ਐਡੀਲੇਡ ਵਿਚ ਜਸਵੀਰ ਸਿੰਘ ਦੀਦਾਰਗੜ੍ਹ ਦੀ ਕਿਤਾਬ  ਪਵਣੁ ਗੁਰੂ ਪਾਣੀ ਪਿਤਾ ਰੀਲੀਜ਼

news giani ji 190907 book released

ਪਿਛਲੇ ਦਿਨੀਂ, ਐਡੀਲੇਡ ਨਿਵਾਸੀ ਪੰਜਾਬੀ ਪਿਆਰੇ, ਸ. ਗੁਰਪ੍ਰੀਤ ਸਿੰਘ ਬੜੀ ਦੇ ਉਦਮ ਨਾਲ਼, ਪੰਜਾਬੀ ਦੇ ਉਭਰ ਰਹੇ ਹੋਣਹਾਰ ਲੇਖਕ, ਸ. ਜਸਵੀਰ ਸਿੰਘ ਦੀਦਾਰਗੜ੍ਹ, ਦੀ ਵਾਤਵਰਣ ਉਪਰ ਲਿਖੀ ਗਈ ਕਿਤਾਬ ‘ਪਵਣੁ ਗੁਰੂ ਪਾਣੀ ਪਿਤਾ’, ਸਿਡਨੀ ਨਿਵਾਸੀ ਸਿੱਖ ਪੰਥ ਦੇ ਮੰਨ ਪ੍ਰਮੰਨੇ ਵਿੱਦਵਾਨ ਅਤੇ ਲੇਖਕ, ਗਿਆਨੀ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ, ਧਾਰਮਿਕ ਵਿੱਦਵਾਨਾਂ ਦੁਆਰਾ, ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨਜ਼, ਵਿਖੇ ਰੀਲੀਜ਼ ਕੀਤੀ ਗਈ।

ਕਰਤਾਰ ਵੱਲੋਂ ਸਾਜਿਆ ਗਿਆ ਇਸ “ਦੁਨੀ ਸੁਹਾਵਾ ਬਾਗ॥” ਦੀ ਸੁਹਾਣੀ ਦਿੱਖ ਨੂੰ, ਸਦੀਆਂ ਤੋਂ ਮਨੁਖ ਆਪਣੇ ਸਵਾਰਥ ਅਤੇ ਮੂਰਖਤਾ ਕਰਕੇ, ਵਾਤਾਵਰਨੀ ਵਿਗਾੜ ਪੈਦਾ ਕਰਦਾ ਆ ਰਿਹਾ ਹੈ। ਇਸ ਬਾਰੇ ਤੇਰਾਂ ਮੌਲਕ ਕਹਾਣੀਆਂ ਰਾਹੀਂ, ਲੇਖਕ ਜਸਵੀਰ ਸਿੰਘ ਨੇ ਜੋ ਮਨੁਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਉਹ, ਹਰ ਪੱਖ ਤੋਂ ਕਾਬਲੇ ਤਾਰੀਫ਼ ਹੈ। ਅੱਜ ਸਾਰੀ ਦੁਨੀਆ ਦੇ ਮਨੁਖੀ ਹਮਦਰਦੀ ਰੱਖਣ ਵਾਲ਼ੇ ਚਿੰਤਕ ਅਤੇ ਸੰਸਥਾਵਾਂ, ਸਮੇਤ ਯੂਨਾਰਡ ਨੇਸ਼ਨਜ਼ ਦੇ, ਫਿਕਰਮੰਦ ਹਨ ਤੇ ਇਸ ਬਾਰੇ ਯਤਨਸ਼ੀਲ ਵੀ ਹਨ ਕਿ ਕਿਸੇ ਤਰ੍ਹਾਂ ਇਸ ਵਾਤਾਵਰਨ ਦੀ ਦਿਨੋ ਦਿਨ ਵਧ ਰਹੀ ਨਿਘਾਰਤਾ ਨੂੰ ਰੋਕਿਆ ਜਾਵੇ। ਇਹ ਕਹਾਣੀਆਂ ਉਸ ਤਬਾਹੀ ਦੀ ਕਹਾਣੀ ਪਾਉਣ ਦੇ ਨਾਲ਼ ਨਾਲ਼, ਗੁਰਬਾਣੀ ਦੀ ਸਿੱਖਿਆ ਦੀ ਰੋਸ਼ਨੀ ਵਿਚ, ਉਸ ਦਾ ਹੱਲ ਵੀ ਦੱਸਦੀਆਂ ਹਨ

ਸਵੱਰਗਵਾਸੀ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲ਼ੇ, ਲਗ ਭਗ ਇਕ ਸਦੀ ਪਹਿਲਾਂ ਤੋਂ ਇਸ ਖ਼ਤਰੇ ਬਾਰੇ, ਜੋ ਧਰਤੀ ਦਾ ਵਾਸੀ ਜੀਵਾਂ ਜੰਤੂਆਂ ਦੇ ਸਿਰਾਂ ਉਪਰ ਮੰਡਲਾ ਰਿਹਾ ਹੈ, ਆਪਣੇ ਲੇਖਾਂ ਅਤੇ ਲੈਕਚਰਾਂ ਰਾਹੀਂ ਜਨਤਾ ਨੂੰ ਸਾਵਧਾਨ ਕਰਦੇ ਰਹੇ ਹਨ।

ਇਸ ਇਕ ਸੌ ਪੰਝੱਤਰ ਪੰਨਿਆਂ ਦੀ ਕਿਤਾਬ ਨੂੰ, ‘ਲੋਕ ਰੰਗ ਪ੍ਰਕਾਸ਼ਨ ਬਰਨਾਲਾ’ ਨੇ, ਪੇਪਰ ਬੈਕ ਦੇ ਰੂਪ ਵਿਚ, ਸੋਹਣੇ ਕਾਗਜ਼ ਉਪਰ, ਬੜੀ ਖ਼ੂਬਸੂਰਤ ਦਿੱਖ ਪ੍ਰਦਾਨ ਕਰਕੇ, ਪਾਠਕ ਦੇ ਹੱਥ ਵਿਚ ਫੜੀ ਹੋਈ ਸੋਭਾ ਦੇਣ ਵਾਲ਼ੇ ਤੋਹਫੇ ਦੀ ਸ਼ਕਲ ਵਿਚ ਪੇਸ਼ ਕੀਤੀ ਹੈ।
ਮੈਂ ਤੇ ਇਸ ਸਾਰੀ ਕਿਤਾਬ ਨੂੰ, ਐਡੀਲੇਡ ਤੋਂ ਸਿਡਨੀ ਦੇ ਹਵਾਈ ਸਫ਼ਰ ਦੌਰਾਨ ਹੀ ਪੜ੍ਹ ਲਿਆ ਸੀ। ਮੇਰੇ ਵਿਚਾਰ ਅਨੁਸਾਰ, ਹਰੇਕ ਪੰਜਾਬੀ ਪਾਠਕ ਨੂੰ ਇਸ ਕਿਤਾਬ ਨੂੰ ਜਰੂਰ ਹੀ ਪੜ੍ਹਨਾ ਚਾਹੀਦਾ ਹੈ। ਇਸ ਨਾਲ ਜਿੱਥੇ ਪਾਠਕ ਵਾਤਵਰਨ ਸਬੰਧੀ ਗਿਆਨ ਹਾਸਲ ਕਰਕੇ, ਇਸ ਦੀ ਤਬਾਹੀ ਨੂੰ ਰੋਕਣ ਵਿਚ ਸਹਾਈ ਹੋਣਗੇ ਓਥੇ ਹੋਣਹਾਰ, ਗਰੀਬ ਲੇਖਕ ਦੀ ਹੌਸਲਾ ਅਫਜ਼ਾਈ ਵਿਚ ਵੀ ਸਹਾਇਕ ਹੋ ਕੇ, ਗੁਰੂ ਕੀਆਂ ਖ਼ੁਸੀਆਂ ਪ੍ਰਾਪਤ ਕਰਨਗੇ।

ਮੇਰੀ ਇਹ ਪੂਰਨ ਆਸ ਹੈ ਕਿ ਜੇ ਪਾਠਕਾਂ ਵੱਲੋਂ ਉਸਾਰੂ ਸਹਿਯੋਗ ਮਿਲ਼ਿਆ ਤਾਂ ‘ਲੋਕ ਰੰਗ ਪ੍ਰਕਾਸ਼ਨ ਬਰਨਾਲਾ’ ਵਾਲੇ ਇਸ ਦੀਆਂ ਹੋਰ ਐਡੀਸ਼ਨਾਂ ਛਾਪਣ ਦੇ ਨਾਲ਼ ਨਾਲ਼, ਇਸ ਨੂੰ ਹਿੰਦੀ ਅਤੇ ਅੰਗ੍ਰੇਜ਼ੀ ਵਰਗੀਆਂ ਹੋਰ ਭਾਸ਼ਾਵਾਂ ਵਿਚ ਤਰਜਮਾ ਕਰਵਾ ਕੇ ਵੀ, ਮਨੁਖਤਾ ਦੀ ਭਲਾਈ ਵਿਚ ਹਿੱਸੇਦਾਰ ਬਣਨਗੇ।

Install Punjabi Akhbar App

Install
×