ਨਸ਼ਿਆਂ ਦੀ ਸਪਲਾਈ ਦਾ ਮਾਮਲਾ: ਪੁਲਿਸ ਮੰਤਰੀ ਦਾ ਭਰਾ ਤੇ ਤਿੰਨ ਹੋਰ ਗ੍ਰਿਫ਼ਤਾਰ

ਸੈਂਟਰਲ ਕੋਸਟ ਅਤੇ ਹੰਟਰ ਆਦਿ ਖੇਤਰਾਂ ਵਿੱਚ ਮੈਥਿਲਮਫੈਟਾਮਾਈਨ ਨਾਮ ਦਾ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਨਿਊ ਸਾਊਥ ਵੇਲਜ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਚਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਜੋਸ਼ੂਆ ਟੂਲੇ (38 ਸਾਲਾ) ਵੀ ਸ਼ਾਮਿਲ ਹੈ ਜੋ ਕਿ ਰਾਜ ਦੇ ਪੁਲਿਸ ਮੰਤਰੀ ਪਾਲ ਟੂਲੇ ਦਾ ਭਰਾ ਹੈ।
ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਵਿੱਚ ਇੱਕ 43 ਸਾਲਾਂ ਦਾ ਵਿਅਕਤੀ ਅਤੇ ਇੱਕ 42 ਸਾਲਾਂ ਦਾ ਵਿਅਕਤੀ ਅਤੇ ਇਨ੍ਹਾਂ ਦੇ ਨਾਲ ਹੀ ਇੱਕ 24 ਸਾਲਾਂ ਦੀ ਮਹਿਲਾ ਵੀ ਸ਼ਾਮਿਲ ਹੈ। ਇਹ ਲੋਕ ਇਸੇ ਸਾਲ ਦੇ ਅਪ੍ਰੈਲ ਮਹੀਨੇ ਤੋਂ ਲਗਾਤਾਰ ਉਕਤ ਖੇਤਰਾਂ ਵਿੱਚ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ ਅਤੇ ਆਖਿਰ ਪੁਲਿਸ ਦੇ ਹੱਥੇ ਚੜ੍ਹ ਹੀ ਗਏ।
ਉੱਤਰੀ ਬੈਲਮੌਂਟ, ਨੋਰਡਜ਼ ਵ੍ਹਾਰਫ਼ ਅਤੇ ਵਲਾਲਬਾ ਆਦਿ ਖੇਤਰਾਂ ਵਿੱਚ ਇਨ੍ਹਾਂ ਲੋਕਾਂ ਨਾਲ ਸਬੰਧਤ ਥਾਂਵਾਂ ਤੇ 2 ਕਿਲੋਗ੍ਰਾਮ ਤੋਂ ਵੀ ਜ਼ਿਆਦਾ ਮੈਥਿਲਮਫੈਟਾਮਾਈਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 2 ਮਿਲੀਅਨ ਆਸਟ੍ਰੇਲੀਆਈ ਡਾਲਰਾਂ ਦੀ ਬਣਦੀ ਹੈ ਅਤੇ ਇਸ ਦੇ ਨਾਲ ਹੀ 220,000 ਡਾਲਰਾਂ ਦੀ ਨਕਦੀ, ਇੱਕ ਜੈਲ ਬਲਾਸਟਰ ਅਤੇ ਬਹੁਤ ਸਾਰੀਆਂ ਇਲੈਕਟ੍ਰਾਨਿਕ ਸਾਜੋ ਸਾਮਾਨ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।