ਉੱਠ ਗਏ ਗੁਆਂਢੋਂ ਯਾਰ……..

mintu brar with parminderjit & shivdeep lr

ਆਦਤਣ ਤੜਕੇ ਉੱਠਣ ਸਾਰ ਹੱਥ ਸਿਰਹਾਣੇ ਪਏ ਮੋਬਾਇਲ ਤੇ ਗਿਆ। ਵੱਟਸਅੱਪ ਖੋਲ੍ਹੀ, ਅਕਸਰ ਹੀ ਜਨਾਬ ਗੁਰਭਜਨ ਗਿੱਲ ਜੀ ਵੱਲੋਂ ਇਕ ਗਰੁੱਪ ‘ਚ ਸੋਹਣੀ ਸਵੇਰ ਦਾ ਸੁਨੇਹਾ ਦਿੰਦੀ ਗ਼ਜ਼ਲ ਨਾਲ ਖ਼ੂਬਸੂਰਤ ਤਸਵੀਰ ਦੇਖਣ ਨੂੰ ਮਿਲਦੀ ਸੀ। ਪਰ ਅੱਜ ਆਹ ਕੀ ‘ਪਰਮਿੰਦਰਜੀਤ’ ਜੀ ਦੀ ਫੋਟੋ! ਅਗਲਾ ਸੁਨੇਹਾ ਪੜ੍ਹਿਆ ਤਾਂ ਲਿਖਿਆ ਸੀ ਕਿ ‘ਅੱਖਰ’ ਮੈਗਜ਼ੀਨ ਦੇ ਐਡੀਟਰ ਸਾਡਾ ਸਾਥ ਛੱਡ ਗਏ।
ਵਰਤਮਾਨ ਸਾਹਿਤਕਾਰਾਂ ਤੇ ਜੇ ਝਾਤ ਮਾਰੀਏ ਤਾਂ ‘ਜਨਾਬ ਪਰਮਿੰਦਰਜੀਤ’ ਹੋਰਾਂ ਦੀ ਗਿਣਤੀ ਤਿੰਨਾਂ ‘ਚ ਹੁੰਦੀ ਸੀ ਨਾ ਕਿ ਤੇਰਾਂ ‘ਚ। ਉਹ ਚੁੱਪ ਚੁਪੀਤੇ ਜਿਹੇ ਭੀੜ ਤੋਂ ਕਈ ਕਦਮ ਅੱਗੇ ਖਲੋਤੇ ਨਜ਼ਰੀਂ ਪੈਂਦੇ ਸ਼ਰੋਮਣੀ ਸ਼ਾਇਰ ਸਨ।
ਮਸਾਂ ਹੀ ਪੌਣੇ ਦੋ ਕੁ ਮਹੀਨੇ ਪੁਰਾਣੀ ਗੱਲ ਹੈ ਜਦੋਂ ਪਹਿਲੀ ਵਾਰ ‘ਜਨਾਬ ਪਰਮਿੰਦਰਜੀਤ’ ਜੀ ਹੋਰਾਂ ਨੂੰ ਮਿਲਿਆ ਸੀ। ਪਰ ਇਹ ਨਹੀਂ ਸੀ ਪਤਾ ਕਿ ਇਹ ਪਹਿਲੀ ਤੇ ਆਖ਼ਰੀ ਮੁਲਾਕਾਤ ਹੋ ਨਿੱਬੜੇਗੀ! ਮੇਰੀ ਸਾਂਝ ਪਰਮਿੰਦਰਜੀਤ ਨਾਲ 3 ਕੁ ਵਰ੍ਹੇ ਪਹਿਲਾਂ ਉਦੋਂ ਪਈ ਸੀ ਜਦੋਂ ਉਨ੍ਹਾਂ ਦਾ ਜ਼ਿਕਰ ਸ਼ਿਵਦੀਪ ਕੋਲੋਂ ਸੁਣਿਆ ਸੀ। ਸ਼ਿਵ ਕੋਲੋਂ ਉਨ੍ਹਾਂ ਬਾਰੇ ਸੁਣਦੇ-ਸੁਣਦੇ ਉਨ੍ਹਾਂ ਨੂੰ ਮਿਲਣ ਦੀ ਠਾਣ ਲਈ ਸੀ। ਇਸ ਬਾਰ ਜਦੋਂ ਇੰਡੀਆ ਫੇਰੀ ਤੇ ਸੀ ਤਾਂ 31 ਜਨਵਰੀ ਨੂੰ ਮੁਹਾਲੀ ਤੋਂ ਤੁਰਦਿਆਂ ਹੀ ਸ਼ਿਵ ਨੇ ਕਹਿ ਦਿੱਤਾ, ਲੈ ਬਾਈ ਹੁਣ ਆਪਾਂ ਚਾਹ ਅੰਮ੍ਰਿਤਸਰ ਪਰਮਿੰਦਰਜੀਤ ਕੋਲ ਹੀ ਪੀਣੀ ਹੈ। ਗੁਰੂ ਕੀ ਨਗਰੀ ਵਡਦਿਆਂ ਹੀ ਅਸੀਂ ਉਨ੍ਹਾਂ ਨੂੰ ਫ਼ੋਨ ਲਾਇਆ ਤਾਂ ਉਹ ਕਹਿੰਦੇ ਤੁਹਾਨੂੰ ਮੇਰਾ ਟਿਕਾਣਾ ਭਾਲਣਾ ਔਖਾ ਨਾ ਹੋ ਜਾਏ ਤੁਸੀ ਫ਼ੋਨ ਤੇ ਹੀ ਰਿਹੋ ਮੈਂ ਤੁਹਾਨੂੰ ਦੱਸਦਾ ਜਾਵਾਂਗਾ। ਮੇਰੇ ਜ਼ਿਹਨ ‘ਚ ਸ਼ਿਵ ਦੀਆਂ ਗੱਲਾਂ ਤੋਂ ਪਰਮਿੰਦਰਜੀਤ ਦੀ ਦਿੱਖ ਇਕ 45 ਕੁ ਵਰ੍ਹਿਆਂ ਦੇ ਸ਼ੌਕੀਨ ਜਿਹੇ ਇਨਸਾਨ ਦੀ ਬਣੀ ਹੋਈ ਸੀ ਤੇ ਉਸ ਦਿਨ ਸ਼ਿਵ ਕਾਰ ਚਲਾਉਂਦਾ ਗਿਆ ਤੇ ਮੈਂ ਪਰਮਿੰਦਰਜੀਤ ਜੀ ਨਾਲ ਫੋਨ ਤੇ ਰਾਹ ਪੁੱਛਦਾ ਗਿਆ। ਪਰ ਮੇਰਾ ਉਨ੍ਹਾਂ ਨਾਲ ਗੱਲਬਾਤ ਦਾ ਤਰੀਕਾ ਹਾਣੀ-ਪਰਵਾਣੀ ਜਿਹਾ ਸੀ। ਉਹ ਆਪਣੇ ਦਫ਼ਤਰ ਦੀ ਬਾਰੀ ਵਿਚੋਂ ਸਾਨੂੰ ਦੇਖ ਰਹੇ ਸਨ ਅਤੇ ਫ਼ੋਨ ਕੱਟਣ ਤੋਂ ਪਹਿਲਾਂ ਕਹਿੰਦੇ, ਹਾਂ ਬੱਸ ਇਥੇ ਪਾਰਕ ਕਰ ਦਿਓ। ਮੈਂ ਉਤਰ ਕੇ ਆਲੇ ਦੁਆਲੇ ਨਿਗ੍ਹਾ ਮਾਰੀ ਤਾਂ ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਨੂੰ ਉਸ ਇਮਾਰਤ ‘ਚੋਂ ਝਾਕਦਿਆਂ ਦੇਖਿਆ। ਪਰ ਜਦੋਂ ‘ਵਿਰਸਾ ਬਿਹਾਰ’ ਦੀ ਦੂਜੀ ਮੰਜ਼ਿਲ ‘ਚ ਉਨ੍ਹਾਂ ਕੋਲ ਪਹੁੰਚੇ ਤਾਂ ਮੇਰੀ ਸੋਚ ਨੂੰ ਝਟਕਾ ਲੱਗਿਆ ਤੇ ਮੈਂ ਸ਼ਿਵਦੀਪ ਵੱਲ ਦੇਖ ਕੇ ਉਸ ਨੂੰ ਕਿਹਾ! ਯਾਰ ਸ਼ਿਵ ਤੈਨੂੰ ਦੱਸਣਾ ਚਾਹੀਦੇ ਸੀ। ਸ਼ਿਵ ਬੱਸ ਖਚਰੀ ਜਿਹੀ ਹਾਸੀ ਹੱਸਿਆ। ਪਰਮਿੰਦਰਜੀਤ ਕਹਿੰਦੇ ਕਿ ਹੋਇਆ? ਮੈਂ ਕਿਹਾ ਬਾਈ ਜੀ ਸ਼ਿਵ ਤੁਹਾਡੇ ਨਾਲ ਹਾਣੀਆਂ ਵਾਂਗ ਗੱਲ ਕਰਦਾ ਦੇਖ-ਦੇਖ ਮੈਂ ਵੀ ਤੁਹਾਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਹੁਣ ਤੱਕ ਦੀ ਆਪਣੀ ਗੱਲਬਾਤ ‘ਚ। ਉਹ ਵੀ ਸ਼ਿਵ ਵਾਂਗ ਥੋੜ੍ਹਾ ਮੁਸਕਰਾ ਕੇ ਕਹਿੰਦੇ ”ਯਾਰ ਸਾਹਿੱਤਿਕ ਦੋਸਤੀਆਂ ‘ਚ ਉਮਰਾਂ ਆਡੇ ਨਹੀਂ ਆਉਂਦੀਆਂ ਹੁੰਦੀਆਂ, ਕੋਈ ਨਾ ਨਵਾਂ-ਨਵਾਂ ਆਈਆਂ ਸਿੱਖ ਜਾਵੇਗਾ।” ਤਕਰੀਬਨ ਇਕ ਘੰਟਾ ਅਸੀਂ ਗੱਲਾਂ ‘ਚ ਗੜੁੱਚ ਹੋਏ ਰਹੇ। ਇਸ ਦੌਰਾਨ ਉਨ੍ਹਾਂ ‘ਕੂਕਾਬਾਰਾ’ ਬਾਰੇ ਕਈ ਸਲਾਹਾਂ ਦਿੱਤੀਆਂ। ਉਨ੍ਹਾਂ ‘ਅੱਖਰ’ ਮੈਗਜ਼ੀਨ ਦਾ ਨਵਾਂ ਅੰਕ ਸਾਨੂੰ ਦਿਤਾ ਤੇ ‘ਕੈਂਗਰੂਨਾਮਾ’ ਪੜ੍ਹ ਕੇ ਉਸ ‘ਤੇ ਟਿੱਪਣੀ ਕਰਨ ਦਾ ਵਾਅਦਾ ਵੀ ਮੇਰੇ ਨਾਲ ਕੀਤਾ। ਉਨ੍ਹਾਂ ਕੋਲੋਂ ਚਾਹ ਪੀ ਕੇ ਅਸੀਂ ਐਸੀ ਵਿਦਾ ਲਈ ਕਿ ਮੁੜ ਕਦੇ ਨਾ ਮਿਲ ਹੋਵੇਗਾ!
ਦੋ ਦਿਨ ਗੁਰੂ ਕੀ ਨਗਰੀ ਰਹੇ ਤੇ ਪਰਮਿੰਦਰਜੀਤ ਜੀ ਦਾ ਤੀਜੇ ਦਿਨ ਫ਼ੋਨ ਆਇਆ ਯਾਰ ਕਦੋਂ ਆ ਰਹੇ ਹੋ ਮੇਰੇ ਕੋਲ ਫੇਰ? ਅਸੀਂ ਉਸ ਵਕਤ ਕਾਰ ਜਲੰਧਰ ਦੇ ਰਾਹ ਪਾ ਚੁੱਕੇ ਸੀ। ਉਸ ਤੋਂ ਬਾਅਦ ਬੱਸ ਮਹਿਜ਼ ਕੁਝ ਮਿੰਟ ਮੇਰੀ ਉਨ੍ਹਾਂ ਨਾਲ ੨੮ ਫ਼ਰਵਰੀ ਨੂੰ ਗੱਲ ਹੋਈ ਸੀ ਜਦੋਂ ਮੈਂ ਦੁਬਾਰਾ ਅੰਮ੍ਰਿਤਸਰ ਪਰਵਾਰ ਨਾਲ ਗਿਆ ਸੀ ਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਫ਼ੋਨ ਕੀਤਾ ਤੇ ਉਨ੍ਹਾਂ ਕਿਹਾ ਸੀ ਕਿ ”ਕੋਈ ਗੱਲ ਨਹੀਂ, ਜਦੋਂ ਅਗਲੀ ਵਾਰ ਆਏ ਤਾਂ ਖੁੱਲ੍ਹਾ ਵਕਤ ਕੱਢ ਕੇ ਆਇਓ। ਤੇਰੀ ਕਿਤਾਬ ਪੜ੍ਹਨ ਤੋਂ ਬਾਅਦ ਬਹੁਤ ਗੱਲਾਂ ਨੇ ਤੇਰੇ ਨਾਲ ਕਰਨ ਵਾਲਿਆਂ ਪਰ ਇੰਝ ਫ਼ੋਨ ਤੇ ਨਹੀਂ ਬੈਠ ਕੇ ਕਰਨ ਵਾਲਿਆਂ, ਸੋ ਇੰਤਜ਼ਾਰ ਕਰਾਂਗਾ ਤੁਹਾਡਾ।” ਮੈਂ ਉਸ ਵਕਤ ਉਨ੍ਹਾਂ ਨੂੰ ਕਿਹਾ ਸੀ ਬਾਈ ਜੀ ਤੁਸੀਂ ਤਾਂ ਮੇਰੀ ਉਤਸੁਕਤਾ ਵਧਾ ਦਿੱਤੀ, ਹੁਣ ਤਾਂ ਮੈਂ ਇੰਤਜ਼ਾਰ ਦੀ ਭੱਠੀ ‘ਚ ਸਾਲ ਭਰ ਕਲਪਾਂਗਾ ਤੁਹਾਡੀਆਂ ਕਿਤਾਬ ਪ੍ਰਤੀ ਗੱਲਾਂ ਸੁਣਨ ਨੂੰ। ਮੈਂ ਉਨ੍ਹਾਂ ਨੂੰ ਇਕ ਬੇਨਤੀ ਕੀਤੀ ਕਿ ਚਲੋ ਜ਼ਿਆਦਾ ਗੱਲਾਂ ਮਿਲ ਕੇ ਸਹੀ ਪਰ ਦੋ ਸ਼ਬਦਾਂ ‘ਚ ਕੁਝ ਕਹਿ ਦਿਓ ਤਾਂ ਕਿ ਮੈਂ ਸਾਲ ਭਰ ਸੌਖਾ ਲੰਘਾ ਲਵਾਂ। ਮੂਹਰੋਂ ਕਹਿੰਦੇ ”ਉਹ ਯਾਰ ਕੋਈ ਨਾ ਕੋਈ ਨਾ ਏਡੀ ਵੀ ਗੱਲ ਨਹੀਂ ਬੱਸ ਮੈਨੂੰ ਲੱਗਿਆ ਕਿ ਮੁੰਡੇ ਕੋਲ ਸੁਣਨ ਸ਼ਕਤੀ ਹੈਗੀ ਸੋ ਥੋੜ੍ਹਾ ਬਹੁਤ ਛਾਂਗ ਕੇ ਸੋਹਣਾ ਸਰੂਪ ਬਣਾਉਣ ‘ਚ ਮੈਂ ਹੀ ਮਦਦ ਕਰ ਦੇਵਾ।”
ਅੱਜ ਪਰਮਿੰਦਰਜੀਤ ਹੋਰਾਂ ਦੇ ਅਚਾਨਕ ਚਲੇ ਜਾਣ ਨਾਲ ਦਿਲੋਂ ਦੁਖੀ ਹੋਏ ਹਾਂ। ਰਹਿ-ਰਹਿ ਕੇ ਸੋਚ ਰਿਹਾ! ਜਿੱਥੇ ਜ਼ਿੰਦਗੀ ਦੇ 46 ਵਰ੍ਹੇ ‘ਪਰਮਿੰਦਰਜੀਤ’ ਨੂੰ ਨਹੀਂ ਮਿਲੇ ਸੀ ਉਥੇ ਦੋ ਮਹੀਨੇ ਪਹਿਲਾਂ ਵੀ ਕਿਉਂ ਮਿਲਣ ਦਾ ਸਬੱਬ ਬਣਿਆ। ਸ਼ਾਇਦ ਜੇ ਉਨ੍ਹਾਂ ਨੂੰ ਨਾ ਮਿਲਿਆ ਹੁੰਦਾ ਤਾਂ ਦੁੱਖ ਕੁਝ ਘੱਟ ਹੁੰਦਾ।
ਜਨਾਬ ਪਰਮਿੰਦਰਜੀਤ ਜੀ ਦੀ ਇਹ ਕਵਿਤਾ ਸਾਰੀ ਕਹਾਣੀ ਕਹਿ ਜਾਂਦੀ ਹੈ;

ਕੋਈ ਕੋਈ ਸੁਪਨਾ ਇਉਂ ਵੀ ਆਵੇ
ਜਿਉਂ ਪਾਣੀ ਦਾ ਪਰਛਾਵਾਂ
ਕੋਈ ਕੋਈ ਪਰ ਚੇਤਿਆਂ ਉਤੇ
ਲਿਖ ਜਾਏ ਸਿਰਨਾਵਾਂ

ਕਈ ਸੁਪਨੇ ਕੁਝ ਮੈਲੇ ਮੈਲੇ
ਕਰ ਜਾਂਦੇ ਦੇਹ ਜੂਠੀ
ਅੱਧ ਅਧੂਰੇ ਮਿਲਣ ਹੁੰਗਾਰੇ
ਬਾਤ ਵੀ ਹੁੰਦੀ ਝੂਠੀ

ਕਈ ਸੁਪਨੇ ਪਰਦੇਸੀ ਹੋਏ
ਕੁਝ ਹੋਏ ਬਨਵਾਸੀ
ਕਈ ਘਰਾਂ ‘ਚ ਰਹੇ ਭੋਗਦੇ
ਉਮਰਾਂ ਜਿਹੀ ਉਦਾਸੀ

ਸੁਪਨੇ ਆਉਂਦੇ ਪਤਝੜ ਵਰਗੇ
ਕੁਝ ਦਿਸਦੇ ਔੜ ਹੰਢਾਉਂਦੇ
ਤੇ ਕੁਝ ਅੱਖ ਦੇ ਪਾਣੀ ਜਿੰਨੀ
ਆ ਕੇ ਤੇਹ ਮਿਟਾਉਂਦੇ

ਸੁਪਨਿਆਂ ਦੇ ਬੇਚੈਨ ਪੰਖੇਰੂ
ਖੋਰੇ ਕਿਥੋਂ ਆਉਂਦੇ
ਦੇਹ ਦੇ ਖੜ-ਸੁਕ ਬਿਰਖਾਂ ਤਾਈਂ
ਹਰਿਆ ਗੀਤ ਸੁਣਾਉਂਦੇ

ਸਦਾ ਲਈ ਅਲਵਿਦਾ!!! ਜਨਾਬ ‘ਪਰਮਿੰਦਰਜੀਤ’ ਜੀ
ਇਕ ਸੁਪਨੇ ਵਾਂਗ ਸਾਡੀ ਜ਼ਿੰਦਗੀ ‘ਚ ਆਉਣ ਲਈ ਸ਼ੁਕਰਗੁਜ਼ਾਰ

ਤੁਹਾਡਾ ਆਪਣਾ
ਮਿੰਟੂ ਬਰਾੜ

One thought on “ਉੱਠ ਗਏ ਗੁਆਂਢੋਂ ਯਾਰ……..

Comments are closed.

Install Punjabi Akhbar App

Install
×