ਗੁਰਦੁਆਰਾ ਸਾਹਿਬ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੰਬੰਧੀ ਸਮੂਹ ਸੰਗਤ ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸਮਾਗਮ ਕਰਵਾਏ ਗਏ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ
ਉਪਰੰਤ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਵਿਭਿੰਨ ਪੱਖਾਂ ਉੱਪਰ ਵਿਚਾਰ
ਸਾਂਝੇ ਕੀਤੇ ਗਏ। ਇਸ ਸਮੇਂ ਵਾਈਸ ਚਾਂਸਲਰ ਡਾ. ਅਰਵਿੰਦ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਕਾਰਜ, ਅਤੇ ਸ਼ਹਾਦਤ ਸੰਬੰਧੀ ਜਾਣਕਾਰੀ ਨੂੰ ਸੰਗਤ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਜੀ ਦਾ
ਜੀਵਨ ਅਧਿਤਾਮਕ ਸ਼ਾਂਤੀ ਦੇ ਨਾਲ ਨਾਲ ਸੱਚਾਈ ਦੀ ਸਥਾਪਤੀ ਲਈ ਪ੍ਰੇਰਨਾ ਸਰੋਤ ਹੈ ਅਤੇ ਉਹਨਾਂ ਨੇ ਜਬਰ ਜ਼ੁਲਮ ਨੂੰ ਖਤਮ ਕਰਨ
ਲਈ ਆਪਣੀ ਸ਼ਹਾਦਤ ਦਿੱਤੀ ਇਸ ਸਹਾਦਤ ਨੇ ਸਿੱਖੀ ਦੀ ਨੁਹਾਰ ਨੂੰ ਹੋਰ ਸਵਾਰਨ ਲਈ ਅਹਿਮ ਰੋਲ ਅਦਾ ਕੀਤਾ ਤੇ ਸਿੱਖੀ ਮਾਰਗ ਤੇ ਚੱਲਣ ਲਈ ਸੰਤ ਅਤੇ ਸਿਪਾਹੀ ਦੇ ਸੁਮੇਲ ਨੂੰ ਪ੍ਰੱਤਖ ਰੂਪ ਵਿਚ ਸਿੱਖ ਜੀਵਨ ਦਾ ਅੰਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਡਾ.ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਗਿਆਸੂਆਂ ਦੀ ਸਿਮਰਤੀ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਨਿਵੇਕਲਾ ਸਥਾਨ ਹੈ ਜਿਸਦੇ ਅਨੁਭਵ ਸਦਕਾ ਮਨੁੱਖ ਦੈਵੀ ਗੁਣਾਂ ਦੇ ਨਾਲ-ਨਾਲ ਸਦਗੁਣਾਂ ਦਾ ਧਾਰਨੀ ਬਣਦਾ ਹੈ। ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀ ਸਿੱਖੀਆ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੋ ਸਕੇਗਾ। ਇਸ ਮੌਕੇ ਕਰਮਚਾਰੀਆਂ , ਵਿਦਿਆਰਥੀਆਂ ਅਤੇ ਕੈਂਪਸ ਨਿਵਾਸੀਆਂ ਨੇ ਸੰਗਤ ਰੂਪ ਚ ਜੁੜ ਕੇ ਸ਼ਰਧਾ ਭਾਵਨਾ ਨਾਲ ਆਪਣੀ ਹਾਜਰੀ ਲਵਾਈ।
ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸ. ਅਵਤਾਰ ਸਿੰਘ ਗਤਕਾ ਕੋਚ ਨੇ ਆਈ ਸੰਗਤ ਦਾ ਧੰਨਵਾਦ ਕੀਤਾ।