ਪੈਰਾਮਾਟਾ ਪਾਵਰਹਾਊਸ ਪਲਾਨ ਨੂੰ ਹਰੀ ਝੰਡੀ

ਨਿਊ ਸਾਊਥ ਵੇਲਜ਼ ਸਰਕਾਰ ਨੇ ਪੈਰਾਮਾਟਾ ਵਿਖੇ ਪਾਵਰਹਾਊਸ ਮਿਊਜ਼ਿਮ ਵਾਲੇ ਪ੍ਰਾਜੈਕਟ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਪੱਛਮੀ ਸਿਡਨੀ ਦੇ ਇਸ ਪ੍ਰਾਜੈਕਟ ਦੌਰਾਨ ਸਥਾਨਕ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਦੀਆਂ ਰਾਹਾਂ ਖੁੱਲ੍ਹਣਗੀਆਂ ਅਤੇ ਸਥਾਨਕ ਲੋਕਾਂ ਲਈ ਇਹ ਪ੍ਰਾਜੈਕਟ ਨਵੇਂ ਸਥਾਈ ਅਤੇ ਅਸਥਾਈ ਰੌਜ਼ਗਾਰਾਂ ਦਾ ਸੌਮਾ ਵੀ ਬਣੇਗਾ। ਕਲ਼ਾ ਖੇਤਰ ਦੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਕਿਹਾ ਕਿ ਪੈਰਾਮਾਟਾ ਨਦੀ ਦੇ ਕਿਨਾਰੇ ਬਣਨ ਵਾਲਾ ਇਹ ਪ੍ਰਾਜੈਕਟ ਹੁਣ ਬਸ ਸ਼ੁਰੂ ਹੋਣ ਹੀ ਵਾਲਾ ਹੈ ਅਤੇ ਇਸ ਵਾਸਤੇ ਸਥਾਨਕ ਲੋਕਾਂ ਕੋਲੋਂ ਫੀਡਬੈਕ ਲਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਣਨ ਵਾਲਾ ਮਿਊਜ਼ਿਅਮ ਕਲ਼ਾ ਅਤੇ ਸਭਿਆਚਾਰ ਦਾ ਇੱਕ ਨਵੀਨਤਮ ਅਤੇ ਉਤਮ ਨਮੂਨਾ ਵੀ ਪੇਸ਼ ਕਰੇਗਾ ਅਤੇ ਦੇਸ਼ ਵਿਦੇਸ਼ ਵਿਚਲੇ ਸੈਲਾਨੀਆਂ ਦੀ ਖਿੱਚ ਦਾ ਕਾਰਨ ਬਣੇਗਾ। ਪੈਰਾਮਾਟਾ ਤੋਂ ਮੈਂਬਰ ਪਾਰਲੀਮੈਂਟ ਜਿਓਫ ਲੀ ਨੇ ਇਸ ਬਾਬਤ ਕਿਹਾ ਕਿ ਉਕਤ ਪ੍ਰਾਜੈਕਟ ਨਾਲ ਪੈਰਾਮਾਟਾ ਨੂੰ ਦੁਨੀਆਂ ਦੇ ਨਕਸ਼ੇ ਉਪਰ ਨਵੀਂ ਥਾਂ ਹਾਸਿਲ ਹੋਵੇਗੀ ਉਥੇ ਹੀ ਇਹ ਸਥਾਨਕ ਅਤੇ ਰਾਜ ਸਰਕਾਰ ਲਈ ਅਰਥ ਵਿਵਸਥਾ ਦਾ ਵਧੀਆ ਸੌਮਾ ਬਣ ਕੇ ਵੀ ਉਭਰੇਗਾ। ਇਸ ਨਾਲ ਘੱਟੋ ਘੱਟ ਵੀ 4,000 ਨਵੇਂ ਰੌਜ਼ਗਾਰ ਪੈਦਾ ਹੋਣਗੇ ਅਤੇ ਸੈਂਕੜੇ ਮਿਲੀਅਨ ਡਾਲਰਾਂ ਦਾ ਯੋਗਦਾਨ ਅਰਥ ਵਿਵਸਥਾ ਦੇ ਸੁਧਾਰ ਵਿੱਚ ਪਾਇਆ ਜਾਵੇਗਾ। ਉਨ੍ਹਾਂ ਇਸ ਬਾਰੇ ਰਾਜ ਸਰਕਾਰ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ। ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰੋਬ ਸਟੋਕਸ ਨੇ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਬਹੁਤ ਸਾਰੀਆਂ ਹਰੀਆਂ ਭਰੀਆਂ ਥਾਵਾਂ ਦੇ ਬਣਨ ਕਾਰਨ ਉਕਤ ਪ੍ਰਾਜੈਕਟ, ਯਾਤਰੀਆਂ ਅਤੇ ਸੈਲਾਨੀਆਂ ਲਈ ਵੱਖਰੀ ਕਿਸਮ ਦੀ ਖਿੱਚ ਦਾ ਕੇਂਦਰ ਵੀ ਬਣੇਗਾ। ਇਸ ਪ੍ਰਾਜੈਕਟ ਵਿੱਚ 1.5 ਹੈਕਟੇਅਰ ਦੀ ਥਾਂ ਤਾਂ ਜਨਤਕ ਖੁੱਲ੍ਹੀਆਂ ਥਾਵਾਂ ਲਈ ਸੁਰੱਖਿਅਤ ਰਹੇਗੀ ਅਤੇ ਇਸ ਤੋਂ ਇਲਾਵਾ ਇਸ ਦਾ 30% ਕੈਨੋਪੀ ਨਾਲ ਕਵਰ ਕਰ ਕੇ ਵੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਦਾ ਡਿਜ਼ਾਈਨ ਮੌਰੀਓ ਕੁਸੁਨੋਕੀ ਅਤੇ ਜੈਨਟਨ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਦਿਸਬੰਰ 2019 ਵਿੱਚ ਚੁਣਿਆ ਗਿਆ ਸੀ। ਇਸ ਪ੍ਰਾਜੈਕਟ ਵਾਸਤੇ ਤਿੰਨ ਕੰਪਨੀਆਂ ਦੇ ਟੈਂਡਰ ਸ਼ਾਰਟ ਲਿਸਟ ਕੀਤੇ ਗਏ ਹਨ ਜਿਹੜੇ ਕਿ ਇਸ ਸਾਲ ਦੇ ਅੰਤ ਤੱਕ ਜਾਰੀ ਕਰ ਦਿੱਤੇ ਜਾਣਗੇ।

Install Punjabi Akhbar App

Install
×