਟੀ ਦਾ ਜਿਹੜਾ ਫਰਜ਼ ਦੱਸਦਾ ਹੈ- ‘ਆਮ ਲੋਕਾਂ ਨੂੰ ਉਹਨਾਂ ਦੇ ਕਾਰਜ ਦਾ ਅਰਥ ਸਮਝਾਉਣਾ’। ਇਹ ਸਾਡੀ ਇਸ ਗੱਲ ਨਾਲ ਮੇਲ ਖਾਂਦਾ ਹੈ ਕਿ ਲੋੜ ਹੈ ਲੋਕ ਅਪਣੇ ਕਾਰਜਾਂ ਰਾਹੀਂ, ਯਥਾਰਥ ਵਿੱਚ ਆਲੋਚਨਾਤਮਕ ਦਖਲ ਦੇਣ। ਦੱਬੇ-ਕੁਚਲ਼ਿਆਂ ਦਾ ਸਿੱਖਿਆ-ਸਾਸ਼ਤਰ, ਜੋ ਕਿ ਅਪਣੀ ਮੁਕਤੀ ਲਈ ਲੜ ਰਹੇ ਲੋਕਾਂ ਦਾ ਸਿੱਖਿਆ-ਸਾਸ਼ਤਰ ਹੈ, ਦੀ ਬੁਨਿਆਦ ਇਹੋ ਹੈ। ਉਹ ਲੋਕ ਜੋ ਜਾਣ ਲੈਣਗੇ ਕਿ ਉਹ ਦੱਬੇ-ਕੁਚਲ਼ੇ ਹਨ ਜਾਂ ਇਸਨੂੰ ਜਾਨਣਾ ਸ਼ੁਰੂ ਕਰ ਦੇਣਗੇ ਲਾਜ਼ਮੀ ਤੌਰ ‘ਤੇ ਇਸ ਸਿੱਖਿਆ ਸਾਸ਼ਤਰ ਦੀ ਸਿਰਜਣਾ ਅਤੇ ਵਿਕਾਸ ਵਿੱਚ ਅਪਣਾ ਯੋਗਦਾਨ ਪਾਉਣਗੇ। ਕੋਈ ਸਿੱਖਿਆ-ਸਾਸ਼ਤਰ ਜੋ ਅਸਲ ਮੁਕਤੀ ਦੀ ਬਾਤ ਪਾਉਂਦਾ ਹੈ, ਦੱਬੇ-ਕੁਚਲ਼ਿਆਂ ਤੋਂ ਵੱਖ ਨਹੀਂ ਰਹਿ ਸਕਦਾ ਅਤੇ ਨਾਂ ਹੀ ਉਹਨਾਂ ਨੂੰ ਬਦ-ਕਿਸਮਤ ਮੰਨ ਕੇ ਜਾਂ ਫਿਰ ਜ਼ਾਲਮਾਂ ‘ਚੋਂ ਚੰਗੇ ਬੰਦੇ ਲੱਭਣ ਦੀ ਗੱਲ ਕਰੇਗਾ। ਆਪਣੀ ਮੁਕਤੀ ਦੇ ਲਈ ਕੀਤੇ ਜਾਣ ਵਾਲੇ ਘੋਲ਼ ਵਿੱਚ ਦੱਬੇ-ਕੁਚਲ਼ਿਆਂ ਨੂੰ ਖੁਦ ਹੀ ਇੱਕ ਮਿਸਾਲ ਬਣਨਾ ਚਾਹੀਦਾ ਹੈ।
ਦੱਬੇ-ਕੁਚਲ਼ਿਆਂ ਦਾ ਸਿੱਖਿਆ-ਸਾਸ਼ਤਰ, ਜੋ ਅਸਲੀ ਖੁੱਲ-ਦਿਲੀ (ਮਨੁੱਖਤਾਵਾਦੀ ਨਹੀਂ) ਤੋਂ ਭਰਪੂਰ ਹੁੰਦਾ ਹੈ ਅਤੇ ਆਪਣੇ-ਆਪ ਨੂੰ ਸਮੁੱਚੀ ਮਨੁੱਖਤਾ ਦੇ ਸਿੱਖਿਆ-ਸਾਸ਼ਤਰ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਉਹ ਸਿੱਖਿਆ-ਸਾਸ਼ਤਰ ਜਿਹੜਾ ਜ਼ਾਲਮਾਂ ਦੇ ਘੁਮੰਡ ਭਰਪੂਰ ਹਿੱਤਾਂ ਤੋਂ ਸ਼ੁਰੂ ਹੁੰਦਾ ਹੈ (ਇਹ ਘੁਮੰਡ ਝੂਠੀ ਉਦਾਰਤਾ ਵਾਲਾ ਹੁੰਦਾ ਹੈ) ਅਤੇ ਪਿਤਰੀ ਸੁਰੱਖਿਆ ਰਾਹੀਂ ਝੂਠੀ ਉਦਾਰਤਾ ਵਾਲਾ ਹੁੰਦਾ ਹੈ, ਅਤੇ ਦੱਬੇ-ਕੁਚਲ਼ਿਆਂ ਨੂੰ ਮਨੁੱਖਤਾਵਾਦੀ ਤਰਸ ਦਾ ਪਾਤਰ ਬਣਾ ਕੇ ਆਪਣਾ ਜ਼ੁਲਮ ਜਾਰੀ ਰਖਦਾ ਹੈ। ਇਸ ਰਾਹੀਂ ਉਹ ਅਣ-ਮਨੁੱਖੀਕਰਨ ਫੈਲਾਉਂਦਾ ਹੈ। ਇਸ ਲਈ, ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ੋਰ ਦੇ ਕੇ ਕਹਿ ਚੁੱਕੇ ਹਾਂ, ਦੱਬੇ-ਕੁਚਲ਼ਿਆਂ ਦਾ ਸਿੱਖਿਆ-ਸਾਸ਼ਤਰ ਜ਼ਾਲਮਾਂ ਦੇ ਦੁਆਰਾ ਨਾ ਤਾਂ ਵਿਕਸਿਤ ਹੋ ਸਕਦਾ ਹੈ ਅਤੇ ਨਾ ਹੀ ਅਸਲ ਵਿੱਚ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਕਹਿਣਾ ਇੱਕ ਆਪਸੀ ਵਿਰੋਧਤਾਈ ਹੋਵੇਗੀ ਕਿ ਜ਼ਾਲਮਾਂ ਨੇ ਮੁਕਤੀਦਾਈ ਸਿੱਖਿਆ ਦੀ ਨਾ ਸਿਰਫ਼ ਹਮਾਇਤ ਕੀਤੀ ਹੈ ਸਗੋਂ ਉਸਨੂੰ ਲਾਗੂ ਵੀ ਕੀਤਾ ਹੈ।
ਪਰ ਜਦੋਂ ਅਜ਼ਾਦੀ ਦਿਵਾਉਣ ਵਾਲੀ ਸਿੱਖਿਆ ਨੂੰ ਲਾਗੂ ਕਰਨ ਦੇ ਲਈ ਸਿਆਸੀ ਸੱਤਾ ਦੀ ਲੋੜ ਹੋਵੇ ਅਤੇ ਦੱਬੇ-ਕੁਚਲ਼ਿਆਂ ਦੇ ਕੋਲ ਅਜਿਹੀ ਸੱਤ੍ਹਾ ਨਾ ਹੋਵੇ, ਤਾਂ ਫਿਰ ਇਨਕਲ਼ਾਬ ਤੋਂ ਪਹਿਲਾਂ ਸਿੱਖਿਆ-ਸਾਸ਼ਤਰ ਨੂੰ ਵਰਤੋਂ ਵਿੱਚ ਲਿਆਉਣਾ ਸੰਭਵ ਹੈ? ਇਸ ਸੁਆਲ ਦਾ ਅਨੰਤ ਮਹੱਤਵ ਹੈ, ਇਸ ਜਵਾਬ ਦਾ ਇੱਕ ਪੱਖ ਯੋਜਨਾਬੱਧ ਸਿੱਖਿਆ ਜੋ ਕਿ ਸਿਆਸੀ ਸੱਤਾ ਰਾਹੀਂ ਹੀ ਲਾਗੂ ਕੀਤੀ ਜਾ ਸਕਦੀ ਹੈ ਅਤੇ ਸਿੱਖਿਆ ਪ੍ਰੋਜੈਕਟਾਂ ਨੂੰ ਦੱਬੇ-ਕੁਚਲ਼ਿਆਂ ਨੂੰ ਜਥੇਬੰਦ ਕਰਦੇ ਸਮੇਂ ਲਾਗੂ ਕੀਤਾ ਜਾਵੇਗਾ।
ਮਨੁੱਖਤਾਵਾਦੀ ਅਤੇ ਮੁਕਤੀਦਾਇਕ ਸਿੱਖਿਆ ਸਾਸ਼ਤਰ ਦੇ ਰੂਪ ਵਿੱਚ ਦੱਬੇ-ਕੁਚਲ਼ਿਆਂ ਦੇ ਸਿੱਖਿਆ-ਸਾਸ਼ਤਰ ਦੇ ਦੋ ਸਪਸ਼ਟ ਤੌਰ ਤੇ ਵੱਖ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ ਦੱਬੇ-ਕੁਚਲ਼ੇ ਲੋਕ ਜ਼ੁਲਮ ਦੀ ਦੁਨੀਆਂ ਨੂੰ ਬੇ-ਨਕਾਬ ਕਰਦੇ ਹਨ ਅਤੇ ਕਾਰਜ ਰਾਹੀਂ ਉਸਦੇ ਬਦਲਾਅ ਦੇ ਲਈ ਪ੍ਰਤੀਬੱਧ ਹੁੰਦੇ ਹਨ। ਦੂਜੇ ਪੜਾਅ ਦੇ ਵਿੱਚ, ਜ਼ੁਲਮ ਦੇ ਯਥਾਰਥ ਦਾ ਖ਼ਾਤਮਾ ਹੋ ਚੁੱਕਿਆ ਹੁੰਦਾ ਹੈ, ਇਹ ਸਿੱਖਿਆ ਸਾਸ਼ਤਰ ਸਗੋਂ ਦੱਬੇ-ਕੁਚਲ਼ਿਆਂ ਦਾ ਸਿੱਖਿਆ-ਸਾਸ਼ਤਰ ਨਹੀਂ ਰਹਿੰਦਾ, ਸਗੋਂ ਪੂਰਨ ਅਤੇ ਸਥਾਈ ਮੁਕਤੀ ਦੀ ਪ੍ਰਕਿਰਿਆ ਵਿੱਚ ਸਮੁੱਚੀ ਲੋਕਾਈ ਦਾ ਸਿੱਖਿਆ-ਸਾਸ਼ਤਰ ਬਣ ਜਾਂਦਾ ਹੈ। ਇਹਨਾਂ ਦੋਵਾਂ ਪੜਾਵਾਂ ਵਿੱਚ, ਹਮੇਸ਼ਾ ਹੀ ਗੰਭੀਰ ਅਮਲ ਰਾਹੀਂ ਦਾਬੇ ਦੇ ਸੱਭਿਆਚਾਰ ਨਾਲ ਦਸਤਪੰਜਾ ਲੋਕ-ਪੱਖੀ ਸੱਭਿਆਚਾਰ ਰਾਹੀਂ ਹੀ ਲਿਆ ਜਾਂਦਾ ਹੈ। ਪਹਿਲੇ ਪੜਾਅ ਵਿੱਚ ਇਹ ਦਸਤਪੰਜਾ ਦੱਬੇ-ਕੁਚਲ਼ਿਆਂ ਦੁਆਰਾ ਜ਼ੁਲਮ ਦੀ ਦੁਨੀਆਂ ਬਾਰੇ ਸਮਝ ਨੂੰ ਬਦਲ ਕੇ ਲਿਆ ਜਾਂਦਾ ਹੈ, ਦੂਜੇ ਪੜਾਅ ਵਿੱਚ ਇਹ ਮੁਕਾਬਲਾ ਪੁਰਾਣੇ ਪ੍ਰਬੰਧ ਦੁਆਰਾ ਸਿਰਜੇ ਅਤੇ ਵਿਕਸਿਤ ਕੀਤੇ ਉਹਨਾਂ ਮਿੱਥਕਾਂ ਨੂੰ ਢਹਿ-ਢੇਰੀ ਕਰਕੇ ਕੀਤਾ ਜਾਂਦਾ ਹੈ ਜੋ ਇਨਕਲ਼ਾਬੀ ਤਬਦੀਲੀ ਨਾਲ ਉਭਰਨ ਵਾਲੀ ਅਵਸਥਾ ਉੱਤੇ ਪ੍ਰੇਤਾਂ ਵਾਂਗੂੰ ਮੰਡਰਾਉਂਦੇ ਹਨ।
ਪਹਿਲੇ ਪੜਾਅ ਵਿੱਚ ਦੱਬੇ-ਕੁਚਲ਼ਿਆਂ ਦੇ ਸਿੱਖਿਆ-ਸਾਸ਼ਤਰ ਦੇ ਲਈ ਲਾਜ਼ਮੀ ਹੈ ਕਿ ਉਹ ਜ਼ਾਲਮ ਅਤੇ ਦੱਬੇ-ਕੁਚਲ਼ਿਆਂ ਦੀ ਚੇਤਨਾ ਦੀ ਗੁੰਝਲ ਨੂੰ, ਭਾਵ ਜ਼ੁਲਮ ਕਰਨ ਵਾਲੇ ਅਤੇ ਜ਼ੁਲਮ ਦਾ ਸ਼ਿਕਾਰ ਹੋਣ ਵਾਲੇ ਆਦਮੀ ਅਤੇ ਔਰਤਾਂ ਦੀ ਚੇਤਨਾ ਨੂੰ ਸਮਝਣ। ਲਾਜ਼ਮੀ ਹੈ ਕਿ ਇਹਨਾਂ ਦੋਹਾਂ ਦੇ ਸੁਭਾਅ ਸੰਸਾਰੀ-ਨਜ਼ਰੀਏ ਅਤੇ ਦੋਹਾਂ ਦੀਆਂ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਵਿੱਚ ਇੱਕ ਖਾਸ ਸਮੱਸਿਆ ਦੱਬੇ-ਕੁਚਲ਼ਿਆਂ ਵਿੱਚ ਪਾਏ ਜਾਣ ਵਾਲੇ ਦਵੈਤ ਦੀ ਹੁੰਦੀ ਹੈ। ਉਹ ਜ਼ੁਲਮ ਅਤੇ ਹਿੰਸਾ ਦੇ ਇੱਕ ਠੋਸ ਹਲਾਤ ਦੁਆਰਾ ਸਿਰਜਤ ਅਤੇ ਉਸੇ ਵਿੱਚ ਹੀ ਜਿਉਣ ਵਾਲੇ ਵਿਰੋਧਤਾਈਆਂ ਨਾਲ ਭਰਪੂਰ ਖੰਡ-ਵਿਖੰਡ ਹੋਏ ਮਨੁੱਖ ਹੁੰਦੇ ਹਨ।
ਕੋਈ ਵੀ ਹਲਾਤ ਜਿਸ ਵਿੱਚ ‘ੳ’ ਬਾਹਰਮੁਖੀ ਤੌਰ ਤੇ ‘ਅ’ ਦਾ ਲੁੱਟ ਕਰਦਾ ਹੈ ਜਾਂ ਫਿਰ ਉਸਦੀ ਸਵੈ-ਪੁਸ਼ਟੀ ਵਿੱਚ ਜਾਣ ਬੁੱਝ ਕੇ ਰੁਕਾਵਟ ਬਣਦਾ ਹੈ ਜ਼ੁਲਮ ਲਈ ਜੁੰਮੇਵਾਰ ਹੈ। ਇਸ ਹਲਾਤ ਵਿੱਚ ਹਿੰਸਾ ਆਪਣੇ-ਆਪ ਵਿੱਚ ਹੀ ਅਨਿੱਖੜਵਾਂ ਤੱਤ ਹੈ, ਚਾਹੇ ਉਸਨੂੰ ਖੁੱਲ੍ਹਦਿਲੀ ਨਾਲ ਭਰਮਾਇਆ ਜਾ ਸਕਦਾ ਹੈ। ਕਿਉਂਕਿ ਇਹ ਸੰਪੂਰਨ ਮਨੁੱਖ ਬਣਨ ਦੇ ਬੁਨਿਆਦੀ ਅਤੇ ਇਤਿਹਾਸਕ ਕਾਰਜ ਵਿੱਚ ਦਖਲ਼-ਅੰਦਾਜੀ ਕਰਦੀ ਹੈ। ਰਿਸ਼ਤਿਆਂ ਵਿੱਚ ਜ਼ੁਲਮ ਦੀ ਹੋਂਦ ਸਥਾਪਿਤ ਹੋਣ ਨਾਲ ਹੀ ਹਿੰਸਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਤਿਹਾਸ ਵਿੱਚ ਕਦੇ ਵੀ ਦੱਬੇ-ਕੁਚਲ਼ੇ ਲੋਕਾਂ ਨੇ ਹਿੰਸਾ ਨਹੀਂ ਕੀਤੀ, ਉਹ ਹਿੰਸਾ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹਨ ਕਿਉਂਕਿ ਉਹਨਾਂ ਦੀ ਹੋਂਦ ਹਿੰਸਾ ਦਾ ਹੀ ਨਤੀਜਾ ਹੈ, ਉਹ ਉਸ ਹਿੰਸਾ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹਨ। ਹਿੰਸਾ ਦੀ ਹੋਂਦ ਹੀ ਉਹਨਾਂ ਨੂੰ ਦੱਬੇ-ਕੁਚਲ਼ੇ ਬਣਾ ਦਿੰਦੀ ਹੈ। ਜੇਕਰ ਅਪਣੀ ਹਕੂਮਤ ਨੂੰ ਸਥਾਪਿਤ ਕਰਨ ਲਈ ਹਿੰਸਾ ਨਾ ਕੀਤੀ ਗਈ ਹੁੰਦੀ ਤਾਂ ਕੋਈ ਵੀ ਦੱਬਿਆ-ਕੁਚਲ਼ਿਆ ਨਹੀਂ ਹੋਣਾ ਸੀ।
ਹਿੰਸਾ ਹਮੇਸ਼ਾ ਉਹਨਾਂ ਦੁਆਰਾ ਕੀਤੀ ਜਾਂਦੀ ਹੈ ਜੋ ਜ਼ਾਲਮ ਹੁੰਦੇ ਹਨ, ਸ਼ੋਸ਼ਣ ਕਰਦੇ ਹਨ ਅਤੇ ਦੁਜਿਆਂ ਨੂੰ ਇਨਸਾਨ ਮੰਨਣ ਤੋਂ ਇਨਕਾਰੀ ਹੁੰਦੇ ਹਨ ਨਾ ਕਿ ਉਹਨਾਂ ਦੁਆਰਾ ਜੋ ਦੱਬੇ-ਕੁਚਲ਼ੇ, ਸ਼ੋਸ਼ਤ ਅਤੇ ਗ਼ੈਰ-ਜਥੇਬੰਦ ਹੁੰਦੇ ਹਨ। ਨਫ਼ਰਤ ਉਹ ਨਹੀਂ ਫੈਲਾਉਂਦੇ, ਜਿੰਨ੍ਹਾਂ ਨੂੰ ਪਿਆਰ ਨਹੀਂ ਕੀਤਾ ਜਾਂਦਾ ਸਗੋਂ ਉਹ ਫੈਲਾਉਂਦੇ ਹਨ ਜੋ ਪਿਆਰ ਕਰਨ ਵਿੱਚ ਸਮਰੱਥ ਨਹੀਂ ਹਨ, ਕਿਉਂਕਿ ਉਹ ਸਿਰਫ਼ ਅਪਣੇ-ਆਪ ਨੂੰ ਪਿਆਰ ਕਰਦੇ ਹਨ। ਬੇਵੱਸ ਅਤੇ ਦਹਿਸ਼ਤ ਦੇ ਸ਼ਿਕਾਰ ਲੋਕ ਦਹਿਸ਼ਤ ਨਹੀਂ ਫੈਲਾਉਂਦੇ, ਦਹਿਸ਼ਤ ਉਹ ਫੈਲਾਉਂਦੇ ਹਨ ਜਿਹੜੇ ਹਿੰਸਕ ਹੁੰਦੇ ਹਨ ਅਤੇ ਜਿਹੜੇ ਅਪਣੀ ਹਕੂਮਤ ਦੇ ਸਿਰ ਤੇ ਲੋਕਾਂ ਨੂੰ ‘ਜ਼ਿੰਦਗੀ ਤੋਂ ਖਾਰਜ’ ਕਰਨ ਵਾਲੇ ਠੋਸ ਹਲਾਤ ਪੈਦਾ ਕਰਦੇ ਹਨ। ਤਾਨਾਸ਼ਾਹੀ ਦਾ ਸ੍ਰੋਤ ਉਹ ਨਹੀਂ ਹੁੰਦੇ, ਜਿਹੜੇ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ ਸਗੋਂ ਉਸਦੇ ਸ੍ਰੋਤ ਹੁੰਦੇ ਹਨ- ਤਾਨਾਸਾਹ। ਨਫ਼ਰਤ ਛੇਕੇ ਹੋਏ ਲੋਕ ਨਹੀਂ, ਛੇਕਣ ਵਾਲੇ ਫੈਲਾਉਂਦੇ ਹਨ। ਮਨੁੱਖਤਾ ਦਾ ਘਾਣ ਉਹ ਨਹੀਂ ਕਰਦੇ ਜਿੰਨਾ ਨੂੰ ਮਨੁੱਖ ਨਹੀਂ ਮੰਨਿਆ ਜਾਂਦਾ ਸਗੋਂ ਉਹ ਲੋਕ ਕਰਦੇ ਹਨ ਜੋ ਦੂਸਰਿਆਂ ਨੂੰ ਮਨੁੱਖ ਨਹੀਂ ਮੰਨਦੇ (ਇਸ ਤਰ੍ਹਾਂ ਉਹ ਆਪਣੇ-ਆਪ ਨੂੰ ਵੀ ਮਨੁੱਖ ਨਹੀਂ ਮੰਨਦੇ)। ਧੱਕਾ ਉਹਨਾਂ ਦੁਆਰਾ ਨਹੀਂ ਕੀਤਾ ਜਾਂਦਾ ਜਿੰਨ੍ਹਾਂ ਨੂੰ ਤਾਕਤਵਰ ਧੱਕੇ ਰਾਹੀਂ ਕਮਜ਼ੋਰ ਕਰ ਦਿੰਦੇ ਹਨ ਸਗੋਂ ਉਹਨਾਂ ਤਾਕਤਵਰਾਂ ਦੁਆਰਾ ਕੀਤਾ ਜਾਂਦਾ ਹੈ ਜੋ ਖੁਦ ਧੱਕਾ ਕਰਦੇ ਰਹਿੰਦੇ ਹਨ।
ਪਰੰਤੂ ਜ਼ਾਲਮਾਂ ਦੇ ਲਈ ਦੱਬੇ-ਕੁਚਲ਼ੇ ਹੀ, ਜਦੋਂ ਉਹ ਜ਼ਾਲਮਾਂ ਦੀ ਹਿੰਸਾ ਦਾ ਵਿਰੋਧ ਕਰਦੇ ਹਨ, ‘ਹਿੰਸਕ’, ‘ਜੰਗਲੀ’, ‘ਕਮੀਨੇ’ ਜਾਂ ਖ਼ਤਰਨਾਕ ਹੁੰਦੇ ਹਨ। (ਜ਼ਾਲਮ ਲੋਕ ਦੱਬੇ-ਕੁਚਲ਼ਿਆਂ ਨੂੰ ‘ਦੱਬੇ-ਕੁਚਲ਼ੇ’ ਕਦੇ ਨਹੀਂ ਕਹਿੰਦੇ, ਸਗੋਂ ਉਹਨਾਂ ਨੂੰ ‘ਦੂਸਰੇ ਲੋਕ’ ਜਾਂ ਅਕਲ ਤੋਂ ਅੰਨ੍ਹੇਂ ਤੇ ਈਰਖਾਲੂ ਜਾਂ ‘ਜੰਗਲੀ ਲੋਕ’ ਜਾਂ ਬਾਗੀ ਕਹਿ ਕੇ ਬੁਲਾਉਂਦੇ ਹਨ)।
ਫੇਰ ਵੀ ਭਾਵੇਂ ਇਹ ਗੱਲ ਆਪਾ – ਵਿਰੋਧੀ ਲੱਗ ਸਕਦੀ ਹੈ – ਦੱਬੇ-ਕੁਚਲ਼ਿਆਂ ਦੁਆਰਾ ਜ਼ਾਲਮਾਂ ਦੀ ਹਿੰਸਾ ਦੇ ਜਵਾਬ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਵਿੱਚ ਵੀ ਪਿਆਰ ਦੀ ਝਲਕ ਦਿਖ ਸਕਦੀ ਹੈ। ਚੇਤਨ ਜਾਂ ਅਵਚੇਤਨ ਤੌਰ ‘ਤੇ ਦੱਬੇ-ਕੁਚਲ਼ਿਆਂ ਦੀ ਬਗ਼ਾਵਤ (ਜੋ ਹਮੇਸ਼ਾ ਜਾਂ ਲਗਭਗ ਹਮੇਸ਼ਾ ਹੀ ਜ਼ਾਲਮਾਂ ਦੀ ਹਿੰਸਾ ਜਿੰਨੀ ਹੀ ਹਿੰਸਕ ਹੁੰਦੀ ਹੈ) ਪਿਆਰ ਦਾ ਆਗਾਜ਼ ਕਰਨ ਵਿੱਚ ਸਮਰੱਥ ਹੁੰਦੀ ਹੈ। ਜਿੱਥੇ ਜ਼ਾਲਮਾਂ ਦੀ ਹਿੰਸਾ ਦੱਬੇ-ਕੁਚਲ਼ਿਆਂ ਨੂੰ ਸੰਪੂਰਨ ਮਨੁੱਖ ਬਣਨ ਤੋਂ ਰੋਕਦੀ ਹੈ, ਉੱਥੇ ਦੱਬੇ-ਕੁਚਲ਼ਿਆਂ ਦੁਆਰਾ ਉਸ ਹਿੰਸਾ ਦੇ ਵਿਰੋਧ ਵਿੱਚ ਕੀਤੀ ਜਾਣ ਵਾਲੀ ਜਵਾਬੀ ਕਾਰਵਾਈ ਦਾ ਕੇਂਦਰ ਹੈ, ਮਨੁੱਖ ਬਣਨ ਦਾ ਹੱਕ ਪਾਉਣ ਦੀ ਤਾਂਘ। ਜ਼ਾਲਮ ਜਦੋਂ ਦੂਜਿਆਂ ਦਾ ਅਣ-ਮਨੁੱਖੀਕਰਨ ਕਰਦੇ ਹਨ ਅਤੇ ਉਹਨਾਂ ਨੂੰ ਅਧਿਕਾਰਾਂ ਤੋਂ ਸੱਖਣਾ ਰਖਦੇ ਹਨ, ਉਹ ਵੀ ਅਣ -ਮਨੁੱਖੀ ਹੋ ਜਾਂਦੇ ਹਨ। ਦੱਬੇ-ਕੁਚਲ਼ੇ ਲੋਕ ਮਨੁੱਖ ਬਣਨ ਦੀ ਲੜਾਈ ਲੜਦੇ ਹੋਏ ਜਦੋਂ ਜ਼ਾਲਮਾਂ ਦੀ ਹਕੂਮਤ ਅਤੇ ਲੁੱਟ ਕਰਨ ਦੀ ਤਾਕਤ ਨੂੰ ਢਹਿ-ਢੇਰੀ ਕਰ ਦਿੰਦੇ ਹਨ, ਉਹ ਜ਼ਾਲਮਾਂ ਨੂੰ ਉਹਨਾਂ ਦੀ ਮਨੁੱਖਤਾ ਵਾਪਸ ਦੇ ਦਿੰਦੇ ਹਨ, ਜਿਸਨੂੰ ਉਹ ਜ਼ੁਲਮ ਕਰਦੇ ਸਮੇਂ ਗਵਾ ਚੁੱਕੇ ਹੁੰਦੇ ਹਨ।
ਸਿਰਫ ਦੱਬੇ-ਕੁਚਲ਼ੇ ਲੋਕ ਹੀ, ਖੁਦ ਨੂੰ ਅਜ਼ਾਦ ਕਰਕੇ, ਅਪਣੇ ਜ਼ਾਲਮਾਂ ਨੂੰ ਅਜ਼ਾਦ ਕਰ ਸਕਦੇ ਹਨ। ਜ਼ਾਲਮ, ਇੱਕ ਜ਼ੁਲਮ ਕਰਨ ਵਾਲੀ ਜਮਾਤ ਦੇ ਰੂਪ ਵਿੱਚ, ਨਾ ਤਾਂ ਦੂਜਿਆਂ ਨੂੰ ਅਜ਼ਾਦ ਕਰ ਸਕਦੇ ਹਨ ਅਤੇ ਨਾ ਹੀ ਆਪਣੇ-ਆਪ ਨੂੰ। ਇਸ ਲਈ ਇਹ ਲਾਜ਼ਮੀ ਹੈ ਕਿ ਦੱਬੇ-ਕੁਚਲ਼ੇ ਲੋਕ ਉਹਨਾਂ ਆਪਸੀ ਵਿਰੋਧਤਾਈਆਂ ਨੂੰ ਹੱਲ ਕਰਨ, ਜਿੰਨਾ ਵਿੱਚ ਉਹ ਫਸੇ ਹੋਏ ਹਨ। ਇਹ ਵਿਰੋਧਤਾਈ ਨਵੇਂ ਮਨੁੱਖ ਦੀ ਹੋਂਦ ਨਾਲ ਹੀ ਹੱਲ ਹੋ ਜਾਵੇਗੀ। ਇਹ ਨਵਾਂ ਮਨੁੱਖ ਜਿਹੜਾ ਨਾ ਤਾਂ ਜ਼ਾਲਮ ਹੋਵੇਗਾ ਅਤੇ ਨਾ ਹੀ ਦੱਬੇ-ਕੁਚਲ਼ਿਆਂ ਵਿੱਚੋਂ। ਉਹ ਅਜ਼ਾਦੀ ਦੀ ਪ੍ਰਕਿਰਿਆ ‘ਚੋਂ ਲੰਘ ਰਿਹਾ ਮਨੁੱਖ ਹੋਵੇਗਾ। ਜੇਕਰ ਦੱਬੇ-ਕੁਚਲ਼ਿਆਂ ਦਾ ਉਦੇਸ਼ ਸੰਪੂਰਨ ਮਨੁੱਖ ਬਣਨਾ ਹੈ, ਤਾਂ ਉਹ ਆਪਣੇ ਇਸ ਟੀਚੇ ਤੱਕ ਅੰਤਰ ਵਿਰੋਧਤਾਈਆਂ ਦੀ ਚਾਲ ਵਿੱਚ ਬਦਲਾਅ ਕਰਕੇ ਜਾਂ ਸਿਰਫ਼ ਧਰੁਵਾਂ ਨੂੰ ਬਦਲ ਦੇਣ ਨਾਲ (ਭਾਵ ਖੁਦ ਜ਼ਾਲਮ ਬਣ ਕੇ ਆਪਣੇ ਉੱਤੇ ਜ਼ੁਲਮ ਕਰਨ ਵਾਲ਼ਿਆਂ ਨੂੰ ਦੱਬੇ-ਕੁਚਲ਼ੇ ਬਣਾ ਦੇਣ ਨਾਲ) ਨਹੀਂ ਹਾਸਲ ਕਰਨਗੇ।
ਇਹ ਗੱਲ ਬਹੁਤ ਸਿੱਧੀ ਤੇ ਸਧਾਰਨ ਲੱਗ ਸਕਦੀ ਹੈ, ਪਰ ਅਜਿਹਾ ਨਹੀਂ ਹੈ। ਜ਼ਾਲਮਾਂ ਅਤੇ ਦੱਬੇ-ਕੁਚਲ਼ਿਆਂ ਦਾ ਆਪਸੀ ਵਿਰੋਧ ਤਾਂ ਹੀ ਹੱਲ ਹੋ ਸਕਦਾ ਹੈ ਜੇਕਰ ਜ਼ਾਲਮਾਂ ਦੀ ਦਾਬੇ ਵਾਲੀ ਧਿਰ ਵਜੋਂ ਹੋਂਦ ਨਾ ਰਹੇ। ਭਾਵੇਂ ਸਾਬਕਾ ਦੱਬੇ-ਕੁਚਲ਼ਿਆਂ ਦੁਆਰਾ ਜ਼ਾਲਮਾਂ ਉੱਤੇ ਅਜਿਹੀਆਂ ਰੋਕਾਂ ਲਗਾਈਆਂ ਜਾਂਦੀਆਂ ਹਨ ਕਿ ਉਹ ਫੇਰ ਜ਼ਾਲਮ ਨਾ ਬਣ ਸਕਣ, ਪਰ ਇਹ ਰੋਕਾਂ ਲਾਉਣਾ ਕੋਈ ਜ਼ੁਲਮ ਨਹੀਂ ਹੈ। ਕਿਸੇ ਕਾਰਜ ਨੂੰ ਜ਼ੁਲਮ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਮਨੁੱਖਾਂ ਨੂੰ ਸੰਪੂਰਨ ਮਨੁੱਖ ਬਣਨ ਤੋਂ ਰੋਕੇ। ਇਸ ਤਰ੍ਹਾਂ ਇਹ ਲਾਜ਼ਮੀ ਰੋਕਾਂ ਆਪਣੇ-ਆਪ ਵਿੱਚ ਇਸ ਗੱਲ ਦੀਆਂ ਸੂਚਕ ਨਹੀਂ ਹਨ ਕਿ ਕੱਲ੍ਹ ਦੇ ਦੱਬੇ-ਕੁਚਲ਼ੇ ਅੱਜ ਦੇ ਜ਼ਾਲਮ ਬਣ ਗਏ ਹਨ। ਜ਼ੁਲਮ ਦੀ ਹੋਂਦ ਵਾਲੇ ਨਿਜ਼ਾਮ ਦੀ ਪੁਨਰ-ਸਥਾਪਤੀ ਦੇ ਰਾਹ ਵਿੱਚ ਰੋਕਾਂ ਲਾਉਣ ਦੇ ਕਾਰਜ ਦੀ ਤੁਲਨਾ, ਜ਼ੁਲਮ ਦੇ ਨਿਜ਼ਾਮ ਨੂੰ ਪੈਦਾ ਕਰਦੇ ਹਨ ਅਤੇ ਲਗਾਤਾਰ ਬਣਾਈ ਰਖਦੇ ਹਨ, ਨਾ ਹੀ ਇਹਨਾਂ ਕਾਰਜਾਂ ਦੀ ਤੁਲਨਾ ਉਨ੍ਹਾਂ ਕੰਮਾਂ ਨਾਲ ਕੀਤੀ ਜਾ ਸਕਦੀ ਹੈ, ਜਿਸ ਕਰਕੇ ਬਹੁਤ ਹੀ ਥੋੜ੍ਹੇ ਆਦਮੀ ਅਤੇ ਔਰਤਾਂ ਬਹੁਤ ਸਾਰੇ ਲੋਕਾਂ ਤੋਂ ਮਨੁੱਖ ਬਣਨ ਦਾ ਹੱਕ ਖੋਹ ਲੈਂਦੇ ਹਨ।
ਹਾਲਾਂਕਿ ਨਵਾਂ ਹਕੂਮਤੀ ਪ੍ਰਬੰਧ ਜਦੋਂ ਨੌਕਰਸ਼ਾਹੀ ਦੇ ਪ੍ਰਭਾਵ ਹੇਠ ਆ ਜਾਂਦਾ ਹੈ ਤਾਂ ਇਸ ਸੰਘਰਸ਼ ਦਾ ਮਨੁੱਖਤਾਵਾਦੀ ਪੱਖ ਗੁਆਚ ਜਾਂਦਾ ਹੈ ਅਤੇ ਨਾ ਹੀ ਉਸ ਲਈ ਮੁਕਤੀ ਦੀ ਗੱਲ ਕਰਨਾ ਸੰਭਵ ਹੁੰਦਾ ਹੈ। ਇਸ ਲਈ ਸਾਡਾ ਜ਼ੋਰ ਇਸ ਗੱਲ ‘ਤੇ ਹੈ ਕਿ ਜ਼ਾਲਮਾਂ ਅਤੇ ਦੱਬੇ-ਕੁਚਲ਼ਿਆਂ ਦੀ ਆਪਸੀ ਵਿਰੋਧਤਾ ਦਾ ਅਸਲ ਹੱਲ ਨਾ ਤਾਂ ਸਿਰਫ਼ ਹਲਾਤਾਂ ਨੂੰ ਉਲਟਾ ਦੇਣ ਨਾਲ ਅਤੇ ਨਾ ਹੀ ਇੱਕ ਧੁਰੇ ਤੋਂ ਦੂਜੇ ਧੁਰੇ ‘ਤੇ ਜਾਣ ਨਾਲ ਹੋ ਸਕਦਾ ਹੈ, ਨਾ ਹੀ ਇਸ ਵਿਰੋਧਤਾ ਦਾ ਹੱਲ ਇੱਕ ਜ਼ਾਲਮ ਨੂੰ ਦੂਜੇ ਨਾਲ ਬਦਲ ਕੇ ਜੋ ਮੁਕਤੀ ਦੇ ਨਾਂ ਤੇ ਦੱਬੇ-ਕੁਚਲ਼ਿਆਂ ਦੀ ਲੁੱਟ ਜਾਰੀ ਰਖਦਾ ਹੈ, ਹੋ ਸਕਦਾ ਹੈ।
ਪਰੰਤੂ ਮੁਕਤੀ ਹਾਸਲ ਕਰ ਚੁੱਕੇ ਕਿਰਤੀਆਂ ਦੁਆਰਾ ਸਥਾਪਿਤ ਨਵੇਂ ਹਲਾਤਾਂ ਰਾਹੀਂ ਜਦੋਂ ਇਸ ਆਪਸੀ ਵਿਰੋਧਤਾ ਦਾ ਅਸਲ ਹੱਲ ਹੋ ਜਾਂਦਾ ਹੈ, ਤਾਂ ਵੀ ਸਾਬਕਾ ਜ਼ਾਲਮ ਆਪਣੇ-ਆਪ ਨੂੰ ਅਜ਼ਾਦ ਮਹਿਸੂਸ ਨਹੀਂ ਕਰਦੇ। ਇਸਦੇ ਉਲਟ ਉਹ ਸੱਚੀਂ-ਮੁੱਚੀ ਅਪਣੇ-ਆਪ ਨੂੰ ਜ਼ੁਲਮ ਦਾ ਸ਼ਿਕਾਰ ਸਮਝਦੇ ਹਨ। ਦੂਜਿਆਂ ‘ਤੇ ਜ਼ੁਲਮ ਢਾਹੁਣ ਦੇ ਆਦੀ ਹੋਣ ਕਰਕੇ ਉਹਨਾਂ ਨੂੰ ਇਨ੍ਹਾਂ ਹਲਾਤਾਂ ਤੋਂ ਬਿਨਾਂ ਸਾਰੇ ਹਲਾਤ ਜ਼ੁਲਮ ਭਰਪੂਰ ਜਾਪਦੇ ਹਨ। ਪਹਿਲਾਂ ਉਹ ਚੰਗਾ ਖਾ-ਪੀ ਸਕਦੇ ਸੀ, ਚੰਗੇ ਕੱਪੜੇ ਪਾ ਸਕਦੇ ਸਨ, ਬੂਟ ਪਾ ਸਕਦੇ ਸਨ, ਸਿੱਖਿਆ ਹਾਸਲ ਕਰ ਸਕਦੇ ਸਨ, ਸੈਰ-ਸਪਾਟਾ ਕਰ ਸਕਦੇ ਸਨ ਅਤੇ ਬਿਥੋਵਨ ਦੇ ਸੰਗੀਤ ਦਾ ਆਨੰਦ ਮਾਣ ਸਕਦੇ ਸਨ, ਜਦੋਂ ਕਿ ਦੂਜੇ ਕਰੋੜਾਂ ਲੋਕਾਂ ਕੋਲ ਨਾ ਤਾਂ ਖਾਣ ਨੂੰ ਰੋਟੀ ਹੁੰਦੀ ਹੈ, ਨਾ ਪਾਉਣ ਨੂੰ ਕੱਪੜੇ, ਨਾ ਪੈਰਾਂ ‘ਚ ਬੂਟ, ਨਾ ਉਹ ਸਿੱਖਿਆ ਹਾਸਲ ਕਰ ਸਕਦੇ ਹਨ, ਨਾ ਸੈਰ-ਸਪਾਟਾ ਕਰ ਸਕਦੇ ਹਨ ਅਤੇ ਬਿਥੋਵਨ ਦਾ ਸੰਗੀਤ ਸੁਣਨ ਦੀ ਤਾਂ ਗੱਲ ਹੀ ਛੱਡੋ। ਲੋਕਾਈ ਦੇ ਹੱਕਾਂ ਦੇ ਨਾਂ ਤੇ ਇਸ ਤਰ੍ਹਾਂ ਦੀ ਜੀਵਨ ਜਂਾਚ ਉੱਤੇ ਲਾਈ ਜਾਣ ਵਾਲੀ ਕੋਈ ਵੀ ਰੋਕ ਸਾਬਕਾ ਜ਼ਾਲਮਾਂ ਨੂੰ ਆਪਣੇ ਨਿੱਜੀ ਹੱਕਾਂ ਦੀ ਗੰਭੀਰ ਉਲੰਘਣਾ ਲਗਦੀ ਹੈ- ਸਗੋਂ ਉਹਨਾਂ ਕਰੋੜਾਂ ਲੋਕਾਂ ਦੇ ਲਈ ਉਹਨਾਂ ਦੇ ਮਨਾਂ ਵਿੱਚ ਕੋਈ ਆਦਰ ਨਹੀਂ ਹੁੰਦਾ, ਜਿਹੜੇ ਭੁੱਖ, ਦੁੱਖ, ਤਕਲੀਫ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਕੇ ਮਰੇ। ਜ਼ਾਲਮ ਸਿਰਫ਼ ਆਪਣੇ-ਆਪ ਨੂੰ ਹੀ ਮਨੁੱਖ ਸਮਝਦੇ ਹਨ, ਦੂਸਰੇ ਲੋਕ ਤਾਂ ਉਹਨਾਂ ਲਈ ‘ਚੀਜ਼ਾਂ’ ਹੁੰਦੇ ਹਨ। ਜ਼ਾਲਮ ਲਈ ਇੱਕੋ ਹੀ ਹੱਕ ਮਾਇਨੇ ਰਖਦਾ ਹੈ- ਅਪਣੀ ਜ਼ਿੰਦਗੀ ਵਿੱਚ ਐਸ਼ੋ-ਅਰਾਮ ਨਾਲ ਜਿਉਣ ਦਾ ਹੱਕ। ਦੱਬੇ-ਕੁਚਲ਼ਿਆਂ ਦੇ ਜਿੰਦਾ ਰਹਿਣ ਦੇ ਹੱਕ ਨੂੰ ਵੀ ਉਹ ਹੱਕ ਨਹੀਂ ਮੰਨਦੇ। ਉਹ ਇਸਨੂੰ ਹੱਕ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦੇ, ਸਗੋਂ ਮਜਬੂਰੀ ਵਿੱਚ ਪ੍ਰਵਾਨ ਕਰਦੇ ਹਨ ਅਤੇ ਇਹ ਰਿਆਇਤ ਉਹ ਇਸ ਲਈ ਦਿੰਦੇ ਹਨ ਕਿ ਦੱਬੇ-ਕੁਚਲ਼ਿਆਂ ਦੀ ਹੋਂਦ ਖੁਦ ਉਹਨਾਂ ਦੀ ਹੋਂਦ ਲਈ ਲਾਜ਼ਮੀ ਹੈ।
ਇਹ ਵਿਹਾਰ, ਮਨੁੱਖ ਅਤੇ ਸੰਸਾਰ ਨੂੰ ਸਮਝਣ ਦੇ ਢੰਗ ਤਰੀਕੇ (ਇਹ ਸਮਝ ਨਵੇਂ ਹਕੂਮਤ-ਪ੍ਰਬੰਧ ਦੇ ਵਿਰੋਧ ਦਾ ਕਾਰਨ ਬਣਦੀ ਹੈ) ਦੀ ਵਿਆਖਿਆ ਹਕੂਮਤੀ ਜਮਾਤ ਆਪਣੇ ਤਜ਼ਰਬਿਆਂ ਦੇ ਅਨੁਸਾਰ ਕਰਦੀ ਹੈ। ਹਿੰਸਾ ਅਤੇ ਜ਼ੁਲਮ ਦੇ ਹਲਾਤ ਸਥਾਪਿਤ ਹੋ ਜਾਣ ਨਾਲ ਇਸ ਵਿੱਚ ਸ਼ਾਮਲ ਦੋਵੇਂ ਧਿਰਾਂ ਜ਼ਾਲਮ ਅਤੇ ਦੱਬੇ-ਕੁਚਲ਼ਿਆਂ ਦੀ ਜੀਵਨ ਜਾਚ ਦੇ ਲਈ ਖ਼ਤਰਾ ਬਣ ਜਾਂਦੇ ਹਨ। ਦੋਵੇਂ ਹੀ ਇਸ ਹਲਾਤ ਦਾ ਸ਼ਿਕਾਰ ਹੁੰਦੇ ਹਨ ਅਤੇ ਦੋਵਾਂ ਤੇ ਜ਼ੁਲਮ ਆਪਣੇ ਨਿਸ਼ਾਨ ਛੱਡਦਾ ਹੈ। ਜ਼ੁਲਮ ਕਿਹੋ-ਜਿਹੇ ਹਲਾਤਾਂ ਕਰਕੇ ਹੋਂਦ ਵਿੱਚ ਆਇਆ, ਦੀ ਘੋਖ ਇਸ਼ਾਰਾ ਕਰਦੀ ਹੈ ਕਿ ਜ਼ੁਲਮ ਦੀ ਸ਼ੁਰੂਆਤ ਹਿੰਸਾ ਕਰਕੇ ਹੋਈ ਅਤੇ ਇਹ ਹਿੰਸਾ ਤਾਕਤਵਰ ਲੋਕਾਂ ਦੁਆਰਾ ਕੀਤੀ ਗਈ। ਇਹ ਹਿੰਸਾ ਇੱਕ ਪ੍ਰਕਿਰਿਆ ਦੇ ਤਹਿਤ, ਉਹਨਾਂ ਜ਼ਾਲਮਾਂ ਦੁਆਰਾ ਪੀੜ੍ਹੀ ਦਰ ਪੀੜ੍ਹੀ ਕੀਤੀ ਜਾਂਦੀ ਰਹੀ ਹੈ, ਜਿਹੜੇ ਇਸਦੇ ਵਾਰਿਸ ਬਣ ਜਾਂਦੇ ਹਨ ਅਤੇ ਇਸਦੇ ਚੌਗਿਰਦੇ ਵਿੱਚ ਢਲਦੇ ਰਹਿੰਦੇ ਹਨ। ਇਹ ਮਾਹੌਲ ਜ਼ਾਲਮਾਂ ਵਿੱਚ ਕਬਜਾ ਕਰਨ ਦੀ ਚੇਤਨਾ ਪੈਦਾ ਕਰਦਾ ਹੈ- ਭਾਵ ਉਹ ਸੰਸਾਰ ਅਤੇ ਆਦਮੀ-ਔਰਤਾਂ ਤੇ ਕਾਬਜ ਹੋਣਾ ਚਹੁੰਦੇ ਹਨ। ਸੰਸਾਰ ਅਤੇ ਮਨੁੱਖਾਂ ਦੇ ਪ੍ਰਤੱਖ, ਠੋਸ ਅਤੇ ਪਦਾਰਥਕ ਕਬਜੇ ਤੋਂ ਬਿਨਾਂ ਜਬਰਕਾਰੀ ਚੇਤਨਾ ਖੁਦ ਨੂੰ ਸਮਝ ਨਹੀਂ ਸਕਦੀ, ਇੱਥੋਂ ਤੱਕ ਕਿ ਇਸਤੋਂ ਬਿਨਾਂ ਉਸਦੀ ਹੋਂਦ ਸੰਭਵ ਨਹੀਂ। ਐਰਿਕ ਫੌਮ ਨੇ ਇਸ ਚੇਤਨਾ ਬਾਰੇ ਕਿਹਾ ਹੈ ਕਿ ਕਬਜੇ ਦੀ ਹਵਸ ਤੋਂ ਬਿਨਾਂ “ਸੰਸਾਰ ਨਾਲ ਉਸਦਾ ਸਬੰਧ ਹੀ ਖ਼ਤਮ ਹੋ ਜਾਵੇਗਾ”। ਜ਼ਬਰਕਾਰੀ ਚੇਤਨਾ ਵਿੱਚ ਆਪਣੇ ਆਸੇ-ਪਾਸੇ ਦੀ ਹਰ ਚੀਜ਼ ਨੂੰ ਆਪਣੇ ਕਬਜੇ ਹੇਠ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਧਰਤੀ, ਸੰਪਤੀ, ਪੈਦਾਵਾਰ, ਮਨੁੱਖੀ ਸਿਰਜਣਾ, ਖੁਦ ਮਨੁੱਖ, ਸਮਾਂ, ਇੱਥੋਂ ਤੱਕ ਕਿ ਹਰ ਚੀਜ਼ ਦੀ ਹੋਂਦ ਉਸਦੀ ਸੇਵਾ ਵਾਲੀ ਵਸਤੂ ਦੇ ਪੱਧਰ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ।
ਕਬਜਾ ਕਰਨ ਦੀ ਹਵਸ ਦੇ ਕਾਰਨ ਜ਼ਾਲਮਾਂ ਵਿੱਚ ਇਹ ਧਾਰਨਾ ਪੈਦਾ ਹੋ ਜਾਂਦੀ ਹੈ ਕਿ ਉਹ ਹਰ ਚੀਜ਼ ਨੂੰ ਆਪਣੀ ਖਰੀਦ ਸ਼ਕਤੀ ਰਾਹੀਂ ਖਰੀਦ ਸਕਦੇ ਹਨ। ਇਸ ਲਈ ਉਹਨਾਂ ਦੀ ਹੋਂਦ ਸਬੰਧੀ ਧਾਰਨਾ ਪਦਾਰਥ ਕੇਂਦਰਿਤ ਹੁੰਦੀ ਹੈ। ਹਰ ਚੀਜ਼ ਦੇ ਮਾਪਦੰਡ ਦਾ ਕੇਂਦਰ ਬਿੰਦੂ ਪੈਸਾ ਅਤੇ ਮੁਨਾਫਾ, ਜ਼ਾਲਮਾਂ ਦੇ ਲਈ ਬੱਸ ਇੱਕੋ-ਇੱਕ ਗੱਲ ਮਾਇਨੇ ਰਖਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਮਿਲੇ- ਹਮੇਸ਼ਾ ਵੱਧ ਮਿਲੇ, ਚਾਹੇ ਇਸ ਕਰਕੇ ਦੱਬੇ-ਕੁਚਲ਼ਿਆਂ ਨੂੰ ਘੱਟ ਮਿਲੇ ਜਾਂ ਕੁਝ ਵੀ ਨਾ ਮਿਲੇ। ਉਹਨਾਂ ਲਈ ‘ਹੋਂਦ ਦਾ ਅਰਥ ਹੈ’ ਵੱਧ ਤੋਂ ਵੱਧ ਹਿੱਸੇ ਤੇ ਕਾਬਜ਼ ਹੋਣਾ ਅਤੇ ਕਬਜ਼ਾ-ਧਾਰਕ ਜਮਾਤ ਵਿੱਚ ਸ਼ਾਮਲ ਹੋਣਾ।
ਜ਼ੁਲਮ ਦੇ ਹਲਾਤਾਂ ਤੋਂ ਲਾਭ ਲੈਣ ਕਾਰਨ ਉਹਨਾਂ ਨੂੰ ਇਹ ਗਿਆਨ ਨਹੀਂ ਹੁੰਦਾ ਜੇ ਕਾਬਜ਼ ਹੋਣਾ ਉਹਨਾਂ ਦੀ ਹੋਂਦ ਦੀ ਸ਼ਰਤ ਹੈ, ਤਾਂ ਇਹ ਸ਼ਰਤ ਸਾਰੇ ਆਦਮੀ-ਔਰਤਾਂ ਲਈ ਲਾਜ਼ਮੀ ਹੈ। ਇਹੀ ਕਾਰਨ ਹੈ ਕਿ ਉਹਨਾਂ ਦੀ ਖੁੱਲ੍ਹ-ਦਿਲੀ ਝੂਠੀ ਹੁੰਦੀ ਹੈ। ਉਨ੍ਹਾਂ ਦੇ ਲਈ ਮਨੁੱਖਤਾ ਵੀ ਇੱਕ ‘ਚੀਜ਼’ ਹੈ ਅਤੇ ਉਹ ਉਸ ‘ਤੇ ‘ਕਾਬਜ਼’ ਹਨ, ਪਿਤਾ-ਪੁਰਖੀ ਜਾਇਦਾਦ ਦੇ ਵਾਂਗੂੰ ਉਸ ਉੱਤੇ ਸਿਰਫ਼ ਉਹਨਾਂ ਦਾ ਹੀ ਹੱਕ ਹੈ। ਜ਼ਬਰਕਾਰੀ ਚੇਤਨਾ ਨੂੰ ਲੋਕਾਂ ਦੇ ਮਨੁੱਖੀਕਰਨ ਲਈ ਮਾਰਿਆ ਹੰਭਲਾ ਸੰਪੂਰਨ ਮਨੁੱਖ ਬਣਨ ਦਾ ਯਤਨ ਨਹੀਂ ਲਗਦਾ, ਸਗੋਂ ਕਾਨੂੰਨ ਵਿਰੋਧੀ ਦੁਜੈਲਾ ਕੰਮ ਲਗਦਾ ਹੈ।
ਜ਼ਾਲਮ ਲੋਕ ਬਹੁਤ ਜਿਆਦਾ ਚੀਜ਼ਾਂ ਤੇ ਕਾਬਜ ਹੋਣ ਨੂੰ ਇਸ ਤਰ੍ਹਾਂ ਨਾਲ ਨਹੀਂ ਵੇਖਦੇ ਕਿ ਇਹ ਕਬਜਾ ਦੂਸਰਿਆਂ ਨੂੰ ਅਤੇ ਖੁਦ ਉਹਨਾਂ ਨੂੰ ਅਣ-ਮਨੁੱਖੀ ਬਣਾਉਂਦਾ ਹੈ। ਉਹ ਇਹ ਵੇਖਣ ਵਿੱਚ ਆਯੋਗ ਹੁੰਦੇ ਹਨ ਕਿ ਕਾਬਜ ਜਮਾਤ ਵਧੇਰੇ ਚੀਜ਼ਾਂ ਤੇ ਕਬਜਾ ਕਰਨ ਦੀ ਹੈਂਕੜਬਾਜੀ ਕਰਕੇ, ਇਕੱਠੀ ਕੀਤੀ ਗਈ ਜਾਇਦਾਦ ਵਿੱਚ ਹੀ ਘੁਟ ਕੇ ਮਰ ਜਾਂਦੀ ਹੈ, ਭਾਵ ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ, ਸਿਰਫ ਮਾਲਕੀ ਰਹਿ ਜਾਂਦੀ ਹੈ। ਵਧੇਰੇ ਚੀਜ਼ਾਂ ਤੇ ਕਾਬਜ ਹੋਣਾ ਉਹਨਾਂ ਦਾ ਅਨਿੱਖੜਵਾਂ ਹੱਕ ਬਣ ਜਾਂਦਾ ਹੈ, ਉਹ ਸਮਝਦੇ ਹਨ ਕਿ ਇਹ ਹੱਕ ਉਹਨਾਂ ਨੇ ਆਪਣੇ ਯਤਨਾਂ ਸਦਕਾ ਅਤੇ ‘ਜੋਖ਼ਮ ਉਠਾਉਣ ਦੇ ਜਿਗਰੇ’ ਸਦਕਾ ਹਾਸਲ ਕੀਤਾ ਹੈ। ਜੇਕਰ ਦੂਜਿਆਂ ਦੇ ਕੋਲ ਵਧੇਰੇ ਨਹੀਂ ਹੈ ਤਾਂ ਇਸ ਕਰਕੇ ਕਿ ਉਹ ਆਯੋਗ ਤੇ ਆਲਸੀ ਹਨ, ਅਤੇ ਉਹਨਾਂ ਵਿੱਚ ਸਭ ਤੋਂ ਬੁਰੀ ਗੱਲ ਜਿਸਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ, ਇਹ ਹੈ ਕਿ ਉਹ ਹਾਕਮ ਜਮਾਤ ਦੇ ‘ਖੁੱਲ-ਦਿਲੀ ਵਾਲੇ ਕਾਰਜ’ ਲਈ ਅਹਿਸਾਨ-ਮੰਦ ਹੁੰਦੇ ਹਨ। ਠੀਕ ਇਸੇ ਲਈ ਕਿ ਦੱਬੇ-ਕੁਚਲ਼ੇ ਲੋਕ ‘ਅਕ੍ਰਿਤਘਣ’ ਅਤੇ ‘ਈਰਖਾਵਾਦੀ’ ਹੁੰਦੇ ਹਨ, ਉਹਨਾਂ ਨੂੰ ਅਜਿਹੇ ਸੰਭਾਵਿਤ ਦੁਸ਼ਮਣ ਮੰਨਿਆ ਜਾਂਦਾ ਹੈ, ਜਿੰਨ੍ਹਾਂ ਤੇ ਹਮੇਸ਼ਾ ਨਿਗ੍ਹਾ ਰੱਖਣੀ ਲਾਜ਼ਮੀ ਹੈ।
ਜ਼ਾਲਮ ਜਮਾਤ ਦੇ ਲੋਕ ਇਸ ਤੋਂ ਵੱਖ ਕੁਝ ਸੋਚਣ ਦੇ ਯੋਗ ਨਹੀਂ ਹੁੰਦੇ। ਜੇਕਰ ਦੱਬੇ-ਕੁਚਲ਼ਿਆਂ ਦਾ ਮਨੁੱਖੀਕਰਨ ਸਥਾਪਤੀ ਵਿਰੋਧੀ ਹੈ ਤਾਂ ਉਹਨਾਂ ਦੀ ਅਜ਼ਾਦੀ ਵੀ ਸਥਾਪਤੀ ਦੇ ਖਿਲਾਫ਼ ਹੋਈ। ਇਸ ਲਈ ਲਾਜ਼ਮੀ ਹੈ ਕਿ ਉਹਨਾਂ ਨੂੰ ਲਗਾਤਾਰ ਕਾਬੂ ਹੇਠ ਰੱਖਿਆ ਜਾਵੇ। ਜ਼ਾਲਮ ਜਿੰਨਾ ਜਿਆਦਾ ਦੱਬੇ-ਕੁਚਲ਼ਿਆਂ ਨੂੰ ਕਾਬੂ ਵਿੱਚ ਰਖਦੇ ਹਨ, ਓਨਾ ਹੀ ਜਿਆਦਾ ਉਹ ਦੱਬੇ-ਕੁਚਲ਼ਿਆਂ ਨੂੰ ਸਿੱਧੇ ਰੂਪ ਵਿੱਚ ਬੇ-ਜਾਨ ‘ਚੀਜ਼ਾਂ’ ਵਿੱਚ ਬਦਲਦੇ ਹਨ। ਕਾਬਜ ਹੋਣ ਦੀ ਹਵਸ ਦੇ ਕਾਰਨ ਜਬਰਕਾਰੀ ਚੇਤਨਾ ਵਿੱਚ ਆਪਣੇ ਸਾਹਮਣੇ ਆਉਣ ਵਾਲੀ ਹਰ ਚੀਜ਼ ਅਤੇ ਹਰ ਮਨੁੱਖ ਨੂੰ ਬੇ-ਜਾਨ ਬਣਾ ਦੇਣ ਦਾ ਰੁਝਾਨ ਹੁੰਦਾ ਹੈ ਅਤੇ ਇਹ ਹਵਸ ਬਿਨਾਂ ਸ਼ੱਕ ਦੂਜਿਆਂ ਨੂੰ ਦੁਖੀ ਕਰਕੇ ਸੁਖੀ ਹੋਣ ਦੇ ਰੁਝਾਨ ਦੇ ਸਮਾਨ ਹੈ। ‘ਦੀ ਹਾਰਟ ਆਫ ਮੈਨ’ ਵਿੱਚ ਫੌਮ ਨੇ ਲਿਖਿਆ ਹੈ-
ਦੂਜੇ ਮਨੁੱਖਾਂ ਉੱਤੇ ਅਪਣਾ ਦਾਬਾ ਥੋਪ ਕੇ ਮਿਲਣ ਵਾਲਾ ਆਨੰਦ ਹੀ ਦੂਸਰਿਆਂ ਦੇ ਦੁੱਖ ਵਿੱਚ ਮਿਲਣ ਵਾਲੇ ਸੁੱਖ ਦਾ ਸਾਰ-ਤੱਤ ਹੈ। ਏਸੇ ਗੱਲ ਨੂੰ ਦੂਜੇ ਤਰ੍ਹਾਂ ਨਾਲ ਇਵੇਂ ਕਿਹਾ ਜਾ ਸਕਦਾ ਹੈ ਕਿ ਦੂਜੇ ਨੂੰ ਦੁੱਖ ਦੇ ਕੇ ਸੁੱਖ ਹਾਸਲ ਕਰਨ ਦੇ ਰੁਝਾਨ ਦਾ ਮੁੱਖ ਉਦੇਸ਼ ਮਨੁੱਖ ਨੂੰ ਵਸਤ ਦੇ ਰੂਪ ਵਿੱਚ ਬਦਲਣਾ ਹੈ, ਕਿਉਂਕਿ ਪੂਰਨ ਦਾਬੇ ਕਰਕੇ ਮਨੁੱਖ ਆਪਣੇ ਜੀਵਨ ਦਾ ਇੱਕ ਲਾਜ਼ਮੀ ਅਤੇ ਅਹਿਮ ਗੁਣ ਗੁਆ ਦਿੰਦਾ ਹੈ- ਅਜ਼ਾਦੀ।
ਦੂਸਰਿਆਂ ਨੂੰ ਦੁਖੀ ਕਰਕੇ ਖੁਸ਼ ਹੋਣ ਦੀ ਤਾਂਘ ਬੇਈਮਾਨੀ ਵਾਲੀ ਤਾਂਘ ਹੈ, ਇਹ ਜ਼ਿੰਦਗੀ ਦੀ ਤਾਂਘ ਨਹੀਂ ਮੌਤ ਦੀ ਤਾਂਘ ਹੈ। ਇਹ ਤਾਂਘ ਜ਼ਾਲਮ ਦੀ ਚੇਤਨਾ ਅਤੇ ਉਸਦੇ ਸੰਸਾਰ ਨੂੰ ਵੇਖਣ ਦੇ ਮੁਰਦਾ ਪ੍ਰੇਮ ਵਾਲੇ ਨਜ਼ਰੀਏ ਦੀ ਖਾਸ ਖੂਬੀ ਹੈ, ਦੂਸਰਿਆਂ ਨੂੰ ਦੁਖੀ ਕਰਕੇ ਖੁਸ਼ ਹੋਣ ਦੀ ਤਾਂਘ। ਕਾਬਜ ਹੋਣ ਦੇ ਲਈ ਜ਼ਬਰਕਾਰੀ ਚੇਤਨਾ ਜ਼ਿੰਦਗੀ ਨੂੰ ਤਬਾਹ ਕਰਦੀ ਹੈ, ਕਿਉਂਕਿ ਉਹ ਜੀਵਨ ਦੀਆਂ ਜਰੂਰੀ ਵਿਸੇਸ਼ਤਾਵਾਂ ਜਿਵੇਂ – ਜਿਗਿਆਸਾ, ਨਵੀਂ ਖੋਜ ਅਤੇ ਸਿਰਜਣਾ ਨੂੰ ਖਤਮ ਕਰ ਦਿੰਦੀ ਹੈ। ਜ਼ਾਲਮ ਆਪਣੇ ਉਦੇਸ਼ ਦੇ ਲਈ ਵਿਗਿਆਨ ਅਤੇ ਤਕਨੀਕ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਦੇ ਹਨ, ਜੋ ਬੇਸ਼ੱਕ ਬਹੁਤ ਸ਼ਕਤੀਸ਼ਾਲੀ ਹਥਿਆਰ ਹੈ। ਉਹਨਾਂ ਜ਼ਾਲਮਾਂ ਦਾ ਉਦੇਸ਼ ਹੈ ਜ਼ੁਲਮ ਅਤੇ ਜਾਲਸਾਜੀ ਨਾਲ ਜ਼ੁਲਮ ਦੇ ਪ੍ਰਬੰਧ ਨੂੰ ਬਣਾਈ ਰੱਖਣਾ। ਦੱਬੇ-ਕੁਚਲ਼ਿਆਂ ਦਾ ਵਸਤੂ ਅਤੇ ਚੀਜ਼ਾਂ ਵਾਂਗ ਕੋਈ ਉਦੇਸ਼ ਨਹੀਂ ਹੁੰਦਾ ਸਗੋਂ ਜ਼ਾਲਮ ਲੋਕਾਂ ਦੇ ਹੁਕਮ ਦੀ ਪਾਲਣਾ ਕਰਨਾ ਹੀ ਉਹਨਾਂ ਦਾ ਉਦੇਸ਼ ਹੁੰਦਾ ਹੈ।
ਉਪਰੋਕਤ ਚਰਚਾ ਦੀ ਲੋਅ ਵਿੱਚ ਇੱਕ ਹੋਰ ਬਹੁਤ ਹੀ ਅਹਿਮ ਪੱਖ ਸਾਹਮਣੇ ਆਉਂਦਾ ਹੈ, ਉਹ ਤੱਥ ਇਹ ਹੈ ਕਿ ਜ਼ਾਲਮ ਜਮਾਤ ਦੇ ਕੁਝ ਲੋਕ ਦੱਬੇ-ਕੁਚਲ਼ਿਆਂ ਦੇ ਮੁਕਤੀ ਘੋਲ਼ ਵਿੱਚ ਉਹਨਾਂ ਦੇ ਨਾਲ ਆ ਜਾਂਦੇ ਹਨ ਅਤੇ ਇਸ ਤਰ੍ਹਾਂ ਆਪਸੀ ਵਿਰੋਧ ਦੇ ਇੱਕ ਧੁਰੇ ਤੋਂ ਚੱਲ ਕੇ ਦੂਜੇ ਧੁਰੇ ਤੇ ਪਹੁੰਚ ਜਾਂਦੇ ਹਨ। ਇਸ ਘੋਲ਼ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਅਜਿਹੇ ਲੋਕਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਪਰ ਇਹ ਸੱਚ ਹੈ ਕਿ ਜਦੋਂ ਉਹ ਲੋਟੂ ਜਾਂ ਫਿਰ ਮੂਕ ਦਰਸ਼ਕ ਜਾਂ ਲੁੱਟ ਦੇ ਵਾਰਿਸ ਨਹੀਂ ਰਹਿੰਦੇ ਅਤੇ ਦੱਬੇ-ਕੁਚਲ਼ਿਆਂ ਦੇ ਪੱਖ ਵਿੱਚ ਆ ਜਾਂਦੇ ਹਨ ਤਾਂ ਉਹ ਲਗਭਗ ਹਮੇਸ਼ਾ ਹੀ ਅਪਣੇ ਨਾਲ ਆਪਣੀ ਜਮਾਤ ਦੇ ਕੁਝ ਸੰਸਕਾਰ ਲੈ ਆਉਂਦੇ ਹਨ; ਆਪਣੀ ਪੂਰਵ ਧਾਰਨਾ ਅਤੇ ਵਿਕਾਰ, ਜਿਸ ਵਿੱਚ ਇਹ ਗੱਲ ਸ਼ਾਮਲ ਹੁੰਦੀ ਹੈ ਕਿ ਉਹਨਾਂ ਨੂੰ ਦੱਬੇ-ਕੁਚਲ਼ੇ ਲੋਕਾਂ ਦੀ ਸੋਚਣ, ਚਾਹੁਣ ਅਤੇ ਸਮਝ ਦੀ ਕਾਬਲੀਅਤ ‘ਤੇ ਭਰੋਸਾ ਨਹੀਂ ਹੁੰਦਾ। ਇਸਦੇ ਅਨੁਸਾਰ ਲੋਕ ਹਿੱਤ ਦੇ ਉਦੇਸ਼ ਨਾਲ ਜੁੜੇ ਇਸ ਜਮਾਤ ਦੇ ਲੋਕਾਂ ਨੂੰ ਲੈ ਕੇ ਇਹ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ ਕਿ ਇਹ ਕਿਤੇ ਅਜਿਹੀ ਖੁੱਲਦਿਲੀ ਦੇ ਚੱਕਰ ਵਿੱਚ ਨਾ ਪੈ ਜਾਣ, ਜਿਹੜੀ ਖੁੱਲਦਿਲੀ ਜ਼ਾਲਮਾਂ ਦੀ ਖੁੱਲਦਿਲੀ ਜਿੰਨ੍ਹੀ ਹੀ ਖ਼ਤਰਨਾਕ ਹੁੰਦੀ ਹੈ। ਜ਼ਾਲਮਾਂ ਦੀ ਖੁੱਲਦਿਲੀ ਜ਼ਾਲਮਾਂ ਦੇ ਅਨਿਆਂ ਪ੍ਰਬੰਧ ‘ਤੇ ਪਲਦੀ ਹੈ, ਜਿਸਨੂੰ ਬਣਾ ਕੇ ਰੱਖਣਾ ਉਸ ਖੁੱਲ੍ਹਦਿਲੀ ਨੂੰ ਸਹੀ ਸਾਬਤ ਕਰਨ ਲਈ ਲਾਜ਼ਮੀ ਹੁੰਦਾ ਹੈ। ਦੂਜੇ ਪਾਸੇ, ਜ਼ਾਲਮ ਜਮਾਤ ਤੋਂ ਆ ਕੇ ਦੱਬੇ-ਕੁਚਲ਼ਿਆਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੇ ਲੋਕ ਅਸਲੀਅਤ ‘ਚ ਉਸ ਅਨਿਆਂਵਾਦੀ ਪ੍ਰਬੰਧ ਨੂੰ ਬਦਲਣਾ ਚਾਹੁਦੇ ਹਨ; ਪਰੰਤੂ ਅਪਣੇ ਪਿਛੋਕੜ ਦੇ ਕਾਰਨ ਉਹ ਇਹ ਮੰਨਦੇ ਹਨ ਕਿ ਪ੍ਰਬੰਧ ਨੂੰ ਬਦਲਣ ਵਾਲੇ ਉਹ ਹੀ ਹੋਣੇ ਚਾਹੀਦੇ ਹਨ। ਉਹ ਲੋਕਾਂ ਦੀ ਗੱਲ ਤਾਂ ਕਰਦੇ ਹਨ, ਪਰੰਤੂ ਉਹਨਾਂ ‘ਤੇ ਭਰੋਸਾ ਨਹੀਂ ਕਰਦੇ, ਪਰ ਲੋਕਾਂ ‘ਤੇ ਭਰੋਸਾ ਕਰਨਾ ਇਨਕਲ਼ਾਬੀ ਬਦਲਾਅ ਦੀ ਮੁਢਲੀ ਅਤੇ ਲਾਜ਼ਮੀ ਸ਼ਰਤ ਹੈ। ਇੱਕ ਸੱਚੇ ਮਨੁੱਖਤਾਵਾਦੀ ਦੀ ਪਛਾਣ ਲੋਕਾਂ ‘ਤੇ ਭਰੋਸਾ ਰੱਖੇ ਬਿਨਾਂ ਉਹਨਾਂ ਦੇ ਪੱਖ ਵਿੱਚ ਕੀਤੇ ਹਜਾਰਾਂ ਕੰਮਾਂ ਤੋਂ ਨਹੀਂ ਹੁੰਦੀ, ਜਿੰਨੀ ਲੋਕਾਂ ਤੇ ਕੀਤੇ ਭਰੋਸੇ ਤੋਂ ਹੁੰਦੀ ਹੈ, ਕਿਉਂਕਿ ਇਹ ਭਰੋਸਾ ਹੀ ਉਸਨੂੰ ਲੋਕਾਂ ਦੇ ਸੰਘਰਸ਼ ਵਿੱਚ ਸ਼ਾਮਲ ਕਰਦਾ ਹੈ।
ਜਿਹੜੇ ਲੋਕ ਸੱਚੀਂ-ਮੁੱਚੀ ਲੋਕਾਂ ਲਈ ਪ੍ਰਤੀਬੱਧ ਹੁੰਦੇ ਹਨ, ਉਹਨਾਂ ਨੂੰ ਲਗਾਤਾਰ ਆਪਣੀ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਦੀ ਦਲਬਦਲੀ ਐਨੀ ਸਪਸ਼ਟ ਹੋਣੀ ਚਾਹੀਦੀ ਹੈ ਜਿਸ ਵਿੱਚ ਦੁਚਿੱਤੀ ਦੀ ਗੁੰਜਾਇਸ਼ ਨਾ ਹੋਵੇ। ਪ੍ਰਤੀਬੱਧਤਾ ‘ਤੇ ਜ਼ੋਰ ਦੇਣਾ, ਪਰ ਖੁਦ ਨੂੰ ਹੀ ਇਨਕਲ਼ਾਬੀ ਸਿਆਣਪ ਦਾ ਮਾਲਕ ਸਮਝਣਾ, ਜੋ ਲੋਕਾਂ ਨੂੰ ਦਿੱਤੀ (ਜਾਂ ਉਹਨਾਂ ਤੇ ਥੋਪੀ) ਜਾਣੀ ਹੈ – ਪੁਰਾਣਿਆਂ ਢੰਗਾਂ ਨੂੰ ਹੀ ਬਣਾਈ ਰੱਖਣਾ ਹੈ। ਜਿਹੜੇ ਆਦਮੀ ਅਤੇ ਔਰਤ, ਮੁਕਤੀ ਦੇ ਕਾਰਜ ਵਿੱਚ ਸ਼ਰਧਾ ਬਣਾ ਕੇ ਰੱਖਣ ਦੀ ਗੱਲ ਤਾਂ ਕਰਦੇ ਹਨ, ਫੇਰ ਵੀ ਲੋਕਾਂ ਨਾਲ ਅਪਣੱਤ ਕਾਇਮ ਕਰਨ ਵਿੱਚ ਆਯੋਗ ਰਹਿੰਦੇ ਹਨ ਅਤੇ ਉਹ ੳੇਹਨਾਂ ਨੂੰ ਪੂਰਨ ਅਗਿਆਨੀ ਸਮਝਦੇ ਹਨ। ਦਲ ਬਦਲ ਕੇ ਅਇਆ ਜ਼ਾਲਮ ਜਮਾਤ ਦਾ ਵਿਅਕਤੀ ਜੇਕਰ ਲੋਕਾਂ ਦੁਆਰਾ ਚੁੱਕੇ ਹਰ ਕਦਮ ਤੋਂ ਘਬਰਾਉਂਦਾ ਹੈ ਅਤੇ ਉਹਨਾਂ ਦੀ ਕਹੀ ਹਰ ਗੱਲ ਅਤੇ ਸੁਝਾਅ ਤੇ ਸ਼ੱਕ ਕਰਦਾ ਹੈ ਅਤੇ ਲੋਕਾਂ ਉੱਤੇ ਅਪਣੇ ਰੁਤਬੇ ਨੂੰ ਥੋਪਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਦੇ ਅੰਦਰ ਆਪਣੇ ਮੂਲ ਦਾ ਹੇਰਵਾ ਬਾਕੀ ਹੈ।
ਲੋਕ-ਪੱਖੀ ਹੋਣਾ ਦੁਬਾਰਾ ਜਨਮ ਲੈਣਾ ਹੈ। ਲੋਕ-ਪੱਖੀ ਹੋਣ ਵਾਲਿਆਂ ਨੂੰ ਨਵੀਂ ਹੋਂਦ ਧਾਰਨ ਕਰਨੀ ਪੈਂਦੀ ਹੈ, ਹੁਣ ਉਹ ਉਹ ਨਹੀਂ ਰਹਿ ਸਕਦੇ ਜੋ ਪਹਿਲਾਂ ਸਨ। ਉਹ ਦੱਬੇ-ਕੁਚਲ਼ਿਆਂ ਦੇ ਮਿੱਤਰ ਬਣਕੇ ਹੀ ਉਹਨਾਂ ਦੇ ਜੀਵਨ, ਰਵੱਈਏ ਅਤੇ ਢੰਗਾਂ ਨੂੰ ਸਮਝ ਸਕਦੇ ਹਨ, ਜਿੰਨ੍ਹਾਂ ਵਿੱਚ ਵੱਖੋ-ਵੱਖਰੇ ਮੌਕਿਆਂ ਉੱਤੇ ਹਕੂਮਤ ਦੇ ਪ੍ਰਬੰਧ ਦੀ ਸੰਰਚਨਾ ਦੀ ਝਲਕ ਦਿਸਦੀ ਹੈ। ਦੱਬੇ-ਕੁਚਲ਼ਿਆਂ ਦੇ ਜੀਵਨ ਅਤੇ ਵਿਵਹਾਰ ਸਬੰਧੀ ਵਿਸੇਸ਼ਤਾਵਾਂ ਦੀ ਚਰਚਾ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ, ਇਹਨਾਂ ਵਿੱਚ ਇੱਕ ਵਿਸੇਸ਼ਤਾ ਹੈ ਉਹਨਾਂ ਦਾ ਦੋਗਲਾਪਣ, ਇੱਕੋ ਸਮੇਂ ਉਹ ਦੱਬੇ-ਕੁਚਲ਼ੇ ਵੀ ਹੁੰਦੇ ਹਨ ਅਤੇ ਜ਼ਾਲਮ ਵੀ, ਕਿਉਂਕਿ ਜ਼ਾਲਮ ਹੀ ਉਹਨਾਂ ਦਾ ਆਦਰਸ਼ ਹੁੰਦਾ ਹੈ। ਇਸ ਲਈ, ਜਦੋਂ ਤੱਕ ਉਹ ਜ਼ਾਲਮ ਅਤੇ ਅਪਣੀ ਚੇਤਨਾ ਨੂੰ ਚੰਗੀ ਤਰ੍ਹਾਂ ਠੋਸ ਰੂਪ ਵਿੱਚ ਸਮਝ ਨਹੀਂ ਲੈਂਦੇ, ਉਦੋਂ ਤੱਕ ਉਹ ਆਪਣੇ ਹਲਾਤ ਦੇ ਪ੍ਰਤੀ ਹਮੇਸ਼ਾ ਤਕਦੀਰਵਾਦੀ ਸੋਚ ਬਣਾਈ ਰਖਦੇ ਹਨ।
ਜਦੋਂ ਕਿਸਾਨ ਸਮਝ ਲੈਂਦਾ ਹੈ ਕਿ ਉਹ ਗੁਲ਼ਾਮ ਹੈ, ਉਦੋਂ ਹੀ ਆਪਣੀ ਗੁਲ਼ਾਮੀ ਨੂੰ ਤੋੜਨ ਦਾ ਹੌਂਸਲਾ ਸ਼ੁਰੂ ਕਰਦਾ ਹੈ। ਜਦੋਂ ਤੱਕ ਉਹ ਅਪਣੀ ਗੁਲ਼ਾਮੀ ਨੂੰ ਨਹੀਂ ਸਮਝਦਾ, ਆਪਣੇ ਮਾਲਕ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ਅਤੇ ਕਹਿੰਦਾ ਹੈ “ਕੀ ਹੁਕਮ ਹੈ ? ਮੈਂ ਤਾਂ ਨਿਮਾਣਾ ਜਿਹਾ ਕਿਸਾਨ ਹਾਂ। ”
ਸਤਹੀ ਪੜਚੋਲ ਕਰਨ ਤੇ ਇਸ ਤਕਦੀਰਵਾਦ ਨੂੰ ਕਦੇ-ਕਦੇ ਅਜਿਹੇ ਨਿਮਾਣੇਪਣ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ, ਜਿਸਨੂੰ ਰਾਸ਼ਟਰੀ ਚਰਿੱਤਰ ਵੀ ਮੰਨਿਆ ਜਾਂਦਾ ਹੈ। ਨਿਮਾਣੇਪਣ ਦੇ ਮੁਖੌਟੇ ਹੇਠ ਲੁਕਿਆ ਹੋਇਆ ਤਕਦੀਰਵਾਦ ਇੱਕ ਇਤਿਹਾਸਕ ਅਤੇ ਸਮਾਜਕ ਹਲਾਤਾਂ ਦਾ ਨਤੀਜ਼ਾ ਹੈ ਨਾ ਕਿ ਲੋਕਾਂ ਦੇ ਵਿਵਹਾਰ ਦਾ ਕੋਈ ਜਮਾਂਦਰੂ ਗੁਣ। ਇਸਦਾ ਸਬੰਧ ਹਮੇਸ਼ਾ ਹੀ ਜਾਂ ਤਾਂ ਤਕਦੀਰ ਜਾਂ ਹੋਣੀ ਜਾਂ ਚੰਗੀ ਕਿਸਮਤ ਦੀ ਸ਼ਕਤੀ ਨਾਲ ਜੋੜਿਆ ਜਾਂਦਾ ਹੈ ਜਾਂ ਰੱਬ ਸਬੰਧੀ ਕਿਸੇ ਅਪੂਰਨ ਨਜ਼ਰੀਏ ਨਾਲ। ਜਾਦੂ ਅਤੇ ਮਿੱਥ ਦੇ ਵਹਿਣ ਵਿੱਚ ਵਹਿ ਜਾਣ ਵਾਲੇ ਦੱਬੇ-ਕੁਚਲ਼ੇ ਲੋਕ ਖਾਸ ਕਰਕੇ ਕਿਸਾਨ ਜੋ ਕੁਦਰਤ ਨਾਲ ਪੂਰੀ ਤਰ੍ਹਾਂ ਇੱਕ-ਮਿੱਕ ਰਹਿੰਦੇ ਹਨ ਆਪਣੇ ਦੁੱਖਾਂ ਨੂੰ, ਜੋ ਲੁੱਟ ਦਾ ਨਤੀਜਾ ਹੁੰਦੇ ਹਨ, ਰੱਬ ਦੀ ਰਜ਼ਾ ਦੇ ਰੂਪ ਵਿੱਚ ਵੇਖਦੇ ਹਨ, ਜਿਵੇਂ ਕਿ ਇਹ ‘ਜਥੇਬੰਦ ਗ਼ੈਰ-ਬਰਾਬਰਤਾ’ ਰੱਬ ਦੀ ਹੀ ਸਿਰਜਣਾ ਹੈ।
ਯਥਾਰਥ ਵਿੱਚ ਡੁੱਬੇ ਦੱਬੇ-ਕੁਚਲ਼ੇ ਲੋਕ ਉਸ ‘ਪ੍ਰਬੰਧ’ ਨੂੰ ਸਪਸ਼ਟ ਰੂਪ ਵਿੱਚ ਨਹੀਂ ਸਮਝ ਸਕਦੇ ਜਿਹੜਾ ਕਿ ਉਹਨਾਂ ਜ਼ਾਲਮਾਂ, ਜਿੰਨ੍ਹਾਂ ਦਾ ਅਕਸ ਉਹਨਾਂ ਨੇ ਆਤਮਸਾਤ ਕੀਤਾ ਹੋਇਆ ਹੈ, ਦੇ ਹਿੱਤ ਪੂਰਦਾ ਹੈ। ਇਸ ਪ੍ਰਬੰਧ ਦੁਆਰਾ ਲਗਾਈਆਂ ਗਈਆਂ ਰੋਕਾਂ ਤੋਂ ਰਗੜ ਖਾ-ਖਾ ਕੇ ਗਰਮ ਹੋਣ ਕਾਰਨ ਉਹਨਾਂ ਵਿੱਚ ਜਿਆਦਾਤਰ ਸਮਤਲ (ਲੜੀਦਾਰ) ਹਿੰਸਾ ਭੜਕ ਉਠਦੀ ਹੈ, ਜੋ ਬਹੁਤ ਹੀ ਨਿਗੂਣੇ ਕਾਰਨਾਂ ਕਰਕੇ ਅਪਣੇ ਹੀ ਸਾਥੀਆਂ ਉੱਪਰ ਹਮਲੇ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਫਰੇਂਟਜ ਫੈਨਨ ਨੇ ‘ਦਿ ਰੈਚਡ ਆਫ ਦਿ ਅਰਥ’ ਵਿੱਚ ਲਿਖਿਆ ਹੈ:
ਬਸਤੀਵਾਦੀ ਮਨੁੱਖ ਪਹਿਲਾਂ ਹਿੰਸਾ ਦਾ ਪ੍ਰਗਟਾਵਾ ਕਰੇਗਾ, ਜਿਹੜੀ ਉਸਦੇ ਆਪਣੇ ਹੀ ਲੋਕਾਂ ਖ਼ਿਲਾਫ ਤੁੰਨ-ਤੁੰਨ ਕੇ ਭਰ ਦਿੱਤੀ ਗਈ ਹੁੰਦੀ ਹੈ। ਇਸੇ ਲਈ ਨੀਗਰੋ ਲੋਕ ਇੱਕ ਦੂਜੇ ਨੂੰ ਕੁਟਦੇ-ਮਾਰਦੇ ਹਨ ਅਤੇ ਉੱਤਰੀ ਅਫ਼ਰੀਕਾ ਵਿੱਚ ਜੁਰਮ ਦੇ ਆਏ ਹੈਰਾਨੀਜਨਕ ਹੜ੍ਹ ਨੂੰ ਵੇਖ ਪੁਲਿਸ ਅਤੇ ਜੱਜਾਂ ਦੀ ਸਮਝ ਵਿੱਚ ਨਹੀਂ ਆਉਂਦਾ ਕਿ ਕੀਤਾ ਕੀ ਜਾਵੇ। ਬਸਤੀਵਾਦੀ ਹਾਕਮਾਂ ਜਾਂ ਪੁਲਿਸ ਵਾਲਿਆਂ ਨੂੰ ਸਦਾ ਲਈ ਮੂਲ ਨਿਵਾਸੀਆਂ ਨੂੰ ਮਾਰਨ-ਕੁੱਟਣ ਦਾ, ਉਹਨਾਂ ਦੀ ਬੇਇਜ਼ਤੀ ਕਰਨ ਦਾ, ਅਤੇ ਉਹਨਾਂ ਤੋਂ ਆਪਣੇ ਅੱਗੇ ਨੱਕ ਰਗੜਵਾਉਣ ਦਾ ਅਧਿਕਾਰ ਹੈ। ਤੁਸੀਂ ਵੇਖੋਂਗੇ ਕਿ ਮੂਲ-ਨਿਵਾਸੀ ਆਪਣੇ ਹੀ ਦੇਸ਼ਵਾਸੀ ਦੀ ਥੋੜ੍ਹੀ ਜਿਹੀ ਤੱਕਣੀ ਕਰਕੇ ਆਪਣਾ ਹੱਥ ਚਾਕੂ ਤੇ ਲੈ ਜਾਂਦਾ ਹੈ, ਕਿਉਂਕਿ ਮੂਲ-ਨਿਵਾਸੀ ਦੇ ਕੋਲ ਆਪਣੇ ਭਰਾ ਦੇ ਮੁਕਾਬਲੇ ਆਪਣੀ ਸਖਸ਼ੀਅਤ ਦੀ ਰੱਖਿਆ ਹੀ ਆਖ਼ਰੀ ਵਸੀਲਾ ਹੁੰਦਾ ਹੈ।
ਸੰਭਵ ਹੈ, ਇਸ ਵਿਵਹਾਰ ਵਿੱਚ ਵੀ ਉਹ ਆਪਣੇ ਦੋਗਲੇਪਣ ਨੂੰ ਪੇਸ਼ ਕਰਦੇ ਹਨ। ਕਿਉਂਕਿ ਜ਼ਾਲਮ ਉਹਨਾਂ ਵਰਗੇ ਦੱਬੇ-ਕੁਚਲ਼ੇ ਸਾਥੀਆਂ ਅੰਦਰ ਵੀ ਬੈਠਾ ਹੁੰਦਾ ਹੈ, ਜਦੋਂ ਉਹ ਅਪਣੇ ਸਾਥੀਆਂ ‘ਤੇ ਹਮਲਾ ਕਰਦੇ ਹਨ ਤਾਂ ਅਸਿੱਧੇ ਤੌਰ ‘ਤੇ ਜ਼ਾਲਮ ਉੱਤੇ ਹਮਲਾ ਕਰ ਰਹੇ ਹੁੰਦੇ ਹਨ।
ਦੂਜੇ ਪਾਸੇ, ਆਪਣੀ ਹੋਂਦ ਦੇ ਤਜ਼ਰਬੇ ਦੇ ਖ਼ਾਸ ਬਿੰਦੂ ਉੱਤੇ ਦੱਬੇ-ਕੁਚਲ਼ੇ ਲੋਕ ਜ਼ਾਲਮ ਅਤੇ ਉਸਦੀ ਜੀਵਨ-ਜਾਚ ਦੇ ਪ੍ਰਤੀ ਜ਼ੋਰਦਾਰ ਖਿੱਚ ਮਹਿਸੂਸ ਕਰਦੇ ਹਨ। ਉਹਨਾਂ ਦੇ ਵਰਗਾ ਜੀਵਨ ਜਿਉਣ ਦੀ ਤਾਂਘ ਉਹਨਾਂ ਨੂੰ ਕਾਬੂ ਵਿੱਚ ਰਖਦੀ ਹੈ। ਅਪਣੇ ਪ੍ਰਤੀ ਬੇਗਾਨਗੀ ਦੀ ਭਾਵਨਾ ਕਰਕੇ ਦੱਬੇ-ਕੁਚਲ਼ੇ ਲੋਕ ਕਿਸੇ ਵੀ ਕੀਮਤ ਤੇ ਜ਼ਾਲਮਾਂ ਵਾਂਗੂੰ ਦਿਖਣਾ, ਉਹਨਾਂ ਦੀ ਨਕਲ ਕਰਨਾ, ਉਹਨਾਂ ਦੇ ਪਿੱਛੇ ਲੱਗਣਾ ਚਾਹੁੰਦੇ ਹਨ। ਇਹ ਵਰਤਾਰਾ ਖ਼ਾਸ ਕਰਕੇ ਮੱਧ-ਵਰਗੀ ਦੱਬੇ-ਕੁਚਲ਼ਿਆਂ ਵਿੱਚ ਆਮ ਵੇਖਣ ਨੂੰ ਮਿਲਦਾ ਹੈ, ਜੋ ਉੱਚ-ਵਰਗ ਦੇ ‘ਖ਼ਾਸ’ ਆਦਮੀ ਅਤੇ ਔਰਤਾਂ ਦੇ ਬਰਾਬਰ ਹੋਣ ਨੂੰ ਤਰਸਦੇ ਰਹਿੰਦੇ ਹਨ। ਅਲਬਰਟ ਮੇਮੀ ਨੇ ‘ਬਸਤੀਵਾਦੀ ਮਾਨਸਿਕਤਾ’ ਦੀ ਅਸਧਾਰਨ ਵਿਸਲੇਸ਼ਣ ਕਰਨ ਵਾਲੀ ਆਪਣੀ ਕਿਤਾਬ ‘ਦਿ ਕੋਲੋਨਾਈਜ਼ਰ ਐਂਡ ਦਿ ਕੋਲੋਨਾਈਜਡ’ ਵਿੱਚ ਬਸਤੀਵਾਦ ਦੇ ਪ੍ਰਤੀ ਆਪਣੀ ਉਸ ਨਫ਼ਰਤ ਦਾ ਸਪਸ਼ਟ ਵਰਨਣ ਕੀਤਾ ਹੈ, ਜਿਸ ਵਿੱਚ ਉਸਦੇ ਪ੍ਰਤੀ ‘ਤੀਬਰ’ ਖਿੱਚ ਵੀ ਸ਼ਾਮਲ ਸੀ:
ਬਸਤੀਵਾਦੀ ਅਪਣੇ ਕਾਮਿਆਂ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ, ਜਦੋਂ ਕਿ ਉਸਨੂੰ ਬਸਤੀ ਬਣਾਏ ਗਏ ਦੇਸ਼ ਦੇ ਲੋਕਾਂ ਦੀ ਭੀੜ ਨੂੰ ਗੋਲੀਆਂ ਨਾਲ ਭੁੰਨਣਾ ਪੈਂਦਾ ਹੋਵੇ? ਬਸਤੀ ਦੇ ਲੋਕ ਕਿਵੇਂ ਐਨੇ ਨਿਰਦਈਪੁਣੇ ਨਾਲ ਖੁਦ ਨੂੰ ਨਕਾਰ ਸਕਦੇ ਹਨ, ਜਦੋਂ ਕਿ ਉਹ ਅਜਿਹੀਆਂ ਵੱਡੀਆਂ ਮੰਗਾਂ ਵੀ ਕਰਦੇ ਹੋਣ? ਉਹ ਬਸਤੀਵਾਦੀਆਂ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ, ਜਦੋਂ ਕਿ ਉਹ ਉਹਨਾਂ ਦੀ ਅਜਿਹੀ ਜ਼ੋਰਦਾਰ ਪ੍ਰਸੰਸਾ ਵੀ ਕਰਦਾ ਹੋਵੇ ? (ਮੈਂ ਵੀ ਅਪਣੇ ਸੁਭਾਅ ਦੇ ਖਿਲਾਫ਼ ਅਪਣੇ ਅੰਦਰ ਬਸਤੀਵਾਦੀਆਂ ਪ੍ਰਤੀ ਪ੍ਰਸ਼ੰਸਾ ਨੂੰ ਮਹਿਸੂਸ ਕੀਤਾ ਹੈ)।
ਅਪਣੇ ਆਪ ਵਿੱਚ ਅਹਿਸਾਸ ੁਏ- ਕਮਤਰੀ ਦੱਬੇ-ਕੁਚਲ਼ਿਆਂ ਦੀ ਇੱਕ ਹੋਰ ਵਿਸੇਸ਼ਤਾ ਹੈ, ਜੋ ਅਪਣੇ ਬਾਰੇ ਵਿੱਚ ਬਣੀ ਹੋਈ ਜ਼ਾਲਮਾਂ ਦੀ ਰਾਇ ਨੂੰ ਆਤਮਸਾਤ ਕਰ ਲੈਣ ਨਾਲ ਪੈਦਾ ਹੁੰਦੀ ਹੈ। ਉਹਨਾਂ ਨੂੰ ਐਨੀ ਵਾਰ ਇਹ ਸੁਣਨਾ ਪੈਂਦਾ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ, ਤੁਸੀਂ ਕੁਝ ਨਹੀਂ ਜਾਣਦੇ, ਤੁਸੀਂ ਕੁਝ ਸਿੱਖਣ ਦੇ ਕਾਬਲ ਨਹੀਂ, ਤੁਸੀਂ ਬਿਮਾਰ ਹੋਂ, ਸੁਸਤ ਹੋਂ, ਨਿਕੰਮੇ ਹੋਂ ਅਤੇ ਤੁਸੀਂ ਸਿਰਜਕ ਨਹੀਂ ਹੋ ਸਕਦੇ ਅਖ਼ੀਰ ਉਹ ਇਸ ‘ਤੇ ਯਕੀਨ ਕਰਕੇ ਖੁਦ ਹੀ ਅਜਿਹਾ ਮੰਨਣ ਲੱਗਦੇ ਹਨ। ਕਿਸਾਨ ਆਪਣੇ ਮਾਲਕ ਤੋਂ ਖੁਦ ਨੂੰ ਘਟੀਆ ਸਮਝਦਾ ਹੈ, ਕਿਉਂਕਿ ਉਸਨੂੰ ਮਾਲਕ ਹੀ ਇੱਕ ਅਜਿਹਾ ਆਦਮੀ ਲਗਦਾ ਹੈ, ਜੋ ਚੀਜ਼ਾਂ ਦਾ ਜਾਣਕਾਰ ਅਤੇ ਕੰਮ ਦਾ ਮਾਹਰ ਹੈ।
ਉਹ ਖੁਦ ਨੂੰ ਅਗਿਆਨੀ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਗਿਆਨ ਤਾਂ ‘ਉਸਤਾਦ’ ਕੋਲ ਹੀ ਹੁੰਦਾ ਹੈ, ਇਸ ਲਈ ਉਸਦੀ ਗੱਲ ਮੰਨਣੀ ਚਾਹੀਦੀ ਹੈ। ਉਸਦੇ ਉੱਪਰ ਗਿਆਨ ਦੀਆਂ ਰਵਾਇਤੀ ਧਾਰਨਾਵਾਂ ਥੋਪ ਦਿੱਤੀਆਂ ਜਾਂਦੀਆਂ ਹਨ। ‘ਸੱਭਿਆਚਾਰਕ ਸਕੂਲ’ ਵਿੱਚ ਭਾਗ ਲੈਣ ਵਾਲੇ ਕਿਸਾਨ ਨੇ ਕਿਹਾ, “ਪਹਿਲਾਂ ਆਪ ਹੀ ਤਸਵੀਰਾਂ ਦੀ ਵਿਆਖਿਆ ਕਿਉਂ ਨਹੀਂ ਕਰਦੇ ? ਇਸ ਤਰ੍ਹਾਂ ਸਮਾਂ ਘੱਟ ਲੱਗੇਗਾ ਅਤੇ ਸਾਡੇ ਲਈ ਸਿਰਦਰਦੀ ਵੀ ਨਹੀਂ ਹੋਵੇਗੀ। ”
ਉਹਨਾਂ ਨੂੰ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਵੀ ‘ਚੀਜ਼ਾਂ ਦੇ ਜਾਣਕਾਰ’ ਹਨ, ਜਿੰਨ੍ਹਾਂ ਨੂੰ ਉਹਨਾਂ ਨੇ ਸੰਸਾਰ ਅਤੇ ਹੋਰ ਆਦਮੀ ਅਤੇ ਔਰਤਾਂ ਤੋਂ ਆਪਣੇ ਰਿਸ਼ਤਿਆਂ ਦੇ ਜ਼ਰੀਏ ਸਿੱਖਿਆ ਹੈ। ਇਹੋ ਜਿਹੇ ਹਲਾਤ ਉਹਨਾਂ ਵਿੱਚ ਦੋਗਲਾਪਣ ਪੈਦਾ ਕਰਦੇ ਹਨ, ਉਸੇ ਕਾਰਨ ਇਹ ਕੁਦਰਤੀ ਹੈ ਕਿ ਉਹ ਆਪਣੇ-ਆਪ ਉੱਤੇ ਵਿਸਵਾਸ਼ ਨਾ ਕਰਨ।
ਸਿੱਖਿਅਕ ਯੋਜਨਾਵਾਂ ਵਿੱਚ ਜ਼ਿਆਦਾਤਰ ਅਜਿਹਾ ਹੁੰਦਾ ਹੈ ਕਿ ਕਿਸਾਨ ਕਿਸੇ ਅਗਾਂਹਵਧੂ ਪ੍ਰਸੰਗ ਉੱਤੇ ਬੜੀ ਸ਼ਿੱਦਤ ਨਾਲ ਚਰਚਾ ਸ਼ੁਰੂ ਕਰਦੇ ਹਨ, ਪਰ ਅਚਾਨਕ ਰੁਕ ਜਾਂਦੇ ਹਨ ਅਤੇ ਸਿੱਖਿਅਕ ਨੂੰ ਕਹਿੰਦੇ ਹਨ “ਮਾਫ ਕਰੋ, ਸਾਨੂੰ ਚੁੱਪ ਰਹਿਣਾ ਚਾਹੀਦਾ ਹੈ ਅਤੇ ਤਹਾਨੂੰ ਬੋਲਣ ਦੇਣਾ ਚਾਹੀਦਾ ਹੈ। ਤੁਸੀਂ ਜਾਣਕਾਰ ਹੋ, ਅਸੀਂ ਅਗਿਆਨੀ ਹਾਂ। “ਉਹ ਅਕਸਰ ਇਸ ਗੱਲ ਨੂੰ ਜ਼ੋਰ ਦੇ ਕੇ ਕਹਿੰਦੇ ਹਨ, ਕਿ ਉਹਨਾਂ ਤੇ ਜਾਨਵਰਾਂ ਵਿੱਚ ਕੋਈ ਫਰਕ ਨਹੀਂ, ਜੇਕਰ ਉਹ ਫ਼ਰਕ ਮੰਨਦੇ ਵੀ ਨੇ ਤਾਂ ਉਹ ਉਹਨਾਂ ਦੇ ਪੱਖ ਵਿੱਚ ਨਹੀਂ ਸਗੋਂ ਜਾਨਵਰਾਂ ਦੇ ਪੱਖ ਵਿੱਚ ਜਾਂਦਾ ਹੈ: ” ਜਾਨਵਰ ਸਾਡੇ ਤੋਂ ਜ਼ਿਆਦਾ ਅਜ਼ਾਦ ਹਨ”।
ਇਹ ਹੈਰਾਨੀਜਨਕ ਹੈ ਕਿ ਜ਼ੁਲਮ ਦੇ ਹਲਾਤ ਵਿੱਚ ਮੁੱਢਲੇ ਬਦਲਾਵਾਂ ਦੇ ਨਾਲ ਹੀ ਇਹ ਅਹਿਸਾਸ-ਏ-ਕਮਤਰੀ ਕਿਵੇਂ ਬਦਲ ਜਾਂਦੀ ਹੈ। ਚਿੱਲੀ ਵਿੱਚ ਖੇਤੀ ਸਬੰਧੀ ਸੁਧਾਰਾਂ ਦੇ ਪ੍ਰਯੋਗ ਸਮੇਂ ‘ਅਸੇਂਟਾਮਿੰਟੋ’ ਦੇ ਨਾਂ ਹੇਠ ਉਤਪਾਦਨ ਇਕਾਈਆਂ ਬਣੀਆਂ ਸਨ। ਮੈਂ ਅਜਿਹੀ ਇੱਕ ਇਕਾਈ ਦੀ ਬੈਠਕ ਵਿੱਚ ਇੱਕ ਕਿਸਾਨ ਨੇਤਾ ਨੂੰ ਇਹ ਕਹਿੰਦੇ ਸੁਣਿਆ: “ਉਹ ਕਿਹਾ ਕਰਦੇ ਸੀ ਕਿ ਅਸੀਂ ਪੈਦਾ ਕਰਨ ਵਾਲੇ ਨਹੀਂ ਕਿਉਂਕਿ ਅਸੀਂ ਆਲਸੀ ਤੇ ਸ਼ਰਾਬੀ ਹਾਂ, ਸਭ ਝੂਠ ਹੈ। ਹੁਣ ਜਦੋਂ ਕਿ ਮਨੁੱਖਾਂ ਦੇ ਰੂਪ ਵਿੱਚ ਸਾਡਾ ਆਦਰ ਹੋਣ ਲੱਗਿਆ ਹੈ, ਅਸੀਂ ਹਰ ਕਿਸੇ ਨੂੰ ਸਿਖਾ ਦੇਵਾਂਗੇ ਕਿ ਅਸੀਂ ਕਦੇ ਵੀ ਆਲਸੀ ਤੇ ਸ਼ਰਾਬੀ ਨਹੀਂ ਸਾਂ, ਹਾਂ ਸਾਡੀ ਲੁੱਟ ਜਰੂਰ ਕੀਤੀ ਗਈ ਸੀ। ”
ਜਦੋਂ ਤੱਕ ਦੱਬੇ-ਕੁਚਲ਼ਿਆਂ ਦੀ ਦੁਚਿੱਤੀ ਬਣੀ ਰਹਿੰਦੀ ਹੈ, ਉਹ ਵਿਰੋਧ ਕਰਨ ਤੋਂ ਕਤਰਾਉਂਦੇ ਹਨ ਅਤੇ ਉਹਨਾਂ ਵਿੱਚ ਆਤਮ-ਵਿਸਵਾਸ਼ ਦੀ ਘਾਟ ਹੁੰਦੀ ਹੈ ਅਤੇ ਜਦੋਂ ਤੱਕ ਉਹ ਜ਼ਾਲਮਾਂ ਦੀ ਸੱਤਾ ਅਤੇ ਆਪਣੀ ਨਿਰਬਲਤਾ ‘ਤੇ ਧੁੰਦਲਾ ਜਿਹਾ ਤਿਲਸਮੀ ਵਿਸਵਾਸ਼ ਕਰਦੇ ਹਨ। ਪੇਂਡੂ ਇਲਾਕਿਆਂ ਵਿੱਚ ਜਿਮੀਂਦਾਰ ਦੀ ਹਕੂਮਤ ਦੀ ਤਿਲਸਮੀ ਸ਼ਕਤੀ ਖਾਸ ਤੌਰ ‘ਤੇ ਲੋਕਾਂ ‘ਤੇ ਛਾਈ ਰਹਿੰਦੀ ਹੈ। ਮੇਰੇ ਇੱਕ ਸਮਾਜ-ਸਾਸ਼ਤਰੀ ਮਿੱਤਰ ਲੈਟਿਨ ਅਮਰੀਕਾ ਦੇ ਇੱਕ ਦੇਸ਼ ਦੇ ਉਹਨਾਂ ਹਥਿਆਰਬੰਦ ਕਿਸਾਨਾਂ ਦੇ ਬਾਰੇ ਦਸਦੇ ਹਨ, ਜਿੰਨ੍ਹਾਂ ਨੇ ਹੁਣੇ-ਹੁਣੇ ਇੱਕ ਜਗੀਰਦਾਰ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਸੀ। ਉਹਨਾਂ ਕਿਸਾਨਾਂ ਨੇ ਦਾਅ-ਪੇਚ ਨਾਲ ਉੱਥੋਂ ਦੇ ਜਗੀਰਦਾਰ ਨੂੰ ਬੰਧਕ ਬਣਾਉਣ ਦੀ ਯੋਜਨਾ ਬਣਾਈ। ਪਰ ਇੱਕ ਵੀ ਕਿਸਾਨ ਨੇ ਉਸ ਬੰਧਕ ਜਗੀਰਦਾਰ ਦੀ ਪਹਿਰੇਦਾਰੀ ਕਰਨ ਦੀ ਹਿੰਮਤ ਨਹੀਂ ਵਿਖਾਈ, ਕਿਉਂਕਿ ਉਸਦੀ ਹਾਜ਼ਰੀ ਹੀ ਉਸਨੂੰ ਡਰਾਉਂਦੀ ਸੀ। ਇਹ ਵੀ ਸੰਭਵ ਹੈ ਕਿ ਮਾਲਕ ਦਾ ਵਿਰੋਧ ਉਹਨਾਂ ਵਿੱਚ ਦੋਸ਼ੀ ਜ਼ਮੀਰ ਭਰ ਦਿੰਦਾ ਹੋਵੇ। ਸੱਚੀ ਗੱਲ ਇਹ ਹੈ ਕਿ ‘ਮਾਲਕ’ ਖੁਦ ਉਹਨਾਂ ਦੇ ਅੰਦਰ ਬੈਠਾ ਹੁੰਦਾ ਹੈ।
ਦੱਬੇ-ਕੁਚਲ਼ਿਆਂ ਨੂੰ ਅਜਿਹੇ ਉਦਾਹਰਣ ਜ਼ਰੂਰ ਵੇਖਣੇ ਚਾਹੀਦੇ ਹਨ, ਜਿਸ ਵਿੱਚ ਜ਼ਾਲਮ ਹਾਰਿਆ ਹੋਵੇ, ਕਿਉਂਕਿ ਇਸ ਨਾਲ ਉਹਨਾਂ ਦੀ ਇਹ ਧਾਰਨਾ ਬਦਲਦੀ ਹੈ ਕਿ ਜ਼ਾਲਮ ਨੂੰ ਹਰਾਇਆ ਨਹੀਂ ਜਾ ਸਕਦਾ, ਇਸਦੇ ਉਲਟ ਇਹ ਧਾਰਨਾ ਬਣਦੀ ਹੈ ਕਿ ਉਹਨਾਂ ਨੂੰ ਹਰਾਇਆ ਜਾ ਸਕਦਾ ਹੈ। ਜਦੋਂ ਤੱਕ ਅਜਿਹੀ ਸਮਝ ਨਹੀਂ ਬਣਦੀ, ਉਹ ਨਿਰਾਸ਼, ਡਰੇ ਹੋਏ ਅਤੇ ਹਾਰੇ ਹੋਏ ਵੀ ਬਣੇ ਰਹਿਣਗੇ (ਰੇਜਿਸ ਦੇਬਰੇ ਦੀ ਕਿਤਾਬ ‘ਰੇਵੋਲਿਉਸ਼ਨ ਇਨ ਦਿ ਰੇਵੋਲਿਉਸ਼ਨ’)। ਜਦੋਂ ਤੱਕ ਦੱਬੇ-ਕੁਚਲ਼ੇ ਲੋਕ ਆਪਣੇ ਹਲਾਤਾਂ ਤੋਂ ਅਨਜਾਣ ਰਹਿੰਦੇ ਹਨ, ਉਹ ਆਪਣੇ ਹੋ ਰਹੇ ਸ਼ੋਸ਼ਣ ਨੂੰ ਤਰਕਵਾਦੀ ਨਜ਼ਰੀਏ ਤੋਂ ਸਵੀਕਾਰਦੇ ਰਹਿੰਦੇ ਹਨ। ਫਿਰ ਜਦੋਂ, ਆਪਣੀ ਅਜ਼ਾਦੀ ਅਤੇ ਸਵੈ-ਪੁਸ਼ਟੀ ਦੇ ਲਈ ਸੰਘਰਸ਼ ਕਰਨ ਦੀ ਜਰੂਰਤ ਪੈਂਦੀ ਹੈ, ਉਹ ਸਰਗਰਮ ਹੋਣ ਦੀ ਥਾਂ ਕਿਰਿਆਹੀਣ ਰਹਿਣ ਅਤੇ ਦੂਜਿਆਂ ਨਾਲ ਜੁੜਨ ਦੀ ਬਜਾਏ ਉਹਨਾਂ ਵਿੱਚ ਬੇਗਾਨਗੀ ਦੀ ਭਾਵਨਾ ਜ਼ਿਆਦਾ ਹੁੰਦੀ ਹੈ। ਪਰੰਤੂ ਹੌਲੀ-ਹੌਲੀ ਉਹ ਬਗ਼ਾਵਤੀ ਪ੍ਰਕਿਰਿਆ ਦੇ ਵੱਖ-ਵੱਖ ਰੂਪਾਂ ਨੂੰ ਵਰਤਣ ਲੱਗਦੇ ਹਨ। ਇਸ ਲਈ, ਮੁਕਤੀ ਦੇ ਲਈ ਕੰਮ ਕਰਦੇ ਸਮੇਂ ਨਾ ਤਾਂ ਉਹਨਾਂ ਦੀ ਕ੍ਰਿਆਹੀਣਤਾ ਨੂੰ ਅੱਖੋਂ ਉਹਲੇ ਕਰਨਾ ਚਾਹੀਦਾ ਹੈ ਅਤੇ ਨਾ ਹੀ ਉਹਨਾਂ ਅੰਦਰ ਆ ਰਹੀ ਜਾਗਰਿਤੀ ਨੂੰ।
ਸੰਸਾਰ ਅਤੇ ਖੁਦ ਬਾਰੇ ਅਸਲ ਨਜ਼ਰੀਏ ਦੀ ਅਣਹੋਂਦ ਕਾਰਨ ਦੱਬੇ-ਕੁਚਲ਼ੇ ਲੋਕ ਇਹ ਸਮਝਦੇ ਹਨ ਕਿ ਉਹ ‘ਚੀਜ਼ਾਂ’ ਹਨ, ਜਿੰਨ੍ਹਾਂ ਤੇ ਮਾਲਕਾਨਾ ਹੱਕ ਜ਼ਾਲਮਾਂ ਦਾ ਹੈ। ਜ਼ਾਲਮਾਂ ਲਈ ਹੋਂਦ ਦਾ ਮਤਲਬ ਮਾਲਕ ਹੋਣਾ ਹੁੰਦਾ ਹੈ, ਪਰ ਇਹ ਸਭ ਦੱਬੇ-ਕੁਚਲ਼ਿਆਂ ਦੀ ਕੀਮਤ ਤੇ ਹੁੰਦਾ ਹੈ, ਜਿੰਨ੍ਹਾਂ ਕੋਲ ਕੁਝ ਨਹੀਂ ਹੁੰਦਾ। ਦੱਬੇ-ਕੁਚਲ਼ਿਆਂ ਦੇ ਲਈ ਆਪਣੇ ਹੋਂਦਵਾਦੀ ਤਜ਼ਰਬੇ ਦੇ ਖ਼ਾਸ ਬਿੰਦੂ ‘ਤੇ ਆਪਣੇ ਹੋਣ ਦਾ ਅਰਥ ਜ਼ਬਰਕਾਰੀ ਹੋਣ ਵਰਗਾ ਨਹੀਂ, ਸਗੋਂ ਉਸਦੇ ਅਧੀਨ ਹੋਣਾ ਹੁੰਦਾ ਹੈ, ਉਸ ‘ਤੇ ਨਿਰਭਰ ਹੋਣਾ ਹੁੰਦਾ ਹੈ। ਇਸ ਲਈ, ਦੱਬੇ-ਕੁਚਲ਼ੇ ਲੋਕ ਭਾਵਨਾਤਮਕ ਰੂਪ ਤੋਂ ਵੀ ਗ਼ੁਲਾਮ ਹੁੰਦੇ ਹਨ:
ਕਿਸਾਨ ਗ਼ੁਲਾਮ ਹੁੰਦਾ ਹੈ। ਉਹ ਇਹ ਵੀ ਨਹੀਂ ਕਹਿ ਸਕਦਾ ਕਿ ਉਸਨੂੰ ਕੀ ਚਾਹੀਦਾ ਹੈ। ਆਪਣੀ ਗ਼ੁਲਾਮੀ ਨੂੰ ਜਾਣ ਲੈਣ ਤੋਂ ਪਹਿਲਾਂ ਉਹ ਦੁਖੀ ਰਹਿੰਦਾ ਹੈ। ਉਹ ਆਪਣੇ ਮਨ ਦਾ ਗੁਬਾਰ ਆਪਣੇ ਘਰ ਵਿੱਚ ਕੱਢਦਾ ਹੈ, ਜਿੱਥੇ ਉਹ ਅਪਣੇ ਬੱਚਿਆਂ ‘ਤੇ ਚੀਖਦਾ-ਚਿਲਾਉਂਦਾ ਹੈ, ਉਹਨਾਂ ਨੂੰ ਕੁੱਟਦਾ ਅਤੇ ਨਿਰਾਸ਼ ਹੁੰਦਾ ਹੈ। ਉਹ ਆਪਣੀ ਪਤਨੀ ਦੇ ਬਾਰੇ ਸ਼ਿਕਾਇਤਾਂ ਕਰਦਾ ਹੈ ਅਤੇ ਸੋਚਦਾ ਹੈ ਕਿ ਹਰ ਚੀਜ਼ ਡਰਾਉਣੀ ਹੈ। ਉਹ ਮਾਲਕ ‘ਤੇ ਕਦੇ ਗੁੱਸਾ ਨਹੀਂ ਕਰਦਾ, ਕਿਉਂਕਿ ਮਾਲਕ ਨੂੰ ਸਰਵਉੱਤਮ ਮਨੁੱਖ ਸਮਝਦਾ ਹੈ। ਬਹੁਤ ਵਾਰੀ ਕਿਸਾਨ ਆਪਣੇ ਦੁੱਖਾਂ ਨੂੰ ਸ਼ਰਾਬ ਪੀ ਕੇ ਦੱਸਦਾ ਹੈ (ਕਿਸਾਨ ਨਾਲ ਕੀਤੀ ਗੱਲਬਾਤ)।
ਇਹ ਸੰਪੂਰਨ ਭਾਵਨਾਤਮਕ ਗ਼ੁਲਾਮੀ ਦੱਬੇ-ਕੁਚਲ਼ਿਆਂ ਨੂੰ ਉਸ ਚੀਜ਼ ਦੇ ਵੱਲ ਲੈ ਜਾਂਦੀ ਹੈ, ਜਿਸਨੂੰ ਅਰਿਕ ਫੌਮ ਨੇ ‘ਲੋਥ-ਕਾਮ ਵਰਤਾਰਾ’ ਕਿਹਾ ਹੈ। ਇਸਦਾ ਮਤਲਬ ਹੈ – ਜ਼ਿੰਦਗੀ ਦੀ ਤਬਾਹੀ ਆਪਣੇ ਜਾਂ ਅਪਣੇ ਦੱਬੇ-ਕੁਚਲ਼ੇ ਸਾਥੀਆਂ ਦੀ।
ਦੱਬੇ-ਕੁਚਲ਼ੇ ਲੋਕ ਖੁਦ ਤੇ ਭਰੋਸਾ ਕਰਨਾ ਉਦੋਂ ਸ਼ੁਰੂ ਕਰਦੇ ਹਨ, ਜਦੋਂ ਉਹ ਜ਼ਾਲਮ ਨੂੰ ਪਛਾਣ ਅਤੇ ਸਮਝ ਲੈਂਦੇ ਹਨ ਅਤੇ ਆਪਣੀ ਮੁਕਤੀ ਦੇ ਲਈ ਜੱਥੇਬੰਦਕ ਸੰਘਰਸ਼ ਕਰਨ ਲੱਗਦੇ ਹਨ। ਇਹ ਸਮਝ ਸਿਰਫ਼ ਸਿਧਾਂਤਕ ਗਿਆਨ ਨਾਲ ਹਾਸਲ ਨਹੀਂ ਹੁੰਦੀ ਸਗੋਂ ਇਸ ਲਈ ਅਮਲ ਵੀ ਜਰੂਰੀ ਹੈ। ਪਰੰਤੂ ਇਹ ਸਮਝ ਨਿਰੇ ਅਮਲ ਤੱਕ ਹੀ ਸੀਮਤ ਨਹੀਂ ਹੁੰਦੀ। ਇਸ ਵਿੱਚ ਗੰਭੀਰ ਚਿੰਤਨ ਵੀ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਹੀ ਇਹ ਸਿਧਾਂਤ ਅਤੇ ਅਮਲ ਦਾ ਸੁਮੇਲ ਕਹਾਵੇਗੀ।
ਦੱਬੇ-ਕੁਚਲ਼ਿਆਂ ਦੀ ਮੁਕਤੀ ਦਾ ਸੰਘਰਸ਼ ਚਾਹੇ ਕਿਸੇ ਵੀ ਪੱਧਰ ‘ਤੇ ਹੋਵੇ, ਆਲੋਚਨਾਤਮਕ ਅਤੇ ਮੁਕਤੀਦਾਇਕ ਸੰਵਾਦ ਰਚਾਇਆ ਜਾਣਾ ਚਾਹੀਦਾ ਹੈ। ਇਸ ਸੰਵਾਦ ਦਾ ਵਿਸ਼ਾ-ਵਸਤੂ ਇਤਿਹਾਸਕ ਪਰਸਥਿਤੀਆਂ ਅਤੇ ਦੱਬੇ-ਕੁਚਲ਼ਿਆਂ ਦੀ ਯਥਾਰਥ ਸੂਝ ਦੇ ਅਨੁਸਾਰ ਬਦਲ ਸਕਦਾ ਹੈ ਅਤੇ ਬਦਲਣਾ ਚਾਹੀਦਾ ਵੀ ਹੈ। ਪਰੰਤੂ ਸੰਵਾਦ ਦੀ ਥਾਂ ਇੱਕ ਪਾਸੜ ਸੰਵਾਦ, ਨਾਹਰਿਆਂ ਅਤੇ ਇਸ਼ਤਿਹਾਰਬਾਜ਼ੀ ਦੇ ਸਿਰ ‘ਤੇ ਦੱਬੇ-ਕੁਚਲ਼ਿਆਂ ਦੀ ਅਜ਼ਾਦੀ ਦੀ ਕੋਸ਼ਿਸ਼ ਦੱਬੇ-ਕੁਚਲ਼ਿਆਂ ਨੂੰ ਪਾਲਤੂ ਬਣਾਉਣ ਦੇ ਸੰਦ ਸਾਬਤ ਹੋਵੇਗੀ। ਮੁਕਤੀ ਦੀ ਪ੍ਰਕਿਰਿਆ ਵਿੱਚ ਦੱਬੇ-ਕੁਚਲ਼ਿਆਂ ਦੀ ਵਿਚਾਰਪੂਰਨ ਸ਼ਮੂਲੀਅਤ ਦੇ ਬਿਨਾਂ ੳਹਨਾਂ ਦੀ ਅਜ਼ਾਦੀ ਦੇ ਲਈ ਕੋਸ਼ਿਸ਼ ਕਰਨੀ ਉਹਨਾਂ ਨੂੰ ਅਜਿਹੀਆਂ ਨਿਰਜੀਵ ਚੀਜ਼ਾਂ ਮੰਨਣ ਦੇ ਬਰਾਬਰ ਹੈ, ਜਿੰਨ੍ਹਾਂ ਨੂੰ ਕਿਸੇ ਸੜਦੇ ਹੋਏ ਮਕਾਨ ਵਿੱਚੋਂ ਕੱਢ ਕੇ ਬਚਾਉਣਾ ਹੋਵੇ। ਅਜਿਹਾ ਕਰਨਾ ਉਹਨਾਂ ਨੂੰ ਕਿਸੇ ਮਨ-ਭਾਉਂਦੇ ਖੱਡੇ ਵਿੱਚ ਡੇਗਣਾ ਹੈ ਅਤੇ ਅਜਿਹੇ ਲੋਕਾਂ ਵਿੱਚ ਬਦਲਣਾ ਹੈ ਜਿੰਨ੍ਹਾਂ ਨਾਲ ਚਾਲਬਾਜ਼ੀ ਕੀਤੀ ਜਾ ਸਕਦੀ ਹੈ।
ਦੱਬੇ-ਕੁਚਲ਼ਿਆਂ ਲਈ ਸਭ ਤੋਂ ਜਰੂਰੀ ਹੈ ਕਿ ਉਹ ਅਪਣੀ ਮੁਕਤੀ ਦੇ ਸਾਰੇ ਪੜਾਵਾਂ ‘ਤੇ ਸੰਪੂਰਨ ਮਨੁੱਖ ਬਣਨ ਦੇ ਮੂਲ ਅਤੇ ਇਤਿਹਾਸਕ ਕਾਰਜਾਂ ਵਿੱਚ ਸ਼ਾਮਲ ਆਦਮੀ ਅਤੇ ਔਰਤਾਂ ਦੇ ਰੂਪ ਵਿੱਚ ਆਪਣੇ-ਆਪ ਨੂੰ ਵੇਖਣ। ਮਨੁੱਖ ਜੇਕਰ ਮਨੁੱਖਤਾ ਅਤੇ ਉਸਦੇ ਇਤਿਹਾਸਕ ਰੂਪਾਂ ਦੇ ਵਿਸ਼ਾ-ਵਸਤੂ ਨੂੰ ਵੱਖ ਕਰਨ ਦੀ ਗਲਤੀ ਨਹੀਂ ਕਰਨਾ ਚਾਹੁੰਦਾ ਤਾਂ ਉਸ ਲਈ ਸਿਧਾਂਤ ਅਤੇ ਅਮਲ ਲਾਜ਼ਮੀ ਹੋ ਜਾਂਦੇ ਹਨ।
ਇਸ ਗੱਲ ‘ਤੇ ਜ਼ੋਰ ਦੇਣਾ ਕਿ ਦੱਬੇ-ਕੁਚਲ਼ਿਆਂ ਨੂੰ ਆਪਣੇ ਠੋਸ ਹਲਾਤਾਂ ਨੂੰ ਸਮਝਣਾ ਅਤੇ ਚਿੰਤਨ ਕਰਨਾ ਚਾਹੀਦਾ ਹੈ, ਅਰਾਮ ਕੁਰਸੀ ‘ਤੇ ਪਏ-ਪਏ ਇਨਕਲ਼ਾਬ ਕਰਨ ਲਈ ਕਹਿਣ ਸਮਾਨ ਨਹੀਂ ਹੈ ਇਸਦੇ ਉਲਟ, ਚਿੰਤਨ ਅਸਲ ਚਿੰਤਨ ਤਾਂ ਅਮਲ ਦੇ ਵੱਲ ਲੈ ਜਾਂਦਾ ਹੈ। ਦੂਜੇ ਪਾਸੇ, ਹਲਾਤ ਦੁਆਰਾ ਜਰੂਰੀ ਬਣਾ ਦਿੱਤਾ ਗਿਆ ਅਮਲ ਅਸਲ ਅਭਿਆਸ ਫੇਰ ਹੀ ਬਣ ਸਕਦਾ ਹੈ, ਜਦੋਂ ਉਸਦੇ ਨਤੀਜਿਆਂ ਉੱਤੇ ਆਲੋਚਨਾਤਮਕ ਢੰਗ ਨਾਲ ਵਿਚਾਰ ਕੀਤਾ ਜਾਵੇ। ਇਸ ਅਰਥ ਵਿੱਚ ਅਭਿਆਸ ਦੱਬੇ-ਕੁਚਲ਼ਿਆਂ ਦਾ ਅਹਿਮ ਅਤੇ ਨਵਾਂ ਉਦੇਸ਼ ਹੁੰਦਾ ਹੈ, ਅਤੇ ਇਨਕਲ਼ਾਬ ਜਿਹੜਾ ਇਸ ਉਦੇਸ਼ ਦੇ ਇਤਿਹਾਸਕ ਪਲ ਦੀ ਸ਼ੁਰੂਆਤ ਕਰਦਾ ਹੈ, ੳੋਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਆਪਣੇ ਉਦੇਸ਼ ਦੇ ਅਨੁਸਾਰ ਸੁਚੇਤ ਰੂਪ ਵਿੱਚ ਦੱਬੇ-ਕੁਚਲ਼ੇ ਉਸ ਵਿੱਚ ਸ਼ਾਮਲ ਨਹੀਂ ਹੁੰਦੇ। ਇਸਦੇ ਬਿਨਾਂ ਕੀਤਾ ਜਾਣ ਵਾਲਾ ਕਰਮ ਮਹਿਜ ਸਰਗਰਮੀ ਹੈ।
ਪਰੰਤੂ ਇਸ ਅਭਿਆਸ ਤੱਕ ਪਹੁੰਚਣ ਦੇ ਲਈ ਜਰੂਰੀ ਹੈ ਕਿ ਦੱਬੇ-ਕੁਚਲ਼ਿਆਂ ਅਤੇ ਉਹਨਾਂ ਦੀ ਤਰਕਸ਼ੀਲ ਸਮਝ ਉੱਤੇ ਭਰੋਸਾ ਕੀਤਾ ਜਾਵੇ। ਜਿਸਦੇ ਅੰਦਰ ਇਹ ਭਰੋਸਾ ਨਹੀਂ ਹੋਵੇਗਾ, ਉਹ ਉਹਨਾਂ ਨਾਲ ਸੰਵਾਦ ਅਤੇ ਵਿਚਾਰ ਚਰਚਾ ਨਹੀਂ ਕਰ ਸਕੇਗਾ (ਜਾਂ ਬੰਦ ਕਰ ਦੇਵੇਗਾ) ਅਤੇ ਨਾਹਰਿਆਂ, ਇਸ਼ਤਿਹਾਰਾਂ, ਇੱਕ ਪਾਸੜ ਸੰਵਾਦ ਅਤੇ ਹਦਾਇਤਾਂ ਦੇਣ ਤੱਕ ਹੀ ਸੀਮਤ ਰਹਿ ਜਾਵੇਗਾ। ਮੁਕਤੀ ਦਾ ਉਦੇਸ਼ ਹਾਸਲ ਕਰਨ ਵਿੱਚ ਸਤਹੀ ਮਦਦਗਾਰਾਂ ਨੂੰ ਲੈ ਕੇ ਇਹ ਖ਼ਤਰਾ ਬਣਿਆ ਰਹਿੰਦਾ ਹੈ।
ਦੱਬੇ-ਕੁਚਲ਼ਿਆਂ ਦੇ ਪੱਖ ਵਿੱਚ ਕੀਤੀ ਜਾਣ ਵਾਲੀ ਸਿਆਸਤ ਅਸਲ ਅਰਥਾਂ ਵਿੱਚ ਸਿੱਖਿਆ ਸਾਸ਼ਤਰ ਦੇ ਅਨੁਸਾਰ ਹੋਣੀ ਚਾਹੀਦੀ ਹੈ, ਇਸ ਲਈ ਇਹ ਕਾਰਜ਼ ਦੱਬੇ-ਕੁਚਲ਼ਿਆਂ ਦੇ ਨਾਲ ਹੀ ਸੰਭਵ ਹੈ। ਮੁਕਤੀ ਲਈ ਸਰਗਰਮ ਕਾਰਕੁੰਨਾਂ ਨੂੰ ਦੱਬੇ-ਕੁਚਲ਼ਿਆਂ ਦੀ ਭਾਵਨਾਤਮਕ ਗ਼ੁਲਾਮੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਇਹ ਗ਼ੁਲਾਮੀ ਉਹਨਾਂ ‘ਤੇ ਦਾਬੇ ਦੀ ਠੋਸ ਹਾਲਤ ਦਾ ਨਤੀਜ਼ਾ ਹੁੰਦੀ ਹੈ ਜੋ ਉਹਨਾਂ ਨੂੰ ਸੰਸਾਰ ਪ੍ਰਤੀ ਅਸਲ ਨਜ਼ਰੀਆ ਰੱਖਣ ਨਹੀਂ ਦਿੰਦੀ। ਉਹਨਾਂ ਦੀ ਗ਼ੁਲਾਮੀ ਦੀ ਵਰਤੋਂ ਕਰਕੇ ਉਹਨਾਂ ਨੂੰ ਹੋਰ ਜਿਆਦਾ ਗ਼ੁਲਾਮ ਬਣਾਉਣਾ ਜ਼ਾਲਮਾਂ ਦਾ ਦਾਅ-ਪੇਚਕ ਕਾਰਜ ਹੈ।
ਮੁਕਤੀ ਦੇ ਕਾਰਜ ਵਿੱਚ ਇਸ ਗ਼ੁਲਾਮੀ ਨੂੰ ਇੱਕ ਕਮਜ਼ੋਰੀ ਦੇ ਰੂਪ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਅਤੇ ਚਿੰਤਨ ਜਾਂ ਅਮਲ ਦੁਆਰਾ ਇਸਨੂੰ ਅਜ਼ਾਦੀ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਪਰੰਤੂ ਚੰਗੀ ਅਤੇ ਸੁਹਿਰਦ ਅਗਵਾਈ ਵੀ ਕਿਸੇ ਨੂੰ ਉਸਦੀ ਅਜ਼ਾਦੀ ਤੋਹਫ਼ੇ ਦੇ ਰੂਪ ਵਿੱਚ ਨਹੀਂ ਦੇ ਸਕਦੀ। ਦੱਬੇ-ਕੁਚਲ਼ਿਆਂ ਦੀ ਮੁਕਤੀ ਚੀਜ਼ਾਂ ਦੀ ਨਹੀਂ ਆਦਮੀ ਅਤੇ ਔਰਤਾਂ ਦੀ ਮੁਕਤੀ ਹੈ। ਇਸ ਲਈ ਜਿੱਥੇ ਇਹ ਸੱਚ ਹੈ ਕਿ ਸਿਰਫ਼ ਆਪਣੀਆਂ ਕੋਸ਼ਿਸ਼ਾਂ ਨਾਲ ਕੋਈ ਖੁਦ ਨੂੰ ਅਜ਼ਾਦ ਨਹੀਂ ਕਰ ਸਕਦਾ। ਉੱਥੇ ਇਹ ਵੀ ਸੱਚ ਹੈ ਕਿ ਨਾ ਹੀ ਸਿਰਫ਼ ਦੂਜੇ ਉਸਨੂੰ ਮੁਕਤੀ ਦਿਵਾ ਸਕਦੇ ਹਨ। ਮੁਕਤੀ ਸੰਪੂਰਨ ਮਨੁੱਖ ਹੀ ਹਾਸਲ ਕਰ ਸਕਦਾ ਹੈ, ਅਰਧ-ਮਨੁੱਖ ਨਹੀਂ। ਲੋਕਾਂ ਨੂੰ ਅਰਧ-ਮੁਨੱਖ ਸਮਝਣਾ ਉਹਨਾਂ ਦਾ ਅਣ-ਮਨੁੱਖੀਕਰਨ ਕਰਨਾ ਹੈ। ਜ਼ੁਲਮ ਸਹਿਣ ਕਾਰਨ ਲੋਕਾਂ ਦਾ ਪਹਿਲਾਂ ਹੀ ਅਣ-ਮਨੁੱਖੀਕਰਨ ਹੋ ਜਾਂਦਾ ਹੈ ਤਾਂ ਉਹਨਾਂ ਦੀ ਮੁਕਤੀ ਦੇ ਕਾਰਜ ਵਿੱਚ ਅਣ-ਮਨੁੱਖੀ ਢੰਗ-ਤਰੀਕਿਆਂ ਨੂੰ ਨਹੀਂ ਵਰਤਣਾ ਚਾਹੀਦਾ।
ਇਸ ਲਈ ਇਨਕਲ਼ਾਬੀ ਅਗਵਾਈ ਦੁਆਰਾ ਮੁਕਤੀ ਦੇ ਕਾਰਜ ਵਿੱਚ ਵਰਤਿਆ ਜਾਣ ਵਾਲਾ ਸਹੀ ਤਰੀਕਾ ਮਨਮਰਜ਼ੀ ਦੀ ਮਾਰਕੇਬਾਜੀ ਨਹੀਂ ਹੈ। ਇਹ ਵੀ ਸੰਭਵ ਨਹੀਂ ਹੈ ਕਿ ਅਗਵਾਈ ਦੱਬੇ-ਕੁਚਲ਼ਿਆਂ ਦਾ ਵਿਸਵਾਸ਼ ਹਾਸਲ ਕਰਨ ਦੇ ਲਈ ਉਹਨਾਂ ਦੇ ਮਨ ਵਿੱਚ ਅਜ਼ਾਦੀ ਵਿੱਚ ਵਿਸਵਾਸ਼ ਰੱਖਣ ਦਾ ਬੀ ‘ਬੀਜ’ ਦੇਵੇ। ਸਹੀ ਤਰੀਕਾ ਹੈ ਸੰਵਾਦ। ਦੱਬੇ-ਕੁਚਲ਼ਿਆਂ ਦਾ ਇਹ ਦ੍ਰਿੜ੍ਹ ਵਿਸਵਾਸ਼ ਹੈ ਕਿ ਉਹਨਾਂ ਨੂੰ ਅਪਣੀ ਮੁਕਤੀ ਦੇ ਲਈ ਘੋਲ਼ ਕਰਨਾ ਚਾਹੀਦਾ ਹੈ, ਮੁਕਤੀ ਉਹਨਾਂ ਨੂੰ ਇਨਕਲ਼ਾਬੀ ਅਗਵਾਈ ਦੁਆਰਾ ਦਿੱਤਾ ਜਾਣ ਵਾਲਾ ਤੋਹਫ਼ਾ ਨਹੀਂ ਹੁੰਦਾ, ਸਗੋਂ ਉਹਨਾਂ ਦੀ ਆਪਣੀ ਹੀ ਸਮਝ ਦਾ ਨਤੀਜ਼ਾ ਹੁੰਦਾ ਹੈ।
ਇਨਕਲ਼ਾਬੀ ਆਗੂਆਂ ਨੂੰ ਸੰਘਰਸ਼ ਦੀ ਲੋੜ ‘ਤੇ ਪੱਕਾ ਯਕੀਨ ਹੋਣਾ ਚਾਹੀਦਾ ਹੈ ਉਹਨਾਂ ਦਾ ਆਪਣਾ ਪੱਕਾ ਵਿਸਵਾਸ਼ (ਜਿਹੜਾ ਇਨਕਲ਼ਾਬੀ ਸਮਝਦਾਰੀ ਦਾ ਇੱਕ ਅਹਿਮ ਪੱਖ ਹੈ)। ਜੇਕਰ ਇਹ ਯਕੀਨ ਪੱਕਾ ਹੈ ਤਾਂ ਲਾਜ਼ਮੀ ਤੌਰ ‘ਤੇ ਦੂਸਰਿਆਂ ਦੁਬਾਰਾ ਥੋਪਿਆ ਨਹੀਂ ਹੋਵੇਗਾ। ਇਹ ਯਕੀਨ ਪੈਕ ਕਰਕੇ ਵੇਚਣ ਵਾਲੀ ਚੀਜ਼ ਨਹੀਂ। ਇਸਨੂੰ ਤਾਂ ਚਿੰਤਨ ਅਤੇ ਅਮਲ ਦੇ ਸੁਮੇਲ ਨਾਲ ਹੀ ਹਾਸਲ ਕਰਨਾ ਪੈਂਦਾ ਹੈ। ਇੱਕ ਇਤਿਹਾਸਕ ਹਲਾਤ ਵਿੱਚ ਯਥਾਰਥ ਬਾਰੇ ਆਗੂਆਂ ਦੀ ਸਮਝ ਅਤੇ ਸ਼ਮੂਲੀਅਤ ਉਹਨਾਂ ਨੂੰ ਉਸ ਸਥਿਤੀ ਦੀ ਆਲੋਚਨਾ ਕਰਨ ਜਾਂ ਉਸਨੂੰ ਬਦਲਣ ਦੀ ਸਥਿਤੀ ਵਿੱਚ ਲੈ ਜਾਵੇਗੀ।
ਇਸ ਤਰ੍ਹਾਂ ਦੱਬੇ-ਕੁਚਲ਼ੇ ਉਦੋਂ ਤੱਕ ਸੰਘਰਸ਼ ਨਾਲ ਨਹੀਂ ਜੁੜਦੇ ਜਦੋਂ ਤੱਕ ਉਹ ਇਸ ਨਾਲ ਪੂਰਨ ਸਹਿਮਤ ਨਾ ਹੋ ਜਾਣ, ਜੇਕਰ ਉਹ ਇਸ ਲਈ ਪ੍ਰਤੀਬੱਧ ਨਹੀਂ ਹੁੰਦੇ, ਘੋਲ਼ ਲਈ ਜ਼ਮੀਨ ਤਿਆਰ ਨਹੀਂ ਹੋ ਸਕਦੀ। ਦੱਬੇ-ਕੁਚਲ਼ਿਆਂ ਨੂੰ ਇਸ ਯਕੀਨ ਤੱਕ ਵਸਤੂਆਂ (ਆਬਜੈਕਟਸ) ਦੇ ਰੂਪ ਵਿੱਚ ਨਹੀਂ, ਸਗੋਂ ਕਰਤਿਆਂ ਦੇ ਰੂਪ ਵਿੱਚ ਪਹੁੰਚਾਉਣਾ ਚਾਹੀਦਾ ਹੈ। ਜਿਹੜੇ ਹਲਾਤ ਉਹਨਾਂ ਨੂੰ ਘੇਰੀ ਰਖਦੇ ਹਨ ਅਤੇ ਉਹਨਾਂ ਤੇ ਆਪਣਾ ਅਸਰ ਛੱਡ ਜਾਂਦੇ ਹਨ, ਇਹਨਾਂ ਹਲਾਤਾਂ ਵਿੱਚ ਆਲੋਚਨਾਤਮਕ ਦਖ਼ਲ ਲਾਜ਼ਮੀ ਹੈ। ਇਹ ਕੰਮ ਮਾਰਕੇਬਾਜੀ ਪ੍ਰਚਾਰ ਕਰਨ ਨਾਲ ਨਹੀਂ ਹੋ ਸਕਦਾ। ਘੋਲ਼ ਦੀ ਲੋੜ ਵਿੱਚ ਯਕੀਨ (ਜਿਸਦੇ ਬਿਨਾਂ ਘੋਲ਼ ਸੰਭਵ ਹੀ ਨਹੀਂ) ਇਨਕਲ਼ਾਬੀ ਅਗਵਾਈ ਦੇ ਲਈ ਲਾਜ਼ਮੀ ਹੈ (ਯਕੀਨਣ ਇਹ ਅਗਵਾਈ ਇਸ ਨਾਲ ਹੀ ਹੋਂਦ ਵਿੱਚ ਆਉਂਦੀ ਹੈ)। ਇਹ ਯਕੀਨ ਦੱਬੇ-ਕੁਚਲ਼ਿਆਂ ਲਈ ਵੀ ਲਾਜ਼ਮੀ ਹੈ। ਇਹ ਲਾਜ਼ਮੀ ਹੈ ਤਬਦੀਲੀ ਦੱਬੇ-ਕੁਚਲ਼ਿਆਂ ਲਈ ਕੀਤੀ ਜਾਂਦੀ ਹੈ ਨਾ ਕਿ ਦੱਬੇ-ਕੁਚਲ਼ਿਆਂ ਨੂੰ ਤਬਦੀਲ ਕਰਨ ਲਈ। ਪਰ ਮੇਰਾ ਵਿਸਵਾਸ਼ ਹੈ ਕਿ ਦੱਬੇ-ਕੁਚਲ਼ਿਆਂ ਵਿੱਚ ਕੀਤੀ ਜਾਣ ਵਾਲੀ ਤਬਦੀਲੀ ਹੀ ਸਹੀ ਹੈ।
ਇਹ ਗੱਲਾਂ ਕਹਿਣ ਦਾ ਉਦੇਸ਼ ਇਹ ਸਪੱਸ਼ਟ ਕਰਨਾ ਹੈ ਕਿ ਇਨਕਲ਼ਾਬ ਮੁੱਖ ਰੂਪ ਵਿੱਚ ਸਿੱਖਿਆ ਸਾਸ਼ਤਰੀ ਪੈਂਤੜੇ ਨਾਲ ਹੀ ਆਉਂਦਾ ਹੈ। ਹਰ ਯੁੱਗ ਦੇ ਇਨਕਲ਼ਾਬੀ ਆਗੂਆਂ ਨੇ ਕਿਹਾ ਹੈ ਕਿ ਦੱਬੇ-ਕੁਚਲ਼ਿਆਂ ਨੂੰ ਇਹ ਲਾਜ਼ਮੀ ਮੰਨ ਲੈਣਾ ਚਾਹੀਦਾ ਹੈ ਕਿ ਮੁਕਤੀ ਦੇ ਲਈ ਘੋਲ਼ ਲਾਜ਼ਮੀ ਹੈ। ਇਹ ਸਪਸ਼ਟ ਹੈ, ਪਰੰਤੂ ਇਹ ਨਿਸ਼ਚਤ ਹੈ ਕਿ ਅਜਿਹਾ ਦੱਬੇ-ਕੁਚਲ਼ਿਆਂ ਦੇ ਸਿੱਖਿਆ ਮਾਧਿਅਮ ਰਾਹੀਂ ਹੀ ਹੋ ਸਕਦਾ ਹੈ। ਬਹੁਤ ਸਾਰੇ ਇਨਕਲ਼ਾਬੀ ਆਗੂ ਹਾਲਾਂਕਿ ਸਿੱਖਿਆ ਦੇ ਉਹੀ ਢੰਗ ਅਪਣਾਉਂਦੇ ਹਨ ਜਿਹੜੇ ਜ਼ਾਲਮਾਂ ਨੇ ਵਰਤੇ ਹੁੰਦੇ ਹਨ (ਸ਼ਾਇਦ ਸਿੱਖਿਆ ਸਾਸ਼ਤਰ ਦੇ ਵਿਰੁੱਧ ਕੁਦਰਤੀ ਅਤੇ ਸਮਝਣਯੋਗ ਤੁਅੱਸਬਾਂ ਕਰਕੇ)। ਉਹ ਮੁਕਤੀ ਦੀ ਪ੍ਰਕਿਰਿਆ ਵਿੱਚ ਸਿੱਖਿਆਵਾਦੀ ਅਮਲ ਨੂੰ ਭੰਡਦੇ ਹਨ ਅਤੇ ਇਸਦੀ ਜਗ੍ਹਾ ਲੋਕਾਂ ਨੂੰ ਸਹਿਮਤ ਕਰਨ ਲਈ ਮਾਰਕੇਬਾਜੀ ਪ੍ਰਚਾਰ ਦੀ ਵਰਤੋਂ ਕਰਦੇ ਹਨ।
ਦੱਬੇ-ਕੁਚਲ਼ਿਆਂ ਲਈ ਇਹ ਗੱਲ ਸਮਝਣੀ ਲਾਜ਼ਮੀ ਹੈ ਕਿ ਜਦੋਂ ਉਹ ਮਨੁੱਖਤਾ ਦੇ ਲਈ ਘੋਲ਼ ਦੇ ਮੈਦਾਨ ਵਿੱਚ ਕੁੱਦ ਜਾਂਦੇ ਹਨ ਤਾਂ ਉਸੇ ਪਲ ਤੋਂ ਉਹ ਸੰਘਰਸ਼ ਦੇ ਲਈ ਅਪਣੀ ਪੂਰੀ ਜਿੰਮੇਵਾਰੀ ਵੀ ਪ੍ਰਵਾਨ ਕਰਦੇ ਹਨ। ਉਹਨਾਂ ਨੂੰ ਇਹ ਜਰੂਰੀ ਸਮਝਣਾ ਚਾਹੀਦਾ ਹੈ ਕਿ ਉਹ ਸਿਰਫ਼ ਭੁੱਖ-ਨੰਗ ਤੋਂ ਅਜ਼ਾਦੀ ਲੈਣ ਲਈ ਨਹੀਂ ਲੜ ਰਹੇ, ਸਗੋਂ ਫਰਾਮ ਦੀ ਪੁਸਤਕ ‘ਦਿ ਹਾਰਟ ਆਫ ਮੈਨ’ ਦੇ ਹਵਾਲੇ ਨਾਲ ਕਹੀਏ ਤਾਂ ਉਹ ਲੜ ਰਹੇ ਹਨ:
ਸਿਰਜਣਾ ਅਤੇ ਨਿਰਮਾਣ ਦੀ ਅਜ਼ਾਦੀ ਦੇ ਲਈ, ਹੈਰਾਨ ਹੋਣ ਅਤੇ ਨਿਡਰ ਹੋਣ ਦੇ ਲਈ। ਅਜਿਹੀ ਅਜ਼ਾਦੀ ਦੇ ਲਈ ਜਰੂਰੀ ਹੈ ਕਿ ਬੰਦਾ ਸਰਗਰਮ ਅਤੇ ਜਿੰਮੇਵਾਰ ਹੋਵੇ, ਨਾ ਕਿ ਗ਼ੁਲਾਮ ਜਾਂ ਮਸ਼ੀਨ ਦਾ ਪੁਰਜ਼ਾ। ਇਹ ਕਾਫ਼ੀ ਨਹੀਂ ਹੈ ਕਿ ਮਨੁੱਖ ਗ਼ੁਲਾਮ ਨਹੀਂ ਹਨ; ਜੇਕਰ ਸਮਾਜਕ ਹਲਾਤ ਉਹਨਾਂ ਨੂੰ ਮਸ਼ੀਨ ਦੇ ਸਵੈ-ਚਾਲਕ ਪੁਰਜੇ ਬਣਾਈ ਰਖਦੇ ਹਨ ਤਾਂ ਇਸਦਾ ਨਤੀਜ਼ਾ ਜ਼ਿੰਦਗੀ ਲਈ ਪ੍ਰੇਮ ਨਹੀਂ ਸਗੋਂ ਮੌਤ ਲਈ ਪ੍ਰੇਮ ਹੈ।
ਦੱਬੇ-ਕੁਚਲ਼ੇ ਲੋਕ ਮੌਤ ਦੀ ਹੋਂਦ ਸਵੀਕਾਰਨ ਵਾਲੇ ਜ਼ੁਲਮ ਭਰਪੂਰ ਮਾਹੌਲ ਵਿੱਚ ਢਲੇ ਹੋਏ ਹਨ। ਉਹਨਾਂ ਨੂੰ ਆਪਣੇ ਘੋਲ਼ ਦੇ ਰਾਹੀਂ ਜ਼ਿੰਦਗੀ ਦੀ ਹੋਂਦ ਪ੍ਰਵਾਨ ਕਰਨ ਵਾਲੀ ਮਨੁੱਖਤਾ ਦੇ ਵੱਲ ਲੈ ਜਾਣ ਵਾਲਾ ਰਾਹ ਲੱਭਣਾ ਚਾਹੀਦਾ ਹੈ। ਇਹ ਸਿਰਫ਼ ਇਸ ਨਾਲ ਨਹੀਂ ਹੋਵੇਗਾ ਕਿ ਉਹਨਾਂ ਨੂੰ ਖਾਣ ਨੂੰ ਜਿਆਦਾ ਮਿਲੇ (ਹਾਲਾਂਕਿ ਇਸ ਵਿੱਚ ਇਹ ਗੱਲ ਸ਼ਾਮਲ ਹੈ ਕਿ ਉਹਨਾਂ ਨੂੰ ਖਾਣ ਨੂੰ ਜਿਆਦਾ ਮਿਲੇ ਅਤੇ ਮੁਕਤੀ ਲਈ ਸੰਘਰਸ਼ ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦਾ)। ਦੱਬੇ-ਕੁਚਲ਼ਿਆਂ ਦੀ ਤਬਾਹੀ ਦਾ ਕਾਰਨ ਹੀ ਇਹ ਹੈ ਕਿ ਉਹਨਾਂ ਹਲਾਤਾਂ ਨੇ ਉਹਨਾਂ ਨੂੰ ਮਨੁੱਖਾਂ ਤੋਂ ਚੀਜ਼ਾਂ ਵਿੱਚ ਬਦਲ ਕੇ ਰੱਖ ਦਿੱਤਾ ਹੈ।
ਸੰਘਰਸ਼ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਮਨੁੱਖ ਸਮਝਣ ਲੱਗਦਾ ਹੈ ਕਿ ਉਸਨੂੰ ਤਬਾਹ ਕੀਤਾ ਗਿਆ ਹੈ। ਪ੍ਰਚਾਰ, ਪ੍ਰਬੰਧ, ਚਾਲਬਾਜੀ ਅਤੇ ਮਾਰਕੇਬਾਜੀ ਤਾਂ ਹਕੂਮਤ ਦੇ ਹਥਿਆਰ ਹਨ। ਇਹ ਉਹਨਾਂ ਦਾ ਮੁੜ ਮਨੁੱਖੀਕਰਨ ਨਹੀਂ ਕਰ ਸਕਦੇ। ਇਸਦਾ ਇੱਕੋ-ਇੱਕ ਪ੍ਰਭਾਵਸ਼ਾਲੀ ਹਥਿਆਰ, ਮਨੁੱਖ ਬਣਾਉਣ ਵਾਲਾ ਸਿੱਖਿਆ ਸਾਸ਼ਤਰ, ਜਿਸਦੇ ਨਾਲ ਇਨਕਲ਼ਾਬੀ ਅਗਵਾਈ ਦੱਬੇ-ਕੁਚਲ਼ਿਆਂ ਦੇ ਨਾਲ ਸੰਵਾਦ ਦਾ ਇੱਕ ਸਥਾਈ ਰਿਸ਼ਤਾ ਕਾਇਮ ਕਰਦੀ ਹੈ। ਮਨੁੱਖ ਬਣਾਉਣ ਵਾਲੇ ਸਿੱਖਿਆ-ਸਾਸ਼ਤਰ ਦਾ ਤਰੀਕਾ ਅਜਿਹਾ ਹਥਿਆਰ ਨਹੀਂ ਰਹਿੰਦਾ ਜਿਸ ਵਿੱਚ ਅਧਿਆਪਕ (ਇਨਕਲ਼ਾਬੀ ਅਗਵਾਈ) ਵਿਦਿਆਰਥੀਆਂ (ਦੱਬੇ-ਕੁਚਲ਼ੇ) ਦੇ ਨਾਲ ਕੋਈ ਜਾਲ਼ਸਾਜੀ ਕਰ ਸਕਣ, ਕਿਉਂਕਿ ਇਹ ਵਿਧੀ ਖੁਦ ਵਿਦਿਆਰਥੀਆਂ ਦੀ ਚੇਤਨਾ ਦੀ ਪੇਸ਼ਕਾਰੀ ਕਰਦੀ ਹੈ:ਤਰੀਕਾ ਅਸਲ ਵਿੱਚ ਅਮਲ ਵਿੱਚ ਪ੍ਰਗਟ ਹੋਣ ਵਾਲੀ ਚੇਤਨਾ ਦਾ ਬਾਹਰਲਾ ਰੂਪ ਹੈ, ਜਿਹੜਾ ਚੇਤਨਾ ਦੇ ਮੂਲ ਤੱਤ ਇਸਦੇ ਉਦੇਸ਼ ਰਾਹੀਂ ਗ੍ਰਹਿਣ ਕਰਦੀ ਹੈ। ਚੇਤਨਾ ਦਾ ਸਾਰ ਹੈ ਸੰਸਾਰ ਨਾਲ ਜੋੜ ਜਿਹੜਾ ਇੱਕ ਸਥਾਈ ਅਤੇ ਨਾ-ਗੌਲਣਯੋਗ ਵਰਤਾਰਾ ਹੈ। ਇਸ ਲਈ, ਚੇਤਨਾ ਕਿਸੇ ਅਜਿਹੀ ਚੀਜ਼ ਦੇ ‘ਵੱਲ ਦਾ ਰਾਹ’ ਹੈ, ਜਿਹੜੀ ਇਸ ਤੋਂ ਵੱਖ ਇਸਦੇ ਬਾਹਰ ਜਾਂ ਇਸਨੂੰ ਘੇਰੀ ਰੱਖਣ ਵਾਲੀ ਚੀਜ਼ ਹੈ, ਅਤੇ ਜਿਸਨੂੰ ਇਹ ਅਪਣੀ ਖਿੱਚ-ਭਰਪੂਰ ਯੋਗਤਾ ਦੇ ਨਾਲ ਸਮਝਦੀ ਹੈ, ਇਸ ਲਈ ਜੇਕਰ ਇਸਦੀ ਆਮ ਵਿਆਖਿਆ ਕੀਤੀ ਜਾਏ ਤਾਂ ਚੇਤਨਾ ਇੱਕ ਵਿਧੀ ਹੈ।
ਇਨਕਲ਼ਾਬੀ ਅਗਵਾਈ ਦੇ ਲਈ ਲਾਜ਼ਮੀ ਹੈ ਕਿ ਉਹ ਸਹਿ ਉਦੇਸ਼ ਵਾਲੀ ਸਿੱਖਿਆ ਦਾ ਅਮਲ ਕਰਨ। ਇਸ ਨਾਲ ਅਧਿਆਪਕ ਅਤੇ ਵਿਦਿਆਰਥੀ (ਲੀਡਰ ਅਤੇ ਲੋਕ) ਦੋਵੇਂ ਯਥਾਰਥ ਨੂੰ ਸਮਝਦੇ ਹਨ। ਦੋਵੇਂ ਮਿਲ ਕੇ ਨਾ ਸਿਰਫ਼ ਉਸ ਯਥਾਰਥ ਦੀ ਘੁੰਢ ਚੁਕਾਈ ਕਰਦੇ ਹਨ ਅਤੇ ਇਸ ਤਰ੍ਹਾਂ ਆਲੋਚਨਾਤਮਕ ਤਰੀਕੇ ਨਾਲ ਉਸਦਾ ਗਿਆਨ ਪ੍ਰਾਪਤ ਕਰਦੇ ਹਨ ਸਗੋਂ ਉਸ ਗਿਆਨ ਦੀ ਮੁੜ ਸਿਰਜਣਾ ਵਿੱਚ ਵੀ ਅਪਣਾ ਯੋਗਦਾਨ ਪਾਉਂਦੇ ਹਨ। ਸਾਂਝੇ ਚਿੰਤਨ ਅਤੇ ਅਮਲ ਦੇ ਜ਼ਰੀਏ ਉਹ ਜਦੋਂ ਹੀ ਇਹ ਗਿਆਨ ਹਾਸਲ ਕਰ ਲੈਂਦੇ ਹਨ, ਉਦੋਂ ਜਾਣ ਲੈਦੇ ਹਨ ਕਿ ਉਹ ਇਸ ਦੇ ਸਥਾਈ ਪੁਨਰ-ਸਿਰਜਕ ਵੀ ਹਨ। ਇਸ ਰੂਪ ਵਿੱਚ ਅਪਣੀ ਮੁਕਤੀ ਦੇ ਸੰਘਰਸ਼ ਵਿੱਚ ਦੱਬੇ-ਕੁਚਲ਼ਿਆਂ ਦੀ ਮੌਜ਼ੂਦਗੀ ਉਸੇ ਤਰ੍ਹਾਂ ਹੀ ਹੋਵੇਗੀ, ਜਿਸ ਤਰ੍ਹਾਂ ਹੋਣੀ ਚਾਹੀਦੀ ਹੈ: ਅਖੌਤੀ ਸ਼ਮੂਲੀਅਤ ਵਾਲੀ ਨਹੀਂ, ਸਗੋਂ ਪ੍ਰਤੀਬੱਧ ਸ਼ਮੂਲੀਅਤ ਵਾਲੀ।

Install Punjabi Akhbar App

Install
×