ਨਿਊਜ਼ੀਲੈਂਡ ਪਾਰਲੀਮੈਂਟ ‘ਚ ਵਿਸਾਖੀ ਮੌਕੇ ਲੱਗੀਆਂ ਰੌਣਕਾਂ ਲਈ ਸ. ਬਖਸ਼ੀ ਵੱਲੋਂ ਸਮੁੱਚੇ ਭਾਈਚਾਰੇ ਦਾ ਧੰਨਵਾਦ

NZ PIC 15 April-3ਬੀਤੇ ਮੰਗਲਵਾਰ ਵਲਿੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ ਦੇ ਵਿਚ ਪਹਿਲੀ ਵਾਰ ਭਾਰਤੀ ਕਿਸਾਨੀ ਅਤੇ ਧਾਰਮਿਕ ਮਹੱਤਤਾ ਰੱਖਦਾ ਵਿਸਾਖੀ ਦਾ ਤਿਉਹਾਰ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਜੀ ਦੇ ਉਦਮ ਸਦਕਾ ਬੜੇ ਜੋਸ਼ੋ ਖਰੋਸ਼, ਖੁਸ਼ੀ, ਧਾਰਮਿਕ ਜ਼ਜ਼ਬੇ ਅਤੇ ਭਾਰਤੀਆਂ ਦੀ ਇਕ ਇਤਿਹਾਸਕ ਪ੍ਰਾਪਤੀ ਵਜੋਂ ਮਨਾਇਆ ਗਿਆ। ਪ੍ਰਧਾਨ ਮੰਤਰੀ, ਏਥਨਿਕ ਮੰਤਰੀ ਸਮੇਤ ਦਰਜਨਾਂ ਹੋਰ ਮੰਤਰੀਆਂ ਨੇ ਪਾਰਲੀਮੈਂਟ ਦੇ ਵਿਚ ਦੋ ਘੰਟੇ ਤੱਕ ਲੱਗੀਆਂ ਰਹੀਆਂ ਰੌਣਕਾਂ ਨੂੰ ਦਿਲੋਂ ਮਾਣਿਆ ਅਤੇ ਸਲਾਈਡ ਸ਼ੋਅ ਦੇ ਰਾਹੀਂ ਇਸ ਤਿਉਹਾਰ ਬਾਰੇ ਜਾਣਿਆ ਵੀ।
ਇਸ ਪਹਿਲੇ ਸਮਾਗਮ ਦੀ ਸਫਲਤਾ ਦੇ ਲਈ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵਿਸ਼ੇਸ਼ ਕਰਕੇ ਮਾਣਯੋਗ ਪ੍ਰਧਾਨ ਮੰਤਰੀ, ਪਾਰਲੀਮਾਨੀ ਅਮਲੇ, ਸਾਰੇ ਐਮ.ਪੀਜ਼,  ਸਮੁੱਚੇ ਭਾਰਤੀ ਭਾਈਚਾਰੇ, ਪੰਜਾਬੀ ਮੀਡੀਆ, ਵੱਖ-ਵੱਖ ਵੰਨਗੀਆਂ ਪੇਸ਼ ਕਰਨ ਵਾਲੇ ਸਥਾਨਕ ਕਲਾਕਾਰਾਂ, ਗਤਕਾ ਪਾਰਟੀਆਂ, ਕਵੀਸ਼ਰੀ, ਜੱਥੇ ਅਤੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਵਾਲੇ ਹਰੇਕ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਭਾਰਤ ਦਾ ਖਾਸ ਕਰ ਸਿੱਖਾਂ ਦੇ ਲਈ ਖਾਸ ਮਹੱਤਤਾ ਰੱਖਦਾ ‘ਵਿਸਾਖੀ’ ਦਾ ਤਿਉਹਾਰ ਪਾਰਲੀਮੈਂਟ ਦੇ ਵਿਚ ਰੌਣਕ ਭਰੇ ਮਾਹੋਲ ਦੇ ਵਿਚ ਸੰਪੂਰਨ ਹੋਇਆ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਲੇ ਸਾਲ ਫਿਰ ਉਦਮ ਕਰਕੇ ਵਿਸਾਖੀ ਦਿਹਾੜਾ ਮਨਾਇਆ ਜਾਵੇਗਾ। ਜੇਕਰ ਇਸ ਵਾਰ ਕਿਸੇ ਪ੍ਰਕਾਰ ਦੀ ਕੋਈ ਪ੍ਰਬੰਧਕੀ ਖਾਮੀ ਰਹਿ ਗਈ ਹੋਵੇ ਤਾਂ ਉਹ ਅਗਲੀ ਵਾਰ ਜਰੂਰ ਦਰੁੱਸਤ ਕਰ ਲਈ ਜਾਵੇਗੀ। ਉਨ੍ਹਾਂ ਅਖੀਰ ਦੇ ਵਿਚ ਇਕ ਵਾਰ ਫਿਰ ਸਾਰੇ ਭਾਰਤੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Welcome to Punjabi Akhbar

Install Punjabi Akhbar
×