ਬੀਤੇ ਦਿਨੀਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮਾਣਯੋਗ ਮੰਤਰੀ ਐਂਡਰਿਊ ਗਾਇਲਜ਼ ਅਤੇ ਵਿਕਟੋਰੀਆ ਦੇ ਊਰਜਾ, ਵਾਤਾਵਰਨ ਅਤੇ ਸੋਲਰ ਹੋਮਜ਼ ਦੇ ਮਾਣਯੋਗ ਮੰਤਰੀ ਲਿੱਲੀ ਡੀ ਐਂਬਰੋਜ਼ੀਓ ਨਾਲ “ਟਰਬਨ ਫਾਰ ਆਸਟਰੇਲੀਆ” ਸੰਸਥਾ ਵੱਲੋਂ ਅਮਰ ਸਿੰਘ, ਸਾਬੀ ਸਿੰਘ, ਲਵ ਖੱਖ, ਜਸਵਿੰਦਰ ਸਿੱਧੂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਕ ਖਾਸ ਮੁਲਾਕਾਤ ਕੀਤੀ ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਵੀਜ਼ਿਆਂ ਵਿੱਚ ਦੇਰੀ, ਮਾਪਿਆਂ ਦੇ ਵੀਜ਼ੇ ਦੇ ਮੁੱਦੇ ਅਤੇ ਇਮੀਗ੍ਰੇਸ਼ਨ ਮਾਮਲਿਅਾਂ ਨਾਲ ਨਜਿੱਠਣ ਦੀ ਮੁਸ਼ਕਲ ਦੇ ਮੁੱਦੇ ਉਠਾਏ। ਮੰਤਰੀ ਐਂਡਰਿਊ ਗਾਇਲਜ਼ ਨੇ ਮੰਨਿਆ ਕਿ ਆਸਟ੍ਰੇਲੀਆ ਵੀਜ਼ਾ ਪ੍ਰਣਾਲੀ ਉਸ ਤਰ੍ਹਾਂ ਕੰਮ ਨਹੀਂ ਕਰ ਰਹੀ ਜਿਵੇਂ ਕਿ ਉਨ੍ਹਾਂ ਨੂੰ ਉਮੀਦ ਸੀ। ਉਨ੍ਹਾਂ ਕਿਹਾ ਕਿ ਬੀਤੇ ਨੌੰ ਸਾਲਾਂ ਦੌਰਾਨ ਵਿਭਾਗ ਨੇ ਵੱਡੀ ਗਿਣਤੀ ਵਿੱਚ ਆਪਣਾ ਸਟਾਫ਼ ਗੁਆ ਦਿੱਤਾ ਹੈ ਅਤੇ ਵੀਜ਼ਾ ਅਰਜ਼ੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਵੀਜ਼ਾ ਪ੍ਰੋਸੈਸਿੰਗ ਵਿੱਚ ਬਦਲਾਅ ਲਿਆਉਣ ਲਈ ਵਚਨਬੱਧ ਹਨ ਅਤੇ ਸਿਸਟਮ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ। ਇਸ ਮੌਕੇ ਤੇ ਵਾਤਾਵਰਨ ਮੰਤਰੀ ਲਿੱਲੀ ਡੀ ਅੰਬ੍ਰੋਸੀਓ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਲਾਈਮੇਟ ਚੇਂਜ ਐਕਟ ਨੂੰ ਵਿਕਟੋਰੀਆ ਪਾਰਲੀਮੈਂਟ ਦੁਆਰਾ ਪਾਸ ਕੀਤੇ ਜਾਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ।
ਇਸ ਮਿਲਣੀ ਬਾਬਤ ਵਫ਼ਦ ਨੇ ਕਿਹਾ ਕਿ ਮਾਣਯੋਗ ਮੰਤਰੀ ਦੀ ਅਗਵਾਈ ਵਿੱਚ ਇਮੀਗ੍ਰੇਸ਼ਨ ਵਿਭਾਗ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਦੀ ਉਮੀਦ ਕਰਦੇ ਹਾਂ ਅਤੇ ਭਵਿੱਖ ਵਿੱਚ ਅਜਿਹੇ ਹੋਰ ਫੋਰਮਾਂ ਤੇ ਭਾਈਚਾਰੇ ਦੇ ਮੁੱਦੇ ਉਠਾਉਂਦੇ ਰਹਾਂਗੇ ।