ਕਮਿਊਨਿਟੀ ਸ਼ੋਕ ਸਮਾਚਾਰ – ਟੌਰੰਗਾ ਨੇੜੇ 28 ਸਾਲਾ ਪਰਮਿੰਦਰ ਸਿੰਘ ਜੱਬਲ ਦੀ ਕਾਰ-ਟਰੱਕ ਦੁਰਘਟਨਾ ਵਿਚ ਮੌਤ

-ਪਰਿਵਾਰ ਵੱਲੋਂ ਮ੍ਰਿਤਕ ਸਰੀਰ ਇੰਡੀਆ ਭੇਜਣ ਦੀ ਅਪੀਲ
-ਤਿੰਨ ਕੁ ਸਾਲ ਪਹਿਲਾਂ ਆਇਆ ਸੀ ਪੜ੍ਹਨ

NZ PIC 11 July-1
(ਮ੍ਰਿਤਕ ਪਰਮਿੰਦਰ ਸਿੰਘ ਜੱਬਲ ਦੀ ਇਕ ਤਸਵੀਰ)

ਆਕਲੈਂਡ  11 ਜੁਲਾਈ  -ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਸਵੇਰ ਦਾ ਸਮਾਂ ਸ਼ੋਕਮਈ ਰਿਹਾ ਜਦੋਂ ਇਥੋਂ ਲਗਪਗ 215 ਕਿਲੋਮੀਟਰ ਦੂਰ ਟੌਰੰਗਾ ਸ਼ਹਿਰ ਦੇ ਨੇੜੇ ਸਟੇਟ ਹਾਈਵੇਅ ਨੰਬਰ 36 ਉਤੇ ਤੜਕੇ 4 ਵਜੇ ਇਕ 28 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਜੱਬਲ ਸਪੁੱਤਰ ਸ. ਕੁਲਜੀਤ ਸਿੰਘ ਸ਼ਿਵਾ ਨਗਰ ਗਲੀ ਨੰਬਰ 11 ਲੁਧਿਆਣਾ ਦੀ ਕਾਰ-ਟਰੱਕ ਦੁਰਘਟਨਾ ਦੇ ਵਿਚ ਮੌਤ ਹੋ ਗਈ। ਟਰੱਕ ਡ੍ਰਾਈਵਰ ਵੀ ਜ਼ਖਮੀ ਹੋਇਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ। ਇਸ ਨੌਜਵਾਨ ਦੇ ਪਰਿਵਾਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਮਿੰਦਰ ਸਿੰਘ ਤਿੰਨ ਕੁ ਸਾਲ ਪਹਿਲਾਂ ਇਥੇ ‘ਟੋਇ-ਓਹੋਮਾਇ ਕਾਲਜ’ ਰੋਟੋਰੂਆ ਸ਼ਹਿਰ ਵਿਖੇ ਪੜ੍ਹਾਈ ਕਰਨ ਗਿਆ ਸੀ ਅਤੇ ਅੱਜ ਕੱਲ੍ਹ ਵਰਕ ਵੀਜੇ ਉਤੇ ਸੀ। ਉਹ ਹਸਪਤਾਲ ਦੇ ਵਿਚ ਕੰਮ ਕਰਦਾ ਸੀ ਅਤੇ ਕੰਮ ਤੋਂ ਵਾਪਿਸ ਪਰਤ ਰਿਹਾ ਸੀ ਕਿ  ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਦੁਰਘਟਨਾ ਬਾਅਦ ਐਮਰਜੈਂਸੀ ਸੇਵਾਵਾਂ ਨੇ ਆਪਣੀ ਕਾਰਵਾਈ ਕੀਤੀ ਅਤੇ ਸੀਰੀਅਸ ਇਨਵੈਸਟੀਗੇਸ਼ਨ ਦਸਤਾ ਵੀ ਪਹੁੰਚਿਆ। ਰੋਡ ਨੂੰ ਦੁਪਹਿਰ ਤੱਕ ਬੰਦ ਰੱਖਿਆ ਗਿਆ। ਪਰਮਿੰਦਰ ਸਿੰਘ ਮਾਪਿਆਂ ਦਾ ਵੱਡਾ ਪੁੱਤਰ ਸੀ ਅਤੇ ਉਸਦਾ ਇਕ ਛੋਟਾ ਭਰਾ ਅਤੇ ਭੈਣ ਹੈ। ਪਰਿਵਾਰ ਦਾ ਛੋਟਾ ਜਿਹਾ ਬਿਜਨਸ ਹੈ ਅਤੇ ਉਨ੍ਹਾਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਹੋ ਸਕੇ ਤਾਂ ਮਾਇਕ ਸਹਾਇਤਾ ਵੀ ਕੀਤੀ ਜਾਵੇ।

Install Punjabi Akhbar App

Install
×