ਐੱਮਪੀ ਮਨੀਸ਼ ਤਿਵਾੜੀ ਦੀਆਂ ਕੋਸ਼ਿਸ਼ਾਂ ਸਦਕਾ- ਬਹਿਰਾਮ ਤੋਂ ਮਹਿਲਪੁਰ ਅਤੇ ਬੰਗਾ ਤੋਂ ਔੜ ਤੱਕ ਜਾਣ ਵਾਲੀਆਂ ਸੜਕਾਂ ਦੀ ਹੋਵੇਗੀ ਰਿਪੇਅਰ

ਪੰਜਾਬ ਸਰਕਾਰ ਨੇ ਕੀਤਾ 9 ਕਰੋੜ 42 ਲੱਖ 80 ਹਜ਼ਾਰ ਰੁਪਏ ਦਾ ਫੰਡ ਜਾਰੀ

ਨਿਊਯਾਰਕ/ਨਵਾਂ ਸ਼ਹਿਰ 8 ਨਵੰਬਰ—  ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਦੀਆਂ ਕੋਸ਼ਿਸ਼ਾਂ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕੇ ਦੇ ਲੋਕਾਂ ਦੀ ਪੁਰਾਣੀ ਅਤੇ ਅਹਿਮ ਮੰਗ ਨੂੰ ਮੰਨਦਿਆਂ ਬਹਿਰਾਮ ਤੋਂ ਮਹਿਲਪੁਰ ਅਤੇ ਬੰਗਾ ਤੋਂ ਕੋਟ ਤੱਕ ਜਾਣ ਵਾਲੀਆਂ ਸੜਕਾਂ ਦੀ ਵਿਸ਼ੇਸ਼ ਰਿਪੇਅਰ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਇਸ ਲਈ ਕਰੀਬ 9 ਕਰੋੜ 42 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਇਸ ਬਾਰੇ ਆਦੇਸ਼ਾਂ ਦੀ ਕਾਪੀ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਪੱਲੀਝਿੱਕੀ ਨੂੰ ਸੌਂਪਦਿਆਂ ਤਿਵਾੜੀ ਨੇ ਖੁਲਾਸਾ ਕੀਤਾ ਕਿ ਬਹਿਰਾਮ ਤੋਂ ਮਹਿਲਪੁਰ ਜਾਣ ਵਾਲੀ 10.6 ਕਿਲੋਮੀਟਰ ਲੰਬੀ ਸੜਕ ਦੀ ਰਿਪੇਅਰ ਤੇ ਕਰੀਬ 6 ਕਰੋੜ 35 ਲੱਖ ਰੁਪਏ ਖ਼ਰਚ ਆਉਣਗੇ। ਜਦਕਿ ਬੰਗਾ ਤੋਂ ਅੌੜ ਤੱਕ ਵਾਇਆ ਸਾਹਲੋਂ ਜਾਣ ਵਾਲੀ 9.10 ਕਿਲੋਮੀਟਰ ਲੰਬੀ ਸੜਕ ਤੇ 3 ਕਰੋੜ 7 ਲੱਖ 80 ਹਜਾਰ ਰੁਪਏ ਦਾ ਖਰਚਾ ਚ ਆਵੇਗਾ, ਜਿਹੜੀ ਰਕਮ ਕੁੱਲ 9 ਕਰੋੜ 42 ਲੱਖ 80 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਹਲਕੇ ਦੇ ਲੋਕਾਂ ਦੀ ਪੁਰਾਣੀ ਅਤੇ ਇੱਕ ਅਹਿਮ ਮੰਗ ਪੂਰੀ ਹੋਵੇਗੀ ਅਤੇ ਉਹ ਜਲਦੀ ਅਤੇ ਸੁਰੱਖਿਅਤ ਸਫ਼ਰ ਤੈਅ ਕਰ ਸਕਣਗੇ।ਇਸ ਮੌਕੇ ਸਤਵੀਰ ਸਿੰਘ ਪੱਲੀਝਿੱਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐੱਮਪੀ ਮਨੀਸ਼ ਤਿਵਾੜੀ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕੀਤਾ।