ਅਮਰੀਕਾ ‘ਚ ਪੰਜਾਬੀ ਸਾਹਿਤ ਦਾ ਹੇਜ਼ ਕਰਨ ਵਾਲਾ “ਪ੍ਰਮਿੰਦਰ ਸਿੰਘ ਪ੍ਰਵਾਨਾ”

ਕੁੱਝ ਲੋਕ ਆਪਣੇ ਜਾਤੀ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਆਪਣੇ ਵਤਨ ਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਯਤਨਸ਼ੀਲ ਰਹਿੰਦੇ ਹਨ.ਉਨ੍ਹਾਂ ਵਿੱਚੋ ਇਕ ਸਿਰਮੌਰ ਨਾਉਂ ਹੈ ‘ਅਮਰੀਕਾ ਵੱਸਦੇ ਪ੍ਰਮਿਦਰ ਸਿੰਘ ਪ੍ਰਵਾਨਾ। ਜਲੰਧਰ ਸ਼ਹਿਰ ਵਿਚ ਜਨਮੇ ਤੇ ਪਲੇ। ਪੰਜਾਬੀ ਸੱਭਿਆਚਾਰ ਨਾਲ ਅੰਤਾਂ ਦਾ ਮੋਹ, ਪੜ੍ਹਦਿਆਂ ਤੇ ਫੇਰ ਖੇਤੀਬਾੜੀ ਮਹਿਕਮੇ ਵਿਚ ਬਤੋਰ ਜਿਲ੍ਹਾ ਖੇਤੀਬਾੜੀ ਨਰਿਖਣ ਅਫਸਰ ਸੇਵਾ ਨਿਭਾਈ। ਦਫ਼ਤਰੀ ਕੰਮ ਕਾਜ ਦੇ ਦੌਰਾਨ ਲਿੱਖਣ ਪੜਨ ਦਾ ਸ਼ੋਕ ਉਜਾਗਰ ਹੋ ਗਿਆ। ਕੁੱਝ ਸਥਾਨਕ ਲੇਖਕਾਂ ਦੇ ਸੰਪਰਕ ਵਿਚ ਆਉਣ ਕਾਰਨ ਕੱਚਘੜੇ ਤੋਂ ਪਰਪੱਕ ਹੋ ਗਿਆ। ਸਾਹਿਤ ਸਭਾਵਾਂ ਵਿਚ ਜਾਣ  ਪਹਿਚਾਣ ਬਣ ਗਈ। ਉਨ੍ਹਾਂ ਨੇ ਸਾਹਿਤ ਰਚਨਾ ਤੇ ਸਾਹਿਤ ਗਿਆਨ ਵਿਚ ਵਿਸ਼ੇਸ਼ ਰੁਚੀ ਰੱਖ ਲਈ। ਜਿੱਥੇ ਉਹ ਸਾਹਿਤ ਸਿਰਜਕ ਬਣ ਗਏ ਉੱਥੇ ਮੰਚ ਸੰਚਾਲਕ ਦੇ ਤੋਰ ਤੇ ਵੀ ਪਹਿਚਾਣ ਬਣਾ ਲਈ ਤੇ ਸਟੇਜ ਦੇ ਧਨੀ ਹੋ ਨਿਬੜੇ। ਕੁੱਝ ਰਿਸ਼ਤੇ ਦਾਰਾ ਦੇ ਦਬਾਓ ਤੇ ਪਿਆਰ ਨੇ ਪੰਜਾਬ ਛੱਡ ਅਮਰੀਕਾ ਦੀ ਧਰਤੀ ਤੇ ਪੱਕੇ ਤੋਰ ਤੇ ਪਰਵਾਸ ਕਰ ਲਿਆ। ਅਮਰੀਕਾ ਜਾ ਕੇ ਵੀ ਉਹ ਪੰਜਾਬੀ ਸਾਹਿਤ ਦਾ ਸ਼ੈਦਾਈ ਹੀ ਰਿਹਾ।

ਉਸ ਨੇ ਕੈਲੀਫੋਰਨੀਆ ਦੇ ਬੇ ਏਰੀਏ ਵਿਚ ਆਪਣੀ ਸਾਹਿਤਕ ਸਰਗਰਮੀਆਂ ਜਾਰੀ ਰੱਖੀਆਂ ਤੇ ਕੁੱਝ ਸਾਹਿਤਕਾਰਾਂ ਨਾਲ ਮਿਲਕੇ ਸਾਹਿਤ ਸਭਾ ਦਾ ਮੁੱਢ ਬੰਨਿਆ। ਪਰ ਉੱਥੇ ਵੀ ਕਈ ਹਉਮੈ ਦੇ ਸ਼ਿਕਾਰੀ ਸਾਹਿਤਕਾਰਾਂ ਨੇ ਸਭਾ ਨੂੰ ਨਿਜ਼ੀ ਹਿਤਾਂ ਨਾਲ ਵਰਤਣ ਕਾਰਨ ਕਿਨਾਰਾ ਕਰ ਲਿਆ। ਬੇ ਏਰੀਆ ਵਿਚ ਸਾਹਿਤ ਨੂੰ ਸਮਰਪਿਤ ਸਾਂਝਾ  ਸੱਭਿਆਚਾਰਕ  ਮੰਚ ਕੈਲੀਫੋਰਨੀਆ ਦਾ ਗਠਨ ਕਰਕੇ ਸਰਗਰਮੀਆਂ ਜਾਰੀ ਰੱਖੀਆਂ। ਇਸੇ ਦੌਰਾਨ ਉਹ ਪੰਜਾਬੀ ਰੇਡੀਓ ਨਾਲ ਹੋਸਟ ਦੇ ਤੌਰ ਤੇ ਜੁੜ ਗਿਆ। ਇਸ ਦਰਮਿਆਨ ਹੀ ਉਹ ਪੰਜਾਬੀ ਲੋਕਾਂ  ਵਿਚ ਹਰਮਨ ਪਿਆਰਾ ਹੋ ਗਿਆ। ਜਦੋ ਵੀ ਭਾਰਤ ਆਪਣੇ ਵਤਨ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਸਮਾਗਮਾਂ ਚ ਆਉਂਦਾ ਤਾਂ ਉਹ ਆਪਣੇ ਸਾਹਿਤਕ ਮਿੱਤਰਾਂ ਨਾਲ ਬੈਠਕਾਂ ਜਰੂਰ ਕਰਦਾ। ਪੰਜਾਬ ਉਸ ਦੀ ਜੰਮਣ ਭੁਇ ਤੇ ਉਸ ਨਾਲ ਉਸਦਾ ਅੰਤਾਂ ਦਾ ਮੋਹ ,ਉਸ ਨੂੰ ਇਓਂ ਲੱਗਦਾ ਕਿ ਉਸ ਜੰਮਣ ਭੋਇੰ ਦਾ ਉਸ ਨੇ ਅਜੇ ਕਰਜ਼ ਨੀ ਉਤਾਰਿਆ।  ਉਸਦਾ ਸਾਂਝਾ ਸੱਭਿਆਚਾਰਕ ਮੰਚ ਆਪਣਾ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦੇਣ ਤੇ ਪ੍ਰਚਲਤ ਕਰਨ ਚ ਕਾਮਯਾਬ ਰਿਹਾ ਤੇ ਕੈਲੀਫੋਰਨੀਆ ਦੇ ਨਾਲ ਲੱਗਦੇ ਸੂਬਿਆਂ ਵਿਚ ਵੀ ਉਹ ਸਿੱਖ ਗੁਰਦਵਾਰਿਆਂ ਦਾ ਸਹਾਰਾ ਲੈ ਕੇ ਅਮਰੀਕੀ ਲੋਕਾਂ ਵਿਚ ਪੰਜਾਬੀ ਖਾਣਾ,ਪਹਿਰਾਵਾ ਤੇ ਸੱਭਿਅਚਾਰ ਵੀ ਪ੍ਰਫੁਲਤ ਕੀਤਾ। 

ਇਸ ਸਫ਼ਰ ਦੌਰਾਨ ਉਸਦੀ ਦੀ 13 ਸਾਲ ਦੀ  ਪੁੰਗਰਦੀ ਬੱਚੀ ਹਰਜਿੰਦਰ ਕੌਰ ਗਿੰਨੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਨੇ  ਉਸ ਨੂੰ ਅੰਦਰੋਂ ਤੋੜ ਦਿੱਤਾ ਪਰ ਸਾਹਿਤਕ ਧਰਵਾਸੇ ਨੇ ਉਸ ਨੂੰ ਇਕ ਧਰਵਾਸ ਦਿੱਤਾ ਤੇ ਉਸ ਨੇ ਗਿੰਨੀ ਦੀ ਯਾਦ ਵਿਚ ‘ਗਿੰਨੀ ਸਿਮ੍ਰਤੀ ਗ੍ਰੰਥ ‘ਪੁਸਤਕ ਪਾਠਕਾਂ ਨੂੰ ਅਰਪਿਤ ਕੀਤੀ। ਫਿਰ ਭਾਰਤ ਆ ਕੇ ‘ਸੜਕ ਰੰਗ ਤਸਵੀਰਾਂ,ਬੇੜੀ ਮੱਲਾਹ ਤੇ ਮੀਲ ਪੱਥਰ ਅਤੇ ਲੋਕ ਰੰਗ ਸੋਚ ਵਾਰਤਕ ਪੁਸਤਕਾਂ ਪਾਠਕਾਂ ਗੋਚਰੇ ਕੀਤਾ ਜੋ ਸਾਹਿਤੱਕ ਲੋਕਾਂ ਵਿਚ ਪ੍ਰਚਲਿਤ ਹੋ ਗਈਆਂ। ਉਹ ਹੁਣ ਕੁਲਵਕਤੀ ਸਾਹਿਤ ਰਚੇਤਾ ਹੈ। ਯੂਨੀਅਨ ਸਿਟੀ (ਕੈਲੀਫੋਰਨੀਆ) ਵਾਲੇ ਘਰ ਰਹਿ ਕੇ ਕਿਤਾਬਾਂ ਪੜਨਾ ਲਿਖਣਾ ਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ ਹੀ ਉਸ ਦਾ ਮੁੱਖ ਕਾਰਜ ਹੈ। 

(ਡਾ ਗੁਰਵਿੰਦਰ ਅਮਨ, ਰਾਜਪੁਰਾ ) 91-98151 13038