ਨਿਊਜ਼ੀਲੈਂਡ ਦੀ ਸੰਸਦ ਦੇ ਵਿਚ ਤੀਜੀ ਵਾਰ ਪਹੁੰਚੇ ਪਹਿਲੇ ਭਾਰਤੀ ਮੂਲ ਦੇ ਅਤੇ ਸਿੱਖ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਬੀਤੀ 9 ਜਨਵਰੀ ਨੂੰ ਗੁਜਰਾਤ ਵਿਖੇ ਸੰਪਨ ਹੋਏ 13ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ‘ਪ੍ਰਵਾਸੀ ਭਾਰਤੀਆ ਸਨਮਾਨ’ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਇਤਿਹਾਸਕ ਸਨਮਾਨ ਪੱਤਰ ਭਾਰਤ ਦੇ ਉਪ ਰਾਸ਼ਟਰਪਤੀ ਮਾਣਯੋਗ ਸ੍ਰੀ ਮੁਹੰਮਦ ਹਾਮਿਦ ਅੰਸਾਰੀ ਵੱਲੋਂ ਦਿੱਤਾ ਗਿਆ। ਇਸ ਮੌਕੇ ਭਾਰਤ ਦੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੀ ਸਟੇਜ ਉਤੇ ਹਾਜਿਰ ਸਨ। ਇਹ ਵਕਾਰੀ ਐਵਾਰਡ ਕਿਸੇ ਪ੍ਰਵਾਸੀ ਭਾਰਤੀ ਵੱਲੋਂ ਕਿਸੇ ਖਾਸ ਖੇਤਰ ਦੇ ਵਿਚ ਵਿਸ਼ੇਸ਼ ਯੋਗਦਾਨ ਅਤੇ ਸ਼ਲਾਘਾਯੋਗ ਕਾਰਜਾਂ ਦੇ ਨਮਿੱਤ ਦਿੱਤਾ ਜਾਂਦਾ ਹੈ। ਇਹ ਐਵਾਰਡ ਮਿਲਣ ਦੇ ਨਾਲ ਹੀ ਉਹ ਭਾਰਤ ਦੇ ਵਿਚ ਜਨਮੇ ਪਹਿਲੇ ਵਿਅਕਤੀ ਬਣ ਗਏ ਹਨ ਜਿਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ, ਇਸ ਤੋਂ ਪਹਿਲਾਂ ਇਹ ਐਵਾਰਡ ਫੀਜ਼ੀ ਇੰਡੀਅਨ ਮੂਲ ਦੇ ਨਿਊਜ਼ੀਲੈਂਡ ਦੇ ਵਿਚ ਰਹੇ ਸਾਬਕਾ ਗਵਰਨਰ ਜਨਰਲ ਸਰ ਅਨੰਦ ਸਤਿਆ ਨੰਦ ਅਤੇ ਨਿਊਜ਼ੀਲੈਂਡ ਦੇ ਵਿਚ ਜੱਜ ਦੇ ਅਹੁਦੇ ‘ਤੇ ਮਾਣਯੋਗ ਜੱਜ ਅਜੀਤ ਸਵਰਨ ਸਿੰਘ ਨੂੰ ਦਿੱਤਾ ਗਿਆ ਸੀ। ਇਸ ਸਨਮਾਨ ਪੱਤਰ ਮਿਲਣ ਤੋਂ ਬਾਅਦ ਸੰਸਦ ਮੈਂਬਰ ਸ. ਬਖਸ਼ੀ ਨੇ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਨਿਊਜ਼ੀਲੈਂਡ ਵਸਦੇ ਸਾਰੇ ਭਾਰਤੀਆਂ ਜਿਨ੍ਹਾਂ ਨੇ ਕੀਵੀ ਦੇਸ਼ ਦੇ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਨੂੰ ਇਸ ਮੌਕੇ ਯਾਦ ਕਰਦਾ ਹਾਂ।