ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਬਣਨ ਦੇਵਾਂਗੇ: ਤੇਜਵੰਤ ਮਾਨ

ਕੇਂਦਰ ਸਰਕਾਰ ਇੱਕ ਸਾਜਿਸ਼ ਅਧੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਪੰਜਾਬ ਦੀ ਧਰਤੀ ਉਤੇ ਬਣੀ ਹੈ, ਨੂੰ ਕੇਂਦਰੀ ਯੂਨੀਵਰਸਿਟੀ ਬਣਾ ਕੇ ਆਪਣੇ ਅਧਿਕਾਰ ਵਿੱਚ ਲੈ ਜਾਣਾ ਚਾਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਮੌਜੂਦਾ ਆਰ.ਐਸ.ਐਸ. ਭਾਜਪਾ ਦੀ ਸਰਕਾਰ ਆਪਣਾ ਹਿੰਦੂਤਵੀ ਏਜੰਡਾ ਸੌਖੇ ਤਰੀਕੇ ਨਾਲ ਲਾਗੂ ਕਰ ਸਕੇਗੀ। ਡਾ. ਮਾਨ ਨੇ ਕਿਹਾ ਕਿ ਯੂਨੀਵਰਸਿਟੀ ਇੱਕ ਯੂਨੀਵਰਸਲ ਅਕਾਦਮਿਕ ਅਤੇ ਖੋਜ਼ ਦਾ ਕੇਂਦਰ ਹੁੰਦੀ ਹੈ। ਇਸ ਲਈ ਇਸ ਦਾ ਹਿੰਦੂਕਰਨ, ਇਸਲਾਮੀਕਰਨ, ਈਸਾਈਕਰਨ ਜਾਂ ਸਿੱਖੀਕਰਨ ਕਰਨਾ ਅਕਾਦਮਿਕ ਖੇਤਰ ਲਈ ਖਤਰਨਾਕ ਹੈ। ਹਿੰਦੂ, ਇਸਲਾਮ, ਈਸਾਈ ਜਾਂ ਸਿੱਖ ਧਰਮਾਂ ਬਾਰੇ ਖੋਜ਼ ਅਤੇ ਵਿਦਿਅਕ ਅਧਿਐਨ ਕਰਾਉਣਾ ਯੂਨੀਵਰਸਿਲ ਅਕਾਦਮਿਕ ਖੇਤਰ ਦਾ ਹਿੱਸਾ ਹੈ। ਜਰੂਰ ਕਰਾਉਣਾ ਚਾਹੀਦਾ ਹੈ। ਡਾ. ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾਲ ਸਿਰਫ਼ ਪੰਜਾਬ ਦੇ ਕਾਲਜ ਹੀ ਸਬੰਧਤ ਹਨ, ਹਰਿਆਣਾ ਜਾਂ ਹਿਮਾਚਲ ਦਾ ਇੱਕ ਵੀ ਕਾਲਜ ਸਬੰਧਤ ਨਹੀਂ। ਯੂਨੀਵਰਸਿਟੀ ਦੇ ਪ੍ਰਬੰਧ ਵਿੱਚ ਮਾਇਕ ਖਰਚੇ ਦਾ ਵਧੇਰੇ ਭਾਗ ਪੰਜਾਬ ਸਰਕਾਰ ਖਰਚ ਕਰਦੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਸਮੁੱਚੀ ਕਾਰਜਕਾਰਨੀ ਅਤੇ ਸੰਬੰਧਤ ਸਭਾਵਾਂ ਦੇ ਲੇਖਕ ਇਹ ਮੰਗ ਕਰਦੇ ਹਨ ਕਿ ਕੇਂਦਰ ਸਰਕਾਰ ਆਪਦਾ ਇਹ ਫੈਸਲਾ ਵਾਪਸ ਲਵੇ। ਇਸ ਸੰਬੰਧੀ ਵਿਦਿਆਰਥੀਆਂ ਵੱਲੋਂ ਆਰੰਭ ਸੰਘਰਸ਼ ਦਾ ਕੇਂਦਰੀ ਸਭਾ (ਸੇਖੋਂ) ਸਮਰਥਨ ਕਰਦੀ ਹੈ। ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਅਵਾਜ਼ ਬੁਲੰਦ ਕਰਨ।