25 ਸੈਂਟ ਪ੍ਰਤੀ ਲਿਟਰ -ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ…. ਹੋ ਜਾਓ ਤਿਆਰ….

ਸਕਾਟ ਮੋਰੀਸਨ ਸਰਕਾਰ ਨੇ ‘ਕੋਸਟ ਆਫ਼ ਲਿਵਿੰਗ’ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਦਿੰਦਿਆਂ, ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਛੋਟ ਦਿੱਤੀ ਸੀ ਅਤੇ ਇਹ ਛੋਟ ਆਰਜ਼ੀ ਤੌਰ ਤੇ ਸੀ -ਯਾਨੀ ਕਿ 29 ਸਤੰਬਰ, 2022 ਤੱਕ।
ਹੁਣ ਇਸ ਮਿਆਦ ਦੇ ਖ਼ਤਮ ਹੋਣ ਦਾ ਸਮਾਂ ਆ ਗਿਆ ਹੈ ਅਤੇ ਇਸੇ ਮਹੀਨੇ ਦੀ 29 ਤਾਰੀਖ ਤੋਂ ਪ੍ਰਤੀ ਲਿਟਰ ਪੈਟਰੋਲ ਦੀਆਂ ਕੀਮਤਾਂ ਵਿੱਚ 25 ਸੈਂਟਾਂ ਦਾ ਵਾਧਾ ਹੋ ਜਾਵੇਗਾ। ਅਤੇ ਲੋਕਾਂ ਦੀਆਂ ਜੇਬ੍ਹਾਂ ਉਪਰ ਬੋਝ ਪੈਣਾ ਜਾਇਜ਼ ਹੀ ਹੈ।
ਵੈਸੇ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਹ ਵਾਧਾ, ਸਮੁੱਚੇ ਦੇਸ਼ ਅੰਦਰ ਇੱਕ ਦਮ ਲਾਗੂ ਨਹੀਂ ਹੋਵੇਗਾ ਅਤੇ ਨਿਊ ਸਾਊਥ ਵੇਲਜ਼ ਦੇ ਨਾਲ ਨਾਲ ਏ.ਸੀ.ਟੀ. ਦੀਆਂ ਜੱਥੇਬੰਦੀਆਂ (ਨਰਮਾ NRMA) ਉਮੀਦ ਕਰ ਰਹੀਆਂ ਹਨ ਕਿ ਇਨ੍ਹਾਂ ਰਾਜਾਂ ਵਿੱਚ ਕੀਮਤਾਂ ਥੋੜ੍ਹੇ ਜਿਹੇ ਵਕਫ਼ੇ ਨਾਲ ਵਧਾਈਆਂ ਜਾਣਗੀਆਂ ਅਤੇ ਪੁਰਾਣਾ ਸਟਾਕ ਖ਼ਤਮ ਹੋਣ ਤੱਕ ਰਾਹਤ ਰਹੇਗੀ।
ਪੈਟਰੋਲ ਦੀ ਖਪਤ ਨੂੰ ਸੀਮੀਤ ਰੱਖਣ ਲਈ ਅਤੇ ਆਪਣੀ ਜੇਬ੍ਹ ਦੇ ਹੋਣ ਵਾਲੇ ਨੁਕਸਾਨ ਤੋਂ ਬਚਣ ਵਾਸਤੇ ਹੁਣ ਜਨਤਾ ਨੂੰ ਆਪ ਹੀ ਕੁੱਝ ਉਪਾਅ ਕਰਨੇ ਪੈਣਗੇ ਜਿਵੇਂ ਕਿ ਬੇਲੋੜੀਆਂ ਲੰਬੇ ਸਫ਼ਰਾਂ ਤੋਂ ਪ੍ਰਹੇਜ਼ ਕਰਨਾ ਪਵੇਗਾ। ਕਾਰਾਂ ਰਾਹੀਂ ਫਜ਼ੂਲ ਦੇ ਵਾਧੂ ਗੇੜੇ ਵੀ ਬੰਦ ਕਰ ਦੇਣੇ ਚਾਹੀਦੇ ਹਨ। ਕਾਰ ਦੀ ਐਵਰੇਜ ਆਦਿ ਵਧਾਉਣ ਖਾਤਰ ਕਾਰਾਂ ਆਦਿ ਵਿੱਚ ਪਿਆ ਹੋਇਆ ਵਾਧੂ ਦਾ ਬੋਝ ਵੀ ਕੱਢ ਦੇਣਾ ਚਾਹੀਦਾ ਹੈ।
ਕਈ ਤਰ੍ਹਾਂ ਦੀਆਂ ਐਪਾਂ ਆਦਿ ਉਪਲੱਭਧ ਹਨ ਜਿਨ੍ਹਾਂ ਦੀ ਵਰਤੋਂ ਨਾਲ ਗਰੋਸਰੀ ਅਤੇ ਹੋਰ ਲੋੜੀਂਦਾ ਸਾਮਾਨ, ਘਰਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਇਨ੍ਹਾਂ ਐਪਾਂ ਰਾਹੀਂ ਵੀ ਅਸੀਂ ਫਜ਼ੂਲ ਦੇ ਗੇੜਿਆਂ ਤੋਂ ਬਚ ਸਕਦੇ ਹਾਂ। ਇਸ ਨਾਲ ਸਮਾਂ ਵੀ ਬਚੇਗਾ ਅਤੇ ਪੈਟਰੋਲ ਦੀ ਖਪਤ ਵੀ ਘਟੇਗੀ।
ਇਨ੍ਹਾਂ ਐਪਾਂ ਦੇ ਜ਼ਰੀਏ, ਪੈਟਰੋਲ ਦੀਆਂ ਕੀਮਤਾਂ ਆਦਿ ਉਪਰ ਵੀ ਸਿੱਧੀ ਨਜ਼ਰ ਰੱਖੀ ਜਾ ਸਕਦੀ ਹੈ।