ਮੌਜੂਦਾ ਰਿਜਨਲ ਸੜਕ ਮੰਤਰੀ ਪੌਲ ਟੂਲੇ ਬਣੇ ਨਿਊ ਸਾਊਥ ਵੇਲਜ਼ ਦੇ ਨਵੇਂ ਵਧੀਕ ਪ੍ਰੀਮੀਅਰ

ਨਿਊ ਸਾਊਥ ਵੇਲਜ਼ ਦੀ ਨੈਸ਼ਨਲ ਪਾਰਟੀ ਦੇ ਮੈਂਬਰਾਂ ਨੇ, ਹੁਣੇ ਹੁਣੇ ਬਦਲੀ ਰਾਜ ਸਰਕਾਰ ਵਿੱਚ ਵਧੀਕ ਪ੍ਰੀਮੀਅਰ ਦੇ ਅਹੁਦੇ ਲਈ ਮੌਜੂਦਾ ਰਿਜਨਲ ਸੜਕ ਮੰਤਰੀ ਪੌਲ ਟੂਲੇ ਦਾ ਨਾਮ ਐਲਾਨ ਦਿੱਤਾ ਹੈ। ਉਕਤ ਚੋਣ ਲਈ ਵੀ ਬੈਲਟ ਪ੍ਰਣਾਲੀ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਪਾਣੀਆਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇ ਦੇ ਨਾਮ ਨੂੰ ਪਛਾੜ ਕੇ, ਪੌਲ ਟੂਲੇ ਦਾ ਨਾਮ ਅੱਗੇ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਰਾਜ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਟ੍ਰਾਂਸਪੋਰਟ ਮੰਤਰੀ ਐਂਡ੍ਰਿਊ ਕੰਸਟੈਂਸ ਦੇ ਅਸਤੀਫੇ ਤੋਂ ਬਾਅਦ, ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਨਾਲ, ਰਾਜਨੀਤੀ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ ਅਤੇ ਇਸ ਤੋਂ ਪੈਦਾ ਹੋਈ ਸਥਿਤੀ ਅਤੇ ਸੀਟ ਦੇ ਖਲਾਅ ਨੂੰ ਪੂਰਨ ਲਈ ਅੱਜ ਇੱਕ ਕਮਰੇ ਅੰਦਰ ਇਸ ਚੋਣ ਪ੍ਰਣਾਲੀ ਨੂੰ ਅੰਜਾਮ ਦਿੱਤਾ ਗਿਆ ਅਤੇ ਰਾਜ ਦਾ ਨਵਾਂ ਵਧੀਕ ਪ੍ਰੀਮੀਅਰ ਚੁਣ ਲਿਆ ਗਿਆ।
ਇਸ ਤੋਂ ਇਲਾਵਾ ਮੌਜੂਦਾ ਮੈਂਟਲ ਹੈਲਥ ਅਤੇ ਮਹਿਲਾਵਾਂ ਦੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੂੰ ਪਾਰਟੀ ਦਾ ਵਧੀਕ ਨੇਤਾ ਥਾਪਿਆ ਗਿਆ ਹੈ।

Install Punjabi Akhbar App

Install
×