ਭਾਸ਼ਾ ਦਾ ਗਿਆਨ-ਹੈ ਬੜਾ ਮਹਨ – ਨਿਊਜ਼ੀਲੈਂਡ ‘ਚ ਸ. ਪਰਮਿੰਦਰ ਸਿੰਘ ਨੇ ਮੁੱਢਲੀ ਮਾਓਰੀ ਭਾਸ਼ਾ ਦੀ ਪੜ੍ਹਾਈ ਉਪਰੰਤ ਸਰਟੀਫਿਕੇਟ ਹਾਸਿਲ ਕੀਤਾ

-ਪੂਰੇ ਗ੍ਰੈਜੂਏਸ਼ਨ ਸਮਾਰੋਹ ‘ਚ ਦਸਤਾਰੀ ਧਾਰੀ ਸਿੱਖ ਨੇ ‘ਮਾਓਰੀ’ ਮੋਹੇ

(ਸ. ਪਰਮਿੰਦਰ ਸਿੰਘ ਪਾਪਾਟੋਏਟੋਏ)
(ਸ. ਪਰਮਿੰਦਰ ਸਿੰਘ ਪਾਪਾਟੋਏਟੋਏ)

ਔਕਲੈਂਡ 30 ਮਾਰਚ -ਕਿਸੇ ਵੀ ਦੇਸ਼ ਦੇ ਮੂਲ ਵਸਨੀਕਾਂ ਲਈ ਆਪਣੀ ਪੁਰਾਤਨ ਭਾਸ਼ਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਇਸ ਦੀ ਸਰਕਾਰੇ-ਦਰਬਾਰੇ ਸਰਦਾਰੀ ਬਣਾਈ ਰੱਖਣ ਲਈ ਲੋਕ ਅੰਦੋਲਨ ਤੱਕ ਕਰਦੇ ਹਨ। ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਇਕ ਮਹਾਨ ਗੱਲ ਹੁੰਦੀ ਹੈ। ਨਿਊਜ਼ੀਲੈਂਡ ਦੇ ਲੋਕਾਂ ਦੀ ਮੂਲ ਭਾਸ਼ਾ ‘ਮਾਓਰੀ’ ਇਸ ਵੇਲੇ ਭਾਵੇਂ 4% ਤੋਂ ਘੱਟ ਲੋਕਾਂ ਵੱਲੋਂ ਬੋਲੀ ਜਾਂਦੀ ਹੋਵੇ ਅਤੇ ਪਰ ਲੋਕਾਂ ਨੇ ਇੰਗਲਿਸ਼ ਭਾਸ਼ਾ ਦੇ ਭਾਰੂ ਹੋਣ ਦੇ ਬਾਵਜੂਦ 1987 ਦੇ ਵਿਚ ਇਸਨੂੰ ਦਫਤਰੀ ਭਾਸ਼ਾ ਦਾ ਦਰਜਾ ਦਿਵਾ ਲਿਆ ਸੀ। ਇਥੇ 96% ਤੋਂ ਵੱਧ ਲੋਕ ਇੰਗਲਿਸ਼ ਭਾਸ਼ਾ ਬੋਲਦੇ ਹਨ ਅਤੇ ਬ੍ਰਿਟੇਨ ਦੀ ਮਹਾਰਾਣੀ ਦਾ ਰਾਜਸੀ ਸਿੱਕਾ ਚਲਦਾ ਹੈ। ਭਾਰਤੀ ਲੋਕਾਂ ਦੀ ਆਮਦ ਨੂੰ ਇਥੇ 130 ਸਾਲ ਢੁੱਕਣ ਲੱਗੇ ਹਨ ਪਰ ਅਸੀਂ ਜਿੱਥੇ ਆਪਣੀਆਂ ਭਾਸ਼ਾਵਾਂ ਨਾਲ ਲਿਆ ਕੇ ਇਥੇ ਛੱਟਾ ਦੇਣ ਵਿਚ ਕਾਮਯਾਬ ਰਹੇ ਉਥੇ ਇਥੇ ਦੀ ਮਾਓਰੀ ਭਾਸ਼ਾ ਨੂੰ ਵਿਦਿੱਅਕ ਪੱਧਰ ਉਤੇ ਸਿੱਖਣ ਲਈ ਘੱਟ ਹੀ ਉਪਰਾਲਾ ਕੀਤਾ। ਕਹਿੰਦੇ ਨੇ ਸਾਡੀ ਭਾਸ਼ਾ ਸਾਡਾ ਖੁਦ ਦਾ ਪ੍ਰਤੀਬਿੰਬ ਹੁੰਦੀ ਹੈ ਅਤੇ ਇਕ ਭਾਸ਼ਾ ਕਿਸੇ ਬੁਲਾਰੇ ਦਾ ਚਰਿੱਤਰ ਅਤੇ ਵਿਕਾਸ ਨੂੰ ਵੀ ਉਘਾੜਦੀ ਹੈ। ਕੁਝ ਅਜਿਹੇ ਹੀ ਆਸ਼ੇ ਦੇ ਨਾਲ ਇਕ ਦਸਤਾਰੀ ਸਿੱਖ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਮਾਓਰੀ ਭਾਸ਼ਾ ਦੀ ਬਕਾਇਦਾ ਸਿਖਿਆ ਲੈ ਕੇ ਕੱਲ੍ਹ ਫਾਕਾਟਾਨੀ ਸ਼ਹਿਰ ਵਿਖੇ ਮੂਲ ਮਾਓਰੀ ਲੋਕਾਂ ਦੇ ਵਿਦਿਅਕ ਅਦਾਰੇ ਆਵਾਨੂਈਆਰਾਂਗੀ ਵਿਖੇ ਗ੍ਰੈਜੂਏਸ਼ਨ ਸਮਾਗਮ ਦੇ ਵਿਚ ਸਰਟੀਫਿਕੇਟ ਪ੍ਰਾਪਤ ਕੀਤਾ। ਇਹ ਸ਼ਹਿਰ ਔਕਲੈਂਡ ਤੋਂ 280 ਕਿਲੋਮੀਟਰ ਦੂਰ ਹੈ। ਇਹ ਗ੍ਰੈਜੂਏਸ਼ਨ ਹਰ ਸਾਲ ਮਾਓਰੀ ਲੋਕਾਂ ਲਈ ਚਾਅ ਭਰਿਆ ਦਿਨ ਹੁੰਦਾ ਹੈ ਕਿਉਂਕਿ ਵਿਸਰ ਰਹੀ ਭਾਸ਼ਾ ਨੂੰ ਸਾਂਭਣ ਵਾਲੇ ਇਸ ਦਿਨ ਉਨ੍ਹਾਂ ਨੂੰ ਵੇਖਣ ਨੂੰ ਮਿਲਦੇ ਹਨ।

NZ PIC 30 March-1B

ਸਾਰੇ ਸ਼ਹਿਰ ਦੇ ਵਾਸੀ, ਖਾਸ ਤੌਰ ਤੇ ਸਕੂਲੀ ਬੱਚਿਆਂ ਨੇ ਵਿਦਿਆਰਥੀਆਂ ਦੇ ਪੈਦਲ ਮਾਰਚ ਦੌਰਾਨ ਵੰਨਗੀਆਂ ਭਰਪੂਰ ਮਾਉਰੀ ਲੋਕ ਨਾਚ ‘ਹਾਕਾ’ ਦੀਆਂ ਪੇਸ਼ਕਾਰੀਆਂ ਕੀਤੀਆਂ, ਮਹਿਮਾਨ ਵਿਦਿਆਰਥੀਆਂ ਵਿੱਚ ਸ਼ਾਮਿਲ ਮਾਉਰੀ, ਦੱਖਣੀ ਅਫਰੀਕੀ, ਯੂਰਪੀਅਨ, ਏਸ਼ੀਅਨ ਮੂਲ ਦੇ ਪਰਵਾਸੀ ਸ਼ਾਮਿਲ ਸਨ। ਵੱਖਰੀ ਪਛਾਣ ਵਾਲੇ ਦਸਤਾਰ ਸਜਾਈ ਸ. ਪਰਮਿੰਦਰ ਸਿੰਘ ਪਾਪਾਟੋਏਟੋਏ (ਜਸਟਿਸ ਆਫ ਦਾ ਪੀਸ ਅਤੇ ਪੁਲੀਸ ਦੇ ਜ਼ਿਲਾ ਸਲਾਹਕਾਰ) ਇਸ ਸਮੂਹ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ। ਜ਼ਿਕਰਯੋਗ ਹੈ ਕਿ ਉਹਨਾਂ ਨੇ ਲੈਵਲ 2 (ਮਾਉਰੀ ਭਾਸ਼ਾ ਦੀ ਪ੍ਰਾਇਮਰੀ ਪੜ੍ਹਾਈ) ਦੀ ਪ੍ਰਾਪਤੀ ਵਿੱਚ ਸਫਲਤਾ ਹਾਸਲ ਕੀਤੀ ਹੈ। ਮੂਲ ਨਿਵਾਸੀਆਂ ਨੇ ਉਸਤਤ ਵਿੱਚ ਗੀਤ ਗਾ ਕੇ ਉਹਨਾਂ ਦੀ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ, ਏਨਾ ਹੀ ਨਹੀਂ ਜਲਦੀ ਹੀ ਆਵਾਨੂਈਆਰਾਂਗੀ ਵਿਦਿਅਕ ਅਦਾਰਿਅੰ ਦੇ ਪੈਂਫਲਿਟ ਅਤੇ ਰਸਾਲੇ ਵਿੱਚ ਸ. ਪਾਪਾਟੋਏਟੋਏ ਸੰਬੰਧੀ ਵਿਸ਼ੇਸ ਲੇਖ ਵੀ ਪ੍ਰਕਾਸ਼ਿਤ ਹੋਣਗੇ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਵਸੋਂ ਦੀ ਲਗਭਗ 20% ਹਿੱਸੇਦਾਰੀ ਰੱਖਦੇ ਮਾਉਰੀ ਭਾਈਚਾਰੇ ਨੇ ਆਪਣੀ ਭਾਸ਼ਾ ਦੇ ਵਿਕਾਸ ਲਈ ਸਰਕਾਰੀ ਵਾਅਦਿਆਂ ਦੇ ਨਾਲ-ਨਾਲ ਅਪਣੇ ਤੌਰ ਤੇ ਵੀ ਵਾਹ ਲਾ ਦਿੱਤੀ ਹੈ, ਏਹੀ ਵਜ੍ਹਾ ਹੈ ਕਿ ਸ. ਪਾਪਾਟੋਏਟੋਏ ਨੇ ਰੁਝੇਵਿਆਂ ਦੇ ਬਾਵਜੂਦ ਵੀ ਆਪਣੀ ਅਧਿਆਪਕਾ ਰੋਬਿਨ ਲੀ ਦੀ ਪ੍ਰੇਰਣਾ ਸਦਕਾ ਏਸ ਭਾਸ਼ਾ ਦੀ ਰਸਮੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਬਹੁ ਸਭਿਆਚਾਰਕ ਸਮਾਜ ਵਿੱਚ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਦਿਆਂ ਸਾਂਝੀਵਾਲਤਾ ਨੂੰ ਮਾਨਤਾ ਦਿੱਤੀ ਹੈ। ਵਰਨਣਯੋਗ ਹੈ ਕਿ ਸ. ਪਰਮਿੰਦਰ ਸਿੰਘ ਜੇ.ਪੀ. ਬਣੇ ਸਨ ਤਾਂ ਵੀ ਉਨ੍ਹਾਂ ਨੇ ਮਾਓਰੀ ਭਾਸ਼ਾ ਦੇ ਵਿਚ ਸਹੁੰ ਚੁੱਕੀ ਸੀ।

Install Punjabi Akhbar App

Install
×