ਪੌਲ ਮਿਲਰ ਨੂੰ ਬਣਾਇਆ ਗਿਆ ਨਿਊ ਸਾਊਥ ਵੇਲਜ਼ ਦਾ ਔਮਬਡਜ਼ਮੈਨ

ਸਪੈਸ਼ਲ ਮਿਨਿਸਟਰ ਆਫ ਸਟੇਟ -ਡਾਨ ਹਾਰਵਿਨ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੌਲ ਮਿਲਰ ਪੀ.ਐਸ.ਐਮ. ਜੋ ਕਿ ਪਹਿਲਾਂ ਬੀਤੇ ਸਾਲ (2020) ਅਗਸਤ ਦੇ ਮਹੀਨੇ ਤੱਕ ਕਾਰਜਕਾਰੀ ਰੋਲ ਵਿੱਚ ਸਨ, ਨੂੰ ਨਿਊ ਸਾਊਥ ਵੇਲਜ਼ ਦਾ ਔਮਬਡਜ਼ਮੈਨ ਬਣਾਇਆ ਗਿਆ ਹੈ ਅਤੇ ਸ੍ਰੀ ਪੌਲ ਮਿਲਰ ਹੁਣ ਮਾਈਕਲ ਬਾਰਨੇਜ਼ ਦੀ ਥਾਂ ਲੈਣਗੇ ਜੋ ਕਿ ਹੁਣ ਰਾਜ ਦੇ ਕ੍ਰਾਈਮ ਕਮਿਸ਼ਨਰ ਬਣਾਏ ਗਏ ਹਨ।
ਸ੍ਰੀ ਹਾਰਵਿਨ ਨੇ ਕਿਹਾ ਕਿ ਸਰਕਾਰ ਨੇ ਵਧੀਆ ਕਦਮ ਚੁਕਿਆ ਹੈ ਅਤੇ ਇੱਕ ਤਜੁਰਬੇਕਾਰ ਸ਼ਖ਼ਸੀਅਤ ਨੂੰ ਉਕਤ ਅਹੁਦੇ ਉਪਰ ਬਹਾਲ ਕੀਤਾ ਹੈ ਜੋ ਕਿ ਪਹਿਲਾਂ ਤੋਂ ਹੀ ਉਕਤ ਵਿਭਾਗੀ ਕੰਮਾਂ ਵਿੱਚ ਕਾਰਜਰਤ ਹੈ ਅਤੇ ਹਰ ਤਰ੍ਹਾਂ ਦੇ ਵਿਭਾਗੀ ਕੰਮ ਅਤੇ ਤਾਲਮੇਲ ਰੱਖਣ ਵਿੱਚ ਪੂਰਨ ਤੌਰ ਤੇ ਸਮਰੱਥ ਹੈ।
ਸ੍ਰੀ ਮਿਲਰ ਇਸਤੋਂ ਪਹਿਲਾਂ ਸਬੰਧਤ ਵਿਭਾਗ ਵਿੱਚ ਹੀ ਵਧੀਕ ਦੇ ਤੌਰ ਤੇ ਕੰਮ ਕਰਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਭਾਈਚਾਰੇ ਅਤੇ ਅਪੰਗਤਾ ਦੀਆਂ ਸੇਵਾਵਾਂ ਵਾਲੇ ਵਿਭਾਗਾਂ ਦੇ ਕਮਿਸ਼ਨਰ ਵੀ ਰਹੇ ਹਨ। ਉਨ੍ਹਾਂ ਨੇ ਪ੍ਰੀਮੀਅਰ ਅਤੇ ਕੈਬਨਿਟ ਵਾਲੇ ਵਿਭਾਵਾਂ ਵਿੱਚ ਜਨਰਲ ਕਾਂਸਲ ਅਤੇ ਵਧੀਕ ਸਕੱਤਰ ਦੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ ਅਤੇ 2016 ਵਿੱਚ ਉਹ ਨਿਆਂ ਵਿਭਾਗ ਦੇ ਵਧੀਕ ਸਕੱਤਰ ਵੀ ਰਹੇ ਹਨ। ਉਨ੍ਹਾਂ ਦੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਪਬਲਿਕ ਸਰਵਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁਕਿਆ ਹੈ।
ਨਿਊ ਸਾਊਥ ਵੇਲਜ਼ ਰਾਜ ਅੰਦਰ ਔਮਬਡਜ਼ਮੈਨ ਦੀ ਸਥਾਪਨਾ 1975 ਵਿੱਚ ਕੀਤੀ ਗਈ ਸੀ ਅਤੇ ਇਸ ਵਿਭਾਗ ਦਾ ਕੰਮ ਤੋੜ ਭੰਨ ਦੀਆਂ ਗਤੀਵਿਧੀਆਂ ਦੇ ਖ਼ਿਲਾਫ਼ ਕਾਰਜਰਤ ਰਹਿਣ ਦੇ ਨਾਲ ਨਾਲ ਸ਼ਕਤੀਆਂ ਦੀ ਦੁਰਵਰਤੋਂ ਦੇ ਖ਼ਿਲਾਫ਼, ਨਾ-ਮੰਨਣਯੋਗ ਫੈਸਲਿਆਂ ਦੀ ਪੜਤਾਲ ਅਤੇ ਜਾਂ ਫੇਰ ਕਿਸੇ ਕਿਸਮ ਦੇ ਵਿਭਾਗ ਦੀਆਂ ਗਲਤ ਨੀਤੀਆਂ ਜਾਂ ਕਾਰਵਾਈਆਂ ਦੇ ਖ਼ਿਲਾਫ਼ ਕੰਮ ਕਰਨਾ ਹੁੰਦਾ ਹੈ ਅਤੇ ਸਰਕਾਰ ਇਸ ਪ੍ਰਤੀ ਪੂਰਨ ਰੂਪ ਵਿੱਚ ਉਤਰਦਾਈ ਹੁੰਦੀ ਹੈ।
ਸ੍ਰੀ ਮਿਲਰ ਨੇ ਇਸ ਦਾ ਸਵਾਗਤ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਜਿਸ ਲਾਇਕ ਸਮਝਿਆ ਹੈ, ਉਹ ਇਸ ਅਹੁਦੇ ਦੀ ਨਿਸ਼ਠਾ ਉਪਰ ਪੂਰਨ ਰੂਪ ਵਿੱਚ ਖਰੇ ਉਤਰਨ ਲਈ ਹਮੇਸ਼ਾ ਕਾਰਜਰਤ ਰਹਿਣਗੇ ਅਤੇ ਸਰਕਾਰ ਅਤੇ ਲੋਕਾਂ ਦੇ ਨਾਲ ਨਾਲ ਆਪਣੀਆਂ ਜ਼ੁੰਮੇਵਾਰੀਆਂ ਪ੍ਰਤੀ ਹਮੇਸ਼ਾ ਦੀ ਤਰ੍ਹਾਂ ਹੀ ਵਫ਼ਾਦਾਰ ਰਹਿਣਗੇ।

Install Punjabi Akhbar App

Install
×