- ਸੜਕ ਦੁਰਘਟਨਾ ‘ਚ ਮਾਰੇ ਗਏ ਪਰਮਿੰਦਰ ਸਿੰਘ ਦੀਆਂ ਅਸਥੀਆਂ ਜੀਵਨ ਸਾਥਣ ਦੀ ਝੋਲੀ ਪਾਈਆਂ
- ਸ. ਨਵਤੇਜ ਰੰਧਾਵਾ ਨੇ ਇੰਡੀਆ ਤੋਂ ਅਸਥੀਆਂ ਲਿਆਉਣ ਦੀ ਸੇਵਾ ਨਿਭਾਈ
- ਸ. ਖੜਗ ਸਿੰਘ ਨੇ ਪਰਿਵਾਰ ਨਾਲ ਕੀਤਾ ਕਮਿਊਨਿਟੀ ਵਾਅਦਾ ਨਿਭਾਇਆ

ਆਕਲੈਂਡ 16 ਅਗਸਤ – ਮਨੁੱਖਾ ਜੀਵਨ ਜਿੱਥੇ ਆਪਣੇ ਆਪ ਲਈ ਅਣਮੁੱਲਾ ਹੈ ਉਥੇ ਇਸ ਜੀਵਨ ਨਾਲ ਸਾਂਝ ਰੱਖਣ ਵਾਲਿਆਂ ਲਈ ਵੀ ਉਸਦਾ ਕੋਈ ਬਦਲ ਨਹੀਂ ਹੋ ਸਕਦਾ। ਜਹਾਨੋ ਤੁਰ ਗਏ ਕਦੀ ਨਹੀਂ ਮੁੜਦੇ ਪਰ ਉਨ੍ਹਾਂ ਦੀਆਂ ਯਾਦਾਂ ਸਕੂਨ ਜਰੂਰ ਉਪਜਦੀਆਂ ਹਨ। ਬੀਤੀ 11 ਜੁਲਾਈ ਨੂੰ ਟੌਰੰਗਾ ਨੇੜੇ ਇਕ ਕਾਰ-ਟਰੱਕ ਦੁਰਘਟਨਾ ਦੇ ਵਿਚ ਲੁਧਿਆਣਾ ਦਾ 27 ਸਾਲਾ ਨੌਜਵਾਨ ਪਰਮਿੰਦਰ ਸਿੰਘ ਜੱਬਲ ਆਪਣੀ ਜਾਨ ਗਵਾ ਬੈਠਾ ਸੀ। ਉਸਨੇ ਇਥੇ ਆਪਣੀ ਜੀਵਨ ਸਾਥਣ (ਮਾਓਰੀ ਕੁੜੀ) ਦੀ ਚੋਣ ਕਰ ਲਈ ਹੋਈ ਸੀ ਅਤੇ ਉਹ ਕੁਝ ਮਹੀਨਿਆਂ ਬਾਅਦ ਇਕ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸ ਸਮੇਂ ਇਸ ਲੜਕੀ ਨੇ ਉਸਦਾ ਸੰਸਕਾਰ ਇਥੇ ਹੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਦ ਕਿ ਉਸਦਾ ਇੰਡੀਆ ਰਹਿੰਦਾ ਪਰਿਵਾਰ ਉਸਦਾ ਮ੍ਰਿਤਕ ਸਰੀਰ ਇੰਡੀਆ ਮੰਗ ਰਿਹਾ ਸੀ। ਸ. ਖੜਗ ਸਿੰਘ ਅਤੇ ਭਾਈ ਸਰਵਣ ਸਿੰਘ ਨੇ ਉਸ ਦੀ ਜੀਵਨ ਸਾਥਣ, ਭਾਰਤੀ ਦੂਤਾਵਾਸ ਅਤੇ ਰੋਟੋਰੂਆ ਪੁਲਿਸ ਦੇ ਨਾਲ ਸੰਪਰਕ ਕਾਇਮ ਕਰਕੇ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਉਤੇ ਸਹਿਮਤੀ ਬਣਾ ਲਈ ਸੀ, ਅਤੇ ਬੀਤੀ 27 ਜੁਲਾਈ ਨੂੰ ਉਸਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕਰ ਦਿੱਤਾ ਗਿਆ ਸੀ। ਇਸ ਲੜਕੀ ਦੀ ਇੱਛਾ ਸੀ ਕਿ ਪਰਮਿੰਦਰ ਸਿੰਘ ਦੀਆਂ ਕੁਝ ਅਸਥੀਆਂ ਵਾਪਿਸ ਉਸਨੂੰ ਇਥੇ ਪੁੱਜਦਾ ਕੀਤੀਆਂ ਜਾਣ। ਅਜਿਹਾ ਭਾਵੇਂ ਪਹਿਲਾਂ ਸ਼ਾਇਦ ਹੀ ਹੋਇਆ ਹੋਵੇ ਪਰ ਫਿਰ ਵੀ ਸ. ਖੜਗ ਸਿੰਘ ਨੇ ਇਹ ਭਰੋਸਾ ਦਿੱਤਾ ਸੀ ਕਿ ਉਹ ਸਬੰਧਿਤ ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਇਸਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਸ੍ਰੀ ਨਵਤੇਜ ਰੰਧਾਵਾ ਇੰਡੀਆ ਗਏ ਸਨ ਅਤੇ ਉਨ੍ਹਾਂ ਨਾਲ ਸੰਪਰਕ ਕਰਕੇ ਜਿੱਥੇ ਉਨ੍ਹਾਂ ਨੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋ ਕੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾਈ ਉਥੇ ਉਹ ਇਹ ਅਸਥੀਆਂ ਬੀਤੇ ਦਿਨੀ ਨਿਊਜ਼ੀਲੈਂਡ ਵੀ ਲੈ ਆਏ। ਅੱਜ ਸ. ਖੜਗ ਸਿੰਘ, ਸ. ਸ਼ੰਮੀ ਸਿੰਘ ਪੁਲਿਸ ਕਾਂਸਟੇਬਲ, ਸ੍ਰੀ ਰਾਜੀਵ ਬਾਜਵਾ ਅਤੇ ਇਸ ਪੱਤਰਕਾਰ ਨੇ ਦੁਬਾਰਾ ਉਸ ਦੀ ਜੀਵਣ ਸਾਥਣ ਦੇ ਘਰ ਜਾ ਕੇ ਇਹ ਅਸਥੀਆਂ ਇਕ ਵਿਸ਼ੇਸ਼ ਕਲਸ਼ ਦੇ ਵਿਚ ਰੱਖ ਕੇ ਉਸ ਕੁੜੀ ਦੀ ਝੋਲੀ ਪਾਈਆਂ। ਇਸ ਸਮੇਂ ਉਹ ਕੁੜੀ ਅਤੇ ਉਸਦਾ ਪਰਿਵਾਰ ਬਹੁਤ ਭਾਵੁਕ ਹੋ ਗਿਆ ਸੀ। ਉਨ੍ਹਾਂ ਸਮੁੱਚੇ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ। ਆਉਣ ਵਾਲੇ ਦਿਨਾਂ ਦੇ ਵਿਚ ਉਸਦੀ ਮਾਲੀ ਮਦਦ ਜੋ ਇਕੱਤਰ ਹੋਈ ਹੈ ਉਹ ਵੀ ਦਿੱਤੀ ਜਾਣੀ ਹੈ। ਸ. ਖੜਗ ਸਿੰਘ ਨੇ ਪਰਿਵਾਰ ਨਾਲ ਕਮਿਊਨਿਟੀ ਵੱਲੋਂ ਕੀਤਾ ਵਾਅਦਾ ਨਿਭਾਅ ਕੇ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕੀਤਾ। ਉਨ੍ਹਾਂ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਪਰਮਿੰਦਰ ਸਿੰਘ ਦੇ ਘਰਦਿਆਂ ਦੇ ਜ਼ਜਬਾਤ ਸਮਝਣ ਲਈ ਕੁੜੀ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਅਸਥੀਆਂ ਦੇਣ ਉਪਰੰਤ ਇੰਡੀਆ ਰਹਿੰਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਵੀ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਹੈ।